Source :- BBC PUNJABI

ਔਰਤ

ਤਸਵੀਰ ਸਰੋਤ, Getty Images

ਲੋਕ “ਕੋਰਟੀਸੋਲ ਫੇਸ” ਅਤੇ “ਕੋਰਟੀਸੋਲ ਬਾਡੀ” ਬਾਰੇ ਗੱਲ ਕਰਦੇ ਹਨ, ਜੋ ਇਸ ਤਣਾਅ ਵਾਲੇ ਹਾਰਮੋਨ ਕਾਰਨ ਹੁੰਦੇ ਹਨ ਅਤੇ ਜੋ ਸੋਸ਼ਲ ਮੀਡੀਆ ‘ਤੇ ਇੱਕ ਖਲਨਾਇਕ ਬਣ ਗਿਆ ਹੈ।

ਆਨਲਾਈਨ ਕਈ ਪ੍ਰਕਾਸ਼ਨਾਂ ਦੇ ਅਨੁਸਾਰ, ਕੋਰਟੀਸੋਲ ਹੋਰ ਕਈ ਗੱਲਾਂ ਦੇ ਨਾਲ-ਨਾਲ ਸਾਡੇ ਚਿਹਰੇ ਦੀ ਸ਼ਕਲ ਬਦਲਣ, ਵਜ਼ਨ ਵਧਾਉਣ ਅਤੇ ਇੱਥੋਂ ਤੱਕ ਕਿ ਵਾਲ ਝੜਨ ਲਈ ਵੀ ਜ਼ਿੰਮੇਵਾਰ ਹੈ।

ਕਈ ਯੂਜ਼ਰ ਆਪਣੇ ਤਜਰਬੇ ਸਾਂਝੇ ਕਰ ਰਹੇ ਹਨ ਕਿ ਹਾਰਮੋਨ ਦੇ ਪੱਧਰਾਂ ਨਾਲ ਕਿਵੇਂ ਨਜਿੱਠਿਆ ਜਾਵੇ ਅਤੇ ਉਨ੍ਹਾਂ ਨੂੰ ਕਿਵੇਂ ਘਟਾਇਆ ਜਾਵੇ। ਇਸ ਦੇ ਨਾਲ ਹੀ ਉਹ ਤਣਾਅ, ਕੋਰਟੀਸੋਲ ਅਤੇ ਚਿਹਰੇ ਤੇ ਸਰੀਰ ਦੀ ਸੋਜਿਸ਼ ਵਿਚਕਾਰ ਕਥਿਤ ਸਬੰਧ ਬਾਰੇ ਆਪਣੇ ਵਿਚਾਰ ਵੀ ਸਾਂਝੇ ਕਰ ਰਹੇ ਹਨ।

ਪਰ ਕੋਰਟੀਸੋਲ ਕੀ ਹੈ? ਅਤੇ ਕੀ ਇਹ ਸੱਚਮੁੱਚ ਉਹ ਖਲਨਾਇਕ ਹੈ ਜਿਵੇਂ ਸੋਸ਼ਲ ਮੀਡੀਆ ਇਸਨੂੰ ਦਰਸਾਉਂਦਾ ਹੈ?

ਇੱਕ ਮੈਡੀਕਲ ਮਾਹਰ ਅਤੇ ਬੀਬੀਸੀ ਪ੍ਰਜ਼ੈਂਟਰ ਹਨ ਡਾ. ਜ਼ੈਂਡ ਵੈਨ ਟੁੱਲਨ, ਉਹ ਕਹਿੰਦੇ ਹਨ “ਕੋਰਟੀਸੋਲ ਇੱਕ ਜ਼ਰੂਰੀ ਹਾਰਮੋਨ ਹੈ ਜਿਸ ਤੋਂ ਬਿਨਾਂ ਅਸੀਂ ਜੀਅ ਨਹੀਂ ਸਕਦੇ। ਇਹ ਯਕੀਨਨ ਕੋਈ ਖਲਨਾਇਕ ਨਹੀਂ ਹੈ ਅਤੇ ਸਾਨੂੰ ਆਪਣੇ ਸਰੀਰ ਬਾਰੇ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ।”

“ਕੋਰਟੀਸੋਲ ਸਾਡੀਆਂ ਕਿਡਨੀਆਂ ਦੇ ਉੱਪਰ ਮੌਜੂਦ ਛੋਟੀਆਂ ਗ੍ਰੰਥੀਆਂ ਵਿੱਚ ਬਣਦਾ ਹੈ, ਜਿਨ੍ਹਾਂ ਨੂੰ ਐਡ੍ਰੀਨਲ ਗ੍ਰੰਥੀਆਂ ਕਿਹਾ ਜਾਂਦਾ ਹੈ। ਇਹ ਗ੍ਰੰਥੀਆਂ ਸਾਡੇ ਦਿਮਾਗ਼ ਵਿੱਚ ਮੌਜੂਦ ਪਿਟਿਊਟਰੀ ਗ੍ਰੰਥੀ ਦੁਆਰਾ ਕੰਟ੍ਰੋਲ ਹੁੰਦੀਆਂ ਹਨ ਅਤੇ ਜ਼ਿਆਦਾਤਰ ਸਮੇਂ ਸਾਡਾ ਸਰੀਰ ਇਸਦੀ ਧਿਆਨ ਨਾਲ ਨਿਗਰਾਨੀ ਕਰਦਾ ਹੈ।”

ਕੋਰਟੀਸੋਲ, ਜਿਸ ਨੂੰ ਅਕਸਰ ਤਣਾਅ ਵਾਲਾ ਹਾਰਮੋਨ ਕਿਹਾ ਜਾਂਦਾ ਹੈ ਅਤੇ ਇਹ ਵੈੱਲਨੈੱਸ ਦੁਨੀਆ ਵਿੱਚ ਇੱਕ ਚਰਚਿਤ ਸ਼ਬਦ ਬਣ ਗਿਆ ਹੈ। ਪਰ ਜਿਵੇਂ ਡਾ. ਜ਼ੈਂਡ ਜ਼ੋਰ ਦੇ ਕੇ ਕਹਿੰਦੇ ਹਨ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਹਾਰਮੋਨ ਕੋਈ ਦੁਸ਼ਮਣ ਨਹੀਂ ਹੈ।

ਇਹ ਉਹ ਹਾਰਮੋਨ ਹੈ ਜੋ ਸਾਨੂੰ ਸਵੇਰੇ ਜਗਾਉਂਦਾ ਹੈ, ਸਾਵਧਾਨ ਰੱਖਦਾ ਹੈ, ਦਿਨ ਭਰ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਦਾ ਹੈ ਅਤੇ ਰਾਤ ਨੂੰ ਸੌਣ ਵਿੱਚ ਸਹਾਇਤਾ ਕਰਦਾ ਹੈ।

ਕੋਰਟੀਸੋਲ

ਤਸਵੀਰ ਸਰੋਤ, Getty Images

ਕੋਰਟੀਸੋਲ ਦੇ ਕੰਮ

ਕੋਰਟੀਸੋਲ ਉਹਨਾਂ ਕਈ ਹਾਰਮੋਨਾਂ ਵਿੱਚੋਂ ਇੱਕ ਹੈ ਜੋ ਇਹ ਕੰਟ੍ਰੋਲ ਕਰਨ ਵਿੱਚ ਮਦਦ ਕਰਦਾ ਹੈ ਕਿ ਸਾਡਾ ਸਰੀਰ ਤਣਾਅ ਨਾਲ ਕਿਵੇਂ ਨਜਿੱਠਦਾ ਹੈ, ਪਰ ਇਹ ਸਰੀਰ ਦੇ ਹੋਰ ਕਈ ਮਹੱਤਵਪੂਰਨ ਕੰਮਾਂ ਵਿੱਚ ਵੀ ਭੂਮਿਕਾ ਨਿਭਾਉਂਦਾ ਹੈ, ਜਿਵੇਂ ਕਿ:

  • ਇਹ ਕੰਟ੍ਰੋਲ ਕਰਦਾ ਹੈ ਕਿ ਤੁਹਾਡਾ ਸਰੀਰ ਕਾਰਬੋਹਾਈਡ੍ਰੇਟ, ਚਰਬੀ ਅਤੇ ਪ੍ਰੋਟੀਨ ਨੂੰ ਕਿਵੇਂ ਵਰਤਦਾ ਹੈ।
  • ਇਹ ਸੋਜਿਸ਼ ਨੂੰ ਘਟਾਉਂਦਾ ਹੈ।
  • ਇਹ ਖੂਨ ਦੇ ਦਬਾਅ ਨੂੰ ਕੰਟ੍ਰੋਲ ਕਰਦਾ ਹੈ।
  • ਇਹ ਖੂਨ ਵਿੱਚ ਸ਼ੂਗਰ (ਗਲੂਕੋਜ਼) ਦਾ ਪੱਧਰ ਵਧਾਉਂਦਾ ਹੈ।
  • ਇਹ ਸੌਣ ਅਤੇ ਜਾਗਣ ਦੇ ਚੱਕਰ ਨੂੰ ਕੰਟ੍ਰੋਲ ਕਰਦਾ ਹੈ।
  • ਇਹ ਤੁਹਾਡੀ ਊਰਜਾ ਵਧਾਉਂਦਾ ਹੈ ਤਾਂ ਜੋ ਤੁਸੀਂ ਤਣਾਅ ਨਾਲ ਨਜਿੱਠ ਸਕੋ ਅਤੇ ਬਾਅਦ ਵਿੱਚ ਸਰੀਰ ਵਿੱਚ ਸੰਤੁਲਨ ਮੁੜ ਬਣ ਸਕੇ।

ਕੋਰਟੀਸੋਲ ਤੋਂ ਬਿਨਾਂ ਅਸੀਂ ਜੀਅ ਨਹੀਂ ਸਕਦੇ। ਪਰ ਸਾਡੇ ਸਰੀਰ ਵਿੱਚ ਇਸ ਹਾਰਮੋਨ ਦੀ ਬਹੁਤ ਵੱਧ ਮਾਤਰਾ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।

ਕੋਰਟੀਸੋਲ ਸਾਡੀਆਂ ਕਿਡਨੀਆਂ ਦੇ ਉੱਪਰ ਮੌਜੂਦ ਛੋਟੀਆਂ ਗ੍ਰੰਥੀਆਂ ਵਿੱਚ ਬਣਦਾ ਹੈ

ਤਸਵੀਰ ਸਰੋਤ, Getty Images

ਕੋਰਟੀਸੋਲ ਕਿਵੇਂ ਕੰਮ ਕਰਦਾ ਹੈ?

ਦਿਮਾਗ਼ ਦੀਆਂ ਦੋ ਬਹੁਤ ਮਹੱਤਵਪੂਰਨ ਬਣਤਰਾਂ, ਹਾਈਪੋਥੈਲਾਮਸ ਅਤੇ ਪਿਟਿਊਟਰੀ ਗ੍ਰੰਥੀ, ਇਹ ਪਤਾ ਲਗਾਉਂਦੀਆਂ ਹਨ ਕਿ ਖੂਨ ਵਿੱਚ ਕੋਰਟੀਸੋਲ ਦੀ ਮਾਤਰਾ ਠੀਕ ਪੱਧਰ ‘ਤੇ ਹੈ ਜਾਂ ਨਹੀਂ।

ਜੇ ਪੱਧਰ ਬਹੁਤ ਘੱਟ ਹੋਵੇ, ਤਾਂ ਦਿਮਾਗ਼ ਆਪਣੇ ਵੱਲੋਂ ਬਣਾਏ ਹਾਰਮੋਨਾਂ ਦੀ ਮਾਤਰਾ ਨੂੰ ਠੀਕ ਕਰਦਾ ਹੈ। ਐਡ੍ਰੀਨਲ ਗ੍ਰੰਥੀਆਂ ਨੂੰ ਇਹ ਸੰਕੇਤ ਮਿਲਦਾ ਹੈ ਅਤੇ ਫਿਰ ਉਹ ਆਪਣੇ ਵੱਲੋਂ ਛੱਡੇ ਜਾਣ ਵਾਲੇ ਕੋਰਟੀਸੋਲ ਦੀ ਮਾਤਰਾ ਨੂੰ ਕੰਟ੍ਰੋਲ ਕਰਦੀਆਂ ਹਨ।

ਕੋਰਟੀਸੋਲ ਰਿਸੈਪਟਰ, ਜੋ ਸਰੀਰ ਦੀਆਂ ਜ਼ਿਆਦਾਤਰ ਕੋਸ਼ਿਕਾਵਾਂ ਵਿੱਚ ਮੌਜੂਦ ਹੁੰਦੇ ਹਨ, ਇਸ ਹਾਰਮੋਨ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਾਪਤ ਕਰਦੇ ਅਤੇ ਵਰਤਦੇ ਹਨ।

ਖੂਨ ਵਿੱਚ ਕੋਰਟੀਸੋਲ ਦੇ ਪੱਧਰ ਦਿਨ ਭਰ ਬਦਲਦੇ ਰਹਿੰਦੇ ਹਨ, ਪਰ ਆਮ ਤੌਰ ‘ਤੇ ਇਹ ਸਵੇਰੇ ਜਾਗਣ ਵੇਲੇ ਸਭ ਤੋਂ ਵੱਧ ਹੁੰਦੇ ਹਨ ਅਤੇ ਫਿਰ ਦਿਨ ਦੌਰਾਨ ਘਟਦੇ ਜਾਂਦੇ ਹਨ। ਇਸਨੂੰ ਸਰਕੇਡੀਅਨ ਰਿਥਮ ਕਿਹਾ ਜਾਂਦਾ ਹੈ।

ਜੋ ਲੋਕ ਰਾਤ ਨੂੰ ਕੰਮ ਕਰਦੇ ਹਨ, ਉਨ੍ਹਾਂ ਵਿੱਚ ਇਹ ਪੈਟਰਨ ਉਲਟ ਜਾਂਦਾ ਹੈ, ਇਸ ਲਈ ਕੋਰਟੀਸੋਲ ਦੇ ਰਿਲੀਜ਼ ਹੋਣ ਦਾ ਸਮਾਂ ਸਪਸ਼ਟ ਤੌਰ ‘ਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਨਾਲ ਜੁੜਿਆ ਹੁੰਦਾ ਹੈ। ਇਸ ਤੋਂ ਇਲਾਵਾ, ਤਣਾਅ ਦੇ ਜਵਾਬ ਵਿੱਚ ਵਾਧੂ ਕੋਰਟੀਸੋਲ ਰਿਲੀਜ਼ ਹੁੰਦਾ ਹੈ ਤਾਂ ਜੋ ਸਰੀਰ ਢੰਗ ਨਾਲ ਪ੍ਰਤੀਕਿਰਿਆ ਕਰ ਸਕੇ।

ਇਸ ਤਰ੍ਹਾਂ, ਜਦੋਂ ਸਰੀਰ ਬਹੁਤ ਜ਼ਿਆਦਾ ਅਲਰਟ ਵਿੱਚ ਹੁੰਦਾ ਹੈ, ਤਾਂ ਕੋਰਟੀਸੋਲ ਉਹਨਾਂ ਕਾਰਜਾਂ ਨੂੰ ਬਦਲ ਜਾਂ ਰੋਕ ਸਕਦਾ ਹੈ ਜੋ ਇਸ ਵਿੱਚ ਰੁਕਾਵਟ ਪੈਦਾ ਕਰਦੇ ਹਨ। ਇਹ ਕਾਰਜ ਪਾਚਨ ਤੰਤਰ, ਪ੍ਰਜਨਨ ਤੰਤਰ, ਰੋਗ ਪ੍ਰਤੀਰੋਧ ਪ੍ਰਣਾਲੀ ‘ਤੇ ਵੀ ਅਸਰ ਪਾ ਸਕਦੇ ਹਨ।

ਕਈ ਵਾਰ, ਕੋਰਟੀਸੋਲ ਦੇ ਪੱਧਰ ਕੰਟ੍ਰੋਲ ਤੋਂ ਬਾਹਰ ਹੋ ਸਕਦੇ ਹਨ।

ਔਰਤ

ਇੱਕ ‘ਭਰਮ ਪੈਦਾ ਕਰਨ ਵਾਲਾ’ ਸਬੰਧ

ਹਾਲ ਹੀ ਵਿੱਚ, ਕੋਰਟੀਸੋਲ, ਇਸਦੇ ਉੱਚ ਪੱਧਰਾਂ ਅਤੇ ਉਨ੍ਹਾਂ ਨੂੰ ਘਟਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਸੋਸ਼ਲ ਮੀਡੀਆ ‘ਤੇ ਹਰ ਜਗ੍ਹਾ ਦਿਖਾਈ ਦੇ ਰਹੀ ਹੈ।

ਲੋਕ ਕਹਿੰਦੇ ਹਨ ਕਿ ਤੁਸੀਂ “ਕੋਰਟੀਸੋਲ ਕਾਕਟੇਲ” ਪੀਓ, ਵੱਖ-ਵੱਖ ਸਪਲੀਮੈਂਟ ਲਓ ਜਾਂ ਆਪਣੇ ਮੱਥੇ ‘ਤੇ ਬਾਮ ਨਾਲ ਮਸਾਜ ਕਰੋ, ਕਿਉਂਕਿ ਉਹ “ਮੂਨ ਫੇਸ” ਜਾਂ ਤੁਹਾਡਾ ਫੁੱਲਿਆ ਹੋਇਆ ਪੇਟ ਇਸ ਹਾਰਮੋਨ ਦੇ ਉੱਚ ਪੱਧਰਾਂ ਕਾਰਨ ਹੈ।

ਆਕਸਫੋਰਡ ਯੂਨੀਵਰਸਿਟੀ ਵਿੱਚ ਐਂਡੋਕ੍ਰਿਨੋਲੋਜੀ ਦੇ ਪ੍ਰੋਫੈਸਰ ਜੌਨ ਵਾਸ ਕਹਿੰਦੇ ਹਨ, “ਇਹ ਬਹੁਤ ਸੰਭਵ ਹੈ ਕਿ ਅਸੀਂ ਆਪਣੇ ਸਰੀਰ ਵਿੱਚ ਕੋਰਟੀਸੋਲ ਦੇ ਵੱਧੇ ਹੋਏ ਪੱਧਰਾਂ ਨਾਲ ਜੀ ਰਹੇ ਹਾਂ, ਹੱਦ ਤੱਕ ਇਸ ਲਈ ਕਿਉਂਕਿ ਦੁਨੀਆ ਵਿੱਚ ਤਣਾਅ ਬਹੁਤ ਵੱਧ ਗਿਆ ਹੈ, ਸ਼ੁਰੂਆਤ ਲਈ, ਅਸੀਂ ਕਦੇ ਵੀ ਪੂਰੀ ਤਰ੍ਹਾਂ ਆਫ਼ ਨਹੀਂ ਹੋ ਸਕਦੇ।”

ਮਾਹਰ ਨੇ ਬੀਬੀਸੀ ਨੂੰ ਦੱਸਿਆ, “ਸਮਾਰਟਫੋਨਾਂ ਦੇ ਨਾਲ, ਸ਼ਾਂਤੀ ਦਾ ਇੱਕ ਪਲ ਲੱਭਣਾ ਵੀ ਅਸੰਭਵ ਹੋ ਗਿਆ ਹੈ।”

ਹਾਲਾਂਕਿ, ਪ੍ਰੋਫੈਸਰ ਵਾਸ ਉਸ ਸਿੱਧੇ ਸਬੰਧ ‘ਤੇ ਸਵਾਲ ਉਠਾਉਂਦੇ ਹਨ ਜੋ ਅਕਸਰ ਸੋਸ਼ਲ ਮੀਡੀਆ ‘ਤੇ ਕੋਰਟੀਸੋਲ ਦੇ ਪੱਧਰਾਂ ਅਤੇ ਸਾਡੇ ਸਰੀਰ ਵਿੱਚ ਹੋਣ ਵਾਲੇ ਬਦਲਾਵਾਂ ਵਿਚਕਾਰ ਬਣਾਇਆ ਜਾਂਦਾ ਹੈ ਅਤੇ ਉਹ ਇਸ ਸਬੰਧ ਨੂੰ “ਭਰਮ ਪੈਦਾ ਕਰਨ ਵਾਲਾ” ਕਹਿੰਦੇ ਹਨ।

ਉਹ ਸਮਝਾਉਂਦੇ ਹਨ, “ਇਹ ਸਾਰੇ ਬਦਲਾਅ, ਵਜ਼ਨ ਵਧਣਾ ਜਾਂ ਚਿਹਰੇ ਦੀ ਸੋਜਿਸ਼, ਹੋਰ ਕਈ ਕਾਰਨਾਂ ਕਰਕੇ ਵੀ ਹੋ ਸਕਦੇ ਹਨ, ਜਿਵੇਂ ਮਾੜੀ ਨੀਂਦ, ਕੁਝ ਦਵਾਈਆਂ, ਬਹੁਤ ਜ਼ਿਆਦਾ ਲੂਣ ਜਾਂ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ।”

ਮਾਹਰ ਕਹਿੰਦੇ ਹਨ, “ਇਹ ਸੰਭਵ ਨਹੀਂ ਕਿ ਸਿਰਫ਼ ਕੋਰਟੀਸੋਲ ਦੇ ਪੱਧਰ ਹੀ ਇਸ ਲਈ ਜ਼ਿੰਮੇਵਾਰ ਹੋਣ। ਇਹ ਇੱਕ ਕਾਫ਼ੀ ਜਟਿਲ ਤਸਵੀਰ ਹੈ।”

ਔਰਤ

ਤਸਵੀਰ ਸਰੋਤ, Getty Images

‘ਪੂਰੀ ਤਰ੍ਹਾਂ ਬਕਵਾਸ’

ਪਰ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਕੋਰਟੀਸੋਲ ਦੇ ਪੱਧਰ ਉੱਚੇ ਹਨ?

ਇੰਗਲੈਂਡ ਦੀ ਲੀਡਜ਼ ਯੂਨੀਵਰਸਿਟੀ ਵਿੱਚ ਸਟ੍ਰੈੱਸ ਐਂਡ ਹੈਲਥ ਲੈਬ ਚਲਾਉਣ ਵਾਲੇ ਪ੍ਰੋਫੈਸਰ ਡੈਰਿਲ ਓ’ਕਾਨਰ ਕਹਿੰਦੇ ਹਨ, “ਇਹ ਪੱਕੇ ਤੌਰ ‘ਤੇ ਜਾਣਨ ਦਾ ਇਕੱਲਾ ਤਰੀਕਾ ਕਿ ਤੁਹਾਡੇ ਕੋਰਟੀਸੋਲ ਦੇ ਪੱਧਰ ਉੱਚੇ ਹਨ, ਖੂਨ ਜਾਂ ਲਾਰ ਦੀ ਜਾਂਚ ਹੈ।”

ਉਹ ਬੀਬੀਸੀ ਨੂੰ ਦੱਸਦੇ ਹਨ, “ਇਹ ਸਧਾਰਣ ਗੱਲ ਹੈ ਕਿ ਇਹ ਪੱਧਰ ਦਿਨ ਭਰ ਬਦਲਦੇ ਰਹਿੰਦੇ ਹਨ, ਸਵੇਰੇ ਉੱਚੇ ਅਤੇ ਰਾਤ ਨੂੰ ਘੱਟ ਹੁੰਦੇ ਹਨ, ਜਿਸਨੂੰ ਜ਼ਿਆਦਾਤਰ ਲੋਕ ਮਹਿਸੂਸ ਵੀ ਨਹੀਂ ਕਰਦੇ।”

ਪਰ ਕੀ ਉਹ “ਕੋਰਟੀਸੋਲ ਫੇਸ” ਜਾਂ “ਕੋਰਟੀਸੋਲ ਬਾਡੀ” ਜਿਸ ਬਾਰੇ ਲੋਕ ਇੰਟਰਨੈੱਟ ‘ਤੇ ਗੱਲ ਕਰਦੇ ਹਨ, ਵਾਕਈ ਸਾਡੇ ਹਾਰਮੋਨ ਪੱਧਰਾਂ ਦੇ ਉੱਚੇ ਹੋਣ ਕਾਰਨ ਹੁੰਦੇ ਹਨ?

ਡਾ. ਜ਼ੈਂਡ ਵੈਨ ਟੁੱਲਨ ਜ਼ੋਰ ਦੇ ਕੇ ਕਹਿੰਦੇ ਹਨ, “ਦੋਵੇਂ ਮਾਮਲਿਆਂ ਵਿੱਚ… ਇਹ ਪੂਰੀ ਤਰ੍ਹਾਂ ਬਕਵਾਸ ਹੈ ਅਤੇ ਤੁਹਾਨੂੰ ਇਸਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ।”

“ਤੁਹਾਡੇ ਸਰੀਰ ਵਿੱਚ ਕੋਰਟੀਸੋਲ ਇਸ ਤਰ੍ਹਾਂ ਕੰਮ ਨਹੀਂ ਕਰਦਾ ਅਤੇ ਤੁਹਾਨੂੰ ਇੰਫਲੂਐਂਸਰਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ, ਭਾਵੇਂ ਉਨ੍ਹਾਂ ਦੀਆਂ ਵਿਆਖਿਆਵਾਂ ਕਿੰਨੀਆਂ ਵੀ ਵਿਗਿਆਨਕ ਅਤੇ ਆਕਰਸ਼ਕ ਲੱਗਣ ਜਾਂ ਉਹ ਤੁਹਾਨੂੰ ਕਿੰਨਾ ਵੀ ਸਪਲੀਮੈਂਟ ਜਾਂ ਕਾਕਟੇਲ ਖਰੀਦਣ ਅਤੇ ਲੈਣ ਲਈ ਕਹਿਣ।”

ਮਾਹਿਰ ਦੇ ਅਨੁਸਾਰ, “ਸੋਸ਼ਲ ਮੀਡੀਆ ‘ਤੇ ਅਸੀਂ ਕੋਰਟੀਸੋਲ ਬਾਰੇ ਜੋ ਕੁਝ ਵੇਖਦੇ ਹਾਂ, ਉਹ ਇਸ ਗੱਲ ਦੀ ਚੰਗੀ ਉਦਾਹਰਨ ਹੈ ਕਿ ਇੰਟਰਨੈੱਟ ‘ਤੇ ਗ਼ਲਤ ਜਾਣਕਾਰੀ ਕਿਵੇਂ ਫੈਲ ਸਕਦੀ ਹੈ, ਕਿਉਂਕਿ ਕੋਰਟੀਸੋਲ ਅਤੇ ਵਜ਼ਨ ਵਧਣ ਵਿਚਕਾਰ ਕੁਝ ਹੱਦ ਤੱਕ ਸੱਚਾਈ ਵਾਲਾ ਸੰਬੰਧ ਮੌਜੂਦ ਹੈ, ਖ਼ਾਸ ਕਰਕੇ ਚਿਹਰੇ ਅਤੇ ਪੇਟ ਵਿੱਚ।”

ਔਰਤ

ਕੁਝ ਬਿਮਾਰੀਆਂ, ਜਿਵੇਂ ਕਿ ਕੁਸ਼ਿੰਗਜ਼ ਸਿੰਡਰੋਮ, ਕੋਰਟੀਸੋਲ ਦੇ ਲੰਬੇ ਸਮੇਂ ਤੱਕ ਉੱਚੇ ਪੱਧਰ ਪੈਦਾ ਕਰ ਸਕਦੀਆਂ ਹਨ, ਉਦਾਹਰਨ ਵਜੋਂ ਪਿਟਿਊਟਰੀ ਗ੍ਰੰਥੀ ਵਿੱਚ ਟਿਊਮਰ ਹੋਣ ਕਾਰਨ ਜੋ ਵਾਧੂ ਕੋਰਟੀਸੋਲ ਪੈਦਾ ਕਰ ਰਿਹਾ ਹੋਵੇ ਜਾਂ ਉਹ ਦਵਾਈਆਂ ਜੋ ਲਗਾਤਾਰ ਕੋਰਟੀਸੋਲ ਵਰਗਾ ਪ੍ਰਭਾਵ ਪੈਦਾ ਕਰਦੀਆਂ ਹਨ।

ਇਨ੍ਹਾਂ ਮਾਮਲਿਆਂ ਵਿੱਚ, ਹਾਰਮੋਨ ਦੇ ਲੰਬੇ ਸਮੇਂ ਤੱਕ ਉੱਚੇ ਪੱਧਰ ਸਰੀਰ ਦੀ ਚਰਬੀ ਦੀ ਵੰਡ ਨੂੰ ਬਦਲ ਸਕਦੇ ਹਨ, ਖ਼ਾਸ ਕਰਕੇ ਚਿਹਰੇ ਅਤੇ ਪੇਟ ਵਿੱਚ।

ਵੈਨ ਟੁੱਲਨ ਕਹਿੰਦੇ ਹਨ, “ਦੂਜੇ ਸ਼ਬਦਾਂ ਵਿੱਚ, ਉੱਚੇ ਕੋਰਟੀਸੋਲ ਪੱਧਰਾਂ ਅਤੇ ਸਰੀਰ ਦੀ ਚਰਬੀ ਦੀ ਵੰਡ ਵਿੱਚ ਇੱਕ ਸਬੰਧ ਹੈ, ਪਰ ਇਹ ਇੱਕ ਮੈਡੀਕਲ ਬਿਮਾਰੀ ਦਾ ਲੱਛਣ ਹੈ ਜਿਸਦੀ ਢੰਗ ਨਾਲ ਪਛਾਣ ਅਤੇ ਇਲਾਜ ਦੀ ਲੋੜ ਹੁੰਦੀ ਹੈ।”

ਉੱਚੇ ਤਣਾਅ ਪੱਧਰਾਂ ਨਾਲ ਜੁੜੇ ਹੋਰ ਲੱਛਣ ਵੀ ਹੋ ਸਕਦੇ ਹਨ, ਜਿਵੇਂ ਚਿੰਤਾ, ਮੂਡ ਬਦਲਣਾ, ਚਿੜਚਿੜਾਪਣ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਅਤੇ ਨੀਂਦ ਨਾਲ ਸੰਬੰਧਿਤ ਸਮੱਸਿਆਵਾਂ।

ਡਾ. ਵੈਨ ਟੁੱਲਨ ਜ਼ੋਰ ਦੇ ਕੇ ਕਹਿੰਦੇ ਹਨ ਕਿ ਮਹੱਤਵਪੂਰਨ ਗੱਲ ਇਹ ਹੈ ਕਿ “ਤੁਸੀਂ ਆਪਣੇ ਕੋਰਟੀਸੋਲ ਪੱਧਰਾਂ ਬਾਰੇ ਜ਼ਿਆਦਾ ਨਾ ਸੋਚੋ।”

ਮਾਹਰ ਕਹਿੰਦੇ ਹਨ, “ਜੇ ਤੁਸੀਂ ਬਹੁਤ ਬਿਮਾਰ ਮਹਿਸੂਸ ਕਰ ਰਹੇ ਹੋ, ਆਪਣੇ ਸਰੀਰ ਵਿੱਚ ਵੱਡੇ ਬਦਲਾਅ ਵੇਖ ਰਹੇ ਹੋ ਅਤੇ ਸੋਚਦੇ ਹੋ ਕਿ ਤੁਹਾਨੂੰ ਕੁਸ਼ਿੰਗਜ਼ ਸਿੰਡਰੋਮ ਵਰਗੀ ਕੋਈ ਬਿਮਾਰੀ ਹੋ ਸਕਦੀ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।”

“ਤੁਹਾਡਾ ਡਾਕਟਰ ਹੀ ਤੁਹਾਡੇ ਕੋਰਟੀਸੋਲ ਪੱਧਰਾਂ ਬਾਰੇ ਵਿਚਾਰ ਕਰਨਗੇ। ਤੁਹਾਨੂੰ ਇਸ ਗੱਲ ‘ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸਿਹਤਮੰਦ ਖੁਰਾਕ, ਕਸਰਤ ਅਤੇ ਪੂਰੀ ਨੀਂਦ ਰਾਹੀਂ ਆਪਣੇ ਤਣਾਅ ਦੇ ਪੱਧਰਾਂ ਨੂੰ ਕਿਵੇਂ ਘਟਾਇਆ ਜਾਵੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI