Home rss national punjabi2ਰਾਸ਼ਟਰੀ ਖ਼ਬਰਾਂ ਬਾਕਸ ਬ੍ਰੀਦਿੰਗ ਕੀ ਹੈ ਜਿਸ ਨੂੰ ਤਣਾਅ ਘੱਟ ਕਰਨ ਲਈ ਬਹੁਤ ਕਾਰਗਰ...

ਬਾਕਸ ਬ੍ਰੀਦਿੰਗ ਕੀ ਹੈ ਜਿਸ ਨੂੰ ਤਣਾਅ ਘੱਟ ਕਰਨ ਲਈ ਬਹੁਤ ਕਾਰਗਰ ਮੰਨਿਆ ਜਾ ਰਿਹਾ

3
0

Source :- BBC PUNJABI

ਬ੍ਰੀਦਵਰਕ

ਤਸਵੀਰ ਸਰੋਤ, Getty Images

ਦੋ ਮਹੀਨੇ ਪਹਿਲਾਂ ਵੈਨੇਜ਼ੁਏਲਾ ਵਿੱਚ ਮਾਰੀਆ ਮੈਡੀਨਾ ਦੇ ਜੱਦੀ ਸ਼ਹਿਰ ਲਾ ਗੁਆਇਰਾ ਵਿੱਚ ਭੂਚਾਲ ਨਾਲ ਭਾਰੀ ਤਬਾਹੀ ਹੋਈ।

ਉਹ ਖੁਦ ਪਿਛਲੇ 15 ਸਾਲ ਤੋਂ ਅਮਰੀਕਾ ਦੇ ਫ਼ਲੋਰਿਡਾ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਜੱਦੀ ਸ਼ਹਿਰ ਉੱਥੋਂ 1,500 ਮੀਲ ਦੂਰ ਹੈ।

ਭੂਚਾਲ ਕਾਰਨ ਹੋਈ ਤਬਾਹੀ ਦੌਰਾਨ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਨਹੀਂ ਕਰ ਪਾ ਰਹੇ ਹਨ ਅਤੇ ਇਸ ਸਭ ਬਾਰੇ ਬਹੁਤ ਚਿੰਤਾ ਵਿੱਚ ਸਨ, ਉਨ੍ਹਾਂ ਨੂੰ ਨੀਂਦ ਵੀ ਨਹੀਂ ਆ ਰਹੀ ਸੀ।

ਨੀਂਦ ਨਾ ਆਉਣ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਬਾਕਸ ਬ੍ਰੀਦਿੰਗ ਨੇ ਉਨ੍ਹਾਂ ਦੀ ਮਦਦ ਕੀਤੀ। ਇਹ ਸਾਹ ਲੈਣ ਦੀ ਇੱਕ ਤਕਨੀਕ ਹੈ, ਜਿਸ ਵਿੱਚ ਸਾਹ ਲੈਣ ਅਤੇ ਛੱਡਣ ਦੀ ਪ੍ਰਕਿਰਿਆ ਇੱਕ ਰਿਦਮ (ਲੈਅ) ਵਿੱਚ ਕੀਤੀ ਜਾਂਦੀ ਹੈ।

ਉਹ ਕਹਿੰਦੇ ਹਨ, “ਜਦੋਂ ਮੈਨੂੰ ਲੱਗਦਾ ਹੈ ਕਿ ਮੈਂ ਹੋਰ ਕੁਝ ਨਹੀਂ ਕਰ ਸਕਦੀ, ਜਿਵੇਂ ਰਾਤ ਨੂੰ ਬਿਸਤਰੇ ‘ਤੇ ਲੇਟ ਕੇ ਛੱਤ ਨੂੰ ਦੇਖਦੇ ਰਹਿਣਾ… ਉਦੋਂ ਮੈਨੂੰ ਪਤਾ ਹੁੰਦਾ ਹੈ ਕਿ ਇਸ (ਬਾਕਸ ਬ੍ਰੀਦਿੰਗ) ਨਾਲ ਮੈਨੂੰ ਮਦਦ ਮਿਲੇਗੀ।”

ਬਾਕਸ ਬ੍ਰੀਦਿੰਗ ਕੀ ਹੈ?

ਮਾਰੀਆ ਮੈਡੀਨਾ

ਤਸਵੀਰ ਸਰੋਤ, @mariadelmar.ms

31 ਸਾਲ ਦੇ ਮਾਰੀਆ ਨੇ ਪਹਿਲੀ ਵਾਰ ਸਾਲ 2020 ਵਿੱਚ ਬਾਕਸ ਬ੍ਰੀਦਿੰਗ ਬਾਰੇ ਜਾਣਿਆ ਸੀ। ਉਹ ਪੜ੍ਹਾਈ ਕਰ ਰਹੇ ਸਨ ਅਤੇ ਨਾਲ ਹੀ ਫੁੱਲ ਟਾਈਮ ਕੰਮ ਵੀ ਕਰ ਰਹੇ ਸਨ।

ਕੋਵਿਡ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਕੰਮਾਂ ਦਾ ਤਣਾਅ ਉਨ੍ਹਾਂ ਲਈ ਬਹੁਤ ਜ਼ਿਆਦਾ ਹੋ ਗਿਆ ਸੀ। ਇਸ ਵੇਲੇ ਉਨ੍ਹਾਂ ਨੇ ਇੱਕ ਥੈਰੇਪਿਸਟ ਤੋਂ ਮਦਦ ਲਈ, ਜਿਸ ਨੇ ਉਸ ਨੂੰ ਬਾਕਸ ਬ੍ਰੀਦਿੰਗ ਦਾ ਤਰੀਕਾ ਦੱਸਿਆ।

ਬ੍ਰੀਦਵਰਕ ਕੋਚ ਸਟੂਅਰਟ ਸੈਂਡੇਮੈਨ ਦੇ ਮੁਤਾਬਕ, ਇਸ ਤਕਨੀਕ ਵਿੱਚ ਚਾਰ ਸਕਿੰਟ ਤੱਕ ਸਾਹ ਭਰਨਾ, ਚਾਰ ਸਕਿੰਟ ਤੱਕ ਸਾਹ ਰੋਕਣਾ, ਫਿਰ ਚਾਰ ਸਕਿੰਟ ਤੱਕ ਸਾਹ ਬਾਹਰ ਛੱਡਣਾ ਅਤੇ ਫਿਰ ਦੁਬਾਰਾ ਸਾਹ ਲੈਣ ਤੋਂ ਪਹਿਲਾਂ ਚਾਰ ਸਕਿੰਟ ਤੱਕ ਸਾਹ ਰੋਕਣਾ ਸ਼ਾਮਿਲ ਹੈ। ਇਸ ਤੋਂ ਬਾਅਦ ਇਸ ਨੂੰ ਇਸੇ ਲੈਅ ਵਿੱਚ ਵਾਰ-ਵਾਰ ਕਰ ਸਕਦੇ ਹਾਂ।

ਉਹ ਦੱਸਦੇ ਹਨ, “ਇਹ ਸਮਾਂ ਚਾਰ ਸਕਿੰਟ ਤੋਂ ਵੱਖਰਾ ਵੀ ਹੋ ਸਕਦਾ ਹੈ, ਪਰ ਸਾਰੇ ਸਟੈਪਸ ਦਾ ਸਮਾਂ ਇੱਕੋ ਜਿਹਾ ਹੋਣਾ ਚਾਹੀਦਾ ਹੈ।”

ਇਸੇ ਚਾਰ ਬਰਾਬਰ ਸਟੈਪ ਵਾਲਾ ਪੈਟਰਨ ਨਾਲ ਇਸ ਤਕਨੀਕ ਦਾ ਨਾਮ ਵੀ ਪਿਆ ਹੈ।

ਸਟੂਅਰਟ ਦਾ ਕਹਿਣਾ ਹੈ ਕਿ ਬਾਕਸ ਬ੍ਰੀਦਿੰਗ ਦਾ ਇਸਤੇਮਾਲ ਕਿਸੇ ਤਣਾਅਪੂਰਨ ਕੰਮ ਜਾਂ ਅਜਿਹੀ ਘਟਨਾ ਤੋਂ ਪਹਿਲਾਂ ਕਰਨਾ ਸਭ ਤੋਂ ਵਧੀਆ ਹੈ, ਜਿਸ ਨਾਲ ਤੁਹਾਨੂੰ ਚਿੰਤਾ ਮਹਿਸੂਸ ਹੋ ਸਕਦੀ ਹੈ, ਜਿਵੇਂ ਪ੍ਰੀਖਿਆ ਜਾਂ ਪ੍ਰੇਜ਼ੈਂਟੇਸ਼ਨ।

ਇਸ ਨੂੰ ਕਿੰਨੀ ਦੇਰ ਤੱਕ ਕਰਨਾ ਹੈ, ਇਸ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ।

ਕੁਝ ਲੋਕਾਂ ਨੂੰ ਕੁਝ ਮਿੰਟਾਂ ਬਾਅਦ ਹੀ ਇਸ ਦਾ ਸਕਾਰਾਤਮਕ ਅਸਰ ਮਹਿਸੂਸ ਹੁੰਦਾ ਹੈ, ਜਦਕਿ ਕੁਝ ਲੋਕ ਇਸ ਨੂੰ 15 ਮਿੰਟ ਤੱਕ ਕਰਨਾ ਪਸੰਦ ਕਰਦੇ ਹਨ।

ਬਾਕਸ ਬ੍ਰੀਦਿੰਗ

ਤਸਵੀਰ ਸਰੋਤ, @breathpod

ਸਟੂਅਰਟ ਦੇ ਮੁਤਾਬਕ, ਬ੍ਰੀਦਵਰਕ ਦੀ ਸ਼ੁਰੂਆਤ ਯੋਗ ਤੋਂ ਹੋਈ ਸੀ। ਮਾਰਸ਼ਲ ਆਰਟ ਵਰਗੀਆਂ ਦੂਜੀਆਂ ਗਤੀਵਿਧੀਆਂ ਵਿੱਚ ਵੀ ਇਸ ਦਾ ਇਸਤੇਮਾਲ ਸਦੀਆਂ ਤੋਂ ਹੁੰਦਾ ਰਿਹਾ ਹੈ।

ਪਰ ਆਧੁਨਿਕ ਸਮੇਂ ਵਿੱਚ ਬਾਕਸ ਬ੍ਰੀਦਿੰਗ ਮਸ਼ਹੂਰ ਹੋਈ ਹੈ, ਕਿਉਂਕਿ ਇਹ “ਦਿਮਾਗ ਨੂੰ ਇਕਾਗਰ ਕਰਨ ਦੇ ਨਾਲ-ਨਾਲ ਸਾਡੇ ਨਰਵਸ ਸਿਸਟਮ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰ ਸਕਦੀ ਹੈ।”

ਉਹ ਅੱਗੇ ਕਹਿੰਦੇ ਹਨ, “ਅਮਰੀਕੀ ਨੇਵੀ ਦੇ ਸੀਲ ਕਮਾਂਡੋ ਬਾਕਸ ਬ੍ਰੀਦਿੰਗ ਕਰਦੇ ਹਨ। ਉਹ ਕਿਸੇ ਖ਼ਤਰਨਾਕ ਸਥਿਤੀ ਵਿੱਚ ਜਾਣ ਤੋਂ ਪਹਿਲਾਂ ਇਸ ਦਾ ਇਸਤੇਮਾਲ ਕਰਦੇ ਹਨ।”

ਸਟੂਅਰਟ ਨੇ ਇੰਗਲੈਂਡ ਦੀ ਫੁੱਟਬਾਲ ਟੀਮ ਨੂੰ ਵੀ ਬ੍ਰੀਦਵਰਕ ਸਿਖਾਇਆ ਹੈ।

31 ਸਾਲ ਦੇ ਮਾਰੀਆ ਅਮਰੀਕਾ ਦੀ ਇੱਕ ਟੈਕ ਕੰਪਨੀ ਵਿੱਚ ਪ੍ਰੋਗਰਾਮ ਮੈਨੇਜਰ ਹਨ। ਉਹ ਸੌਣ ਤੋਂ ਪਹਿਲਾਂ ਬਾਕਸ ਬ੍ਰੀਦਿੰਗ ਕਰਦੇ ਹਨ। ਰਾਤ ਨੂੰ ਨੀਂਦ ਖੁੱਲ੍ਹਣ ਤੋਂ ਬਾਅਦ ਦੁਬਾਰਾ ਸੌਣ ਦੀ ਕੋਸ਼ਿਸ਼ ਕਰਦੇ ਸਮੇਂ ਵੀ ਉਹ ਇਸ ਦਾ ਇਸਤੇਮਾਲ ਕਰਦੇ ਹਨ।

ਆਖ਼ਰੀ ਵਾਰ ਵਾਲਾ ਸਾਹ ਰੋਕਣਾ ਸਭ ਤੋਂ ਮਹੱਤਵਪੂਰਨ

ਡਾਕਟਰ ਹੈਲੇਨ ਗਾਰ
ਤਣਾਅ ਘਟਾਉਣ ਸਬੰਧੀ ਮਾਹਿਰ

ਤਸਵੀਰ ਸਰੋਤ, NHS Practitioner Health

ਉੱਤਰੀ ਅਮਰੀਕਾ ਵਿੱਚ ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਬਾਕਸ ਬ੍ਰੀਦਿੰਗ ਦੇ ਅਸਰ ਨੂੰ ਦੇਖਿਆ ਗਿਆ।

ਇਸ ਵਿੱਚ ਪਾਇਆ ਗਿਆ ਕਿ ਇਹ ਜ਼ਿਆਦਾ ਦਬਾਅ ਵਾਲੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਵਿੱਚ ਦਿਲ ਦੀ ਧੜਕਨ ਅਤੇ ਸਰੀਰ ਵਿੱਚ ਤਣਾਅ ਨਾਲ ਜੁੜੇ ਹੋਰ ਲੱਛਣਾਂ ਵਿੱਚ ਹੋਣ ਵਾਲੇ ਵੱਡੇ ਵਾਧੇ ਨੂੰ ਰੋਕ ਸਕਦੀ ਹੈ।

ਜੂਨ ਵਿੱਚ ਕੰਪ੍ਰਿਹੈਂਸਿਵ ਸਾਈਕੋਨਿਊਰੋਐਂਡੋਕ੍ਰਿਨੋਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਇਹ ਅਧਿਐਨ, ਟੈਕਸਸ ਸਟੇਟ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਮਿਸੀਸਾਗਾ ਦੇ ਅਕਾਦਮਿਕ ਮਾਹਿਰਾਂ ਨੇ ਕੀਤਾ ਸੀ।

ਮਾਨਸਿਕ ਸਿਹਤ ਨਾਲ ਸਬੰਧਿਤ ਪਰੇਸ਼ਾਨੀਆਂ ਨਾਲ ਜੂਝ ਰਹੇ ਡਾਕਟਰਾਂ ਅਤੇ ਨਰਸਾਂ ਦਾ ਇਲਾਜ ਕਰਨ ਵਾਲੇ ਜਨਰਲ ਪ੍ਰੈਕਟੀਸ਼ਨਰ ਡਾਕਟਰ ਹੈਲੇਨ ਗਾਰ ਕਹਿੰਦੇ ਹਨ, “ਮੈਂ ਆਪਣੇ ਬਹੁਤ ਸਾਰੇ ਮਰੀਜ਼ਾਂ ਨੂੰ ਬਾਕਸ ਬ੍ਰੀਦਿੰਗ ਦੀ ਸਲਾਹ ਦਿੰਦੀ ਹਾਂ। ਇਹ ਤਣਾਅ ਪ੍ਰਤੀ ਸਾਡੀ ਪ੍ਰਤੀਕਿਰਿਆ ਅਤੇ ਸਾਡੇ ਨਰਵਸ ਸਿਸਟਮ ਨੂੰ ਕੰਟਰੋਲ ਕਰਨ ਲਈ ਸਾਡੇ ਕੋਲ ਮੌਜੂਦ ਸਭ ਤੋਂ ਪ੍ਰਭਾਵਸ਼ਾਲੀ ਅਤੇ ਵਿਗਿਆਨਕ ਸਬੂਤਾਂ ‘ਤੇ ਆਧਾਰਿਤ ਤਰੀਕਿਆਂ ਵਿੱਚੋਂ ਇੱਕ ਹੈ।”

ਉਹ ਕਹਿੰਦੇ ਹਨ ਕਿ ਬਾਕਸ ਬ੍ਰੀਦਿੰਗ ਦਾ ਆਖ਼ਰੀ ਪੜਾਅ, ਜਿਸ ਵਿੱਚ ਸਾਹ ਬਾਹਰ ਛੱਡਣ ਤੋਂ ਬਾਅਦ ਉਸ ਨੂੰ ਰੋਕ ਕੇ ਰੱਖਿਆ ਜਾਂਦਾ ਹੈ, ਸਭ ਤੋਂ ਵੱਡਾ ਸਰੀਰਕ ਬਦਲਾਅ ਪੈਦਾ ਕਰਦਾ ਹੈ।

ਉਨ੍ਹਾਂ ਦਾ ਕਹਿਣਾ ਹੈ, “(ਇੱਕ ਵਾਰ ਦੀ ਪ੍ਰਕਿਰਿਆ ਦਾ) ਆਖ਼ਰੀ ਵਾਲਾ ਸਾਹ ਰੋਕਣ ਦੌਰਾਨ ਸਾਡੇ ਸਰੀਰ ਦੇ ਅੰਦਰ ਜੋ ਹੁੰਦਾ ਹੈ, ਉਹ ਇਹ ਹੈ ਕਿ ਅਸੀਂ ਕਾਰਬਨ ਡਾਈਆਕਸਾਈਡ ਨੂੰ ਸਰੀਰ ਵਿੱਚ ਬਣਾਈ ਰੱਖਦੇ ਹਾਂ ਅਤੇ ਜਦੋਂ ਸਾਡਾ ਦਿਮਾਗ਼ ਇਸ ਦੇ ਵਧੇ ਹੋਏ ਪੱਧਰ ਦਾ ਪਤਾ ਲਗਾਉਂਦਾ ਹੈ, ਤਾਂ ਉਸ ਨੂੰ ਘਬਰਾਹਟ ਮਹਿਸੂਸ ਹੁੰਦੀ ਹੈ। ਸਾਨੂੰ ਸਾਹ ਲੈਣ ਦੀ ਤੇਜ਼ ਇੱਛਾ ਮਹਿਸੂਸ ਹੁੰਦੀ ਹੈ।”

ਉਹ ਕਹਿੰਦੇ ਹਨ ਕਿ ਆਖ਼ਰੀ ਵਾਰ ਵਾਲਾ ਸਾਹ ਰੋਕਣ ਦਾ ਇਹ ਅਭਿਆਸ ਸਾਡੇ ਸਰੀਰ ਵਿੱਚ ਕਾਰਬਨ ਡਾਈਆਕਸਾਈਡ ਦੇ ਵਧੇ ਹੋਏ ਪੱਧਰ ਨਾਲ ਬਿਹਤਰ ਤਰੀਕੇ ਨਾਲ ਨਜਿੱਠਣ ਅਤੇ ਮਹਿਸੂਸ ਹੋ ਰਹੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਤਣਾਅ ਵਿੱਚ ਲੋਕ ਵੱਖਰੇ ਤਰੀਕੇ ਨਾਲ ਸਾਹ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਸਰੀਰ ਵਿੱਚ ਕਾਰਬਨ ਡਾਈਆਕਸਾਈਡ ਦੇ ਪੱਧਰ ਵਿੱਚ ਬਦਲਾਅ ਹੁੰਦਾ ਹੈ।

ਡਾਕਟਰ ਗਾਰ ਕਹਿੰਦੇ ਹਨ, “ਬਾਕਸ ਬ੍ਰੀਦਿੰਗ ਸਾਨੂੰ ਖੂਨ ਅਤੇ ਦਿਮਾਗ ਵਿੱਚ ਕਾਰਬਨ ਡਾਈਆਕਸਾਈਡ ਦੇ ਪੱਧਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਾ ਆਦੀ ਹੋਣ ਵਿੱਚ ਮਦਦ ਕਰਦੀ ਹੈ। ਇਸ ਨਾਲ ਘਬਰਾਹਟ ਦੀਆਂ ਭਾਵਨਾਵਾਂ ਤੋਂ ਉੱਭਰਨ ਵਿੱਚ ਮਦਦ ਮਿਲਦੀ ਹੈ।”

ਤਣਾਅ ਨੂੰ ਕਾਬੂ ਵਿੱਚ ਰੱਖਣ ਦਾ ‘ਪ੍ਰਭਾਵਸ਼ਾਲੀ ਤਰੀਕਾ’

ਮਾਰੀਆ ਦੇ ਉਲਟ, ਬ੍ਰਿਟਨੀ ਲੈਮ ਸੌਣ ਤੋਂ ਪਹਿਲਾਂ ਬਾਕਸ ਬ੍ਰੀਦਿੰਗ ਨਹੀਂ ਕਰਦੇ, ਸਗੋਂ ਜਾਗਣ ਤੋਂ ਬਾਅਦ ਕਰਦੇ ਹਨ।

28 ਸਾਲ ਦੇ ਬ੍ਰਿਟਨੀ ਨੇ ਕੈਲੀਫ਼ੋਰਨੀਆ ਸਥਿਤ ਆਪਣੇ ਘਰ ਤੋਂ ਗੱਲ ਕਰਦਿਆਂ ਮੈਨੂੰ ਦੱਸਿਆ, “ਮੈਂ ਇਹ ਹਰ ਸਵੇਰੇ ਕਰਦੀ ਹਾਂ। ਅਸਲ ਵਿੱਚ, ਤੁਹਾਡੇ ਫ਼ੋਨ ਕਰਨ ਤੋਂ ਠੀਕ ਪਹਿਲਾਂ ਵੀ ਮੈਂ ਇਹ ਕੀਤਾ ਸੀ।”

ਕੁਝ ਸਾਲ ਪਹਿਲਾਂ ਜਦੋਂ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਮੁਸ਼ਕਿਲ ਦੌਰ ਵਿੱਚੋਂ ਲੰਘ ਰਹੇ ਸਨ ਅਤੇ ਉਸ ਤਣਾਅ ਨਾਲ ਨਜਿੱਠਣ ਦੇ ਤਰੀਕੇ ਲੱਭ ਰਹੇ ਸਨ, ਉਸੇ ਵੇਲੇ ਬ੍ਰਿਟਨੀ ਨੂੰ ਬਾਕਸ ਬ੍ਰੀਦਿੰਗ ਬਾਰੇ ਪਤਾ ਲੱਗਾ ਸੀ।

ਸਾਬਕਾ ਫੌਜੀਆਂ ਤੋਂ ਲੈਕੇ ਲਾਈਫ਼ਸਟਾਈਲ ਇਨਫਲੂਐਂਸਰਜ਼ ਤੱਕ, ਬਾਕਸ ਬ੍ਰੀਦਿੰਗ ਦਾ ਇਸਤੇਮਾਲ ਕਰਨ ਵਾਲੇ ਕਈ ਲੋਕ ਦੱਸਦੇ ਹਨ ਕਿ ਦੂਜੇ ਲੋਕ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਅਪਣਾ ਸਕਦੇ ਹਨ।

ਕੁਝ ਲੋਕ, ਦੂਜਿਆਂ ਨਾਲ ਅਭਿਆਸ ਕਰਨ ਲਈ ਐਨੀਮੇਟਿਡ ਗਾਈਡ ਵੀ ਪੋਸਟ ਕਰਦੇ ਹਨ।

ਬ੍ਰਿਟਨੀ ਕਹਿੰਦੇ ਹਨ, “ਜੇ ਤੁਸੀਂ ਚਿੰਤਾ ਮਹਿਸੂਸ ਕਰਦੇ ਹੋਏ ਜਾਗਦੇ ਰਹਿੰਦੇ ਹੋ, ਤਾਂ ਇਹ ਤੁਹਾਨੂੰ ਆਪਣੇ ਸਰੀਰ ਨਾਲ ਦੁਬਾਰਾ ਜੁੜਨ ਅਤੇ ਆਪਣੇ ਦਿਮਾਗ਼ ਵਿੱਚ ਚੱਲ ਰਹੇ ਵਿਚਾਰਾਂ ਤੋਂ ਬਾਹਰ ਨਿੱਕਲਣ ਵਿੱਚ ਮਦਦ ਕਰਨ ਵਾਲਾ ਇੱਕ ਬਹੁਤ ਵਧੀਆ ਤਰੀਕਾ ਹੈ।”

ਇਹ ਉਨ੍ਹਾਂ ਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ‘ਤੇ ਕਾਬੂ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਉਹ ਵਿਚਾਰ ਅਤੇ ਭਾਵਨਾਵਾਂ ਉਨ੍ਹਾਂ ਦੇ ਪੂਰੇ ਦਿਨ ਨੂੰ ਪ੍ਰਭਾਵਿਤ ਨਹੀਂ ਕਰ ਪਾਉਂਦੇ।

ਉਨ੍ਹਾਂ ਨੂੰ ਇਹ ਤਰੀਕਾ ਇੰਨਾ ਪ੍ਰਭਾਵਸ਼ਾਲੀ ਲੱਗਾ ਕਿ ਉਨ੍ਹਾਂ ਨੇ ਸਾਹ ਲੈਣ ਦੀਆਂ ਹੋਰ ਤਕਨੀਕਾਂ ਬਾਰੇ ਵੀ ਸਿੱਖਿਆ ਅਤੇ ਉਨ੍ਹਾਂ ਨੂੰ ਲਾਈਫ਼ ਕੋਚ ਵਜੋਂ ਆਪਣੇ ਕੰਮ ਵਿੱਚ ਸ਼ਾਮਿਲ ਕੀਤਾ।

ਬ੍ਰਿਟਨੀ

ਤਸਵੀਰ ਸਰੋਤ, @mindful.by.b

ਬ੍ਰਿਟਨੀ ਨੇ ਮਨੋਵਿਗਿਆਨ ਵਿੱਚ ਡਿਗਰੀ ਕੀਤੀ ਹੈ ਅਤੇ ਲਾਇਸੈਂਸ ਪ੍ਰਾਪਤ ਥੈਰੇਪਿਸਟ ਬਣਨ ਲਈ ਪੜ੍ਹਾਈ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ “ਜਦੋਂ ਮੈਂ ਆਪਣੇ ਕਲਾਇੰਟਸ ਨਾਲ ਕਾਲ ਸ਼ੁਰੂ ਕਰਦੀ ਹਾਂ, ਤਾਂ ਮੈਂ ਉਨ੍ਹਾਂ ਨੂੰ ਬਾਕਸ ਬ੍ਰੀਦਿੰਗ ਕਰਨ ਲਈ ਕਹਿੰਦੀ ਹਾਂ। ਜੇ ਅਸੀਂ ਜਜ਼ਬਾਤੀ ਤੌਰ ‘ਤੇ ਭਾਰੀ ਮਹਿਸੂਸ ਕਰਾਉਣ ਵਾਲੇ ਵਿਸ਼ਿਆਂ ‘ਤੇ ਗੱਲ ਕਰ ਰਹੇ ਹੁੰਦੇ ਹਾਂ, ਤਾਂ ਇਸ ਨਾਲ ਉਨ੍ਹਾਂ ਲਈ ਇਹ ਥੋੜ੍ਹਾ ਆਸਾਨ ਹੋ ਜਾਂਦਾ ਹੈ।”

ਉਹ ਮੰਨਦੇ ਹਨ ਕਿ ਕੁਝ ਲੋਕ ਇਸ ਗੱਲ ਨੂੰ ਲੈ ਕੇ ਸ਼ੱਕ ਕਰ ਸਕਦੇ ਹਨ ਕਿ ਸਾਹ ਲੈਣ ਦੀਆਂ ਤਕਨੀਕਾਂ ਤਣਾਅਪੂਰਨ ਸਥਿਤੀਆਂ ਵਿੱਚ ਅਸਲ ਵਿੱਚ ਕਿੰਨਾ ਬਦਲਾਅ ਲਿਆ ਸਕਦੀਆਂ ਹਨ, ਪਰ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਇਨ੍ਹਾਂ ਨੂੰ ਅਜ਼ਮਾ ਕੇ ਦੇਖਣ।

ਉਨ੍ਹਾਂ ਦਾ ਕਹਿਣਾ ਹੈ ਕਿ “ਬ੍ਰੀਦਵਰਕ ਹਰ ਵਿਅਕਤੀ ਲਈ ਇੱਕੋ ਤਰ੍ਹਾਂ ਕੰਮ ਕਰਨ ਵਾਲਾ ਤਰੀਕਾ ਨਹੀਂ ਹੈ। ਤੁਸੀਂ ਜੋ ਮਹਿਸੂਸ ਕਰ ਰਹੇ ਹੋ ਜਾਂ ਜਿਸ ਦੌਰ ਵਿੱਚੋਂ ਲੰਘ ਰਹੇ ਹੋ, ਉਸ ਲਈ ਕਈ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਹਨ।”

ਉਹ ਅੱਗੇ ਕਹਿੰਦੇ ਹਨ, “ਜਿਨ੍ਹਾਂ 10 ਲੋਕਾਂ ਨਾਲ ਮੈਂ ਕੰਮ ਕਰਦੀ ਹਾਂ, ਉਨ੍ਹਾਂ ਵਿੱਚੋਂ ਨੌਂ ਕਹਿੰਦੇ ਹਨ ਕਿ ਇਸ ਤੋਂ ਬਾਅਦ ਉਹ ਅਸਲ ਵਿੱਚ ਕਾਫ਼ੀ ਬਿਹਤਰ ਮਹਿਸੂਸ ਕਰਦੇ ਹਨ।”

ਮਾਹਿਰਾਂ ਦਾ ਮੰਨਣਾ ਹੈ ਕਿ ਸਾਹ ਲੈਣ ਦੀ ਤਕਨੀਕ ਕਿੰਨੀ ਫ਼ਾਇਦੇਮੰਦ ਹੈ, ਇਹ ਜਾਣਨ ਲਈ ਇਸ ਦਾ ਅਭਿਆਸ ਕਰਨਾ ਬਿਹਤਰ ਹੈ (ਸੰਕੇਤਕ ਤਸਵੀਰ)

ਤਸਵੀਰ ਸਰੋਤ, Getty Images/ stock photo

ਮਾਰੀਆ ਵੀ ਕੁਝ ਅਜਿਹਾ ਹੀ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੇ ਤਣਾਅ ਭਰੇ ਦੌਰ ਵਿੱਚੋਂ ਲੰਘ ਰਹੇ ਕਈ ਦੋਸਤਾਂ ਅਤੇ ਸਹਿਕਰਮੀਆਂ ਨੂੰ ਬਾਕਸ ਬ੍ਰੀਦਿੰਗ ਦੀ ਸਲਾਹ ਦਿੱਤੀ ਹੈ।

ਵੈਨੇਜ਼ੁਏਲਾ ਵਿੱਚ ਆਏ ਭੂਚਾਲ ਵਿੱਚ ਉਨ੍ਹਾਂ ਦੇ ਕਰੀਬੀ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਨਹੀਂ ਹੋਈ। ਉਨ੍ਹਾਂ ਭੂਚਾਲਾਂ ਵਿੱਚ ਘੱਟੋ-ਘੱਟ 6,300 ਲੋਕਾਂ ਦੇ ਮਾਰੇ ਜਾਣ ਦਾ ਅਨੁਮਾਨ ਹੈ।

ਮਾਰੀਆ ਕਹਿੰਦੇ ਹਨ, “ਪਰ ਮੇਰੀ ਸਭ ਤੋਂ ਚੰਗੀ ਦੋਸਤ ਨੇ ਆਪਣਾ ਘਰ ਗੁਆ ਦਿੱਤਾ ਅਤੇ ਮੈਂ ਅਜਿਹੇ ਲੋਕਾਂ ਨੂੰ ਜਾਣਦੀ ਹਾਂ, ਜਿਨ੍ਹਾਂ ਨੇ ਪਰਿਵਾਰ ਅਤੇ ਦੋਸਤਾਂ ਨੂੰ ਗੁਆ ਦਿੱਤਾ।”

ਮਾਰੀਆ ਨੂੰ ਹੁਣ ਵੀ ਕਦੇ-ਕਦੇ ਰਾਤ ਨੂੰ ਨੀਂਦ ਨਹੀਂ ਆਉਂਦੀ, ਪਰ ਹੁਣ ਉਨ੍ਹਾਂ ਨੂੰ ਪਤਾ ਹੈ ਕਿ ਬਾਕਸ ਬ੍ਰੀਦਿੰਗ ਇੱਕ ਅਜਿਹਾ ਤਰੀਕਾ ਹੈ, ਜਿਸ ਦੇ ਸਹਾਰੇ ਉਹ ਆਪਣੇ ਆਪ ਨੂੰ ਸ਼ਾਂਤ ਕਰ ਸਕਦੇ ਹਨ।

ਉਹ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਕਦੇ-ਕਦੇ ਅਸੀਂ ਸਾਹ ਲੈਣਾ ਭੁੱਲ ਜਾਂਦੇ ਹਾਂ, ਜਿਵੇਂ ਜਾਣਬੁੱਝ ਕੇ ਅਤੇ ਪੂਰੀ ਤਰ੍ਹਾਂ ਸਾਹ ਲੈਣਾ, ਅਤੇ ਅਸੀਂ ਇਸ ਗੱਲ ਨੂੰ ਸਮਝਣ ਵਿੱਚ ਭੁੱਲ ਕਰਦੇ ਹਾਂ ਕਿ ਇਸ ਦਾ ਸਾਡੇ ਸਰੀਰ ਅਤੇ ਦਿਮਾਗ਼ ‘ਤੇ ਕਿੰਨਾ ਸ਼ਕਤੀਸ਼ਾਲੀ ਅਸਰ ਹੋ ਸਕਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI