Source :- BBC PUNJABI
ਤਸਵੀਰ ਸਰੋਤ, AFP via Getty Images
ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦੱਸਿਆ ਹੈ ਕਿ ਜਨਤਾ ਅਮਰੀਕੀ ਫ਼ੌਜ ਦੇ ਇੱਕ ਸਾਬਕਾ ਮੇਜਰ ਨੂੰ ਫਾਇਰਿੰਗ ਸਕੁਐਡ ਰਾਹੀਂ ਦਿੱਤੀ ਜਾਣ ਵਾਲੀ ਸਜ਼ਾ ਦੇਖ ਸਕੇਗੀ। ਫਾਇਰਿੰਗ ਸਕੁਐਡ ਰਾਹੀਂ ਸਜ਼ਾ ਮਤਲਬ ਗੋਲੀਆਂ ਮਾਰ ਕੇ ਮੌਤ ਦੀ ਸਜ਼ਾ ਦੇਣਾ।
ਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਨਿਦਾਲ ਹਸਨ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੀ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ।
ਹਸਨ ਨੇ 2009 ਵਿੱਚ ਫੋਰਟ ਹੁੱਡ ਵਿਖੇ 13 ਨਿਹੱਥੇ ਅਮਰੀਕੀ ਫ਼ੌਜੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਲਗਭਗ ਇੱਕ ਸਦੀ ਬਾਅਦ ਪਹਿਲੀ ਜਨਤਕ ਤੌਰ ‘ਤੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਮੌਤ ਦੀ ਸਜ਼ਾ ਵਾਲੇ ਕੈਦੀਆਂ ਦੇ ਮਾਮਲਿਆਂ ਨਾਲ ਜੁੜੇ ਵਕੀਲ ਜੌਨ ਮਿਲਜ਼ ਨੇ ਕਿਹਾ ਕਿ ਇਸ ਦੀ ਲਾਈਵ ਸਟ੍ਰੀਮਿੰਗ ਕਰਨ ਦਾ ਫ਼ੈਸਲਾ “ਆਧੁਨਿਕ ਯੁੱਗ ਵਿੱਚ ਕਦੇ ਨਹੀਂ ਦੇਖਿਆ ਗਿਆ” ਅਤੇ ਇਸ ਬਾਰੇ “ਕਾਨੂੰਨੀ ਤੌਰ ‘ਤੇ ਵੀ ਅਨਿਸ਼ਚਿਤਤਾ” ਹੈ।
ਹੇਗਸੇਥ ਨੇ ਕਿਹਾ, “ਅਸੀਂ ਇਹ ਯਕੀਨੀ ਬਣਾਵਾਂਗੇ ਕਿ ਲੋਕ ਇਸ ਨੂੰ ਦੇਖ ਸਕਣ ਅਤੇ ਇਹ ਜਨਤਕ ਹੋਵੇ।”
“ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਗੰਭੀਰ ਨਤੀਜੇ ਹੁੰਦੇ ਹਨ।”
ਡੈਮੋਕ੍ਰੈਟਿਕ ਸੈਨੇਟਰ ਕ੍ਰਿਸ ਮਰਫੀ ਨੇ ਸੀਐੱਨਐੱਨ ਨੂੰ ਕਿਹਾ ਕਿ ਸਜ਼ਾ ਦੀ ਲਾਈਵ-ਸਟ੍ਰੀਮਿੰਗ ਕਰਨਾ “ਘਿਨੌਣਾ” ਹੈ ਅਤੇ ਇਹ ਇਸਲਾਮਿਕ ਸਟੇਟ ਗਰੁੱਪ ਵੱਲੋਂ ਕੀਤੇ ਜਾਂਦੇ ਕਤਲਾਂ ਦੀ ਯਾਦ ਦਿਵਾਉਂਦੀ ਹੈ।
60 ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਕਿਸੇ ਫੌਜੀ ਨੂੰ ਦਿੱਤੀ ਜਾ ਰਹੀ ਅਜਿਹੀ ਸਜ਼ਾ
ਤਸਵੀਰ ਸਰੋਤ, Joe Raedle/Getty Images
ਪੈਂਟਾਗਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ ਉਹ ਹਸਨ ਨੂੰ ਮੌਤ ਦੀ ਦੇਵੇਗਾ। 60 ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਫੌਜੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।
ਹੇਗਸੇਥ ਨੇ ਕੰਜ਼ਰਵੇਟਿਵ ਟੀਵੀ ਚੈਨਲ ‘ਰੀਅਲ ਅਮਰੀਕਾਜ਼ ਵੌਇਸ’ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਹਸਨ ਨੂੰ “ਫ਼ੌਜੀਆਂ ਦਾ ਇੱਕ ਫਾਇਰਿੰਗ ਸਕੁਐਡ ਮੌਤ ਦੀ ਸਜ਼ਾ ਦੇਵੇਗਾ। ਜਿਵੇਂ ਕਿ ਹੋਣਾ ਚਾਹੀਦਾ ਹੈ।”
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਹਸਨ ਨੇ ਕੋਈ ਆਖ਼ਰੀ ਇੱਛਾ ਜ਼ਾਹਿਰ ਕੀਤੀ ਹੈ ਜਾਂ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਸੰਪਰਕ ਕੀਤਾ ਹੈ, ਤਾਂ ਹੇਗਸੇਥ ਨੇ ਕਿਹਾ ਕਿ “ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਉਸ ਨੂੰ 3 ਦਸੰਬਰ ਨੂੰ ਦੇਖਾਂਗੇ।”
ਪੈਂਟਾਗਨ ਦੇ ਇੱਕ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਟਰੰਪ ਨੇ ਰੱਖਿਆ ਮੰਤਰੀ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੀਬੀਸੀ ਨੇ ਵ੍ਹਾਈਟ ਹਾਊਸ ਤੋਂ ਪੁੱਛਿਆ ਹੈ ਕਿ ਕੀ ਟਰੰਪ ਲਾਈਵ ਸਟ੍ਰੀਮ ਕੀਤੀ ਜਾਣ ਵਾਲੀ ਜਨਤਕ ਮੌਤ ਦੀ ਸਜ਼ਾ ਦਾ ਸਮਰਥਨ ਕਰਦੇ ਹਨ।
ਹਾਲਾਂਕਿ, ਪਿਛਲੇ ਸਾਲ 17 ਦੇਸ਼ਾਂ ਵਿੱਚ 2,700 ਤੋਂ ਵੱਧ ਲੋਕਾਂ ਨੂੰ ਮੌਤ ਦੀ ਦਿੱਤੀ ਗਈ ਸੀ, ਪਰ ਸਿਰਫ਼ ਦੋ ਦੇਸ਼ਾਂ ਵਿੱਚ ਹੀ ਇਹ ਸਜ਼ਾ ਜਨਤਕ ਤੌਰ ‘ਤੇ ਦਿੱਤੀ ਗਈ ਸੀ।
ਐਮਨੈਸਟੀ ਇੰਟਰਨੈਸ਼ਨਲ ਮੁਤਾਬਕ, ਸਾਲ 2025 ਵਿੱਚ ਈਰਾਨ ਵਿੱਚ 11 ਅਤੇ ਅਫ਼ਗਾਨਿਸਤਾਨ ਵਿੱਚ ਛੇ ਜਨਤਕ ਸਜ਼ਾਵਾਂ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਸੀ।
ਅਮਰੀਕੀ ਫ਼ੌਜ ਦੇ ਸਕੱਤਰ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸਜ਼ਾ 3 ਦਸੰਬਰ ਨੂੰ ਟੈਕਸਸ ਦੇ ਫੋਰਟ ਹੁੱਡ ਵਿਖੇ ਦਿੱਤੀ ਜਾਵੇਗੀ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਫਾਇਰਿੰਗ ਸਕੁਐਡ ਰਾਹੀਂ ਦਿੱਤੀ ਜਾਣ ਵਾਲੀ ਇਹ ਪਹਿਲੀ ਫ਼ੌਜੀ ਸਜ਼ਾ ਹੋਵੇਗੀ। ਵਰਜੀਨੀਆ ਦੇ ਰਹਿਣ ਵਾਲੇ, ਅਮਰੀਕੀ ਫ਼ੌਜ ਦੇ ਮਨੋਚਿਕਿਤਸਕ ਹਸਨ ਨੇ 2009 ਵਿੱਚ ਫੋਰਟ ਹੁੱਡ ਦੀ ਇੱਕ ਭੀੜ-ਭੜੱਕੇ ਵਾਲੀ ਮੈਡੀਕਲ ਇਮਾਰਤ ਵਿੱਚ 13 ਨਿਹੱਥੇ ਫ਼ੌਜੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ।
ਅਦਾਲਤ ਵਿੱਚ ਉਨ੍ਹਾਂ ਨੇ “ਜੋ ਵੀ ਗ਼ਲਤੀ ਹੋਈ” ਉਸ ਦੇ ਲਈ ਮੁਆਫ਼ੀ ਮੰਗੀ ਸੀ। ਸਾਲ 2013 ਵਿੱਚ ਆਪਣੇ ਕੋਰਟ ਮਾਰਸ਼ਲ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਅਫ਼ਗਾਨਿਸਤਾਨ ਵਿੱਚ ਮੁਸਲਮਾਨਾਂ ਅਤੇ ਤਾਲਿਬਾਨ ਦੀ ਰੱਖਿਆ ਕਰ ਰਹੇ ਸਨ।
ਹਮਲੇ ‘ਚ ਜ਼ਖਮੀ ਹੋਏ ਇੱਕ ਸਾਬਕਾ ਫੌਜੀ ਨੇ ਕੀ ਕਿਹਾ

ਅਮਰੀਕੀ ਫ਼ੌਜ ਦੇ ਸਾਬਕਾ ਸਾਰਜੈਂਟ ਅਲੋਂਜ਼ੋ ਲੈਂਸਫੋਰਡ, ਜਿਨ੍ਹਾਂ ਨੂੰ ਹਮਲੇ ਦੌਰਾਨ ਸੱਤ ਵਾਰ ਗੋਲੀ ਮਾਰੀ ਗਈ ਸੀ, ਨੇ ਬੀਬੀਸੀ ਦੇ ‘ਟੁਡੇ’ ਪ੍ਰੋਗਰਾਮ ਨੂੰ ਦੱਸਿਆ ਕਿ ਉਹ ਫਾਇਰਿੰਗ ਸਕੁਐਡ (ਗੋਲੀਆਂ ਮਾਰ ਕੇ ਮੌਤ ਦੀ ਸਜ਼ਾ ਦੇਣ) ਦਾ ਸਮਰਥਨ ਕਰਦੇ ਹਨ, ਕਿਉਂਕਿ ਉਨ੍ਹਾਂ ਦੇ ਮੁਤਾਬਕ, ਉਸ ਨੇ ਜੋ ਕੀਤਾ ਸੀ, ਉਸਦੇ ਲਈ ਇਹੀ “ਸਹੀ” ਸਜ਼ਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਹਰ ਕਿਸੇ ਨੂੰ ਇਸ ਦੀ ਲਾਈਵ-ਸਟ੍ਰੀਮਿੰਗ ਨਹੀਂ ਦੇਖਣੀ ਚਾਹੀਦੀ, ਕਿਉਂਕਿ ਇਸ ਦਾ ਨੌਜਵਾਨਾਂ ‘ਤੇ ਗ਼ਲਤ ਅਸਰ ਪੈ ਸਕਦਾ ਹੈ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਇਸ ਨੂੰ ਦੇਖਣ ਦਾ ਮੌਕਾ ਮਿਲਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ, “ਜਿੱਥੋਂ ਤੱਕ ਮਾਰੇ ਗਏ ਲੋਕਾਂ ਦੇ ਪਰਿਵਾਰਾਂ, ਬਚੇ ਹੋਏ ਲੋਕਾਂ ਦੇ ਪਰਿਵਾਰਾਂ ਅਤੇ ਖ਼ੁਦ ਬਚੇ ਹੋਏ ਲੋਕਾਂ ਦੀ ਗੱਲ ਹੈ, ਤਾਂ ਹਾਂ, ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਨੂੰ ਬਿਨਾਂ ਕਿਸੇ ਰੋਕ ਦੇ ਦੇਖਣ ਦਾ ਮੌਕਾ ਮਿਲਣਾ ਚਾਹੀਦਾ ਹੈ।”
ਲੈਂਸਫੋਰਡ ਦਾ ਕਹਿਣਾ ਹੈ ਕਿ ਉਹ ਸਜ਼ਾ ਦਿੱਤੇ ਜਾਣ ਸਮੇਂ ਉੱਥੇ ਮੌਜੂਦ ਰਹਿਣਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਟ੍ਰਿਗਰ ਦਬਾਉਣ ਤੋਂ ਪਹਿਲਾਂ ਹਸਨ ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖੇ।
“ਮੈਂ ਚਾਹੁੰਦਾ ਹਾਂ ਕਿ ਉਸ ਨੂੰ ਪਤਾ ਲੱਗੇ ਕਿ ਉਹ ਨਾਕਾਮ ਰਿਹਾ। ਮੈਂ ਅਜੇ ਵੀ ਜ਼ਿੰਦਾ ਹਾਂ।”
ਕੀ ਸਜ਼ਾ ‘ਤੇ ਰੋਕ ਲੱਗ ਸਕਦੀ ਹੈ?
ਤਸਵੀਰ ਸਰੋਤ, Bell County Sheriff’s Office/Reuters
ਫ਼ੌਜੀ ਕਾਨੂੰਨ ਮੁਤਾਬਕ, ਫ਼ੌਜ ਵਿੱਚ ਮੌਤ ਦੀ ਸਜ਼ਾ ਦੇਣ ਲਈ ਅਮਰੀਕੀ ਰਾਸ਼ਟਰਪਤੀ ਦੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ। ਇਸ ਦੇ ਨਾਲ ਹੀ ਅਪੀਲ ਸਮੀਖਿਆ ਦੀ ਵੀ ਲੋੜ ਹੁੰਦੀ ਹੈ, ਜਿਸ ਵਿੱਚ ਇੱਕ ਉੱਚ ਅਦਾਲਤ ਫ਼ੈਸਲੇ ਦੀ ਜਾਂਚ ਕਰਦੀ ਹੈ ਅਤੇ ਅੱਗੇ ਦੀ ਕਾਰਵਾਈ ਕਰਨ ਲਈ ਉਸ ਦੀ ਕਾਨੂੰਨੀ ਵੈਧਤਾ ਬਾਰੇ ਅੰਤਿਮ ਫ਼ੈਸਲਾ ਲੈਂਦੀ ਹੈ।
ਮਿਲਜ਼ ਨੇ ਕਿਹਾ ਕਿ ਹਸਨ ਲਈ ਅਪੀਲ ਪ੍ਰਕਿਰਿਆ ਅਜੇ ਖ਼ਤਮ ਨਹੀਂ ਹੋਈ ਹੈ ਅਤੇ ਸੰਭਾਵਨਾ ਹੈ ਕਿ ਉਹ ਸੰਘੀ ਅਦਾਲਤ ਵਿੱਚ ਆਪਣੀ ਸਜ਼ਾ ਅਤੇ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ ਦੀ ਸਮੀਖਿਆ ਦੀ ਮੰਗ ਕਰਨਗੇ, ਜਿਸ ਨਾਲ ਸਜ਼ਾ ‘ਤੇ ਰੋਕ ਲੱਗ ਸਕਦੀ ਹੈ।
ਇਸ ਲਈ ਮਿਲਜ਼ ਨੇ ਕਿਹਾ ਕਿ ਜੇਕਰ ਸਜ਼ਾ ਦਿੱਤੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਹੈਰਾਨੀ ਹੋਵੇਗੀ।
ਉਨ੍ਹਾਂ ਕਿਹਾ, “ਇਸ ਨੂੰ ਲਾਈਵ ਸਟ੍ਰੀਮ ਕਰਨ ਅਤੇ ਫਾਇਰਿੰਗ ਸਕੁਐਡ ਰਾਹੀਂ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕਰਨਾ ਟਰੰਪ ਪ੍ਰਸ਼ਾਸਨ ਵੱਲੋਂ ਸਿਰਫ਼ ਧਿਆਨ ਖਿੱਚਣ ਦੀ ਕੋਸ਼ਿਸ਼ ਹੈ। ਇਸ ਦੇ ਅਸਲ ਵਿੱਚ ਹੋਣ ਦੀ ਸੰਭਾਵਨਾ ਘੱਟ ਹੈ ਅਤੇ ਇਸ ਨਾਲ ਨਿਆਂ ਮਿਲਣ ਦੀ ਤਾਂ ਕੋਈ ਉਮੀਦ ਹੀ ਨਹੀਂ ਹੈ।”
ਯੇਲ ਲਾਅ ਸਕੂਲ ਦੇ ਵਿਜ਼ਿਟਿੰਗ ਲੈਕਚਰਾਰ ਯੂਜੀਨ ਆਰ. ਫਿਡਲ ਨੇ ਬੀਬੀਸੀ ਨੂੰ ਦੱਸਿਆ ਕਿ ਇਹ “ਵਾਕਈ ਮੰਦਭਾਗਾ ਫ਼ੈਸਲਾ” ਸੀ।
ਉਨ੍ਹਾਂ ਕਿਹਾ, “ਸਜ਼ਾ ਦੀ ਲਾਈਵ ਸਟ੍ਰੀਮਿੰਗ ਕਰਨਾ ਮੱਧਕਾਲੀ ਯੁੱਗ ਦੀ ਗੱਲ ਲੱਗਦੀ ਹੈ। ਇੱਕ ਤਰ੍ਹਾਂ ਨਾਲ, ਇੱਕ ਸਮਾਜ ਵਜੋਂ ਅਸੀਂ ਇਸ ਤੋਂ ਬਹੁਤ ਅੱਗੇ ਲੰਘ ਚੁੱਕੇ ਹਾਂ। ਘੱਟੋ-ਘੱਟ ਅੱਜ ਤੱਕ ਤਾਂ ਮੈਨੂੰ ਅਜਿਹਾ ਹੀ ਲੱਗਦਾ ਸੀ।”
ਫਿਡਲ ਨੇ ਕਿਹਾ ਕਿ ਜੇਕਰ ਹਸਨ ਕਾਨੂੰਨੀ ਕਾਰਵਾਈ ਦੀ ਰਾਹ ਚੁਣਦੇ ਹਨ, ਤਾਂ “ਇਹ ਕਾਰਵਾਈ ਕਈ ਸਾਲਾਂ ਤੱਕ ਚੱਲੇਗੀ” ਅਤੇ “ਰਾਸ਼ਟਰਪਤੀ ਟਰੰਪ ਦੇ ਵ੍ਹਾਈਟ ਹਾਊਸ ਵਿੱਚ ਕਾਰਜਕਾਲ ਤੋਂ ਵੀ ਕਿਤੇ ਵੱਧ ਸਮੇਂ ਤੱਕ ਜਾਰੀ ਰਹੇਗੀ।”
“ਕਦੇ ਵੀ ਕਿਸੇ ਸਜ਼ਾ ਦੀ ਲਾਈਵ ਸਟ੍ਰੀਮਿੰਗ ਨਹੀਂ ਕੀਤੀ ਗਈ ਹੈ”
ਕੁਝ ਸੂਬਿਆਂ ਵਿੱਚ ਅਜਿਹੀ ਸਜ਼ਾ ਦੇਣ ਸਮੇਂ ਲੋਕਾਂ ਦੇ ਦੇਖਣ ਲਈ ਵਿਵਸਥਾ ਜ਼ਰੂਰੀ ਹੁੰਦੀ ਹੈ। ਕਈ ਸੂਬਿਆਂ ਵਿੱਚ ਪੱਤਰਕਾਰਾਂ ਦੀ ਮੌਜੂਦਗੀ ਲਾਜ਼ਮੀ ਹੁੰਦੀ ਹੈ ਅਤੇ ਜਿਸ ਵਿਅਕਤੀ ਨੂੰ ਸਜ਼ਾ ਦਿੱਤੀ ਜਾਣੀ ਹੁੰਦੀ ਹੈ, ਉਹ ਵੀ ਲੋਕਾਂ ਨੂੰ ਗਵਾਹ ਵਜੋਂ ਸੱਦ ਸਕਦਾ ਹੈ। ਹੋਰ ਸੂਬਿਆਂ ਵਿੱਚ ਆਮ ਨਾਗਰਿਕਾਂ ਨੂੰ ਵੀ ਆਪਣੀ ਇੱਛਾ ਨਾਲ ਗਵਾਹ ਵਜੋਂ ਸ਼ਾਮਿਲ ਹੋਣ ਦੀ ਇਜਾਜ਼ਤ ਹੁੰਦੀ ਹੈ।
ਪਰ ਫੋਰਡਹਮ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫ਼ੈਸਰ ਡੇਬਰਾ ਡੇਨੋ, ਜਿਨ੍ਹਾਂ ਨੇ ਅਮਰੀਕਾ ਵਿੱਚ ਮੌਤ ਦੀ ਸਜ਼ਾ ਦੇਣ ਦੇ ਤਰੀਕਿਆਂ ਦਾ ਅਧਿਐਨ ਕੀਤਾ ਹੈ, ਦਾ ਕਹਿਣਾ ਹੈ ਕਿ “ਕਦੇ ਵੀ ਕਿਸੇ ਸਜ਼ਾ ਦੀ ਲਾਈਵ ਸਟ੍ਰੀਮਿੰਗ ਨਹੀਂ ਕੀਤੀ ਗਈ ਹੈ।”
ਉਨ੍ਹਾਂ ਦਾ ਕਹਿਣਾ ਹੈ ਕਿ ਮੌਤ ਦੀ ਸਜ਼ਾ ਦੀ ਲਾਈਵ ਸਟ੍ਰੀਮਿੰਗ ਨਾਲ “ਪਾਰਦਰਸ਼ਤਾ ਦਾ ਅਜਿਹਾ ਪੱਧਰ ਆਵੇਗਾ, ਜੋ ਸ਼ਾਇਦ ਅਸੀਂ ਇਸ ਦੇਸ਼ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ।”
ਉਨ੍ਹਾਂ ਕਿਹਾ, “ਦੇਸ਼ ਦੇ ਅੱਧੇ ਤੋਂ ਵੱਧ ਲੋਕ (ਕਿਸੇ ਦੋਸ਼ੀ ਲਈ) ਮੌਤ ਦੀ ਸਜ਼ਾ ਚਾਹੁੰਦੇ ਹਨ – ਭਾਵੇਂ ਅਜਿਹੀ ਸਜ਼ਾ ਮਿਲਣਾ ਘੱਟ ਹੋ ਗਿਆ ਹੈ। ਇਸ ਲਈ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ‘ਜੇਕਰ ਤੁਸੀਂ ਮੌਤ ਦੀ ਸਜ਼ਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਸ ਦੇਸ਼ ਵਿੱਚ ਇਹ ਕਿਵੇਂ ਦਿੱਤੀ ਜਾਂਦੀ ਹੈ।’ ਲੋਕਾਂ ਨੂੰ ਸਹੀ-ਸਹੀ ਇਹ ਸਮਝਣ ਆਉਣਾ ਚਾਹੀਦਾ ਹੈ ਕਿ ਅਸਲ ਵਿੱਚ ਕੀ ਹੋ ਰਿਹਾ ਹੈ, ਜਿਸ ਨੂੰ ਬਹੁਤ ਸਾਰੇ ਲੋਕ ਅਣਡਿੱਠਾ ਕਰ ਦਿੰਦੇ ਹਨ।”
ਇਹ ਲਾਈਵ ਸਟ੍ਰੀਮਿੰਗ ਹੋਵੇਗੀ ਕਿੱਥੇ?
ਤਸਵੀਰ ਸਰੋਤ, South Carolina Department of Corrections
ਡੇਨੋ ਦਾ ਕਹਿਣਾ ਹੈ ਕਿ ਲਾਈਵ ਸਟ੍ਰੀਮਿੰਗ ਲਈ ਕੁਝ ਜ਼ਰੂਰੀ ਗੱਲਾਂ ਵੱਲ ਧਿਆਨ ਦੇਣਾ ਪਵੇਗਾ। ਮਿਸਾਲ ਵਜੋਂ, ਕੀ ਇਸ ਨੂੰ ਦੇਖਣ ਲਈ ਉਮਰ ਦੀ ਪਾਬੰਦੀ ਲਗਾਈ ਜਾਵੇਗੀ ਅਤੇ ਕੀ ਇਹ ਉਸ ਆਨਲਾਈਨ ਪਲੇਟਫ਼ਾਰਮ ਦੀਆਂ ਨੀਤੀਆਂ ਦੇ ਵਿਰੁੱਧ ਹੋਵੇਗਾ, ਜਿਸ ‘ਤੇ ਇਸ ਦਾ ਪ੍ਰਸਾਰਣ ਕੀਤਾ ਜਾਵੇਗਾ।
ਇਹ ਸਪਸ਼ਟ ਨਹੀਂ ਹੈ ਕਿ ਲਾਈਵ ਸਟ੍ਰੀਮਿੰਗ ਕਿੱਥੇ ਉਪਲੱਬਧ ਹੋਵੇਗੀ। ਜ਼ਿਆਦਾਤਰ ਵੱਡੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੇ ਨਿਯਮ ਅਜਿਹੀ ਸਮੱਗਰੀ ਦੀ ਲਾਈਵ ਸਟ੍ਰੀਮਿੰਗ ‘ਤੇ ਪਾਬੰਦੀ ਲਗਾਉਂਦੇ ਹਨ ਜਾਂ ਇਸ ਨੂੰ ਸੀਮਤ ਕਰਦੇ ਹਨ, ਜਿਸ ਵਿੱਚ ਸਪਸ਼ਟ ਤੌਰ ‘ਤੇ ਹਿੰਸਾ ਜਾਂ ਇਤਰਾਜ਼ਯੋਗ ਦ੍ਰਿਸ਼ ਦਿਖਾਏ ਜਾਂਦੇ ਹਨ।
ਇੰਸਟਾਗ੍ਰਾਮ, ਫੇਸਬੁੱਕ ਅਤੇ ਥ੍ਰੈਡਜ਼ ਦੀ ਮਾਲਕ ਕੰਪਨੀ ਮੈਟਾ, ਮੌਤ ਦੀ ਸਜ਼ਾ ਦੀ ਕਿਸੇ ਵੀ ਲਾਈਵ ਸਟ੍ਰੀਮਿੰਗ ‘ਤੇ ਸਪਸ਼ਟ ਤੌਰ ‘ਤੇ ਪਾਬੰਦੀ ਲਗਾਉਂਦੀ ਹੈ। ਟਿੱਕਟੌਕ ‘ਤੇ ਵੀ ਇਸੇ ਤਰ੍ਹਾਂ ਦੀ ਪਾਬੰਦੀ ਹੈ।
ਐਕਸ (X), ਜਿਸ ਨੇ ਇਲੋਨ ਮਸਕ ਦੇ ਆਉਣ ਤੋਂ ਬਾਅਦ ਸਮੱਗਰੀ ਦੀ ਨਿਗਰਾਨੀ ਸਬੰਧੀ ਨਿਯਮਾਂ ਵਿੱਚ ਢਿੱਲ ਦਿੱਤੀ ਹੈ, ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਦਿਖਾਉਣ ਵਾਲੀ ਸਮੱਗਰੀ ਨੂੰ ਹਟਾ ਦਿੱਤਾ ਜਾਵੇਗਾ, “ਜੇਕਰ ਸਾਨੂੰ ਉਸ ਦੇ ਪਰਿਵਾਰ ਜਾਂ ਕਿਸੇ ਅਧਿਕਾਰਤ ਨੁਮਾਇੰਦੇ ਵੱਲੋਂ ਬੇਨਤੀ ਮਿਲਦੀ ਹੈ।”
ਟਰੰਪ ਦੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਟਰੁੱਥ ਸੋਸ਼ਲ’ ‘ਤੇ ਲਾਈਵ ਸਟ੍ਰੀਮ ਵੀਡੀਓ ਦੀ ਸਹੂਲਤ ਨਹੀਂ ਹੈ।
ਤਸਵੀਰ ਸਰੋਤ, Getty Images
ਐਮਨੈਸਟੀ ਇੰਟਰਨੈਸ਼ਨਲ ਦੇ ਅੰਕੜਿਆਂ ਮੁਤਾਬਕ, ਪਿਛਲੇ ਸਾਲ ਸਭ ਤੋਂ ਵੱਧ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ ਕ੍ਰਮਵਾਰ ਚੀਨ, ਈਰਾਨ, ਸਾਊਦੀ ਅਰਬ, ਯਮਨ ਅਤੇ ਅਮਰੀਕਾ ਸਨ।
ਰਾਸ਼ਟਰਪਤੀ ਵਜੋਂ ਟਰੰਪ ਦੇ ਪਹਿਲੇ ਕਾਰਜਕਾਲ ਦੇ ਆਖ਼ਰੀ ਸਾਲ ਤੱਕ, ਅਮਰੀਕੀ ਸਰਕਾਰ ਨੇ 17 ਸਾਲਾਂ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ, ਪਰ ਉਸ ਆਖ਼ਰੀ ਸਾਲ ਵਿੱਚ ਉਨ੍ਹਾਂ ਨੇ ਤੇਜ਼ੀ ਨਾਲ 13 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ।
ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਟਰੰਪ ਨੇ ਆਪਣੇ ਤੋਂ ਪਹਿਲਾਂ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸੰਘੀ ਪੱਧਰ ‘ਤੇ ਮੌਤ ਦੀ ਸਜ਼ਾ ‘ਤੇ ਲਗਾਈ ਗਈ ਰੋਕ ਨੂੰ ਤੁਰੰਤ ਹਟਾ ਦਿੱਤਾ।
ਦੇਸ਼ ਵਿੱਚ ਕਿਸੇ ਫੌਜੀ ਨੂੰ ਮੌਤ ਦੀ ਸਜ਼ਾ ਦੇਣ ਦਾ ਆਖ਼ਰੀ ਮਾਮਲਾ 1961 ਦਾ ਸੀ। ਉਸ ਸਮੇਂ ਅਮਰੀਕੀ ਫ਼ੌਜ ਦੇ ਇੱਕ ਪ੍ਰਾਈਵੇਟ ਫੌਜੀ ਨੂੰ 11 ਸਾਲ ਦੀ ਇੱਕ ਆਸਟ੍ਰੀਆਈ ਕੁੜੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।
ਇਸ ਸਜ਼ਾ ਨੂੰ ਤਤਕਾਲੀ ਰਾਸ਼ਟਰਪਤੀ ਡਵਾਈਟ ਡੀ. ਆਈਜ਼ਨਹਾਵਰ ਨੇ ਮਨਜ਼ੂਰੀ ਦਿੱਤੀ ਸੀ। ਬੱਚੀ ਦੇ ਪਰਿਵਾਰ ਨੇ ਆਈਜ਼ਨਹਾਵਰ ਦੇ ਉੱਤਰਾਧਿਕਾਰੀ ਜੌਨ ਐੱਫ਼. ਕੈਨੇਡੀ ਕੋਲ ਰਹਿਮ ਦੀ ਅਪੀਲ ਕੀਤੀ ਸੀ, ਪਰ ਦੋਸ਼ੀ ਦੀ ਸਜ਼ਾ ਬਰਕਰਾਰ ਰੱਖੀ ਗਈ ਅਤੇ ਫਾਂਸੀ ਦਿੱਤੀ ਗਈ।
ਹਾਲਾਂਕਿ, ਫਾਇਰਿੰਗ ਸਕੁਐਡ (ਗੋਲੀਆਂ ਮਾਰ ਕੇ ਮੌਤ ਦੀ ਸਜ਼ਾ) ਰਾਹੀਂ ਕਿਸੇ ਫ਼ੌਜ ਨੂੰ ਮੌਤ ਦੀ ਸਜ਼ਾ ਦੇਣ ਦਾ ਮਾਮਲਾ ਆਖਰੀ ਵਾਰ ਜਨਵਰੀ 1945 ਦਾ ਸੀ। ਉਸ ਸਮੇਂ ਦੂਜੇ ਵਿਸ਼ਵ ਯੁੱਧ ਦੇ ਆਖ਼ਰੀ ਮਹੀਨਿਆਂ ਦੌਰਾਨ ਅਮਰੀਕੀ ਫ਼ੌਜ ਛੱਡ ਕੇ ਭੱਜਣ ਵਾਲੇ ਨੌਜਵਾਨ ਸਿਪਾਹੀ ਐਡੀ ਸਲੋਵਿਕ ਨੂੰ ਗੋਲੀਆਂ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਐਡੀਸ਼ਨਲ ਰਿਪੋਰਟਿੰਗ: ਕਵਾਸੀ ਗਯਾਮਫੀ ਅਸਿਏਦੂ ਅਤੇ ਕਾਲੀ ਹੇਜ਼।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



