Home rss national punjabi2ਰਾਸ਼ਟਰੀ ਖ਼ਬਰਾਂ ਪਰਵਿੰਦਰ ਝੋਟਾ ਕਤਲ ਸਣੇ 2 ਹੋਰ ਮਾਮਲਿਆਂ ‘ਚ ਗ੍ਰਹਿ ਮੰਤਰਾਲੇ ਨੇ ਪੰਜਾਬ...

ਪਰਵਿੰਦਰ ਝੋਟਾ ਕਤਲ ਸਣੇ 2 ਹੋਰ ਮਾਮਲਿਆਂ ‘ਚ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ, ਅਮਿਤ ਸ਼ਾਹ ਨੂੰ ਭਗਵੰਤ ਮਾਨ ਨੇ ਕੀ ਦਿੱਤਾ ਜਵਾਬ

4
0

Source :- BBC PUNJABI

ਅਮਿਤ ਸ਼ਾਹ - ਭਗਵੰਤ ਸਿੰਘ ਮਾਨ (ਫਾਈਲ ਫੋਟੋ)

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

ਪੰਜਾਬ ਵਿੱਚ ਹਾਲ ਹੀ ਵਿੱਚ ਹੋਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਕੇਸ, ਗੁਲਜ਼ਾਰ ਸਿੰਘ ਦੀ ਮੌਤ ਅਤੇ ਗੁਰਦਾਸਪੁਰ ਦੇ ਪਿੰਡ ਮਾੜੀ ਪਨਵਾਂ ਵਿੱਚ ਮਾਰੇ ਗਏ ਬਿਕਰਮਜੀਤ ਸਿੰਘ ਦੇ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਸੰਖੇਪ ਅਤੇ ਤੱਥਾਂ ‘ਤੇ ਆਧਾਰਿਤ ਰਿਪੋਰਟ ਮੰਗੀ ਹੈ।

ਇਹ ਦੋਵੇਂ ਨੋਟਿਸ 16 ਅਕਤੂਬਰ ਸ਼ਾਮ ਨੂੰ ਜਾਰੀ ਕੀਤੇ ਗਏ ਹਨ।

ਸਮਾਚਾਰ ਏਜੰਸੀ ਏਐੱਨਆਈ ਮੁਤਾਬਕ, ਪੰਜਾਬ ਸਰਕਾਰ ਨੂੰ ਇਹ ਵੀ ਦੱਸਣ ਲਈ ਕਿਹਾ ਗਿਆ ਹੈ ਕਿ ‘ਨਸ਼ਾ ਮੁਕਤ ਭਾਰਤ’ ਦੇ ਕੌਮੀ ਟੀਚੇ ਨੂੰ ਹਾਸਿਲ ਕਰਨ ਲਈ ਸੂਬਾ ਸਰਕਾਰ ਵੱਲੋਂ ਕੀ ਕਦਮ ਚੁੱਕੇ ਗਏ ਹਨ।

ਝੋਟਾ ਕਤਲ ਕੇਸ ਤੋਂ ਇਲਾਵਾ ਜਿਸ ਦੂਜੇ ਮਾਮਲੇ ‘ਚ ਨੋਟਿਸ ਜਾਰੀ ਹੋਇਆ ਹੈ ਉਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਮਾੜੀ ਪਨਵਾਂ ਪਿੰਡ ਦਾ ਹੈ। ਇੱਥੇ ਬਿਕਰਮਜੀਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ – ਨਿਸ਼ਾਨ ਸਿੰਘ ਅਤੇ ਗੁਰਮੁਖ ਸਿੰਘ – ‘ਤੇ ਹੋਏ ਹਮਲੇ ਦੇ ਸਬੰਧ ਵਿੱਚ ਸੰਖੇਪ ‘ਚ ਰਿਪੋਰਟ ਮੰਗੀ ਹੈ।

ਪਰਵਿੰਦਰ ਸਿੰਘ ਝੋਟਾ

ਇਸ ਹਮਲੇ ਵਿੱਚ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ‘ਚ ਵੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ ਸੰਖੇਪ ਵਿੱਚ ਰਿਪੋਰਟ ਮੰਗੀ ਗਈ ਹੈ।

ਗ੍ਰਹਿ ਮੰਤਰਾਲੇ ਵੱਲੋਂ ਸਾਰੇ ਸਬੰਧਤ ਪੱਖਾਂ ਨੂੰ ਲਗਾਤਾਰ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

ਦਰਅਸਲ ਸ਼ੁੱਕਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਉਹ ਇਨ੍ਹਾਂ ਮਾਮਲਿਆਂ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਮੰਗਣਗੇ।

ਉਨ੍ਹਾਂ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੇਂਦਰ ਸਰਕਾਰ ‘ਤੇ ਤੰਜ ਕੱਸੇ।

ਅਮਿਤ ਸ਼ਾਹ ਦੇ ਇਲਜ਼ਾਮ, ‘ਆਪ’ ਦਾ ਜਵਾਬ

ਅਮਿਤ ਸ਼ਾਹ

ਬੀਤੇ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਐਕਸ ‘ਤੇ ਇੱਕ ਪੋਸਟ ‘ਚ ਲਿਖਿਆ, ”ਪੰਜਾਬ ਅੱਜ ਨਸ਼ਿਆਂ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਦੇ ਵਧਦੇ ਖ਼ਤਰੇ ਨਾਲ ਜੂਝ ਰਿਹਾ ਹੈ। ਭਗਵੰਤ ਮਾਨ ਸਰਕਾਰ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖ਼ਰ ਪੰਜਾਬ ਦੀ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ?”

ਦਿੜ੍ਹਬਾ ‘ਚ ਇੱਕ ਪਿਤਾ ਦਾ ਦਬਾਅ ਵਿੱਚ ਆ ਕੇ ਜ਼ਹਿਰ ਖਾ ਲੈਣਾ ਅਤੇ ਮਾਨਸਾ ‘ਚ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਦਿਨ-ਦਿਹਾੜੇ ਹੋਏ ਕਤਲ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਵਿੰਦਰ ਦੇ ਪਿਤਾ ਨੇ ‘ਆਪ’ ਸਰਕਾਰ ਅਤੇ ਉਨ੍ਹਾਂ ਦੇ ਵਿਧਾਇਕ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਗ੍ਰਹਿ ਮੰਤਰਾਲਾ ਵੀ ਇਨ੍ਹਾਂ ਦੋਵਾਂ ਘਟਨਾਵਾਂ ਬਾਰੇ ਪੰਜਾਬ ਸਰਕਾਰ ਤੋਂ ਜਵਾਬ ਮੰਗੇਗਾ।”

ਅਰਵਿੰਦ ਕੇਜਰੀਵਾਲ

ਅਮਿਤ ਸ਼ਾਹ ਦੀਆਂ ਇਨ੍ਹਾਂ ਗੱਲਾਂ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਐਕਸ ਪੋਸਟ ਪਾਈ। ਉਨ੍ਹਾਂ ਲਿਖਿਆ, ”ਅੱਜ ਸਭ ਤੋਂ ਵੱਧ ਨਸ਼ਾ ਉਨ੍ਹਾਂ ਸੂਬਿਆਂ ਵਿੱਚ ਹੈ, ਜਿੱਥੇ ਕਈ-ਕਈ ਸਾਲਾਂ ਤੋਂ ਤੁਹਾਡੀਆਂ ਸਰਕਾਰਾਂ ਹਨ।”

”ਜਨਤਾ ਜਾਣਦੀ ਹੈ ਕਿ ਤੁਹਾਡੀ ਨਜ਼ਰ ਪੰਜਾਬ ਦੇ ਪਾਣੀਆਂ ‘ਤੇ ਹੈ, ਪੰਜਾਬ ਯੂਨੀਵਰਸਿਟੀ ‘ਤੇ ਹੈ, ਚੰਡੀਗੜ੍ਹ ‘ਤੇ ਹੈ। ਤੁਸੀਂ ਫਿਰ ਤੋਂ ਤਿੰਨੋਂ ਕਾਲੇ ਕਾਨੂੰਨ ਲਿਆਉਣਾ ਚਾਹੁੰਦੇ ਹੋ?”

”ਪੰਜਾਬ ਅਜਿਹਾ ਕਦੇ ਨਹੀਂ ਹੋਣ ਦੇਵੇਗਾ।”

ਇਸ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ”50 ਕਿੱਲੋਮੀਟਰ ਰੇਂਜ ਬੀਐੱਸਐੱਫ ਕੋਲ ਹੈ, 3000 ਕਿੱਲੋ ਚਿੱਟਾ ਗੁਜਰਾਤ ਦੇ ਕਾਂਡਲਾ ਪੋਰਟ ਤੋਂ ਫੜਿਆ ਜਾ ਰਿਹਾ ਹੈ। ਭਗਵੰਤ ਮਾਨ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੀ ਜ਼ਿਮੇਵਾਰੀ ਸੰਭਾਲੋ।”

ਕਿਵੇਂ ਹੋਇਆ ਪਰਵਿੰਦਰ ਸਿੰਘ ਝੋਟਾ ਦਾ ਕਤਲ?

ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਘਟਨਾ ਤੋਂ ਬਾਅਦ ਰੋਸ ਜ਼ਾਹਿਰ ਕਰਦਿਆਂ 'ਅਸਫਲ' ਪੰਜਾਬ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਹੈ

ਮੰਗਲਵਾਰ ਨੂੰ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਜਿਸ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਇੱਕ ਮੈਡੀਕਲ ਸਟੋਰ ਦੇ ਮਾਲਿਕ ਦੀ ਮੈਡੀਕਲ ਸਟੋਰ ਅੰਦਰ ਨਸ਼ਾ ਵੇਚਣ ਦੇ ਇਲਜ਼ਾਮ ਬਾਰੇ ਬਹਿਸ ਹੋ ਰਹੀ ਹੈ।

ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਿਕ ਅਸ਼ਵਨੀ ਨਾਮ ਦੇ ਵਿਅਕਤੀ ਖਿਲਾਫ਼ ਪੁਲਿਸ ਨੂੰ ਫੋਨ ਕਰਨ ਦੀ ਗੱਲ ਕਹਿ ਰਹੇ ਹਨ।

ਵੀਡੀਓ ਵਿੱਚ ਅਸ਼ਵਨੀ ਕੋਲ ਪਿਸਤੌਲ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਜਿਸ ਵਿੱਚ ਝੋਟਾ, ਦੁਕਾਨ ਮਾਲਿਕ ਨੂੰ ਪਿਸਤੌਲ ਨਾਲ ਫਾਇਰ ਕਰਨ ਲਈ ਲਲਕਾਰਦੇ ਵੀ ਸੁਣਾਈ ਦੇ ਰਹੇ ਹਨ।

ਕੁਝ ਸਮੇਂ ਬਾਅਦ ਫਾਇਰ ਹੁੰਦਾ ਹੈ ਜੋ ਕਿ ਪਰਵਿੰਦਰ ਸਿੰਘ ਝੋਟਾ ਨੂੰ ਲੱਗਦਾ ਹੈ। ਉਹ ਮੈਡੀਕਲ ਸਟੋਰ ਤੋਂ ਬਾਹਰ ਹੋ ਕੇ ਕਿਸੇ ਹੋਰ ਦੁਕਾਨ ਵਿੱਚ ਲੁਕਣ ਲਈ ਜਾਂਦੇ ਹਨ। ਇੱਕ ਹੋਰ ਵੀਡੀਓ ਵਿਚ ਦਿਖਾਈ ਦਿੰਦਾ ਹੈ ਕਿ ਅਸ਼ਵਨੀ ਨਾਮ ਦਾ ਵਿਅਕਤੀ ਹੱਥ ਵਿੱਚ ਪਿਸਤੌਲ ਲੈ ਕੇ ਬਜ਼ਾਰ ਵਿੱਚ ਪਿੱਛੇ ਜਾਂਦਾ ਹੈ। ਇੱਕ ਹੋਰ ਫਾਇਰ ਹੋਣ ਦੀ ਅਵਾਜ਼ ਇਸ ਵੀਡੀਓ ਵਿਚ ਸੁਣਾਈ ਦਿੰਦੀ ਹੈ ਅਤੇ ਫਿਰ ਉਹ ਸ਼ਖਸ ਪਿਸਤੌਲ ਲੈ ਕੇ ਵਾਪਸ ਸਟੋਰ ਵੱਲ ਮੁੜ ਜਾਂਦਾ ਹੈ।

ਜਾਣਕਾਰੀ ਮੁਤਾਬਕ, ਜ਼ਖਮੀ ਹਾਲਤ ਵਿਚ ਪਰਵਿੰਦਰ ਸਿੰਘ ਝੋਟਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਦੱਖਣੀ ਪੰਜਾਬ ਦੇ ਸ਼ਹਿਰ ਮਾਨਸਾ ਦਾ ਰਹਿਣ ਵਾਲੇ ਸਨ। ਉਹ ਫ਼ਰੀ ਸਟਾਈਲ ਕਬੱਡੀ ਖਿਡਾਰੀ ਵੀ ਰਹੇ।

ਉਹ ‘ਐਂਟੀ ਡਰੱਗ ਟਾਸਕ ਫੋਰਸ’ ਬਣਾਉਣ ਨਾਲ ਕੁਝ ਸਾਲ ਪਹਿਲਾਂ ਚਰਚਾ ਵਿਚ ਆਏ ਸਨ, ਜਦੋਂ ਆਪਣਾ ਸੰਗਠਨ ਬਣਾ ਕੇ ਕਥਿਤ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਹਵਾਲੇ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਸਨ ਤੇ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ। ਪਰ ਨਾਲ ਹੀ ਕਈ ਮਾਮਲਿਆਂ ਵਿਚ ਉਸ ਨੂੰ ਬਰੀ ਵੀ ਕੀਤਾ ਗਿਆ ਸੀ।

ਬਿਕਰਮਜੀਤ ਸਿੰਘ ਮਾਮਲੇ ਬਾਰੇ ਪੁਲਿਸ ਨੇ ਕੀ ਕਿਹਾ

ਬਿਕਰਮਜੀਤ ਸਿੰਘ ਦਾ ਕਤਲ

ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਬਟਾਲਾ ਦੇ ਮਾੜੀ ਪਨਵਾਂ ਪਿੰਡ ਵਿੱਚ ਹੋਏ ਇੱਕ ਹਮਲੇ ਵਿੱਚ ਬਿਕਰਮ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦੇ ਦੋ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਸ੍ਰੀ ਹਰਗੋਬਿੰਦਪੁਰ ਦੇ ਡੀਐੱਸਪੀ ਮਨੋਜ ਕੁਮਾਰ ਨੇ ਦੱਸਿਆ, “ਪਿੰਡ ਮਾੜੀ ਪੰਨੂਆ ਵਿੱਚ ਕੁਝ ਨੌਜਵਾਨਾਂ ਦਾ ਆਪਸ ਵਿੱਚ ਝਗੜਾ ਹੋਇਆ। ਬਿਕਰਮ ਨਾਂਅ ਦੇ ਜਿਸ ਮੁੰਡੇ ਦੀ ਮੌਤ ਹੋਈ ਹੈ, ਉਸ ‘ਤੇ ਦੂਜੀ ਧਿਰ ਵੱਲੋਂ ਮੋਬਾਈਲ ਚੁੱਕਣ ਦਾ ਇਲਜ਼ਾਮ ਲਗਾਇਆ ਗਿਆ ਸੀ। ਇਸੇ ਨੂੰ ਲੈਕੇ ਦੋਹਾਂ ਧਿਰਾਂ ਵਿਚਾਲੇ ਹੱਥੋਪਾਈ ਹੋਈ ਅਤੇ ਇਸ ਦੌਰਾਨ ਬਿਕਰਮ ਦੇ ਕੋਈ ਤੇਜ਼ ਹਥਿਆਰ ਵਰਗੀ ਚੀਜ਼ ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਦੋਂਕਿ ਉਸ ਦੇ ਤਾਏ-ਚਾਚੇ ਦੇ ਮੁੰਡੇ ਗੁਰਮੁਖ ਸਿੰਘ ਅਤੇ ਨਿਸ਼ਾਨ ਸਿੰਘ ਜ਼ੇਰ-ਏ-ਇਲਾਜ ਹਨ ਅਤੇ ਬਿਕਰਮ ਦੀ ਮੌਤ ਹੋ ਗਈ ਸੀ।”

ਹਾਲਾਂਕਿ ਜਦੋਂ ਨਸ਼ੇ ਵੇਚਣ ਤੋਂ ਰੋਕਣ ਉੱਤੇ ਹਮਲੇ ਬਾਰੇ ਸਵਾਲ ਹੋਇਆ ਤਾਂ ਪੁਲਿਸ ਵੱਲੋਂ ਇਸ ਬਾਬਤ ਜਾਂਚ ਕਰਨ ਦੀ ਗੱਲ ਕਹੀ ਗਈ।

ਕੀ ਹੈ ਗੁਲਜ਼ਾਰ ਸਿੰਘ ਦੀ ਮੌਤ ਦਾ ਮਾਮਲਾ

ਗੁਲਜ਼ਾਰ ਸਿੰਘ

ਮਾਮਲਾ ਦਿੜ੍ਹਬਾ ਹਲਕੇ ਵਿੱਚ ਪੈਂਦੇ ਪਿੰਡ ਤੂਰ ਬਣਜਾਰਾ ਦਾ ਹੈ। ਇੱਥੋਂ ਦੇ ਰਹਿਣ ਵਾਲੇ ਦਿਹਾੜੀ ਮਜ਼ਦੂਰ ਗੁਲਜ਼ਾਰ ਸਿੰਘ ਨੇ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਵਿੱਚ ਚਿੱਟੇ ਦੀ ਵਿਕਰੀ ਬਾਰੇ ਸਵਾਲ ਕੀਤੇ ਸਨ, ਜਿੱਥੇ ਚੀਮਾ ਉਨ੍ਹਾਂ ਦੇ ਪਿੰਡ ਵਿੱਚ ਕੁਝ ਵਿਕਾਸ ਕਾਰਜਾਂ ਦੇ ਉਦਘਾਟਨ ਲਈ ਪਹੁੰਚੇ ਸਨ।

ਇਸ ਤੋਂ ਇੱਕ ਦਿਨ ਬਾਅਦ ਗੁਲਜ਼ਾਰ ਸਿੰਘ ਵੱਲੋਂ ਕਥਿਤ ਤੌਰ ਉੱਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਤ ਵਿਗੜਨ ਬਾਅਦ ਉਨ੍ਹਾਂ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਅਤੇ ਫਿਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਉੱਥੇ ਵੈਂਟੀਲੇਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਸੰਗਰੂਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ। ਪਰ ਹਾਲਤ ਨਾਜ਼ੁਕ ਹੋਣ ਕਰਕੇ ਇੱਥੋਂ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਰਾਤ ਤਕਰੀਬਨ ਸਾਢੇ ਦਸ ਵਜੇ ਉਨ੍ਹਾਂ ਦੀ ਮੌਤ ਹੋ ਗਈ।

ਮੌਤ ਤੋਂ ਪਹਿਲਾਂ ਮੀਡੀਆ ਸਾਹਮਣੇ ਆਪਣੇ ਬਿਆਨ ਵਿੱਚ ਗੁਲਜ਼ਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚੀਮਾ ਨੂੰ ਚਿੱਟੇ ਦੀ ਵਿਕਰੀ ਰੋਕਣ ਬਾਰੇ ਸਵਾਲ ਪੁੱਛਿਆ ਸੀ ਕਿਉਂਕਿ ਉਸ ਦਾ ਇੱਕ ਬੇਟਾ ਨਸ਼ਿਆਂ ਦਾ ਆਦੀ ਹੈ। ਗੁਲਜ਼ਾਰ ਸਿੰਘ ਨੇ ਕਿਹਾ ਸੀ ਕਿ ਬਾਅਦ ਵਿੱਚ ਪਿੰਡ ਦੇ ਕੁਝ ਲੋਕ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰ ਰਹੇ ਸੀ।

ਮਹੱਤਵਪੂਰਨ ਸੂਚਨਾ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।

ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।

ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI