Source :- BBC PUNJABI
NASA
ਜਪਾਨ ਤੋਂ ਇੱਕ ਪੁਲਾੜੀ ਵਾਹਨ ਮੰਗਲ ਗ੍ਰਹਿ ਦੇ ਚੰਨ ਵੱਲ ਜਾਣ ਲਈ ਲਾਂਚ ਕੀਤਾ ਗਿਆ ਹੈ।
ਇਹ ਉੱਥੋਂ ‘ਮੂਨ ਡਸਟ’ ਭਾਵ ਉੱਤੋਂ ਕਣ ਇਕੱਠੇ ਕਰਕੇ ਧਰਤੀ ਉੱਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗਾ।
ਜੇਕਰ ਇਹ ਸਫ਼ਲ ਹੁੰਦਾ ਹੈ ਤਾਂ ਇਹ ਅਜਿਹਾ ਪਹਿਲੀ ਵਾਰੀ ਹੋਵੇਗਾ ਜਦੋਂ ਮੰਗਲ ਗ੍ਰਹਿ ਜਾਂ ਇਸ ਦੇ ਚੰਨਾਂ ਤੋਂ ਇੱਕ ਸੈਂਪਲ ਧਰਤੀ ਉੱਤੇ ਜਾਂਚ ਲਈ ਵਾਪਸ ਆਵੇਗਾ।
ਇਹ ਪੁਲਾੜੀ ਵਾਹਨ ਫੋਬੋਸ ਉੱਤੇ ਅਗਸਤ 2027 ਨੂੰ ਪਹੁੰਚਣਾ ਤੈਅ ਹੈ।
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮਾਰਸ ਮੂਨ ਐਕਸਪਲੋਰੇਸ਼ਨ (ਐੱਮਐੱਮਐਕਸ) ਮਿਸ਼ਨ ਇਸ ਰਹੱਸ ਨੂੰ ਸੁਲਝਾਅ ਦੇਵੇਗਾ ਕਿ ਮੰਗਲ ਗ੍ਰਹਿ ਦੇ ਚੰਨ ਕਿਵੇਂ ਬਣੇ। ਇਹ ਮਿਸ਼ਨ ਜਪਾਨੀ ਸਪੇਸ ਏਜੰਸੀ ਦੀ ਅਗਵਾਈ ਵਿੱਚ ਚੱਲ ਰਿਹਾ ਹੈ।
ਨੈਚੂਰਲ ਹਿਸਟਰੀ ਮਿਊਜ਼ੀਅਮ ਦੇ ਪ੍ਰੋਫ਼ੈਸਰ ਸਾਰਾ ਰਸਲ ਐੱਮਐੱਮਐਕਸ ਮਿਸ਼ਨ ਦੇ ਸੈਂਪਲ ਅਨੈਲਿਸਿਸ ਲਈ ਡਿਪਟੀ ਹਨ।
ਉਹ ਕਹਿੰਦੇ ਹਨ, “ਮੰਗਲ ਗ੍ਰਹਿ ਦੇ ਚੰਨ ਫੋਬੋਸ ਜਾਣ ਵਾਲਾ ਕੋਈ ਸਫ਼ਲ ਮਿਸ਼ਨ ਨਹੀਂ ਹੋਇਆ ਜੋ ਉੱਥੋਂ ਕੁਝ ਧਰਤੀ ਉੱਤੇ ਵਾਪਸ ਲੈ ਕੇ ਆਵੇ।”
ਉਹ ਦੱਸਦੇ ਹਨ ਕਿ ਇਹ ਕਾਫ਼ੀ ਮਜ਼ੇਦਾਰ ਮਿਸ਼ਨ ਹੋਵੇਗਾ।

ਇਨਰ ਸੋਲਰ ਸਿਸਟਮ ਵਿੱਚ ਸਿਰਫ਼ 3 ਚੰਨ ਹਨ। ਸਾਡਾ ਆਪਣਾ ਚੰਨ ਅਤੇ ਦੋ ਹੋਰ ਚੰਨ ਜਿਨ੍ਹਾਂ ਦੇ ਨਾਮ ਹਨ ਫੋਬੋਸ ਅਤੇ ਡੇਮੋਸ।
ਦੋਵੇਂ ਨਿੱਕੇ ਆਕਾਰ ਦੇ ਹਨ – ਫੋਬੋਸ ਦਾ ਘੇਰਾ ਕਰੀਬ 20 ਕਿਲੋਮੀਟਰ ਹੈ ਅਤੇ ਡੇਮੋਸ ਦਾ ਲਗਭਗ 10 ਕਿਲੋਮੀਟਰ ਹੈ।
ਇਹ ਐੱਮਐੱਮਐਕਸ ਸਪੇਸਕ੍ਰਾਫਟ ਡੇਮੋਸ ਦਾ ਅਧਿਐਨ ਕਰੇਗਾ ਅਤੇ ਜਿਵੇਂ ਹੀ ਇਹ ਮੰਗਲ ਗ੍ਰਹਿ ਦੇ ਗੁਆਂਢ ਵਿੱਚ ਆਵੇਗਾ ਤਾਂ ਫੋਬੋਸ ਉੱਤੇ ਧਿਆਨ ਦੇਵੇਗਾ।
ਇਸ ਦੀ ਯੋਜਨਾ ਹੈ ਕਿ ਇਹ ਧਰਾਤਲ ਦੀ ਘੋਖ ਦੇ ਲਈ ਇੱਕ ਛੋਟਾ ਰੋਵਰ ਭੇਜਣਗੇ ਹਾਲਾਂਕਿ ਇਹ ਸੌਖਾ ਨਹੀਂ ਹੋਵੇਗਾ।
ਸਾਰਾ ਰਸਲ ਕਹਿੰਦੇ ਹਨ ਕਿ ਕਿਸੇ ਨੇ ਵੀ ਕਿਸੇ ਇੰਨੇ ਛੋਟੇ ਚੰਨ ਉੱਤੇ ਰੋਵਰ ਨਹੀਂ ਭੇਜਿਆ ਹੈ।
ਉਹ ਸਮਝਾਉਂਦੇ ਕਿ ਚੰਨ ਦੇ ਕੋਲ ਆਪਣੇ ਕੋਈ ਗਰੈਵੀਟੀ (ਭਾਵ ਗੁਰੂਤਾਕਰਸ਼ਣ) ਨਹੀਂ ਹਨ।
ਪਰ ਇਹ ਉਸ ਗ੍ਰਹਿ ਦੇ ਨੇੜੇ ਹੈ, ਜਿਸ ਕੋਲ ਕਾਫੀ ਗ੍ਰੈਵਿਟੀ ਹੈ ਅਤੇ ਇਹ ਇਸਦੇ ਤਲ ਉੱਤੇ ਰੋਵਰ ਲੈ ਕੇ ਜਾਣਾ ਮੁਸ਼ਕਲ ਬਣਾਉਂਦਾ ਹੈ।

ਇਹ ਰੋਵਰ ਉੱਥੇ ਲੈਂਡਿੰਗ ਸਾਈਟ ਦੀ ਭਾਲ ਵੀ ਕਰੇਗਾ ਤਾਂ ਜੋ ਐੱਐੱਮਐਕਸ ਸਪੇਸਕ੍ਰਾਫਟ ਬਾਅਦ ਵਿੱਚ ਫੋਬੋਸ ਉੱਤੇ ਆ ਸਕੇ।
ਜਦੋਂ ਇਹ ਤਲ ਉੱਤੇ ਪਹੁੰਚੇਗਾ ਤਾਂ ਇਹ ਇੱਕ ਰੋਬੌਟਿਕ ਆਰਮ ਅਤੇ ਦੋ ਸੈਂਪਲਰਸ ਨੂੰ ਉੱਥੇ ਕਣ ਇਕੱਠੇ ਕਰਨ ਦੇ ਕੰਮ ਉੱਤੇ ਲਾਵੇਗਾ।
ਇਹ ਮਟੀਰੀਅਲ ਇੱਕ ਨਿੱਕੇ ਜਿਹੇ ਕੈਪਸੂਲ ਵਿੱਚ ਪੈਕ ਕੀਤਾ ਜਾਵੇਗਾ ਅਤੇ ਇਹ ਧਰਤੀ ਉੱਤੇ 2031 ਵਿੱਚ ਪਰਤੇਗਾ, ਇਸ ਦੀ ਲੈਂਡਿੰਗ ਦੱਖਣੀ ਆਸਟ੍ਰੇਲੀਆ ਦੇ ਵੂਮੇਰਾ ਰੇਗਿਸਤਾਨ ਵਿੱਚ ਹੋਵੇਗੀ।
ਪਰ ਇਨ੍ਹਾਂ ਕਣਾਂ ਜਾਂ ਇਸ ਮੂਨ ਡਸਟ ਦਾ ਭਾਰ ਕਿੰਨਾ ਹੋਵੇਗਾ ?
ਇਹ ਹੋਵੇਗਾ ਮਹਿਜ਼ 10 ਗ੍ਰਾਮ।
ਜਪਾਨੀ ਮਿਸ਼ਨ ਨਾਲ ਕੰਮ ਰਹੇ ਲੈਸਟਰ ਯੂਨੀਵਰਸਿਟੀ ਦੀ ਡਾ. ਕਰੀਸਾ ਅਵਡੇਲੀਡਿਊ ਕਹਿੰਦੇ ਹਨ, “ਇਹ ਬਹੁਤ ਘੱਟ ਮਾਤਰਾ ਹੈ।”
ਉਹ ਕਹਿੰਦੇ ਹਨ, “ਹਾਲਾਂਕਿ ਅਸੀਂ ਇੱਕ-ਇੱਕ ਕਣ ਉੱਤੇ ਕਈ ਅਧਿਐਨ ਕਰ ਸਕਦੇ ਹਾਂ, ਤੁਹਾਨੂੰ ਵਿਗਿਆਨਕ ਤਜਰਬੇ ਕਰਨ ਲਈ ਉੱਥੋਂ ਕਿੱਲੋਗ੍ਰਾਮਾਂ ਦੀ ਮਾਤਰਾ ਵਿੱਚ ਕਣ ਲਿਆਉਣ ਦੀ ਲੋੜ ਨਹੀਂ ਹੈ, ਹਰ ਕਣ ਅਹਿਮ ਹੈ।”
Kevin Church/BBC News
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸੈਂਪਲ ਇਸ ਗੱਲ ਨੂੰ ਸਾਹਮਣੇ ਲਿਆਵੇਗਾ ਕਿ ਮੰਗਲ ਦੇ ਚੰਨ ਆਏ ਕਿੱਥੋਂ ?
ਇਸ ਬਾਰੇ ਦੋ ਵਿਚਾਰ ਹਨ।
ਜਾਂ ਤਾਂ ਇੱਕ ਪੁਲਾੜੀ ਚੱਟਾਨ ਇਤਿਹਾਸ ਵਿੱਚ ਪਹਿਲਾਂ ਮੰਗਲ ਨਾਲ ਜਾ ਟਕਰਾਈ ਅਤੇ ਇਸਦੇ ਮਲਬੇ ਵਿੱਚੋਂ ਫੋਬੋਸ ਤੇ ਡੇਮੋਸ ਬਣੇ ਸਨ।
ਅਤੇ ਜਾਂ ਤਾਂ ਚੰਨ ਬਾਹਰੀ ਸੋਲਰ ਸਿਸਟਮ ਵਿੱਚ ਚੱਲ ਰਹੇ ਉਲਕਾ ਪਿੰਡ ਹੋ ਸਕਦੇ ਹਨ ਜਿਹੜੇ ਕਿ ਮੰਗਲ ਗ੍ਰਹਿ ਦੇ ਗੁਰੂਤਾਕ੍ਰਸ਼ਣ ਦੇ ਘੇਰੇ ਵਿੱਚ ਆ ਗਏ।
ਸਾਰਾ ਰਸਲ ਕਹਿੰਦੇ ਹਨ, “ਜਦੋਂ ਸਾਨੂੰ ਸੈਂਪਲ ਵਾਪਸ ਮਿਲਦੇ ਹਨ ਤਾਂ ਅਸੀਂ ਕੈਮਿਸਟ੍ਰੀ ਵਿੱਚ ਡੂੰਘਾਈ ਨਾਲ ਦੇਖ ਸਕਦੇ ਹਾਂ ਅਤੇ ਜਾਣ ਸਕਦੇ ਹਾਂ ਕਿ ਇਹ ਕਿਹੜੇ ਤੱਤਾਂ ਨਾਲ ਬਣਿਆ ਹੈ, ਇਹਦੇ ਨਤੀਜੇ ਵੱਖੋ-ਵੱਖਰੇ ਹੋਣਗੇ।”
ਸਾਨੂੰ ਇਹ ਬਹੁਤ ਆਰਾਮ ਨਾਲ ਪਤਾ ਲੱਗ ਸਕੇਗਾ ਕਿ ਇਹ ਉਲਕਾ ਪਿੰਡ ਦੇ ਟਕਰਾਉਣ ਕਰਕੇ ਹੋਇਆ ਹੈ ਜਾਂ ਇਹ ਬਾਹਰੋਂ ਆਇਆ ਉਲਕਾ ਪਿੰਡ ਹੈ, ਸਾਨੂੰ ਇਹ ਬਹੁਤ ਜਲਦੀ ਪਤਾ ਲੱਗ ਜਾਵੇਗਾ।
ਟੀਮ ਨੂੰ ਹੋਰ ਵੀ ਉਮੀਦਾਂ ਹਨ।
ਸਾਰਾ ਕਹਿੰਦੇ ਹਨ, “ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਫੋਬੋਸ ਮੰਗਲ ਗ੍ਰਹਿ ਦੇ ਤਲ ਦੇ ਇੰਨੀ ਨੇੜੇ ਹੈ ਕਿ ਜਦੋਂ ਵੀ ਇਸਦੇ ਤਲ ਉੱਤੇ ਕੁਝ ਹੁੰਦਾ ਹੈ ਤਾਂ ਇਸਦੇ ਕਣ ਫੋਬੋਸ ਉੱਤੇ ਵੀ ਆ ਸਕਦੇ ਹਨ।
“ਅਤੇ ਇਸ ਦਾ ਮਤਲਬ ਹੈ ਕਿ ਜਿਹੜਾ ਸੈਂਪਲ ਸਾਨੂੰ ਵਾਪਸ ਮਿਲੇਗਾ ਤਾਂ ਉਸ ਵਿੱਚ ਮੰਗਲ ਗ੍ਰਹਿ ਦੇ ਕਣ ਵੀ ਹੋ ਸਕਦੇ ਹਨ, ਇਹ ਸਾਨੂੰ ਮੰਗਲ ਗ੍ਰਹਿ ਦੀ ਬਣਤਰ ਅਤੇ ਇਤਿਹਾਸ ਬਾਰੇ ਸਿੱਧੀ ਜਾਣਕਾਰੀ ਦੇ ਸਕਦਾ ਹੈ।”
ਪੁਲਾੜ ਵਿਗਿਆਨੀਆਂ ਦੀ ਇਹ ਲੰਬੇ ਸਮੇਂ ਤੋਂ ਖ਼ਾਹਿਸ਼ ਰਹੀ ਹੈ ਕਿ ਮੰਗਲ ਗ੍ਰਹਿ ਤੋਂ ਸਮੱਗਰੀ ਧਰਤੀ ਉੱਤੇ ਲਿਆਂਦੀ ਜਾਵੇ।
Kevin Church/BBC News
ਨਾਸਾ ਦਾ ਪਰਜ਼ਵਰੈਂਸ ਰੋਵਰ 2021 ਤੋਂ ਮੰਗਲ ਗ੍ਰਹਿ ਦੀ ਘੋਖ ਕਰਦਾ ਰਿਹਾ ਹੈ ਅਤੇ ਇਹ ਮੰਗਲ ਗ੍ਰਹਿ ਤੋਂ ਸੈਂਪਲ ਇਕੱਠੇ ਕਰਕੇ ਇਨ੍ਹਾਂ ਨੂੰ ਕੈਨਿਸਟਰਾਂ ਵਿੱਚ ਭਰਦਾ ਰਿਹਾ ਹੈ।
ਇੱਕ ਦੂਜਾ ਨਾਸਾ/ਈਐੱਸਏ ਮਿਸ਼ਨ ਜਿਸਦਾ ਨਾਮ ਮਾਰਸ ਸੈਂਪਲ ਰਿਟਰਨ ਹੈ ਇਨ੍ਹਾਂ ਕੈਨਿਸਟਰਾਂ ਨੂੰ ਵਾਪਸ ਲਿਆ ਚੁੱਕਾ ਹੈ।
ਸਾਡੇ ਕੋਲ ਮੰਗਲ ਗ੍ਰਹਿ ਦੇ ਕੁਝ ਕਣ ਹਨ ਜਿਹੜੇ ਕਿ ‘ਐਸਟਿਰੋਇਡ ਸਟ੍ਰਾਈਕ’ ਕਰਕੇ ਧਰਤੀ ਵੱਲ ਆਏ ਸਨ।
ਮੰਗਲ ਗ੍ਰਹਿ ਤੋਂ ਆਉਣ ਵਾਲੇ ਮੀਟੀਓਰ ਕਾਫੀ ਦੁਰਲੱਭ ਹਨ ਪਰ ਹੋਰ ਪੁਲਾੜੀ ਚੱਟਾਨਾਂ ਜਿਹੜੀਆਂ ਸਾਡੇ ਗ੍ਰਹਿ ਉੱਤੇ ਆਉਂਦੀਆਂ ਹਨ। ਇੱਥੇ ਆਉਂਦੇ ਹੀ ਇਨ੍ਹਾਂ ਵਿੱਚ ਮਿਲਾਵਟ ਹੋ ਜਾਂਦੀ ਹੈ ਤੇ ਇਹ ਹਵਾ, ਧੂੜ, ਮਿੱਟੀ ਅਤੇ ਪਾਣੀ ਨਾਲ ਰਲ ਜਾਂਦੇ ਹਨ।
ਵਿਗਿਆਨੀ ਆਪਣੇ ਦਸਤਾਨਿਆਂ ਵਾਲੇ ਹੱਥਾਂ ਵਿੱਚ ਚੰਨ ਤੋਂ ਆਏ ਡਾਇਰੈਕਟ ਸੈਂਪਲ ਚੁੱਕਣ ਲਈ ਉਤਾਵਲੇ ਹਨ ਕਿਉਂਕਿ ਇਹ ਅਣਛੋਹ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




