Source :- BBC PUNJABI

ਕੋਈ ਡੇਢ ਸੌ ਵਰ੍ਹੇ ਪਹਿਲਾਂ ਅੰਗਰੇਜ਼ ਸਰਕਾਰ ਨੇ ਸਾਡੇ ਅਵਾਮੀ ਫ਼ਨਕਾਰਾਂ ਨੂੰ ਨੱਥ ਪਾਉਣ ਲਈ ਇੱਕ ਕਾਨੂੰਨ ਬਣਾਇਆ ਸੀ, ਜਿਸ ਦਾ ਨਾਮ ਸੀ ਡਰਾਮੈਟਿਕ ਪਰਫਾਰਮੈਂਸ ਐਕਟ।
ਹੁਣ ਪੰਜਾਬ ਹਕੂਮਤ ਨੂੰ ਖਿਆਲ ਆਇਆ ਹੈ ਕਿ ਇਹ ਫ਼ਨਕਾਰ ਹਜੇ ਵੀ ਕਾਬੂ ਨਹੀਂ ਆਏ, ਇਸ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਜਿਸਦਾ ਨਾਮ ਹੈ ‘ਪੰਜਾਬ ਡਰਾਮੈਟਿਕ ਐਂਡ ਥੀਏਟਰ ਪਰਫਾਰਮੈਂਸ ਐਕਟ 2026’।
ਮਕਸਦ ਇਹੀ ਹੈ ਜੋ ਪਹਿਲੇ ਅੰਗਰੇਜ਼ਾਂ ਦਾ ਸੀ ਕਿ ਥੀਏਟਰ ਦੇ ਨਾਂ ‘ਤੇ ਕੋਈ ਗੰਦੀ ਗੱਲ ਨਾ ਹੋ ਜਾਏ, ਡਰਾਮਾ ਕਰਦੇ-ਕਰਦੇ ਕੋਈ ਸਰਕਾਰ ਦੇ ਖ਼ਿਲਾਫ਼ ਨਾ ਬੋਲ ਪਵੇ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਲੇਕਿਨ ਇੰਨਾ ਕੰਮ ਅੰਗਰੇਜ਼ਾਂ ਨੇ ਵੀ ਨਹੀਂ ਸੀ ਚੁੱਕਿਆ, ਜਿਨ੍ਹਾਂ ਪੰਜਾਬ ਦੀ ਸਰਕਾਰ ਨੇ ਚੁੱਕ ਦਿੱਤਾ ਹੈ। ਹੁਣ ਹਰ ਫ਼ਨਕਾਰ ਨੂੰ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਪਵੇਗਾ। ਦਸ ਹਜ਼ਾਰ ਦੀ ਫ਼ੀਸ ਦੇ ਕੇ ਲਾਈਸੰਸ ਲੈਣਾ ਪਵੇਗਾ।
ਹੁਣ ਫ਼ਨਕਾਰ ਸਿਰਫ਼ ਐਕਟਰ, ਗੁਲੂਕਾਰ ਅਤੇ ਡਾਂਸਰ ਹੀ ਨਹੀਂ ਜਿਹੜਾ ਉਨ੍ਹਾ ਦਾ ਮੇਕਅੱਪ ਕਰੇਗਾ, ਜਿਹੜਾ ਬੱਤੀਆਂ ਲਾਵੇਗਾ, ਜਿਹੜਾ ਦਰਜ਼ੀ ਉਨ੍ਹਾਂ ਦੇ ਕੱਪੜੇ ਸੀਵੇਗਾ ਉਹ ਵੀ ਫ਼ਨਕਾਰ ਹੈ, ਉਹ ਵੀ ਰਜਿਸਟਰਡ ਹੋਵੇਗਾ। ਹੁਣ ਗਾਉਣ ਵਾਲੇ ਵੀ ਰਜਿਸਟਰ ਹੋਣਗੇ ਅਤੇ ਵਜਾਉਣ ਵਾਲੇ ਵੀ।
Getty Images
ਕਾਨੂੰਨ ਸਿਰਫ਼ ਥੀਏਟਰ ਵਾਲਿਆਂ ‘ਤੇ ਲਾਗੂ ਨਹੀਂ ਹੋਵੇਗਾ। ਜੇ ਕੋਈ ਗਲੀ ਦੀ ਨੁੱਕੜ ‘ਤੇ, ਚੌਂਕ ‘ਤੇ, ਕਿਸੇ ਪਿੜ ਵਿਚ ਫ਼ਨਕਾਰੀ ਕਰ ਰਿਹਾ ਹੈ ਉਹਦੀ ਵੀ ਪਕੜ ਹੋਏਗੀ।
ਪਾਕਿਸਤਾਨ ਦੇ ਹਰ ਦੂਸਰੇ ਪਿੰਡ ਵਿੱਚ, ਹਰ ਤੀਸਰੀ ਬਸਤੀ ਵਿੱਚ ਇੱਕ ਮਜ਼ਾਰ ਹੈ। ਉੱਥੇ ਹਰ ਸਾਲ ਮੇਲਾ ਲਗਦਾ ਹੈ, ਜੁੰਮੇ ਰਾਤ ਨੂੰ ਕਿਤੇ ਢੋਲ ਵਜਦਾ ਹੈ ਕਿਤੇ ਕਵਾਲੀ ਹੁੰਦੀ ਹੈ। ਹੁਣ ਇਹ ਢੋਲੀ ਤੇ ਕਵਾਲ ਵੀ ਫ਼ਨਕਾਰ ਨੇ। ਇਨ੍ਹਾਂ ਨੂੰ ਵੀ ਲਾਈਸੰਸ ਲੈਣਾ ਪਵੇਗਾ।
ਸਰਕਾਰ ਨੇ ਇਹਦੇ ਵਿੱਚ ਇਹ ਨਹੀਂ ਦੱਸਿਆ ਕਿ ਧਮਾਲ ਪਾਉਣ ਲਈ ਲਾਈਸੰਸ ਲੈਣਾ ਹੈ ਜਾਂ ਉਸ ਦੀ ਇਜਾਜ਼ਤ ਹੈ ?
ਰਮਜ਼ਾਨ ਦੇ ਮਹੀਨੇ ਤੁਸੀਂ ਵੇਖਿਆ ਹੋਣਾ ਕਿ ਹਰ ਗਲੀ ਵਿਚ ਹਾਰਮੋਨੀਅਮ ਅਤੇ ਢੋਲਕੀ ਲੈ ਕੇ ਫ਼ਨਕਾਰ ‘ਭਰ ਦੋ ਝੋਲੀ’ ਗਾਉਂਦੇ ਫਿਰਦੇ ਨੇ। ਹੁਣ ਉਹ ਵੀ ਲਾਈਸੰਸ ਲੈਣਗੇ ਤੇ ਸਰਕਾਰ ਦੀ ਝੋਲੀ ਭਰਨਗੇ।
ਕਿਤੇ ਇਹ ਨਾ ਹੋਵੇ ਵੀ ਸਰਕਾਰ ਉਨ੍ਹਾਂ ਦੇ ਵਾਜੇ ਹੀ ਜ਼ਬਤ ਕਰ ਲਵੇ। ਗੜਵੀ ਵਜਾਉਣ ਵਾਲੀਆਂ ਨੂੰ ਵੀ ਆਪਣੀ ਗੜਵੀ ਦੀ ਫ਼ਿਕਰ ਕਰਨੀ ਚਾਹੀਦੀ ਹੈ।

ਤੇ ਜੇ ਕਿਸੇ ਨੇ ਡਰਾਮਾ ਕਰਨਾ ਹੈ ਭਾਵੇਂ ਹਾਲ ਵਿੱਚ ਕਰਨਾ ਭਾਵੇਂ ਖੁੱਲ੍ਹੇ ਮੈਦਾਨ ਵਿੱਚ, ਉਨ੍ਹਾਂ ਨੂੰ ਸਰਕਾਰ ਕੋਲੋਂ ਸਕ੍ਰਿਪਟ ਮਨਜ਼ੂਰ ਕਰਾਉਣਾ ਪਵੇਗਾ। ਉਹਦੀ ਫ਼ੀਸ ਪੈਂਤੀ ਹਜ਼ਾਰ ਰੁਪਏ ਹੈ ਅਤੇ ਜੇ ਕੋਈ ਲਾਈਨ ਸਕ੍ਰਿਪਟ ਤੋਂ ਉੱਤੇ ਥੱਲੇ ਹੋ ਗਈ ਤਾਂ ਉਹਦਾ ਤਿੰਨ ਤੋਂ ਪੰਜ ਲੱਖ ਰੁਪਏ ਜੁਰਮਾਨਾ ਹੈ।
ਸਾਡੇ ਮੇਲੇ ਠੇਲਿਆਂ ਵਿੱਚ ਫ਼ਨਕਾਰ ਸੋਹਣੀ ਮਹੀਂਵਾਲ ਵਾਲਾ ਡਰਾਮਾ ਕਰਦੇ ਨੇ। ਹੁਣ ਉਹਦਾ ਸਕ੍ਰਿਪਟ ਵੀ ਚੈੱਕ ਹੋਏਗਾ। ਜੇ ਸਰਕਾਰ ਨੂੰ ਪਸੰਦ ਨਾ ਆਇਆ ਤਾਂ ਸੋਹਣੀ ਤਾਂ ਘੜਾ ਵੀ ਜ਼ਬਤ ਹੋ ਸਕਦੈ। ਮਹੀਂਵਾਲ ਨੂੰ ਛੇ ਮਹੀਨੇ ਦੀ ਜੇਲ੍ਹ ਵੀ ਹੋ ਸਕਦੀ ਹੈ।
ਇੱਕ ਸੀਨੀਅਰ ਵਕੀਲ ਸਾਹਬ ਨੇ ਬਿੱਲ ਪੜ੍ਹ ਕੇ ਲਿਖਿਆ ਹੈ ਕਿ ਬਈ ਹੀਰ ਲਿਖੀ ਤਾਂ ਅਠਾਰਵੀਂ ਸਦੀ ਵਿੱਚ ਗਈ ਸੀ ਲੇਕਿਨ ਹੁਣ ਉਹਨੂੰ ਗਾਉਣ ਲਈ ਜਾਂ ਉਹਦੇ ‘ਤੇ ਡਰਾਮਾ ਕਰਨ ਲਈ ਸਰਕਾਰ ਕੋਲੋਂ ਮਨਜ਼ੂਰੀ ਲੈਣੀ ਪਵੇਗੀ। ਤੇ ਸਾਡੇ ਬਾਬੂ ਇੰਨੇ ਸਿਆਣੇ ਨੇ ਵੀ ਉਨ੍ਹਾਂ ਨੇ ਹੀਰ ਵਾਰਿਸ ਸ਼ਾਹ ਵਿੱਚੋਂ ਵੀ ਕਿਤੇ ਨਾ ਕਿਤੇ ਫਹਾਸ਼ੀ ਕੱਢ ਹੀ ਲੈਣੀ ਹੈ।
ਤੇ ਜੇ ਕਿਸੇ ਉਹ ਲਾਈਨਾਂ ਗਾ ਦਿੱਤੀਆਂ ਜਿਹਦੇ ਵਿੱਚ ਵਾਰਿਸ ਸ਼ਾਹ ਹੁਰੀਂ ਮੁੱਲਾ ਕਾਜ਼ੀਆਂ ਦੀ ਗੱਲ ਕਰਦੇ ਨੇ ਤੇ ਕਹਿੰਦੇ ਨੇ ਵੀ ਬਾਸ ਹਲਵਿਆਂ ਦੀ, ਖ਼ਬਰ ਮੁਰਦਿਆਂ ਦੀ, ਮੁੱਲਾ ਗਿੱਦ ਵਾਂਗੂ ਮਡਰਾਉਂਦੇ ਨੇ, ਤੇ ਫਿਰ ਫ਼ਤਵਾ ਵੀ ਲੱਗ ਸਕਦਾ ਹੈ ਤੇ ਸਰਕਾਰ ਵੀ ਚੈਲੰਜ ਹੋ ਸਕਦੀ ਹੈ।

ਇਸ ਬਿੱਲ ਵਿਚ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਲਾਈਸੰਸ ਫ਼ੀਸਾਂ ਤਾਂ ਹੋਣਗੀਆਂ, ਜੁਰਮਾਨੇ ਵੀ ਹੋਣਗੇ ਤੇ ਇਹਦੇ ਬਦਲੇ ਫ਼ਨਕਾਰਾਂ ਨੂੰ ਕੀ ਮਿਲੇਗਾ।
ਸਾਡੇ ਜ਼ਿਆਦਾਤਰ ਅਵਾਮੀ ਤੇ ਸੜਕ-ਛਾਪ ਫ਼ਨਕਾਰਾਂ ਦਾ ਗੁਜ਼ਾਰਾ ਉਨ੍ਹਾਂ ਵੇਲਾਂ ‘ਤੇ ਹੁੰਦਾ ਹੈ ਜਿਹੜੇ ਲੋਕ ਉਨ੍ਹਾਂ ਨੂੰ ਕਰਾਉਂਦੇ ਨੇ। ਕੋਈ ਦਸ ਰੁਪਏ ਦੀ, ਕੋਈ ਪੰਜਾਹ ਦੀ ਕੋਈ ਸੌ ਦੀ।
ਤੇ ਇਹ ਨਵਾਂ ਕਾਨੂੰਨ ਬਣਾ ਕੇ ਸਰਕਾਰ ਅਸਲ ਵਿਚ ਕਹਿ ਇਹ ਰਹੀ ਹੈ ਕਿ ਇਨ੍ਹਾਂ ਵੇਲਾਂ ਵਿੱਚੋਂ ਵੀ ਸਾਡਾ ਹਿੱਸਾ ਬਣਦਾ ਹੈ, ਉਹ ਵੀ ਸਾਡੇ ਕੱਢੋ।
ਰੱਬ ਰਾਖਾ।
(ਨੋਟ – ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਹੋਰ ਖੋਜੋ
source : BBC PUNJABI




