Home rss national punjabi2ਰਾਸ਼ਟਰੀ ਖ਼ਬਰਾਂ ਟਾਈਟੈਨਿਕ ਫਿਲਮ ਦੇ ਦ੍ਰਿਸ਼ ਵਾਂਗ ਜਦੋਂ ਕਰੂਜ਼ ਜਹਾਜ਼ ਅੱਧਾ ਪਲਟਿਆ, ਕਰੀਬ 130...

ਟਾਈਟੈਨਿਕ ਫਿਲਮ ਦੇ ਦ੍ਰਿਸ਼ ਵਾਂਗ ਜਦੋਂ ਕਰੂਜ਼ ਜਹਾਜ਼ ਅੱਧਾ ਪਲਟਿਆ, ਕਰੀਬ 130 ਲੋਕਾਂ ਨੂੰ ਬਚਾਉਣਾ ‘ਚਮਤਕਾਰੀ’ ਕਿਹਾ ਗਿਆ, ਜਾਣੋ ਕਿਉਂ

3
0

Source :- BBC PUNJABI

ਨਿਊ ਓਰਲਿਨਜ਼ ਵਿੱਚ ਟੈਂਕਰ ਜਹਾਜ਼ ਦੀ ਟੱਕਰ ਤੋਂ ਬਾਅਦ ਕਰੂਜ਼ ਜਹਾਜ਼ ਵਿੱਚ ਸਵਾਰ ਕਰੀਬ 130 ਲੋਕਾਂ ਨੂੰ ਬਚਾਇਆ ਗਿਆ ਹੈ।

ਅਮਰੀਕਾ ਦੇ ਨਿਊ ਓਰਲਿਨਜ਼ ਵਿੱਚ ਮਿਸੀਸਿਪੀ ਦਰਿਆ ਵਿੱਚ ਖੜ੍ਹੇ ਇੱਕ ਕਰੂਜ਼ ਜਹਾਜ਼ ਨੂੰ ਟੈਂਕਰ ਜਹਾਜ਼ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਇਸ ਵਿੱਚ ਸਵਾਰ ਕਰੀਬ 130 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਕਰੂਜ਼ ਸ਼ਿੱਪ ਦਾ ਨਾਮ ‘ਅਮੈਰਿਕਨ ਹੈਰੀਟੇਜ’ ਹੈ।

ਇਸ ਟੱਕਰ ਤੋਂ ਬਾਅਦ ਕਰੂਜ਼ ਜਹਾਜ਼ ਮਿਸੀਸਿਪੀ ਦਰਿਆ ਵਿੱਚ ਇੱਕ ਪਾਸੇ ਝੁਕ ਗਿਆ। ਇਸ ਨੂੰ ਮਾਲਵਾਹਕ (ਕਾਰਗੋ) ਜਹਾਜ਼ ‘ਐਟਲਾਂਟਿਕ ਐਸਫਾਲਟ’ ਨੇ ਟੱਕਰ ਮਾਰੀ ਸੀ।

ਇਸ ਹਾਦਸੇ ਵਿੱਚ ਨੁਕਸਾਨੇ ਗਏ ਬੇੜੇ ਵਿੱਚ ਸਵਾਰ 32 ਲੋਕਾਂ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ, ਕੋਈ ਵੀ ਵਿਅਕਤੀ ਲਾਪਤਾ ਨਹੀਂ ਹੈ। ਅਧਿਕਾਰੀਆਂ ਨੇ ਇਸ ਬਚਾਅ ਮੁਹਿੰਮ ਨੂੰ “ਮਿਸੀਸਿਪੀ ਵਿੱਚ ਚਮਤਕਾਰ” ‘ਮਿਰੇਕਲ ਓਨ ਦ ਮਿਸਿਸਿਪੀ’ ਕਰਾਰ ਦਿੱਤਾ ਹੈ।

ਜ਼ਖ਼ਮੀਆਂ ਦੀਆਂ ਸੱਟਾਂ ਗੰਭੀਰ ਨਹੀਂ ਹਨ।

ਅਮਰੀਕਨ ਹੈਰੀਟੇਜ'

ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਮਰੀਕੀ ਕੋਸਟ ਗਾਰਡ ਦੀ ਕੈਪਟਨ ਮੇਲਾਨੀ ਬਰਨਹੈਮ ਨੇ ਕਿਹਾ, “ਅਜਿਹਾ ਲੱਗਦਾ ਹੈ ਕਿ ਜਹਾਜ਼ ਦਾ ਸਟੀਅਰਿੰਗ ਸਿਸਟਮ ਕਿਸੇ ਤਰ੍ਹਾਂ ਕੰਮ ਕਰਨਾ ਬੰਦ ਕਰ ਗਿਆ ਸੀ।”

ਨਿਊ ਓਰਲਿਨਜ਼ ਦੀ ਮੇਅਰ ਹੇਲੇਨਾ ਮੋਰੇਨੋ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬਚਾਅ ਮੁਹਿੰਮ ਦਾ ਸਾਰਾ ਸਿਹਰਾ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਜਾਂਦਾ ਹੈ, ਜੋ “ਮਦਦ ਲਈ ਸੱਚਮੁੱਚ ਪਾਣੀ ਵਿੱਚ ਛਾਲ ਮਾਰ ਕੇ ਪਹੁੰਚੇ।”

ਮੋਰੇਨੋ ਨੇ ਕਿਹਾ, “ਕੋਈ ਵੀ ਵਿਅਕਤੀ ਲਾਪਤਾ ਨਹੀਂ ਹੈ। ਇਹ ਸੱਚਮੁੱਚ ਮਿਸੀਸਿਪੀ ਵਿੱਚ ਇੱਕ ਚਮਤਕਾਰ ਹੈ।”

ਨਿਊ ਓਰਲਿਨਜ਼

ਨਿਊ ਓਰਲੀਨਜ਼ ਬੰਦਰਗਾਹ ਦੇ ਮੁਖੀ ਮੇਲਾਨੀ ਮੋਂਟ੍ਰੋਲ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਸ਼ੁੱਕਰਵਾਰ ਨੂੰ ਅਮਰੀਕੀ ਸਮੇਂ ਮੁਤਾਬਕ ਦੁਪਹਿਰ 1:30 ਵਜੇ ਦੇ ਕਰੀਬ ਹਾਦਸੇ ਸਬੰਧੀ ਫ਼ੋਨ ਆਉਣੇ ਸ਼ੁਰੂ ਹੋਏ ਸਨ।

ਉਸ ਸਮੇਂ ਲੋਕ ਜਹਾਜ਼ ਵਿੱਚ ਪਾਣੀ ਭਰਨ ਕਾਰਨ ਯਾਤਰੀਆਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਨਿਊ ਓਰਲਿਨਜ਼ ਬੰਦਰਗਾਹ ਮੁਤਾਬਕ, ਟੱਕਰ ਵੇਲੇ ‘ਅਮਰੀਕਨ ਹੈਰੀਟੇਜ’ ਵਿੱਚ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ ਕਰੀਬ 129 ਯਾਤਰੀ ਸਵਾਰ ਸਨ।

ਮੇਅਰ ਮੋਰੇਨੋ ਨੇ ਦੱਸਿਆ ਕਿ ਜਿਵੇਂ ਹੀ ਪੈਡਲ-ਵ੍ਹੀਲਰ ਜਹਾਜ਼ (ਪੈਡਲਾਂ ਦੀ ਵਰਤੋਂ ਨਾਲ ਚੱਲਣ ਵਾਲਾ ਜਹਾਜ਼ ਇੱਕ ਪਾਸੇ ਝੁਕਣਾ ਸ਼ੁਰੂ ਹੋਇਆ, ਯਾਤਰੀਆਂ ਨੇ ਇਸ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਜਹਾਜ਼ ਪੂਰੀ ਤਰ੍ਹਾਂ ਇੱਕ ਪਾਸੇ ਪਲਟ ਗਿਆ। ਇਸ ਜਹਾਜ਼ ਦਾ ਸੰਚਾਲਨ ‘ਅਮਰੀਕਨ ਕਰੂਜ਼ ਲਾਈਨਜ਼’ ਵੱਲੋਂ ਕੀਤਾ ਜਾਂਦਾ ਹੈ।

ਟੱਗਬੋਟ ਚਾਲਕਾਂ, ਪੁਲਿਸ ਅਤੇ ਹੋਰ ਬਚਾਅ ਕਰਮਚਾਰੀਆਂ ਨੇ ਤੁਰੰਤ ਮਦਦ ਲਈ ਪਹੁੰਚ ਕੀਤੀ। ਇਸ ਦੌਰਾਨ ਤਲਾਸ਼ੀ ਅਤੇ ਬਚਾਅ ਮੁਹਿੰਮ ਲਈ ਮਿਸੀਸਿਪੀ ਦਰਿਆ ਵਿੱਚ ਜਹਾਜ਼ਾਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ।

‘ਅਮਰੀਕਨ ਹੈਰੀਟੇਜ’ ਲੁਈਜ਼ਿਆਨਾ ਅਤੇ ਮਿਸੀਸਿਪੀ ਵਿੱਚ ਮਿਸੀਸਿਪੀ ਦਰਿਆ ਦੇ ਨਾਲ ਲੱਗਦੀਆਂ ਥਾਵਾਂ ਦੀ ਅੱਠ ਦਿਨਾਂ ਦੀ ਯਾਤਰਾ ਪੂਰੀ ਕਰ ਰਿਹਾ ਸੀ।

ਮਿਸੀਸਿਪੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਟਰੂਥ ਸੋਸ਼ਲ’ ‘ਤੇ ਇਸ ਬਚਾਅ ਮੁਹਿੰਮ ਨੂੰ “ਸ਼ਾਨਦਾਰ ਕੰਮ” ਦੱਸਿਆ।

ਹੋਮਲੈਂਡ ਸਕਿਉਰਿਟੀ ਮੰਤਰੀ ਮਾਰਕਵੇਨ ਮਲਿਨ ਨੇ ਕਿਹਾ ਕਿ ਅਮਰੀਕੀ ਕੋਸਟ ਗਾਰਡ ਨੇ ਵੀ ਸਥਾਨਕ ਪੱਧਰ ‘ਤੇ ਚੱਲ ਰਹੀ ਬਚਾਅ ਮੁਹਿੰਮ ਵਿੱਚ ਸਹਿਯੋਗ ਦਿੱਤਾ।

ਗਵਰਨਰ ਜੈਫ਼ ਲੈਂਡਰੀ ਨੇ ਵੀ ਇਸ ਬਚਾਅ ਮੁਹਿੰਮ ਨੂੰ “ਮਿਸੀਸਿਪੀ ਵਿੱਚ ਚਮਤਕਾਰ” ਦੱਸਿਆ। ਉਨ੍ਹਾਂ ਕਿਹਾ ਕਿ ਕਰੂਜ਼ ਜਹਾਜ਼ ਵਿੱਚ ਸਵਾਰ ਲੋਕਾਂ ਦੀ ਵੱਡੀ ਗਿਣਤੀ ਦੇ ਬਾਵਜੂਦ ਸਾਰਿਆਂ ਨੂੰ ਬਚਾ ਲਿਆ ਜਾਣਾ ਬੇਹੱਦ ਹੈਰਾਨੀਜਨਕ ਹੈ।

ਲੈਂਡਰੀ ਨੇ ਕਿਹਾ ਕਿ ਮਿਸੀਸਿਪੀ ਦਰਿਆ ਵਿੱਚ ਸਾਲਾਂ ਤੋਂ ਜਹਾਜ਼ ਸੁਰੱਖਿਅਤ ਢੰਗ ਨਾਲ ਚੱਲਦੇ ਆ ਰਹੇ ਹਨ। ਉਨ੍ਹਾਂ ਨੇ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਵਾਉਣ ਦਾ ਭਰੋਸਾ ਵੀ ਦਿੱਤਾ।

ਹਾਦਸੇ ਦੇ ਚਸ਼ਮਦੀਦ ਗਵਾਹ ਜੈਮੀ ਹੋਲਫੋਰਡ ਨੇ ਬੀਬੀਸੀ ਦੇ ਅਮਰੀਕੀ ਭਾਈਵਾਲ ਸੀਬੀਐੱਸ ਨੂੰ ਦੱਸਿਆ ਕਿ ਟੱਕਰ ਤੋਂ ਬਾਅਦ ਉਨ੍ਹਾਂ ਨੇ ਕਰੂਜ਼ ਜਹਾਜ਼ ਨੂੰ ਬੰਦਰਗਾਹ ਨਾਲ ਟਕਰਾਉਂਦੇ ਦੇਖਿਆ।

ਹੇਲੇਨਾ ਮੋਰੋਨੋ

ਉਨ੍ਹਾਂ ਕਿਹਾ, “ਇਹ ਆਵਾਜ਼ ਕਿਸੇ ਜੰਗੀ ਫ਼ਿਲਮ ਵਰਗੀ ਸੀ। ਕਲਪਨਾ ਕਰੋ ਕਿ ਲੋਹੇ ਦੇ ਕਈ ਟਨ ਭਾਰ ਵਾਲੇ ਟੁਕੜੇ ਆਪਸ ਵਿੱਚ ਟਕਰਾ ਕੇ ਪਿਚਕ ਰਹੇ ਹੋਣ। ਬਿਲਕੁਲ ਅਜਿਹੀ ਹੀ ਆਵਾਜ਼ ਸੀ। ਇਹ ਨਜ਼ਾਰਾ ਟਾਈਟੈਨਿਕ ਫ਼ਿਲਮ ਦੇ ਕਿਸੇ ਦ੍ਰਿਸ਼ ਵਰਗਾ ਲੱਗ ਰਿਹਾ ਸੀ।”

ਹੋਲਫੋਰਡ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਜਹਾਜ਼ ਦੇ ਡੁੱਬਣ ਦੌਰਾਨ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਿਆਂ ਚੀਕਦੇ ਅਤੇ ਰੋਂਦੇ ਦੇਖਿਆ।

‘ਅਮਰੀਕਨ ਹੈਰੀਟੇਜ’ ਦੀ ਵੈੱਬਸਾਈਟ ਮੁਤਾਬਕ, ਇਸ ਜਹਾਜ਼ ਵਿੱਚ ਵੱਧ ਤੋਂ ਵੱਧ 150 ਮਹਿਮਾਨ ਸਫ਼ਰ ਕਰ ਸਕਦੇ ਹਨ। ਇਸ ਵਿੱਚ ਸ਼ੀਸ਼ੇ ਨਾਲ ਢੱਕਿਆ ਰੈਸਟੋਰੈਂਟ, ਫਿਟਨੈੱਸ ਸੈਂਟਰ ਅਤੇ ਮਹਿਮਾਨਾਂ ਲਈ ਤਿੰਨ ਲਾਊਂਜ ਵੀ ਹਨ।

ਇਹ ਜਹਾਜ਼ ਸਾਲ 2015 ਵਿੱਚ ਬਣਾਇਆ ਗਿਆ ਸੀ ਅਤੇ ਇਸ ਵਿੱਚ ਘੱਟੋ-ਘੱਟ ਚਾਰ ਡੈੱਕ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI