Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਚੋਣਾਂ: ਕੀ ਓਸੀਆਈ ਕਾਰਡ ਹੋਲਡਰ ਚੋਣ ਰੈਲੀਆਂ ਦਾ ਜਾਂ ਮੁਜ਼ਾਹਰਿਆਂ ਦਾ...

ਪੰਜਾਬ ਚੋਣਾਂ: ਕੀ ਓਸੀਆਈ ਕਾਰਡ ਹੋਲਡਰ ਚੋਣ ਰੈਲੀਆਂ ਦਾ ਜਾਂ ਮੁਜ਼ਾਹਰਿਆਂ ਦਾ ਹਿੱਸਾ ਬਣ ਸਕਦੇ ਹਨ, ਭਾਰਤ ਦਾ ਕਾਨੂੰਨ ਕੀ ਕਹਿੰਦਾ ਹੈ

5
0

Source :- BBC PUNJABI

ਸੰਕੇਤਕ ਤਸਵੀਰ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁਝ ਹੀ ਮਹੀਨੇ ਬਚੇ ਹਨ ਅਤੇ ਸਿਆਸੀ ਅਖਾੜਾ ਭੱਖ ਗਿਆ ਹੈ। ਕੁਝ ਹੀ ਦਿਨਾਂ ਵਿੱਚ ਰੈਲੀਆਂ ਅਤੇ ਚੋਣ ਪ੍ਰਚਾਰ ਵੱਡੇ ਪੱਧਰ ਉੱਤੇ ਸ਼ੁਰੂ ਹੋ ਜਾਵੇਗਾ।

ਚੋਣ ਪ੍ਰਚਾਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਨਾਲ-ਨਾਲ ਉਮੀਦਵਾਰਾਂ ਦੇ ਪਰਿਵਾਰ, ਸਮਰਥਕ, ਦੋਸਤ ਅਤੇ ਰਿਸ਼ਤੇਦਾਰ ਵੀ ਹਿੱਸਾ ਬਣਨਗੇ।

ਇਸ ਦਰਮਿਆਨ ਇਹ ਵੀ ਚਰਚਾ ਬਣੀ ਰਹਿੰਦੀ ਹੈ ਕਿ ਓਸੀਆਈ ਕਾਰਡ ਹੋਲਡਰ ਭਾਰਤ ਵਿੱਚ ਚੋਣ ਪ੍ਰਚਾਰ, ਰੈਲੀਆਂ ਅਤੇ ਮੁਜ਼ਾਹਰਿਆਂ ਦਾ ਕਾਨੂੰਨੀ ਤੌਰ ਉੱਤੇ ਹਿੱਸਾ ਬਣ ਸਕਦੇ ਹਨ ਜਾਂ ਨਹੀਂ।

ਅੱਜ ਇਸ ਰਿਪੋਰਟ ਵਿੱਚ ਅਸੀਂ ਇਸ ਬਾਰੇ ਹੀ ਗੱਲ ਕਰਾਂਗੇ।

ਆਓ ਜਾਣੀਏ ਓਸੀਆਈ ਕਾਰਡ ਹੋਲਡਰ ਕੌਣ ਹੁੰਦੇ ਹਨ, ਭਾਰਤ ਦਾ ਕਾਨੂੰਨ ਉਨ੍ਹਾਂ ਬਾਰੇ ਕੀ ਕਹਿੰਦਾ ਹੈ, ਕੀ ਭਾਰਤ ਵਿੱਚ ਦੋਹਰੀ ਨਾਗਰਿਕਤਾ ਦਾ ਪ੍ਰਾਵਧਾਨ ਹੈ ਜਾਂ ਨਹੀਂ ਅਤੇ ਸਿਆਸੀ ਮਾਹਰ ਇਸ ਨੂੰ ਕਿਵੇਂ ਦੇਖਦੇ ਹਨ।

ਓਸੀਆਈ ਕਾਰਡ ਕੀ ਹੈ?

ਸੰਕੇਤਕ ਤਸਵੀਰ

ਓਸੀਆਈ ਕਾਰਡ ਭਾਰਤੀ ਲੋਕਾਂ ਲਈ ਇੱਕ ਵਿਸ਼ੇਸ਼ ਕਿਸਮ ਦੀ ਸਹੂਲਤ ਦਾ ਨਾਮ ਹੈ । ਜੋ ਵਿਦੇਸ਼ ਵਿੱਚ ਵਸ ਗਏ ਹਨ ਅਤੇ ਉਥੋਂ ਦੀ ਨਾਗਰਿਕਤਾ ਲੈ ਚੁੱਕੇ ਹਨ ਉਨ੍ਹਾਂ ਨੂੰ ਓਸੀਆਈ ਕਾਰਡ ਜਾਰੀ ਹੁੰਦਾ ਹੈ।

ਦੁਨੀਆ ਵਿੱਚ ਬਹੁਤ ਸਾਰੇ ਦੇਸ਼ਾਂ ‘ਚ ਦੋਹਰੀ ਨਾਗਰਿਕਤਾ ਦੀ ਸਹੂਲਤ ਹੈ ਪਰ ਭਾਰਤੀ ਨਾਗਰਿਕਤਾ ਕਾਨੂੰਨ ਦੇ ਤਹਿਤ ਅਜਿਹਾ ਨਹੀਂ ਹੈ। ਜੇਕਰ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਂਦਾ ਹੈ ਤਾਂ ਉਸ ਨੂੰ ਆਪਣੀ ਭਾਰਤੀ ਨਾਗਰਿਕਤਾ ਛੱਡਣੀ ਪੈਂਦੀ ਹੈ।

ਭਾਰਤ ਦੀ ਨਾਗਰਿਕਤਾ ਛੱਡਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਦੇਸ਼ ਵਿੱਚ ਆਉਣ ਲਈ ਵੀਜ਼ਾ ਲੈਣਾ ਪੈਂਦਾ ਸੀ। ਅਜਿਹੇ ਲੋਕਾਂ ਦੀ ਸਹੂਲਤ ਲਈ ਸਾਲ 2003 ਵਿੱਚ ਭਾਰਤ ਸਰਕਾਰ ਨੇ ਪੀਆਈਓ ਕਾਰਡ ਦੀ ਵਿਵਸਥਾ ਕੀਤੀ ਸੀ।

ਪੀਆਈਓ ਦਾ ਅਰਥ ਹੈ- ਪਰਸਨ ਆਫ਼ ਇੰਡੀਅਨ ਔਰੀਜਨ ਭਾਵ ਭਾਰਤੀ ਮੂਲ ਦਾ ਵਿਅਕਤੀ। ਇਹ ਕਾਰਡ ਪਾਸਪੋਰਟ ਵਾਂਗ ਦਸ ਸਾਲਾਂ ਲਈ ਜਾਰੀ ਕੀਤਾ ਜਾਂਦਾ ਸੀ।

ਸਾਲ 2006 ਵਿੱਚ ਪਰਵਾਸੀ ਭਾਰਤੀ ਦਿਵਸ ਦੇ ਮੌਕੇ ਭਾਰਤ ਸਰਕਾਰ ਨੇ ਹੈਦਰਾਬਾਦ ਵਿੱਚ ਓਸੀਆਈ ਕਾਰਡ ਦੇਣ ਦਾ ਐਲਾਨ ਕੀਤਾ ਸੀ।

ਲੰਬੇ ਸਮੇਂ ਤੋਂ ਪੀਆਈਓ ਅਤੇ ਓਸੀਆਈ ਕਾਰਡ ਦੋਵੇਂ ਪ੍ਰਚਲਨ ਵਿੱਚ ਸਨ ਪਰ 2015 ਵਿੱਚ ਪੀਆਈਓ ਦੀ ਵਿਵਸਥਾ ਨੂੰ ਖ਼ਤਮ ਕਰ ਦਿੱਤੀ ਗਈ। ਪਰ ਸਰਕਾਰ ਨੇ ਓਸੀਆਈ ਕਾਰਡ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਸੀ।

ਓਸੀਆਈ ਕਾਰਡ ਇੱਕ ਤਰੀਕੇ ਨਾਲ ਭਾਰਤ ਵਿੱਚ ਉਮਰ ਭਰ ਰਹਿਣ, ਕੰਮ ਕਰਨ ਅਤੇ ਹਰ ਤਰ੍ਹਾਂ ਦੇ ਆਰਥਿਕ ਲੈਣ-ਦੇਣ ਕਰਨ ਦੀ ਇਜਾਜ਼ਤ ਦਿੰਦਾ ਹੈ। ਓਸੀਆਈ ਕਾਰਡ ਧਾਰਕ ਜਦੋਂ ਚਾਹੇ ਵੀਜ਼ੇ ਤੋਂ ਬਿਨਾਂ ਭਾਰਤ ਆ ਸਕਦਾ ਹੈ। ਓਸੀਆਈ ਕਾਰਡ ਜ਼ਿੰਦਗੀ ਭਰ ਲਈ ਪ੍ਰਮਾਣਿਤ ਹੁੰਦਾ ਹੈ।

ਸੀਨੀਅਰ ਵਕੀਲ ਸੰਜੇ ਹੇਗੜੇ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਓਸੀਆਈ ਦੇ ਨਿਯਮ ਬਦਲਦੇ ਰਹਿੰਦੇ ਹਨ। ਮੌਜੂਦਾ ਪ੍ਰਣਾਲੀ ਦੇ ਤਹਿਤ, ਓਸੀਆਈ ਕਾਰਡ ਧਾਰਕ ਉਹ ਹਨ ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਸੁਤੰਤਰ ਭਾਰਤ ਦੇ ਨਾਗਰਿਕ ਸਨ ਅਤੇ ਜਿਨ੍ਹਾਂ ਨੇ ਖੁਦ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕੀਤੀ ਹੈ।”

ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਸਿੱਖਿਆ, ਜਾਇਦਾਦ ਅਤੇ ਕੁਝ ਪੇਸ਼ੇਵਰ ਗਤੀਵਿਧੀਆਂ ਨਾਲ ਸਬੰਧਿਤ ਲਾਭ ਵੀ ਪ੍ਰਾਪਤ ਹੁੰਦੇ ਹਨ।

ਓਸੀਆਈ ਕਾਰਡ ਹੋਲਡਰ ਨੂੰ ਕੀ ਮਨਾਹੀ ਹੈ

ਸੰਕੇਤਕ ਤਸਵੀਰ

ਓਸੀਆਈ ਕਾਰਡ ਹੋਲਡਰਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਭਾਰਤ ਸਰਕਾਰ ਦਿੰਦੀ ਹੈ ਪਰ ਇਸ ਦੇ ਨਾਲ ਹੀ ਕਈ ਚੀਜ਼ਾਂ ਦੀ ਮਨਾਹੀ ਵੀ ਹੈ।

  • ਸੰਜੇ ਹੇਗੜੇ ਨੇ ਸਮਝਾਇਆ ਕਿ ਓਸੀਆਈ ਕਾਰਡਧਾਰਕ ਭਾਰਤੀ ਚੋਣਾਂ ਵਿੱਚ ਵੋਟ ਨਹੀਂ ਪਾ ਸਕਦੇ
  • ਸੰਸਦ ਜਾਂ ਰਾਜ ਵਿਧਾਨ ਸਭਾਵਾਂ ਲਈ ਚੋਣਾਂ ਨਹੀਂ ਲੜ ਸਕਦੇ

ਜਾਂ ਭਾਰਤੀ ਨਾਗਰਿਕਾਂ ਲਈ ਰਾਖਵੇਂ ਹੋਰ ਰਾਜਨੀਤਿਕ ਅਧਿਕਾਰਾਂ ਦਾ ਦਾਅਵਾ ਨਹੀਂ ਕਰ ਸਕਦੇ

ਓਸੀਆਈ ਕਾਰਡਧਾਰਕਾਂ ‘ਤੇ ਲਗਾਏ ਗਏ ਅਧਿਕਾਰਾਂ ਅਤੇ ਪਾਬੰਦੀਆਂ ਨੂੰ ਨਾਗਰਿਕਤਾ ਐਕਟ, 1955 ਅਤੇ ਕੇਂਦਰ ਸਰਕਾਰ ਦੁਆਰਾ ਜਾਰੀ ਨਿਯਮਾਂ ਅਤੇ ਨੋਟੀਫਿਕੇਸ਼ਨਾਂ ਵਿੱਚ ਦੱਸਿਆ ਗਿਆ ਹੈ।

ਭਾਰਤ ਸਰਕਾਰ ਦੀ ਵੈੱਬਸਾਈਟ ਦੇ ਮੁਤਾਬਕ, ਓਸੀਆਈ ਕਾਰਡ ਹੋਲਡਰ ਨੂੰ ਕਿਸੇ ਵੀ ਤਰ੍ਹਾਂ ਦੀ ਰਿਸਰਚ, ਮਾਊਂਟੇਨਿਅਰਿੰਗ, ਪੱਤਰਕਾਰਤਾ ਜਾਂ ਰੁਜ਼ਗਾਰ ਲਈ ਵਿਭਾਗ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਜਾਂ ਮਨਾਹੀਸ਼ੁਦਾ ਥਾਵਾਂ ਉੱਤੇ ਜਾਣ ਲਈ ਵੀ ਇਜਾਜ਼ਤ ਲੈਣੀ ਪਵੇਗੀ। ਉਹ ਭਾਰਤ ਸਰਕਾਰ ਦੀ ਵੈੱਬਸਾਈਟ https://ociservices.gov.in ਉੱਤੇ ਆਪਣੀ ਅਰਜ਼ੀ ਸਬਮਿਟ ਕਰ ਸਕਦੇ ਹਨ।

ਸਿਟੀਜ਼ਨਸ਼ਿਪ ਐਕਟ 1955 ਦੀ ਧਾਰਾ 7ਏ ਦੇ ਮੁਤਾਬਕ ਅਜਿਹੀ ਗਤੀਵਿਧੀ ਜੋ ਭਾਰਤ ਦੀ ਪ੍ਰਭੁੱਸਤਾ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਉਸ ਦੇ ਲਈ ਉਸ ਵਿਅਕਤੀ ਦੀ ਓਸੀਆਈ ਕਾਰਡ ਦੀ ਰਜਿਸਟ੍ਰੇਸ਼ਨ ਨੂੰ ਰੱਦ ਕੀਤਾ ਜਾ ਸਕਦਾ ਹੈ।

ਵਿਦੇਸ਼ ਮੰਤਰਾਲਾ

ਪਰ ਕੀ ਓਸੀਆਈ ਹੋਲਡਰ ਭਾਰਤ ਵਿੱਚ ਚੋਣ ਪ੍ਰਚਾਰ ਜਾਂ ਰੈਲੀਆਂ ਦਾ ਹਿੱਸਾ ਬਣ ਸਕਦੇ ਹਨ।

ਇਸ ਬਾਰੇ ਸੀਨੀਅਰ ਵਕੀਲ ਅਰਜੁਨ ਸ਼ਿਓਰੋਨ ਕਹਿੰਦੇ ਹਨ ਕਿ ਓਸੀਆਈ ਹੋਲਡਰ ਭਾਰਤ ਦੇ ਨਾਗਰਿਕ ਨਹੀਂ ਹਨ, ਇਸ ਲਈ ਉਹ ਸਿਆਸੀ ਗਤੀਵਿਧੀਆਂ ਦਾ ਹਿੱਸਾ ਨਹੀਂ ਬਣ ਸਕਦੇ।

ਸਿਆਸੀ ਮਾਮਲਿਆਂ ਦੇ ਮਾਹਰ ਪ੍ਰੋਫੈਸਰ ਮੁਹੰਮਦ ਖ਼ਾਲਿਦ ਕਹਿੰਦੇ ਹਨ, “ਨਾ ਹੀ ਓਸੀਆਈ ਕਾਰਡਧਾਰਕ ਚੋਣ ਲੜ ਸਕਦੇ ਹਨ ਅਤੇ ਨਾ ਹੀ ਕਾਨੂੰਨੀ ਤੌਰ ਉੱਤੇ ਸਿਆਸੀ ਰੈਲੀਆਂ ਅਤੇ ਚੋਣ ਪ੍ਰਚਾਰ ਕਰ ਸਕਦੇ ਹਨ।”

ਉਹ ਕਹਿੰਦੇ ਹਨ ਕਿ ਐਨਆਰਆਈ (ਨੌਨ ਰੈਜ਼ੀਡੈਂਟ ਆਫ਼ ਇੰਡੀਆ) ਜ਼ਰੂਰ ਭਾਰਤ ਵਿੱਚ ਆ ਕੇ ਚੋਣਾਂ ਵਿੱਚ ਖੜੇ ਹੋ ਸਕਦੇ ਹਨ ਅਤੇ ਚੋਣ ਪ੍ਰਚਾਰ ਦਾ ਹਿੱਸਾ ਬਣ ਸਕਦੇ ਹਨ।

ਓਸੀਆਈ ਕਾਰਡ ਧਾਰਕ ਉਹ ਹੁੰਦੇ ਹਨ ਜਿਨ੍ਹਾਂ ਕੋਲ ਨਾਗਰਿਕਤਾ ਕਿਸੇ ਹੋਰ ਦੇਸ਼ ਦੀ ਹੁੰਦੀ ਹੈ ਪਰ ਉਹ ਮੂਲ ਰੂਪ ਤੋਂ ਭਾਰਤੀ ਹੁੰਦੇ ਹਨ ਜਦਕਿ ਐਨਆਰਆਈ ਉਹ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਨਾਗਰਿਕਤਾ ਤਾਂ ਭਾਰਤ ਦੀ ਹੀ ਹੈ ਪਰ ਉਹ ਵਸਨੀਕ ਕਿਸੇ ਹੋਰ ਦੇਸ਼ ਦੇ ਹਨ।

ਉਨ੍ਹਾਂ ਮੁਤਾਬਕ, ਓਸੀਆਈ ਹੋਲਡਰ ਸਿਆਸੀ ਗਤੀਵਿਧੀਆਂ ਦਾ ਹਿੱਸਾ ਨਹੀਂ ਹੋ ਸਕਦੇ।

ਸੰਜੇ ਹੇਗੜੇ ਕਹਿੰਦੇ ਹਨ, “ਕਿਉਂਕਿ ਓਸੀਆਈ ਕਾਰਡਧਾਰਕ ਵਿਦੇਸ਼ੀ ਨਾਗਰਿਕ ਹਨ, ਇਸ ਲਈ ਉਹ ਭਾਰਤ ਵਿੱਚ ਵਿਰੋਧ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਨਹੀਂ ਲੈ ਸਕਦੇ।”

ਪਰ ਇੱਥੇ ਸਵਾਲ ਉੱਠਦਾ ਹੈ ਕਿ ਕੀ ਓਸੀਆਈ ਕਾਰਡਧਾਰਕਾਂ ਵਿਰੁੱਧ ਸਿਆਸੀ ਗਤੀਵਿਧੀਆਂ ਜਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ?

ਇਸ ਸਵਾਲ ਦਾ ਜਵਾਬ ਦਿੰਦੇ ਹੋਏ, ਐਡਵੋਕੇਟ ਸੰਜੇ ਹੇਗੜੇ ਕਹਿੰਦੇ ਹਨ, “ਅਜਿਹੇ ਹਾਲਾਤਾਂ ਵਿੱਚ, ਓਸੀਆਈ ਕਾਰਡ ਰੱਦ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਜਾ ਸਕਦਾ ਹੈ।”

ਦੂਜੇ ਸ਼ਬਦਾਂ ਵਿੱਚ, ਕਾਨੂੰਨੀ ਰੂਪ ਵਿੱਚ, ਉਨ੍ਹਾਂ ਨੂੰ ਦੇਸ਼ ਤੋਂ ਕੱਢਿਆ ਜਾ ਸਕਦਾ ਹੈ। ਇੱਕ ਓਸੀਆਈ ਕਾਰਡ ਧਾਰਕ ਇੱਕ ਵਿਦੇਸ਼ੀ ਨਾਗਰਿਕ ਰਹਿੰਦਾ ਹੈ ਅਤੇ ਵਿਦੇਸ਼ੀਆਂ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਭਾਰਤੀ ਕਾਨੂੰਨਾਂ ਦੇ ਅਧੀਨ ਹੁੰਦਾ ਹੈ।

ਦੋਹਰੀ ਨਾਗਰਿਕਤਾ ਕੀ ਹੁੰਦੀ ਹੈ ਅਤੇ ਇਸ ਦੀ ਮੰਗ ਕਿਉਂ ਰਹਿੰਦੀ ਹੈ

ਦੋਹਰੀ ਨਾਗਰਿਕਤਾ ਦਾ ਮਤਲਬ ਹੈ ਉਹ ਵਿਅਕਤੀ ਜੋ ਇੱਕੋ ਸਮੇਂ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਦੀ ਨਾਗਰਿਕਤਾ ਰੱਖਦਾ ਹੈ।

ਕਿਸੇ ਵਿਅਕਤੀ ਕੋਲ ਦੋਹਰੀ ਨਾਗਰਿਕਤਾ ਹੋਣ ਦਾ ਮਤਲਬ ਹੈ ਕਿ ਉਸ ਕੋਲ ਇਹ ਅਧਿਕਾਰ ਹੈ ਕਿ ਉਹ ਇੱਕ ਤੋਂ ਵੱਧ ਦੇਸ਼ਾਂ ਦੇ ਪਾਸਪੋਰਟ ਆਪਣੇ ਕੋਲ ਰੱਖ ਸਕਦਾ ਹੈ।

ਉਦਾਹਰਣ ਵਜੋਂ, ਜੇਕਰ ਤੁਸੀਂ ਇੱਕ ਬ੍ਰਿਟਿਸ਼ ਨਾਗਰਿਕ ਹੋ ਅਤੇ ਅਮਰੀਕੀ ਨਾਗਰਿਕਤਾ ਵੀ ਰੱਖਦੇ ਹੋ, ਤਾਂ ਤੁਹਾਡੇ ਕੋਲ ਦੋਵਾਂ ਦੇਸ਼ਾਂ ਦੇ ਪਾਸਪੋਰਟ ਹੋਣਗੇ।

ਤੁਹਾਡੇ ਕੋਲ ਉਨ੍ਹਾਂ ਦੇਸ਼ਾਂ ਵਿੱਚ ਰਾਜਨੀਤਿਕ ਅਧਿਕਾਰ (ਵੋਟ ਪਾਉਣਾ ਅਤੇ ਚੋਣ ਲੜਨਾ) ਹੋਣਗੇ। ਇਸ ਤੋਂ ਇਲਾਵਾ, ਉਸ ਵਿਅਕਤੀ ਨੂੰ ਵੀਜ਼ਾ ਜਾਂ ਵਰਕ ਪਰਮਿਟ ਤੋਂ ਬਿਨਾਂ ਸਬੰਧਤ ਦੇਸ਼ਾਂ ਵਿੱਚ ਕਿਤੇ ਵੀ ਕੰਮ ਕਰਨ ਅਤੇ ਯਾਤਰਾ ਕਰਨ ਦਾ ਅਧਿਕਾਰ ਹੁੰਦਾ ਹੈ।

ਇਸ ਸਭ ਦੇ ਵਿਚਕਾਰ, ਇਹ ਸਵਾਲ ਉੱਠਦਾ ਹੈ ਕਿ ਕੀ ਭਾਰਤ ਦੋਹਰੀ ਨਾਗਰਿਕਤਾ ਦੀ ਆਗਿਆ ਦਿੰਦਾ ਹੈ।

ਇਸ ਦਾ ਜਵਾਬ ਹੈ ਨਹੀਂ।

ਭਾਰਤੀ ਸੰਵਿਧਾਨ ਕਿਸੇ ਵਿਅਕਤੀ ਨੂੰ ਇੱਕੋ ਸਮੇਂ ਭਾਰਤੀ ਨਾਗਰਿਕਤਾ ਅਤੇ ਵਿਦੇਸ਼ੀ ਨਾਗਰਿਕਤਾ ਦੋਵੇਂ ਰੱਖਣ ਦੀ ਆਗਿਆ ਨਹੀਂ ਦਿੰਦਾ।

ਸੰਸਦ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਸੀ, “ਭਾਰਤੀ ਸੰਵਿਧਾਨ ਦੀ ਧਾਰਾ 9 ਅਤੇ ਨਾਗਰਿਕਤਾ ਐਕਟ, 1955 ਦੀ ਧਾਰਾ 9 ਦੇ ਉਪਬੰਧਾਂ ਮੁਤਾਬਕ ਭਾਰਤ ਵਿੱਚ ਦੋਹਰੀ ਨਾਗਰਿਕਤਾ ਦੀ ਆਗਿਆ ਨਹੀਂ ਹੈ।”

ਜੇਕਰ ਕੋਈ ਵਿਅਕਤੀ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰਦਾ ਹੈ, ਤਾਂ ਭਾਰਤੀ ਪਾਸਪੋਰਟ ਰੱਖਣਾ ਜਾਂ ਵਰਤਣਾ ਭਾਰਤੀ ਪਾਸਪੋਰਟ ਐਕਟ, 1967 ਦੇ ਤਹਿਤ ਇੱਕ ਅਪਰਾਧ ਮੰਨਿਆ ਜਾਂਦਾ ਹੈ।

ਕੌਂਸਲੇਟ ਜਨਰਲ ਆਫ਼ ਇੰਡੀਆ, ਅਮਰੀਕਾ ਦੀ ਵੈੱਬਸਾਈਟ ਦੇ ਅਨੁਸਾਰ, ਇੱਕ ਵਾਰ ਜਦੋਂ ਤੁਸੀਂ ਵਿਦੇਸ਼ੀ ਨਾਗਰਿਕਤਾ ਹਾਸਲ ਕਰ ਲੈਂਦੇ ਹੋ, ਤਾਂ ਤੁਹਾਨੂੰ ਆਪਣਾ ਭਾਰਤੀ ਪਾਸਪੋਰਟ ਸੰਬੰਧਿਤ ਭਾਰਤੀ ਦੂਤਾਵਾਸ ਨੂੰ ਸੌਂਪਣਾ ਪਵੇਗਾ ਤਾਂ ਜੋ ਇਸਨੂੰ ਰੱਦ ਕੀਤਾ ਜਾ ਸਕੇ। ਯਾਨੀ, ਉਸ ਦੇਸ਼ ਵਿੱਚ ਭਾਰਤੀ ਦੂਤਾਵਾਸ ਨੂੰ, ਜਿੱਥੇ ਤੁਸੀਂ ਨਾਗਰਿਕਤਾ ਪ੍ਰਾਪਤ ਕਰਦੇ ਹੋ। ਫਿਰ ਭਾਰਤੀ ਦੂਤਾਵਾਸ ਇਸਨੂੰ ਰੱਦ ਕਰ ਦੇਵੇਗਾ ਅਤੇ ਤੁਹਾਡਾ ਪਾਸਪੋਰਟ ਤੁਹਾਨੂੰ ਇੱਕ ਸਰੰਡਰ ਸਰਟੀਫਿਕੇਟ ਦੇ ਨਾਲ ਵਾਪਸ ਕਰ ਦੇਵੇਗਾ।

ਵੈਬਸਾਈਟ ਦੇ ਮੁਤਾਬਕ, “ਭਾਰਤ ਦਾ ਸੰਵਿਧਾਨ ਇੱਕੋ ਸਮੇਂ ਭਾਰਤੀ ਨਾਗਰਿਕਤਾ ਅਤੇ ਕਿਸੇ ਵਿਦੇਸ਼ੀ ਦੇਸ਼ ਦੀ ਨਾਗਰਿਕਤਾ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ। ਭਾਰਤ ਸਰਕਾਰ ਨੇ ‘ਨਾਗਰਿਕਤਾ ਐਕਟ, 1955’ ਦੀ ਧਾਰਾ 7ਏ ਵਿੱਚ ਨਿਰਧਾਰਤ ਕੀਤੀ ਗਈ ਸ਼੍ਰੇਣੀ ਦੇ ‘ਭਾਰਤੀ ਮੂਲ ਦੇ ਵਿਅਕਤੀਆਂ’ ਨੂੰ ‘ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ’ ਕਾਰਡਧਾਰਕ ਵਜੋਂ ਰਜਿਸਟਰ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਅਸਲ ਵਿੱਚ ਜੀਵਨ ਭਰ ਲਈ ਇੱਕ ਵੀਜ਼ਾ ਹੈ, ਜਿਸਦੇ ਨਾਲ ਕੁਝ ਹੋਰ ਵਿਸ਼ੇਸ਼ ਅਧਿਕਾਰ ਵੀ ਜੁੜੇ ਹੋਏ ਹਨ।

ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਓਸੀਆਈ ਕਾਰਡ ਹੋਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਕਾਰਡਧਾਰਕ ‘ਦੋਹਰੀ ਨਾਗਰਿਕਤਾ’ ਦਾ ਦਾਅਵਾ ਕਰ ਸਕਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI