Source :- BBC PUNJABI
Didier Marti
ਇੱਕ ਨਵੀਂ ਸਟਡੀ ਮੁਤਾਬਕ, ਹਿਮਾਲਿਆਈ ਖੇਤਰ ਦੇ ਕੁਝ ਹਿੱਸਿਆਂ ਵਿੱਚ ਘੱਟੋ-ਘੱਟ ਤਿੰਨ ਲੱਖ ਲੋਕ ਅਜਿਹੇ ਇਲਾਕਿਆਂ ਵਿੱਚ ਰਹਿ ਰਹੇ ਹਨ, ਜਿੱਥੇ ਕੁਦਰਤੀ ਆਫ਼ਤਾਂ ਦਾ ਖ਼ਤਰਾ ਹੈ।
ਖੋਜਕਾਰਾਂ ਨੇ ਪਾਇਆ ਕਿ ਉੱਤਰੀ ਨੇਪਾਲ, ਦੱਖਣ-ਪੂਰਬੀ ਤਿੱਬਤ ਦੇ ਕੁਝ ਹਿੱਸਿਆਂ ਅਤੇ ਭਾਰਤ ਦੇ ਉੱਤਰਾਖੰਡ ਦੇ ਇੱਕ ਹਿੱਸੇ ਵਿੱਚ ਅਜਿਹੇ ਇਲਾਕਿਆਂ ਵਿੱਚ ਉਸਾਰੀ ਦਾ ਕੰਮ ਤੇਜ਼ੀ ਨਾਲ ਵਧਿਆ ਹੈ, ਜਿੱਥੇ ਕੁਦਰਤੀ ਆਫ਼ਤਾਂ ਦਾ ਖ਼ਤਰਾ ਜ਼ਿਆਦਾ ਹੈ।
ਸਾਲ 2016 ਤੋਂ 2023 ਦਰਮਿਆਨ ਇਨ੍ਹਾਂ ਇਲਾਕਿਆਂ ਵਿੱਚ ਇਮਾਰਤਾਂ ਅਤੇ ਹੋਰ ਢਾਂਚਿਆਂ ਹੇਠ ਆਉਣ ਵਾਲੀ ਜ਼ਮੀਨ ਦੇ ਖੇਤਰਫਲ ਵਿੱਚ ਕਰੀਬ 45 ਫ਼ੀਸਦੀ ਦਾ ਵਾਧਾ ਹੋਇਆ।
‘ਸਾਇੰਟਿਫਿਕ ਰਿਪੋਰਟਸ’ ਵਿੱਚ ਪ੍ਰਕਾਸ਼ਿਤ ਇਸ ਸਟਡੀ ਦੀ ਮਾਹਿਰਾਂ ਵੱਲੋਂ ਸਮੀਖਿਆ ਵੀ ਕੀਤੀ ਗਈ ਹੈ।
ਇਸ ਮੁਤਾਬਕ, ਗਲੇਸ਼ੀਅਰਾਂ ਤੋਂ ਬਣੀਆਂ ਝੀਲਾਂ ਵਿੱਚ ਹੜ੍ਹ ਆਉਣ ਦੇ ਖ਼ਤਰੇ ਵਾਲੇ ਇਲਾਕਿਆਂ ਵਿੱਚ ਉਸਾਰੀ ਦਾ ਕੰਮ ਹੋਰ ਤੇਜ਼ੀ ਨਾਲ ਵਧਿਆ ਹੈ। 2016 ਤੋਂ 2023 ਦਰਮਿਆਨ ਅਜਿਹੇ ਇਲਾਕਿਆਂ ਵਿੱਚ ਉਸਾਰੀ ਵਿੱਚ ਕਰੀਬ 78 ਫ਼ੀਸਦੀ ਦਾ ਵਾਧਾ ਹੋਇਆ।
ਇਸ ਸਟਡੀ ਨਾਲ ਜੁੜੇ ਵਿਗਿਆਨੀਆਂ ਨੇ ਕਿਹਾ ਕਿ ਖ਼ਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ।
ਇਸ ਦਾ ਕਾਰਨ ਇਹ ਹੈ ਕਿ ਖੋਜਕਾਰਾਂ ਨੇ ਸਿਰਫ਼ ਇੱਕ ਖ਼ਾਸ ਖੇਤਰ ਦਾ ਅਧਿਐਨ ਕੀਤਾ ਹੈ। ਉਨ੍ਹਾਂ ਨੇ ਆਲੇ-ਦੁਆਲੇ ਦੇ ਉਨ੍ਹਾਂ ਇਲਾਕਿਆਂ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ, ਜਿੱਥੇ ਇਸੇ ਤਰ੍ਹਾਂ ਦੇ ਖ਼ਤਰੇ ਮੌਜੂਦ ਹਨ।
ਇਹ ਸਟਡੀ ਅਗਸਤ ਵਿੱਚ ਨੇਪਾਲ ਵਿੱਚ ਆਏ ਭਿਆਨਕ ਹੜ੍ਹ ਤੋਂ ਪਹਿਲਾਂ ਕੀਤੀ ਗਈ ਸੀ। ਇਸ ਹੜ੍ਹ ਵਿੱਚ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲੋਕ ਲਾਪਤਾ ਹੋ ਗਏ ਸਨ।
ਇਸ ਤੋਂ ਬਾਅਦ ਵੀ ਕਈ ਛੋਟੀਆਂ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਵਿੱਚ 11 ਅਕਤੂਬਰ ਨੂੰ ਬੁਧੀ ਗੰਡਕੀ ਨਦੀ ਵਿੱਚ ਆਇਆ ਹੜ੍ਹ ਵੀ ਸ਼ਾਮਲ ਹੈ। ਇਸ ਹੜ੍ਹ ਕਾਰਨ 200 ਘਰਾਂ ਨੂੰ ਨੁਕਸਾਨ ਪਹੁੰਚਿਆ, ਪੰਜ ਪੁਲ ਰੁੜ੍ਹ ਗਏ ਅਤੇ ਪੰਜ ਲੋਕ ਲਾਪਤਾ ਹੋ ਗਏ।
ਨਦੀ ਕਿਨਾਰੇ ਬਣੀਆਂ ਇਮਾਰਤਾਂ ਨੂੰ ਹਟਾਉਣਾ ਵੱਡੀ ਚੁਣੌਤੀ
Piyas Biswas/SOPA Images/LightRocket via Getty Images
ਬ੍ਰਿਟੇਨ, ਨੇਪਾਲ ਅਤੇ ਭਾਰਤ ਦੇ ਨੌਂ ਖੋਜਕਾਰਾਂ ਨੇ ਹਿਮਾਲਿਆਈ ਨਦੀਆਂ ਦੇ ਕੰਢਿਆਂ ਤੋਂ 50 ਕਿਲੋਮੀਟਰ (30 ਮੀਲ) ਤੱਕ ਦੇ ਇਲਾਕਿਆਂ ਅਤੇ ਕਰੀਬ 1,360 ਗਲੇਸ਼ੀਅਰ ਝੀਲਾਂ ਦੇ ਆਲੇ-ਦੁਆਲੇ ਦੇ ਖੇਤਰਾਂ ਦਾ ਅਧਿਐਨ ਕੀਤਾ।
ਉਨ੍ਹਾਂ ਨੇ ਪਾਇਆ ਕਿ ਇਨ੍ਹਾਂ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਉਸਾਰੀ ਹੋਈ ਹੈ। ਇਸ ਵਿੱਚ ਸੈਰ-ਸਪਾਟੇ ਨਾਲ ਜੁੜੀਆਂ ਸਹੂਲਤਾਂ ਦਾ ਵਿਸਥਾਰ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਰੀਅਲ ਅਸਟੇਟ ਦਾ ਨਿਰਮਾਣ ਸ਼ਾਮਲ ਹੈ।
ਇਸ ਦੀ ਇੱਕ ਮਿਸਾਲ ਪੋਖਰਾ ਸ਼ਹਿਰ ਹੈ। ਹਿਮਾਲਿਆ ਦੀ ਤਲਹਟੀ ਵਿੱਚ ਵਸਿਆ ਇਹ ਸ਼ਹਿਰ ਸੈਰ-ਸਪਾਟੇ ਦਾ ਇੱਕ ਵੱਡਾ ਕੇਂਦਰ ਹੈ।
ਪਿਛਲੇ 30 ਸਾਲਾਂ ਵਿੱਚ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਸ਼ਹਿਰ ਦਾ ਵੀ ਕਾਫ਼ੀ ਵਿਸਥਾਰ ਹੋਇਆ ਹੈ।
ਪੋਖਰਾ ਦੇ ਮੇਅਰ ਧਨਰਾਜ ਆਚਾਰੀਆ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿਚਕਾਰੋਂ ਲੰਘਦੀ ਸੇਤੀ ਗੰਡਕੀ ਨਦੀ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਨਾਲ ਨਜਿੱਠਣਾ ਵੱਡੀ ਚੁਣੌਤੀ ਹੈ। ਇਹ ਨਦੀ ਅੰਨਪੂਰਨਾ ਪਰਬਤ ਲੜੀ ਤੋਂ ਨਿਕਲਦੀ ਹੈ ਅਤੇ ਪੂਰੇ ਸ਼ਹਿਰ ਵਿੱਚੋਂ ਹੋ ਕੇ ਲੰਘਦੀ ਹੈ।
ਉਨ੍ਹਾਂ ਦੱਸਿਆ ਕਿ ਨਦੀ ਦੇ ਕੰਢੇ ਕਈ ਪੁਰਾਣੀਆਂ ਇਮਾਰਤਾਂ ਮਹਿਜ਼ ਪੰਜ ਮੀਟਰ (16 ਫੁੱਟ) ਦੀ ਦੂਰੀ ‘ਤੇ ਬਣੀਆਂ ਹੋਈਆਂ ਹਨ, ਜਦਕਿ ਨਵੇਂ ਨਿਯਮਾਂ ਮੁਤਾਬਕ ਇਮਾਰਤਾਂ ਨਦੀ ਤੋਂ ਵਧੇਰੇ ਦੂਰੀ ‘ਤੇ ਹੋਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ, “ਇਨ੍ਹਾਂ ਇਮਾਰਤਾਂ ਨੂੰ ਕਿੱਥੇ ਲੈ ਕੇ ਜਾਈਏ ਅਤੇ ਇਨ੍ਹਾਂ ਨੂੰ ਉੱਥੋਂ ਕਿਵੇਂ ਹਟਾਈਏ, ਅਸਲ ਚੁਣੌਤੀ ਇਹੀ ਹੈ।”

ਦੁਨੀਆ ਭਰ ਵਿੱਚ ਮਸ਼ਹੂਰ ਅੰਨਪੂਰਨਾ ਟ੍ਰੈਕਿੰਗ ਖੇਤਰ ਉੱਤਰ ਵਿੱਚ ਸਥਿਤ ਹੈ। ਇੱਥੇ ਵੀ ਨਦੀ ਦੇ ਕੰਢੇ ਵਸੀਆਂ ਬਸਤੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਕੁਝ ਬਸਤੀਆਂ ਹਾਲ ਹੀ ਵਿੱਚ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੀ ਲਪੇਟ ਵਿੱਚ ਵੀ ਆਈਆਂ ਹਨ।
ਉੱਥੇ ਹੋਮਸਟੇ ਚਲਾਉਣ ਵਾਲੇ ਫੁਰਪਾ ਛਿਰਿੰਗ ਲਾਮਾ ਖ਼ੁਦ ਨੂੰ ਬੇਵੱਸ ਮਹਿਸੂਸ ਕਰ ਰਹੇ ਹਨ।
ਆਮ ਤੌਰ ‘ਤੇ ਸਾਲ ਦੇ ਇਸ ਸਮੇਂ ਟ੍ਰੈਕਿੰਗ ਦਾ ਸਿਖਰਲਾ ਸੀਜ਼ਨ ਹੁੰਦਾ ਹੈ ਅਤੇ ਉਨ੍ਹਾਂ ਦੇ ਸਾਰੇ 20 ਕਮਰੇ ਭਰੇ ਰਹਿੰਦੇ ਹਨ। ਪਰ ਹੁਣ ਸਿਰਫ਼ ਪੰਜ ਕਮਰੇ ਹੀ ਭਰੇ ਹੋਏ ਹਨ।
ਉਨ੍ਹਾਂ ਕਿਹਾ, “ਅਸੀਂ 40 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਹ ਕਾਰੋਬਾਰ ਕਰ ਰਹੇ ਹਾਂ, ਪਰ ਅਸੀਂ ਪਹਿਲਾਂ ਕਦੇ ਅਜਿਹੀ ਆਫ਼ਤ ਨਹੀਂ ਦੇਖੀ।”
ਮੋਦੀ ਨਦੀ ਦੇ ਨੇੜੇ ਹੋਟਲ ਚਲਾਉਣ ਵਾਲੇ ਕ੍ਰਿਸ਼ਨ ਗੌਚਨ ਵੀ ਚਿੰਤਤ ਹਨ। ਇਹ ਨਦੀ ਗਲੇਸ਼ੀਅਰਾਂ ਤੋਂ ਨਿਕਲਣ ਵਾਲੇ ਪਾਣੀ ਨਾਲ ਭਰਦੀ ਹੈ।
ਉਨ੍ਹਾਂ ਕਿਹਾ, “ਜੇਕਰ ਗਲੇਸ਼ੀਅਰ ਟੁੱਟਦਾ ਹੈ ਜਾਂ ਗਲੇਸ਼ੀਅਰ ਤੋਂ ਬਣੀ ਝੀਲ ਦਾ ਪਾਣੀ ਅਚਾਨਕ ਬਾਹਰ ਨਿਕਲਦਾ ਹੈ, ਤਾਂ ਇਸ ਨਦੀ ਵਿੱਚ ਹੜ੍ਹ ਆ ਸਕਦਾ ਹੈ। ਅਸੀਂ ਹਰ ਸਮੇਂ ਇਸੇ ਡਰ ਵਿੱਚ ਜੀ ਰਹੇ ਹਾਂ।”
ਤ੍ਰਿਭੁਵਨ ਯੂਨੀਵਰਸਿਟੀ ਦੇ ਇੱਕ ਸਥਾਨਕ ਕੈਂਪਸ ਵਿੱਚ ਭੂਗੋਲ ਦੇ ਅਧਿਆਪਕ ਖਗੇਂਦਰ ਪੌਡੇਲ ਦਾ ਕਹਿਣਾ ਹੈ ਕਿ ਸੈਰ-ਸਪਾਟੇ ਵਿੱਚ ਨਿਵੇਸ਼ ਕਰਨ ਵਾਲੇ ਕੁਝ ਲੋਕ ਇਨ੍ਹਾਂ ਥਾਵਾਂ ਦੇ ਖ਼ਤਰਿਆਂ ਨੂੰ ਧਿਆਨ ਵਿੱਚ ਰੱਖੇ ਬਿਨਾਂ ਹੀ ਉਨ੍ਹਾਂ ਨੂੰ ਸੈਰ-ਸਪਾਟਾ ਸਥਾਨਾਂ ਵਜੋਂ ਉਤਸ਼ਾਹਿਤ ਕਰਦੇ ਹਨ।
ਉੱਤਰੀ ਭਾਰਤ ਦੀਆਂ ਹਿਮਾਲਿਆਈ ਘਾਟੀਆਂ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਧਾਰਮਿਕ ਯਾਤਰਾਵਾਂ ਲਈ ਪਹੁੰਚਦੇ ਹਨ।
ਹੋਟਲ ਐਸੋਸੀਏਸ਼ਨ ਪੋਖਰਾ ਦੇ ਪ੍ਰਧਾਨ ਵੀ ਮੰਨਦੇ ਹਨ ਕਿ ਇਸ ਖੇਤਰ ਵਿੱਚ ਸੈਰ-ਸਪਾਟੇ ਨਾਲ ਜੁੜੇ ਕਾਰੋਬਾਰ ਦਾ ਵਿਸਥਾਰ “ਬਿਨਾਂ ਕਿਸੇ ਸਹੀ ਯੋਜਨਾਬੰਦੀ ਦੇ” ਹੋਇਆ ਹੈ ਅਤੇ ਇਨ੍ਹਾਂ ਥਾਵਾਂ ਨੂੰ “ਬੇਤਰਤੀਬੇ ਢੰਗ ਨਾਲ” ਉਤਸ਼ਾਹਿਤ ਕੀਤਾ ਗਿਆ ਹੈ।
ਲਕਸ਼ਮਣ ਸੁਬੇਦੀ ਨੇ ਕਿਹਾ, “ਜਦੋਂ ਤੱਕ ਆਫ਼ਤ ਆਉਂਦੀ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।”
Corbis via Getty Images
ਉਨ੍ਹਾਂ ਦੱਸਿਆ ਕਿ ਹੋਟਲ ਐਸੋਸੀਏਸ਼ਨ ਇੱਕ ਸੰਗਠਨ ਵਜੋਂ ਸੈਰ-ਸਪਾਟਾ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਖ਼ਤਰਿਆਂ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਸਟਡੀ ਦੇ ਮੁੱਖ ਲੇਖਕ ਅਤੇ ਲੀਡਜ਼ ਯੂਨੀਵਰਸਿਟੀ ਦੇ ਗਲੇਸ਼ੀਅਰ ਮਾਹਿਰ ਸੀ. ਸਕਾਟ ਵਾਟਸਨ ਨੇ ਚਿਤਾਵਨੀ ਦਿੱਤੀ, “ਨਦੀ ਦੀਆਂ ਘਾਟੀਆਂ ਵਿੱਚ ਆਬਾਦੀ ਲਗਾਤਾਰ ਵਧ ਰਹੀ ਹੈ। ਅੱਜ ਵਿਕਾਸ ਨੂੰ ਲੈ ਕੇ ਲਏ ਜਾ ਰਹੇ ਫ਼ੈਸਲਿਆਂ ਦਾ ਅਸਰ ਆਉਣ ਵਾਲੇ ਕਈ ਦਹਾਕਿਆਂ ਤੱਕ ਆਫ਼ਤਾਂ ਦੇ ਖ਼ਤਰੇ ‘ਤੇ ਪਵੇਗਾ।”
ਖੋਜਕਾਰਾਂ ਵੱਲੋਂ ਜਿਨ੍ਹਾਂ ਇਮਾਰਤਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਤੋਂ ਵੀ ਵੱਧ ਇਮਾਰਤਾਂ ‘ਤੇ ਖ਼ਤਰਾ ਹੋ ਸਕਦਾ ਹੈ।
ਸਟਡੀ ਵਿੱਚ ਉਨ੍ਹਾਂ ਸਾਰੀਆਂ ਇਮਾਰਤਾਂ ਨੂੰ ਖ਼ਤਰੇ ਦੀ ਜ਼ਦ ਵਿੱਚ ਮੰਨਿਆ ਗਿਆ, ਜੋ ਕਿਸੇ ਨਦੀ ਜਾਂ ਗਲੇਸ਼ੀਅਰ ਤੋਂ ਬਣੀ ਝੀਲ ਦੀ ਸਤ੍ਹਾ ਤੋਂ 50 ਮੀਟਰ (164 ਫੁੱਟ) ਦੀ ਉੱਚਾਈ ਦੇ ਦਾਇਰੇ ਵਿੱਚ ਸਨ।
ਪਰ 26 ਅਗਸਤ ਨੂੰ ਆਏ ਭਿਆਨਕ ਹੜ੍ਹ ਦੌਰਾਨ ਰਸੁਵਾ ਜ਼ਿਲ੍ਹੇ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਥਾਵਾਂ ‘ਤੇ ਨਦੀ ਦਾ ਪਾਣੀ ਦਾ ਪੱਧਰ 70 ਮੀਟਰ (230 ਫੁੱਟ) ਤੱਕ ਵਧ ਗਿਆ ਸੀ।
ਇਸ ਕਾਰਨ ਨਦੀ ਦੇ ਕੰਢਿਆਂ ਤੋਂ ਕਾਫ਼ੀ ਦੂਰ ਬਣੀਆਂ ਇਮਾਰਤਾਂ ਵੀ ਹੜ੍ਹ ਦੀ ਲਪੇਟ ਵਿੱਚ ਆ ਗਈਆਂ ਅਤੇ ਮਲਬੇ ਤੇ ਚਿੱਕੜ ਹੇਠ ਦੱਬ ਗਈਆਂ।
ਜਲਵਾਯੂ ਤਬਦੀਲੀ ਕਾਰਨ ਵਧ ਰਿਹਾ ਆਫ਼ਤਾਂ ਦਾ ਖ਼ਤਰਾ
Subaas Shrestha/NurPhoto via Getty Images
ਇਨ੍ਹਾਂ ਸਾਰੇ ਇਲਾਕਿਆਂ ਵਿੱਚ ਖ਼ਤਰੇ ਦਾ ਇੱਕ ਵੱਡਾ ਕਾਰਨ ਹਿਮਾਲਿਆਈ ਖੇਤਰ ਵਿੱਚ ਵਧ ਰਿਹਾ ਤਾਪਮਾਨ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਥੇ ਤਾਪਮਾਨ ਵਧਣ ਦੀ ਰਫ਼ਤਾਰ ਦੁਨੀਆ ਦੇ ਔਸਤ ਨਾਲੋਂ ਦੁੱਗਣੀ ਹੈ।
ਇਸ ਕਾਰਨ ਗਲੇਸ਼ੀਅਰ, ਬਰਫ਼ ਦੇ ਮੈਦਾਨ, ਬਰਫ਼ ਦੀਆਂ ਪਰਤਾਂ ਅਤੇ ਜ਼ਮੀਨ ‘ਤੇ ਸਾਲ ਭਰ ਜੰਮੀ ਰਹਿਣ ਵਾਲੀ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ।
ਇਸ ਨਾਲ ਪਹਾੜਾਂ ਦੀਆਂ ਢਲਾਣਾਂ ਕਮਜ਼ੋਰ ਹੋ ਸਕਦੀਆਂ ਹਨ। ਇਨ੍ਹਾਂ ਇਲਾਕਿਆਂ ਵਿੱਚ ਅਕਸਰ ਭੂਚਾਲ ਵੀ ਆਉਂਦੇ ਹਨ। ਅਜਿਹੇ ਵਿੱਚ ਪਹਾੜਾਂ ਤੋਂ ਮਲਬਾ ਖਿਸਕਣ ਅਤੇ ਹੋਰ ਘਟਨਾਵਾਂ ਕਾਰਨ ਹੇਠਲੇ ਇਲਾਕਿਆਂ ਵਿੱਚ ਭਾਰੀ ਤਬਾਹੀ ਹੋ ਸਕਦੀ ਹੈ।
ਬਰਫ਼ ਤੇਜ਼ੀ ਨਾਲ ਪਿਘਲਣ ਕਾਰਨ ਗਲੇਸ਼ੀਅਰਾਂ ਤੋਂ ਬਣੀਆਂ ਝੀਲਾਂ ਵਿੱਚ ਪਾਣੀ ਭਰਨ ਲੱਗਦਾ ਹੈ ਅਤੇ ਉਨ੍ਹਾਂ ਦਾ ਆਕਾਰ ਵਧਦਾ ਜਾਂਦਾ ਹੈ।
ਜਦੋਂ ਇਹ ਝੀਲਾਂ ਪਾਣੀ ਦਾ ਦਬਾਅ ਸਹਿਣ ਨਹੀਂ ਕਰ ਪਾਉਂਦੀਆਂ ਅਤੇ ਟੁੱਟ ਜਾਂਦੀਆਂ ਹਨ, ਤਾਂ ਜਾਨਲੇਵਾ ਹੜ੍ਹ ਆਉਂਦੇ ਹਨ। ਨੇਪਾਲ ਵਿੱਚ 1940 ਤੋਂ ਹੁਣ ਤੱਕ ਅਜਿਹੀਆਂ ਕਰੀਬ 30 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।
ਇੱਕ ਹੋਰ ਸਮੱਸਿਆ ਇਹ ਹੈ ਕਿ ਤਾਪਮਾਨ ਵਧਣ ਕਾਰਨ ਉੱਚੇ ਪਹਾੜੀ ਇਲਾਕਿਆਂ ਵਿੱਚ ਵੀ ਮੀਂਹ ਪੈਣ ਲੱਗਾ ਹੈ, ਜਿੱਥੇ ਪਹਿਲਾਂ ਸਿਰਫ਼ ਬਰਫ਼ਬਾਰੀ ਹੁੰਦੀ ਸੀ। ਇਸ ਨਾਲ ਪਹਾੜਾਂ ਦੀਆਂ ਢਲਾਣਾਂ ਖਿਸਕਣ, ਚੱਟਾਨਾਂ ਅਤੇ ਬਰਫ਼ ਦੇ ਵੱਡੇ ਟੁਕੜੇ ਡਿੱਗਣ ਵਰਗੀਆਂ ਘਟਨਾਵਾਂ ਦਾ ਖ਼ਤਰਾ ਵਧ ਜਾਂਦਾ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਜਲਵਾਯੂ ਤਬਦੀਲੀ ਕਾਰਨ ਪੈਦਾ ਹੋ ਰਹੇ ਖ਼ਤਰਿਆਂ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਨੇਪਾਲ ਨੂੰ ਅਜਿਹੇ ਸੰਕਟ ਦੀ “ਬਹੁਤ ਭਾਰੀ ਕੀਮਤ” ਚੁਕਾਉਣੀ ਪੈ ਰਹੀ ਹੈ, ਜਿਸ ਨੂੰ ਪੈਦਾ ਕਰਨ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ।
ਉਨ੍ਹਾਂ ਕਿਹਾ, “ਹਰ ਵੱਡੀ ਆਫ਼ਤ ਵਿਕਾਸ ਦੇ ਸਾਲਾਂ ਦੇ ਕੰਮ ਨੂੰ ਮਿਟਾ ਦੇਣ ਦਾ ਖ਼ਤਰਾ ਪੈਦਾ ਕਰਦੀ ਹੈ। ਇਸ ਕਾਰਨ ਇੱਕ ਗ਼ਰੀਬ ਦੇਸ਼ ਨੂੰ ਉਸ ਨੁਕਸਾਨ ਦੀ ਭਰਪਾਈ ਲਈ ਕਰਜ਼ਾ ਲੈਣਾ ਪੈਂਦਾ ਹੈ, ਜਿਸ ਲਈ ਉਹ ਖ਼ੁਦ ਜ਼ਿੰਮੇਵਾਰ ਨਹੀਂ ਹੈ।”
ਕੋਲੋਰਾਡੋ ਯੂਨੀਵਰਸਿਟੀ ਦੇ ਪਹਾੜੀ ਭੂਗੋਲ ਦੇ ਮਾਹਿਰ ਐਲਟਨ ਬਾਇਰਜ਼ ਇਸ ਸਟਡੀ ਦਾ ਹਿੱਸਾ ਨਹੀਂ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਟਡੀ ਨਾਲ ਬਿਹਤਰ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਅਤੇ ਆਫ਼ਤਾਂ ਤੋਂ ਬਚਾਅ ਦੇ ਹੋਰ ਉਪਾਅ ਲਾਗੂ ਕਰਨ ਵਿੱਚ ਮਦਦ ਮਿਲਣੀ ਚਾਹੀਦੀ ਹੈ।
ਹਾਲਾਂਕਿ, ਅਜਿਹਾ ਕਰਨਾ ਆਸਾਨ ਨਹੀਂ ਹੋਵੇਗਾ। ਇਸ ਦਿਸ਼ਾ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਸਾਰੀ ਨਾਲ ਜੁੜੇ ਨਿਯਮ ਜ਼ਮੀਨੀ ਪੱਧਰ ‘ਤੇ ਲਾਗੂ ਨਹੀਂ ਕੀਤੇ ਜਾਂਦੇ। ਕਈ ਇਲਾਕਿਆਂ ਵਿੱਚ ਸਾਲਾਂ ਤੋਂ ਬਿਨ੍ਹਾਂ ਕਿਸੇ ਸਹੀ ਯੋਜਨਾਬੰਦੀ ਦੇ ਉਸਾਰੀ ਹੁੰਦੀ ਰਹੀ ਹੈ।

ਨੇਪਾਲ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਸ਼ਹਿਰੀ ਯੋਜਨਾਬੰਦੀ ਦੇ ਮਾਹਿਰ ਪ੍ਰੋਫੈਸਰ ਸੂਰਿਆ ਰਾਜ ਆਚਾਰੀਆ ਮੁਤਾਬਕ, ਨਦੀਆਂ ਦੇ ਕੰਢਿਆਂ ‘ਤੇ ਨੀਵੀਂ ਅਤੇ ਸਮਤਲ ਜ਼ਮੀਨ ‘ਤੇ ਸੜਕਾਂ, ਜਲ-ਵਿਦਯੁਤ ਪ੍ਰਾਜੈਕਟਾਂ, ਹੋਟਲਾਂ ਅਤੇ ਬਾਜ਼ਾਰਾਂ ਵਾਲੇ ਕਸਬਿਆਂ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ।
ਇਨ੍ਹਾਂ ਇਲਾਕਿਆਂ ਤੱਕ ਪਹੁੰਚਣਾ ਆਸਾਨ ਹੈ ਅਤੇ ਇੱਥੇ ਉਸਾਰੀ ਕਰਨਾ ਵੀ ਸੁਵਿਧਾਜਨਕ ਹੈ।
ਉਨ੍ਹਾਂ ਕਿਹਾ ਕਿ ਉਸਾਰੀ ਲਈ ਜ਼ਿੰਮੇਵਾਰ ਲੋਕਾਂ ਨੇ ਅਕਸਰ ਸੁਰੱਖਿਆ ਨਿਯਮਾਂ ਦੀ ਅਣਦੇਖੀ ਕੀਤੀ ਹੈ। ਇਨ੍ਹਾਂ ਵਿੱਚ ਨਦੀਆਂ ਦੇ ਕੰਢਿਆਂ ਤੋਂ ਉਚਿਤ ਦੂਰੀ ਬਣਾਈ ਰੱਖਣਾ ਵੀ ਸ਼ਾਮਲ ਹੈ।
ਉਨ੍ਹਾਂ ਕਿਹਾ, “ਹਿਮਾਲਿਆ ਵਰਗੇ ਨਾਜ਼ੁਕ ਵਾਤਾਵਰਣ ਪ੍ਰਣਾਲੀ ਵਾਲੇ ਖੇਤਰ ਵਿੱਚ ਦੂਜੇ ਇਲਾਕਿਆਂ ਦੇ ਮੁਕਾਬਲੇ ਵਧੇਰੇ ਸਖ਼ਤ ਯੋਜਨਾਬੰਦੀ ਅਤੇ ਉਸਾਰੀ ਸਬੰਧੀ ਨਿਯਮਾਂ ਦੀ ਲੋੜ ਹੈ। ਇਸ ਦੇ ਬਾਵਜੂਦ ਇੱਥੇ ਨਿਯਮ ਕਮਜ਼ੋਰ ਰਹੇ ਹਨ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ।”
ਨੇਪਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੰਮ ਕਰ ਰਹੇ ਹਨ।
ਰਾਸ਼ਟਰੀ ਆਫ਼ਤ ਏਜੰਸੀ ਮੁਤਾਬਕ, ਹਾਲ ਹੀ ਵਿੱਚ ਭਾਰੀ ਤਬਾਹੀ ਝੱਲਣ ਵਾਲੇ ਰਸੁਵਾ-ਭੋਤੇਕੋਸ਼ੀ ਖੇਤਰ ਵਿੱਚ ਨਦੀ ਦੇ ਕੰਢੇ ਤੋਂ 15 ਮੀਟਰ (49 ਫੁੱਟ) ਦੇ ਦਾਇਰੇ ਵਿੱਚ ਬਸਤੀਆਂ ਵਸਾਉਣ ‘ਤੇ ਜਲਦ ਹੀ ਰੋਕ ਲਗਾ ਦਿੱਤੀ ਜਾਵੇਗੀ। ਦੂਜੀਆਂ ਨਦੀ ਘਾਟੀਆਂ ਵਿੱਚ ਵੀ ਜਲਦ ਹੀ ਇਸੇ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾਣਗੇ।
ਰਾਸ਼ਟਰੀ ਆਫ਼ਤ ਏਜੰਸੀ ਦੇ ਮੁੱਖ ਕਾਰਜਕਾਰੀ ਧਰਮ ਰਾਜ ਉਪ੍ਰੇਤੀ ਨੇ ਕਿਹਾ, “ਇਹ ਇੱਕ ਚੁਣੌਤੀਪੂਰਨ ਕੰਮ ਹੈ, ਕਿਉਂਕਿ ਕਈ ਥਾਵਾਂ ‘ਤੇ ਲੋਕਾਂ ਦਾ ਆਪਣੀ ਜ਼ਮੀਨ ਅਤੇ ਜਾਇਦਾਦ ਨਾਲ ਭਾਵਨਾਤਮਕ ਜੁੜਾਅ ਹੈ। ਪਰ ਵਧਦੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।”
ਉੱਤਰਾਖੰਡ ਵਿੱਚ ਵਾਤਾਵਰਣ ਨਿਯਮਾਂ ਦੀ ਅਣਦੇਖੀ ਕਰਕੇ ਧੜੱਲੇ ਨਾਲ ਉਸਾਰੀ
Bloomberg
ਨੇਪਾਲ ਦੀ ਪੱਛਮੀ ਸਰਹੱਦ ਨਾਲ ਲੱਗਦੇ ਭਾਰਤ ਦੇ ਉੱਤਰਾਖੰਡ ਸੂਬੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹੈ।
ਕਾਰਕੁਨ ਅਨੂਪ ਨੌਟਿਆਲ ਦਾ ਇਲਜ਼ਾਮ ਹੈ ਕਿ ਆਰਥਿਕ ਵਿਕਾਸ ਦੇ ਨਾਂ ‘ਤੇ ਇੱਥੇ ਸੈਰ-ਸਪਾਟੇ ਨਾਲ ਜੁੜੇ ਕਾਰੋਬਾਰਾਂ ਦੀ ਹੱਦ ਤੈਅ ਕਰਨ ਅਤੇ ਵਾਤਾਵਰਣ ਦੀ ਰੱਖਿਆ ਲਈ ਬਣਾਏ ਗਏ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਾਗਜ਼ਾਂ ‘ਤੇ ਨਦੀ ਦੇ ਕੰਢੇ ਘਰ ਅਤੇ ਹੋਰ ਇਮਾਰਤਾਂ ਬਣਾਉਣ ‘ਤੇ ਰੋਕ ਲਗਾਉਣ ਵਾਲੇ ਨਿਯਮ ਮੌਜੂਦ ਹਨ, “ਪਰ ਜ਼ਮੀਨੀ ਪੱਧਰ ‘ਤੇ ਇਨ੍ਹਾਂ ਨਿਯਮਾਂ ਨੂੰ ਲਾਗੂ ਹੁੰਦੇ ਹੋਏ ਨਹੀਂ ਦੇਖਿਆ ਜਾਂਦਾ।”
ਉਨ੍ਹਾਂ ਕਿਹਾ, “ਤੁਸੀਂ ਹਰ ਪਾਸੇ ਧੜੱਲੇ ਨਾਲ ਉਸਾਰੀ ਹੁੰਦੀ ਦੇਖ ਸਕਦੇ ਹੋ।”
ਉੱਤਰਾਖੰਡ ਸਰਕਾਰ ਨੇ 12 ਅਕਤੂਬਰ ਨੂੰ ਹੜ੍ਹ ਦੇ ਮੈਦਾਨਾਂ ਵਿੱਚ ਜ਼ਮੀਨ ਦੀ ਵਰਤੋਂ ਅਤੇ ਉਸਾਰੀ ਨੂੰ ਕੰਟਰੋਲ ਕਰਨ ਲਈ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ।
ਸੂਬਾ ਮੰਤਰੀ ਮੰਡਲ ਦੇ ਫ਼ੈਸਲੇ ਵਿੱਚ ਕਿਹਾ ਗਿਆ, “ਇਸ ਦਾ ਮਕਸਦ ਹੜ੍ਹਾਂ ਕਾਰਨ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਲੋਕਾਂ ਦੀ ਜਾਨ, ਜਾਇਦਾਦ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਦੀ ਰੱਖਿਆ ਕਰਨਾ ਹੈ। ਇਸ ਦੇ ਨਾਲ ਹੀ ਹੜ੍ਹ ਦੇ ਪਾਣੀ ਦੇ ਕੁਦਰਤੀ ਵਹਾਅ ਨੂੰ ਬਣਾਈ ਰੱਖਣਾ ਵੀ ਇਸ ਦਾ ਉਦੇਸ਼ ਹੈ।”
ਹਾਲਾਂਕਿ, ਤ੍ਰਿਭੁਵਨ ਯੂਨੀਵਰਸਿਟੀ ਵਿੱਚ ਆਫ਼ਤ ਅਧਿਐਨ ਕੇਂਦਰ ਦੇ ਨਿਰਦੇਸ਼ਕ ਬਸੰਤ ਰਾਜ ਅਧਿਕਾਰੀ ਦਾ ਮੰਨਣਾ ਹੈ ਕਿ ਅਜਿਹੇ ਖ਼ਤਰਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਸੰਭਵ ਨਹੀਂ ਹੋਵੇਗਾ।
ਉਨ੍ਹਾਂ ਦਾ ਸੁਝਾਅ ਹੈ ਕਿ ਲੋਕਾਂ ਨੂੰ ਘੱਟ ਖ਼ਤਰੇ ਵਾਲੇ ਇਲਾਕਿਆਂ ਵਿੱਚ ਉਸਾਰੀ ਕਰਨ ਲਈ ਉਤਸ਼ਾਹਿਤ ਕਰਨ ਦਾ ਇੱਕ ਤਰੀਕਾ ਬੀਮਾ ਪ੍ਰੀਮੀਅਮ ਨੂੰ ਖ਼ਤਰੇ ਦੇ ਪੱਧਰ ਮੁਤਾਬਕ ਤੈਅ ਕਰਨਾ ਵੀ ਹੋ ਸਕਦਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਧਿਕਾਰੀ ਇਲਾਕਿਆਂ ਨੂੰ ਖ਼ਤਰੇ ਦੇ ਪੱਧਰ ਮੁਤਾਬਕ ਉੱਚ, ਦਰਮਿਆਨੇ ਅਤੇ ਘੱਟ ਜੋਖਮ ਵਾਲੀਆਂ ਸ਼੍ਰੇਣੀਆਂ ਵਿੱਚ ਵੰਡ ਦੇਣ, ਤਾਂ ਉਸੇ ਅਨੁਸਾਰ ਬੀਮਾ ਕਵਰੇਜ ਵੀ ਤੈਅ ਕੀਤੀ ਜਾ ਸਕਦੀ ਹੈ। ਇਸ ਨਾਲ ਸੁਰੱਖਿਅਤ ਇਲਾਕਿਆਂ ਵਿੱਚ ਘਰ ਬਣਾਉਣ ਵਾਲੇ ਲੋਕਾਂ ਨੂੰ ਬਿਹਤਰ ਬੀਮਾ ਸੁਰੱਖਿਆ ਮਿਲ ਸਕੇਗੀ।
ਪਰ ਫ਼ਿਲਹਾਲ, ਇਸ ਪੂਰੇ ਖੇਤਰ ਵਿੱਚ ਉਸਾਰੀ ਦੀ ਰਫ਼ਤਾਰ ਹੌਲੀ ਪੈਣ ਦੇ ਕੋਈ ਸੰਕੇਤ ਦਿਖਾਈ ਨਹੀਂ ਦੇ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



