Home rss national punjabi2ਰਾਸ਼ਟਰੀ ਖ਼ਬਰਾਂ ਇਮਰਾਨ ਖਾਨ ਦੇ ਜੀਵਨ ‘ਚ ਸੰਘਰਸ਼ ਪਿਤਾ ਅਨਿਲ ਪਾਲ ਅਤੇ ਮਾਂ ਨੁਜ਼ਹਤ...

ਇਮਰਾਨ ਖਾਨ ਦੇ ਜੀਵਨ ‘ਚ ਸੰਘਰਸ਼ ਪਿਤਾ ਅਨਿਲ ਪਾਲ ਅਤੇ ਮਾਂ ਨੁਜ਼ਹਤ ਖਾਨ ਦੇ ਰਿਸ਼ਤੇ ‘ਚ ਤਣਾਅ ਕਾਰਨ ਬਚਪਨ ਤੋਂ ਹੀ ਰਿਹਾ

3
0

Source :- BBC PUNJABI

ਇਮਰਾਨ ਖ਼ਾਨ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ, ਪਰ ਜਲਦੀ ਹੀ ਉਹ ਗੁਮਨਾਮੀ ਦੇ ਹਨੇਰੇ ਵਿੱਚ ਖੋਹ ਗਏ।

ਬਾਲੀਵੁੱਡ ਅਦਾਕਾਰ ਇਮਰਾਨ ਖ਼ਾਨ ਇਨ੍ਹੀ ਦਿਨੀਂ ਸੁਰਖ਼ੀਆਂ ਵਿੱਚ ਹਨ। ਮੁੰਬਈ ਪੁਲਿਸ ਨੇ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦੇ ਨਿਰਦੇਸ਼ ਦਿੱਤੇ ਹਨ।

ਇਮਰਾਨ ਨੇ 10 ਅਕਤੂਬਰ ਨੂੰ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ, ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਪੁਲਿਸ ਦੇ ਮੁਤਾਬਕ, ਭਾਰਤੀ ਨਾਗਰਿਕ ਨਾ ਹੋਣ ਦੇ ਬਾਵਜੂਦ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ‘ਤੇ ਉਨ੍ਹਾਂ ਖ਼ਿਲਾਫ਼ ਇਮੀਗ੍ਰੇਸ਼ਨ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।

ਹਾਲਾਂਕਿ, ਇਮਰਾਨ ਖ਼ਾਨ ਦੇ ਵਕੀਲਾਂ ਦਾ ਦਾਅਵਾ ਹੈ ਕਿ ਉਹ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੋਏ ਸਨ, ਸਗੋਂ ਉੱਥੋਂ ਲੰਘ ਰਹੇ ਸਨ।

ਇਸ ਮਾਮਲੇ ‘ਤੇ ਚਰਚਾ ਜਾਰੀ ਹੈ, ਪਰ ਇਸ ਵਿਵਾਦ ਦੇ ਦਰਮਿਆਨ ਇਮਰਾਨ ਦੀ ਜ਼ਿੰਦਗੀ ਅਤੇ ਕਰੀਅਰ ਦਾ ਸਫ਼ਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਅਜਿਹਾ ਸਫ਼ਰ, ਜਿਸ ਵਿੱਚ ਸ਼ੋਹਰਤ, ਗੁਮਨਾਮੀ ਅਤੇ ਨਿੱਜੀ ਸੰਘਰਸ਼ਾਂ ਦੇ ਕਈ ਪੜਾਅ ਆਏ।

ਅਮਰੀਕਾ ਵਿੱਚ ਜਨਮੇ ਇਮਰਾਨ ਕਦੇ ਬਾਲੀਵੁੱਡ ਦੇ ਉਭਰਦੇ ਸਿਤਾਰਿਆਂ ਵਿੱਚ ਗਿਣੇ ਜਾਂਦੇ ਸਨ। ਕਰੀਬ ਡੇਢ ਦਹਾਕਾ ਪਹਿਲਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ, ਵੱਡੇ ਪਰਦੇ ‘ਤੇ ਸ਼ੋਹਰਤ ਹਾਸਲ ਕੀਤੀ, ਪਰ ਬਾਅਦ ਵਿੱਚ ਉਹ ਫ਼ਿਲਮੀ ਦੁਨੀਆ ਤੋਂ ਦੂਰ ਹੋ ਗਏ।

ਉਹ ਡਿਪ੍ਰੈਸ਼ਨ ਨਾਲ ਵੀ ਜੂਝਦੇ ਰਹੇ ਅਤੇ ਲੰਬੇ ਸਮੇਂ ਤੱਕ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਰਹੇ। ਹੁਣ ਵਾਪਸੀ ਦੀਆਂ ਉਮੀਦਾਂ ਦੇ ਦਰਮਿਆਨ ਉਹ ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਆਖ਼ਿਰ ਬਾਲੀਵੁੱਡ ਦੇ ਇਸ ਸਿਤਾਰੇ ਦਾ ਸਫ਼ਰ ਇੱਥੋਂ ਤੱਕ ਕਿਵੇਂ ਪਹੁੰਚਿਆ?

‘ਪਾਲ’ ਤੋਂ ‘ਖ਼ਾਨ’ ਤੱਕ

ਇਮਰਾਨ ਖ਼ਾਨ ਆਪਣੀ ਪਾਰਟਨਰ ਲੇਖਾ ਵਾਸ਼ਿੰਗਟਨ ਨਾਲ

ਬਾਲੀਵੁੱਡ ਵਿੱਚ ਇਮਰਾਨ ਖ਼ਾਨ ਨੂੰ ਸੁਪਰਸਟਾਰ ਆਮਿਰ ਖ਼ਾਨ ਦੇ ਭਾਣਜੇ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਆਮਿਰ ਖ਼ਾਨ ਦੀ ਕਜ਼ਿਨ ਨੂਜ਼ਹਤ ਖ਼ਾਨ ਦੇ ਪੁੱਤਰ ਹਨ। ਫ਼ਿਲਮ ਨਿਰਦੇਸ਼ਕ ਮੰਸੂਰ ਖ਼ਾਨ ਇਮਰਾਨ ਦੇ ਸਕੇ ਮਾਮਾ ਹਨ।

ਇਮਰਾਨ ਖ਼ਾਨ ਦੇ ਪਿਤਾ ਅਨਿਲ ਪਾਲ ਭਾਰਤੀ ਬੰਗਾਲੀ ਮੂਲ ਦੇ ਅਮਰੀਕੀ ਹਨ, ਜਿਨ੍ਹਾਂ ਨੇ ਆਈਆਈਟੀ ਬੰਬੇ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। ਫ਼ਿਲਮ ਨਿਰਦੇਸ਼ਕ ਮੰਸੂਰ ਖ਼ਾਨ ਉਨ੍ਹਾਂ ਦੇ ਸਹਿਪਾਠੀ ਰਹੇ ਸਨ।

ਮੰਸੂਰ ਖ਼ਾਨ ਦੀ ਭੈਣ ਨੂਜ਼ਹਤ ਖ਼ਾਨ ਨੇ ਸਾਫਟਵੇਅਰ ਇੰਜੀਨੀਅਰ ਅਨਿਲ ਪਾਲ ਨਾਲ ਵਿਆਹ ਕੀਤਾ ਅਤੇ ਅਮਰੀਕਾ ਚਲੀ ਗਈ। ਉੱਥੇ ਹੀ 1983 ਵਿੱਚ ਅਮਰੀਕਾ ਦੇ ਵਿਸਕਾਂਸਿਨ ਰਾਜ ਦੇ ਮੈਡਿਸਨ ਸ਼ਹਿਰ ਵਿੱਚ ਉਨ੍ਹਾਂ ਦੇ ਪੁੱਤਰ ਇਮਰਾਨ ਦਾ ਜਨਮ ਹੋਇਆ।

ਪਰ ਜਦੋਂ ਇਮਰਾਨ ਸਿਰਫ਼ ਡੇਢ ਸਾਲ ਦੇ ਸਨ, ਤਾਂ ਉਨ੍ਹਾਂ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਉਹ ਆਪਣੀ ਮਾਂ ਨਾਲ ਮੁੰਬਈ ਵਾਪਸ ਆ ਗਏ।

ਮਾਤਾ-ਪਿਤਾ ਦੇ ਵੱਖ ਹੋਣ ਤੋਂ ਬਾਅਦ ਇਮਰਾਨ ਦੀ ਪਰਵਰਿਸ਼ ਮਾਂ ਨੂਜ਼ਹਤ ਖ਼ਾਨ ਨੇ ਕੀਤੀ। ਪਿਤਾ ਦੇ ਸਰਨੇਮ ਦੀ ਬਜਾਏ ਮਾਂ ਦਾ ਸਰਨੇਮ “ਖ਼ਾਨ” ਅਪਣਾਉਣ ਬਾਰੇ ਇਮਰਾਨ ਨੇ ਇੱਕ ਵਾਰ ਕਿਹਾ ਸੀ, “ਮੈਂ ਖ਼ਾਨ ਸਰਨੇਮ ਇਸ ਲਈ ਵਰਤਦਾ ਹਾਂ ਕਿਉਂਕਿ ਇੱਕ ਤਰ੍ਹਾਂ ਨਾਲ ਮੇਰੀ ਮਾਂ ਨੇ ਹੀ ਇਕੱਲੇ ਮੇਰੀ ਪਰਵਰਿਸ਼ ਕੀਤੀ ਹੈ। ਮੇਰੇ ਪੂਰੇ ਸਫ਼ਰ ਦੌਰਾਨ ਮਾਂ ਹੀ ਮੇਰੇ ਨਾਲ ਰਹੀ ਹੈ। ਇਹੀ ਕਾਰਨ ਹੈ ਕਿ ਮੈਂ ਖ਼ਾਨ ਹਾਂ।”

ਉਨ੍ਹਾਂ ਦਾ ਵੱਡਾ ਹਿੱਸਾ ਬਚਪਨ ਆਪਣੇ ਨਾਨਕਿਆਂ ਵਿੱਚ ਬੀਤਿਆ। ਸ਼ੁਰੂਆਤੀ ਸਕੂਲੀ ਪੜ੍ਹਾਈ ਮੁੰਬਈ ਵਿੱਚ ਹੋਈ। ਪਰ ਪਰਿਵਾਰ ਵਿੱਚ ਆਏ ਵੱਡੇ ਬਦਲਾਅ ਅਤੇ ਨਵੇਂ ਮਾਹੌਲ ਨਾਲ ਇਮਰਾਨ ਖੁਦ ਨੂੰ ਢੰਗ ਨਾਲ ਜੋੜ ਨਹੀਂ ਸਕੇ।

ਇੱਕ ਇੰਟਰਵਿਊ ਵਿੱਚ ਇਮਰਾਨ ਨੇ ਦੱਸਿਆ, “ਮੈਂ ਬੰਬੇ ਸਕਾਟਿਸ਼ ਸਕੂਲ ਵਿੱਚ ਪੜ੍ਹਦਾ ਸੀ। ਉੱਥੇ ਮੇਰੀ ਹਾਲਤ ਇੰਨੀ ਖਰਾਬ ਹੋਣ ਲੱਗੀ ਕਿ ਮਾਤਾ-ਪਿਤਾ ਨੂੰ ਮੈਨੂੰ ਸਕੂਲ ਤੋਂ ਕੱਢਣਾ ਪਿਆ। ਉਸ ਸਮੇਂ ਬੱਚਿਆਂ ਨੂੰ ਛੜੀ ਨਾਲ ਮਾਰਿਆ ਜਾਂਦਾ ਸੀ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਸੀ ਅਤੇ ਇਸ ਕਾਰਨ ਮੇਰੀ ਹਕਲਾਹਟ ਦੀ ਸਮੱਸਿਆ ਕਾਫ਼ੀ ਵੱਧ ਗਈ। ਮੇਰੇ ਨੰਬਰ ਵੀ ਘਟਣ ਲੱਗ ਪਏ ਸਨ।”

ਕੁਝ ਸਮੇਂ ਬਾਅਦ ਉਨ੍ਹਾਂ ਦੀ ਮਾਂ ਨੇ ਅਦਾਕਾਰ ਰਾਜ ਜੁਤਸ਼ੀ ਨਾਲ ਵਿਆਹ ਕਰ ਲਿਆ। ਇਸ ਤੋਂ ਬਾਅਦ ਇਮਰਾਨ ਨੂੰ ਤਮਿਲਨਾਡੂ ਦੇ ਕੁਨੂਰ ਵਿੱਚ ਇੱਕ ਬੋਰਡਿੰਗ ਸਕੂਲ ਭੇਜਿਆ ਗਿਆ। ਬਾਅਦ ਵਿੱਚ ਉਹ ਊਟੀ ਦੇ ਇੱਕ ਹੋਰ ਬੋਰਡਿੰਗ ਸਕੂਲ ਵਿੱਚ ਵੀ ਪੜ੍ਹੇ।

ਕੁਝ ਸਾਲਾਂ ਬਾਅਦ ਇਮਰਾਨ ਮੁੜ ਆਪਣੇ ਪਿਤਾ ਕੋਲ ਅਮਰੀਕਾ ਚਲੇ ਗਏ ਅਤੇ ਅਗਲੇ ਕਈ ਸਾਲ ਉੱਥੇ ਹੀ ਰਹੇ। ਕੈਲੀਫ਼ੋਰਨੀਆ ਵਿੱਚ ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਪੂਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਲਾਸ ਐਂਜਲਿਸ ਤੋਂ ਫ਼ਿਲਮਮੇਕਿੰਗ ਦੀ ਪੜ੍ਹਾਈ ਕੀਤੀ।

ਪਰ ਇਮਰਾਨ ਦੀ ਅਸਲ ਮੰਜ਼ਿਲ ਤਾਂ ਬਾਲੀਵੁੱਡ ਹੀ ਸੀ।

‘ਮਾਮੂ’ ਦਾ ਕਨੈਕਸ਼ਨ, ਬਾਲੀਵੁੱਡ ਵਿੱਚ ਚੋਣ

ਇਮਰਾਨ ਖਾਨ

ਭਾਰਤ ਵਾਪਸ ਆ ਕੇ ਇਮਰਾਨ ਨੇ ਅਦਾਕਾਰ ਵਜੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੂੰ ਉਨ੍ਹਾਂ ਦੇ ਮਾ ਆਮਿਰ ਖ਼ਾਨ ਨੇ ਲਾਂਚ ਕੀਤਾ।

ਫ਼ਿਲਮ ਸੀ ਅੱਬਾਸ ਟਾਇਰਵਾਲਾ ਦੀ ਨਿਰਦੇਸ਼ਿਤ ਰੋਮਾਂਟਿਕ ਕਾਮੇਡੀ ‘ਜਾਨੇ ਤੂ… ਜਾਂ ਜਾਨੇ ਨਾ’ (2008), ਜੋ ਉਸ ਸਾਲ ਦੀਆਂ ਵੱਡੀਆਂ ਹਿੱਟ ਫ਼ਿਲਮਾਂ ਵਿੱਚੋਂ ਇੱਕ ਰਹੀ।

ਇਮਰਾਨ ਖ਼ਾਨ ਨੇ ‘ਬੈਸਟ ਮੇਲ ਡੈਬਿਊ’ ਦਾ ਫ਼ਿਲਮਫੇਅਰ ਐਵਾਰਡ ਜਿੱਤਿਆ। ਫ਼ਿਲਮ ਸਮੀਖਿਆਕਾਰਾਂ ਨੇ ਇਮਰਾਨ ਨੂੰ “ਇਸ ਦੌਰ ਦਾ ਸਭ ਤੋਂ ਵਧੀਆ ਨੌਜਵਾਨ ਅਦਾਕਾਰ” ਤੱਕ ਕਿਹਾ।

ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਇਮਰਾਨ ਦੀਆਂ ਅਗਲੀਆਂ ਦੋ ਐਕਸ਼ਨ ਫ਼ਿਲਮਾਂ ‘ਕਿਡਨੈਪ’ ਅਤੇ ‘ਲੱਕ’ ਫਲਾਪ ਰਹੀਆਂ।

ਪਰ ਇਸ ਤੋਂ ਬਾਅਦ ਦੇ ਦੋ ਸਾਲ ਇਮਰਾਨ ਦੇ ਕਰੀਅਰ ਲਈ ਕਾਫ਼ੀ ਵਧੀਆ ਸਾਬਤ ਹੋਏ ਅਤੇ ਉਹ ਵੱਡੇ ਬੈਨਰਾਂ ਦੀਆਂ ਫ਼ਿਲਮਾਂ ਵਿੱਚ ਹੀਰੋ ਵਜੋਂ ਨਜ਼ਰ ਆਉਂਦੇ ਰਹੇ। ਕਰਨ ਜੌਹਰ ਨਿਰਮਿਤ ‘ਆਈ ਹੇਟ ਲਵ ਸਟੋਰੀਜ਼’ (2010), ਯਸ਼ਰਾਜ ਫ਼ਿਲਮਜ਼ ਦੀ ‘ਮੇਰੇ ਬ੍ਰਦਰ ਕੀ ਦੁਲਹਨ’ (2011) ਅਤੇ ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੀ ‘ਦਿੱਲੀ ਬੈਲੀ’ (2011) ਨੇ ਖੂਬ ਸਫ਼ਲਤਾ ਹਾਸਲ ਕੀਤੀ।

ਰੋਮਾਂਟਿਕ ਹੀਰੋ ਵਜੋਂ ਇਮਰਾਨ ਨੇ ਬਾਲੀਵੁੱਡ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਲਈ ਸੀ। ਰਣਬੀਰ ਕਪੂਰ ਅਤੇ ਰਣਵੀਰ ਸਿੰਘ ਦੇ ਨਾਲ ਇਮਰਾਨ ਦਾ ਨਾਮ ਵੀ ਉਸ ਸਮੇਂ ਦੇ ਚੋਟੀ ਦੇ ਨੌਜਵਾਨ ਸਿਤਾਰਿਆਂ ਵਿੱਚ ਲਿਆ ਜਾਂਦਾ ਸੀ।

ਪਰ ਇਸ ਤੋਂ ਬਾਅਦ ਇਮਰਾਨ ਦੇ ਕਰੀਅਰ ਦਾ ਗ੍ਰਾਫ਼ ਲਗਾਤਾਰ ਹੇਠਾਂ ਜਾਣ ਲੱਗ ਪਿਆ।

ਕਰੀਅਰ ਦੇ ਨਾਲ ਨਿੱਜੀ ਜ਼ਿੰਦਗੀ ਵਿੱਚ ਵੀ ਉਤਾਰ-ਚੜ੍ਹਾਅ

ਫ਼ਿਲਮ 'ਕੱਟੀ-ਬੱਟੀ' ਦੇ ਪ੍ਰਮੋਸ਼ਨ ਦੌਰਾਨ ਕੰਗਨਾ ਰਣੌਤ ਨਾਲ ਇਮਰਾਨ ਖ਼ਾਨ

ਇਮਰਾਨ ਖ਼ਾਨ ਦੀ ਅਦਾਕਾਰੀ ਦੀ ਆਲੋਚਨਾ ਕਰਦੇ ਹੋਏ ਅਕਸਰ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਅਦਾਕਾਰੀ ਦੀ ਰੇਂਜ ਬਹੁਤ ਸੀਮਿਤ ਹੈ। ਅਦਾਕਾਰ ਵਜੋਂ ਇਮਰਾਨ ਬਾਰੇ ਇਹ ਧਾਰਨਾ ਬਣ ਚੁੱਕੀ ਸੀ ਕਿ ਉਹ ਸਿਰਫ਼ ਸ਼ਹਿਰੀ ਅਤੇ ਰੋਮਾਂਟਿਕ ਨੌਜਵਾਨ ਦੇ ਕਿਰਦਾਰਾਂ ਵਿੱਚ ਹੀ ਫਿੱਟ ਬੈਠਦੇ ਹਨ। ਵਿਸ਼ਾਲ ਭਾਰਦਵਾਜ ਨੇ ਉਨ੍ਹਾਂ ਨੂੰ ਆਪਣੀ ਮਹੱਤਵਾਕਾਂਖੀ ਫ਼ਿਲਮ ‘ਮਟਰੂ ਕੀ ਬਿਜਲੀ ਕਾ ਮੰਡੋਲਾ’ (2012) ਵਿੱਚ ਇੱਕ ਹਰਿਆਣਵੀ ਨੌਜਵਾਨ ਦਾ ਕਿਰਦਾਰ ਦਿੱਤਾ।

ਸੋਸ਼ਲ ਐਕਟਿਵਿਸਟ ਹੁਕਮ ਸਿੰਘ ‘ਮਟਰੂ’ ਦੇ ਕਿਰਦਾਰ ਦੀ ਤਿਆਰੀ ਲਈ ਇਮਰਾਨ ਨੇ ਹਰਿਆਣਵੀ ਬੋਲਣ ਦੀ ਟ੍ਰੇਨਿੰਗ ਵੀ ਲਈ, ਪਰ ਫ਼ਿਲਮ ਬੁਰੀ ਤਰ੍ਹਾਂ ਫਲਾਪ ਰਹੀ।

ਸਾਲਾਂ ਬਾਅਦ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਅਜੈ ਦੇਵਗਨ ਵੱਲੋਂ ਇਹ ਭੂਮਿਕਾ ਠੁਕਰਾਉਣ ਤੋਂ ਬਾਅਦ ਵਿਸ਼ਾਲ ਭਾਰਦਵਾਜ ਨੇ ਉਨ੍ਹਾਂ ਨੂੰ ਇਸ ਫ਼ਿਲਮ ਵਿੱਚ ਲਿਆ ਸੀ।

ਇਮਰਾਨ ਦੇ ਮੁਤਾਬਕ, ਵਿਸ਼ਾਲ ਭਾਰਦਵਾਜ ਉਨ੍ਹਾਂ ਨੂੰ ਸਿਰਫ਼ ਇਸ ਲਈ ਕਾਸਟ ਕਰਨਾ ਚਾਹੁੰਦੇ ਸਨ ਤਾਂ ਜੋ ਫ਼ਿਲਮ ਲਈ ਵੱਡਾ ਬਜਟ ਹਾਸਲ ਕੀਤਾ ਜਾ ਸਕੇ।

ਇਮਰਾਨ ਨੂੰ ਲੱਗਦਾ ਸੀ ਕਿ ਵਿਸ਼ਾਲ ਉਨ੍ਹਾਂ ਨਾਲ ਕੰਮ ਕਰਨ ਵਿੱਚ ਖ਼ਾਸ ਦਿਲਚਸਪੀ ਨਹੀਂ ਰੱਖਦੇ ਸਨ।

ਉਨ੍ਹਾਂ ਨੇ ਕਿਹਾ ਸੀ, “ਮੈਨੂੰ ਉਨ੍ਹਾਂ ਨਾਲ ਇੱਕ ਦੂਰੀ ਮਹਿਸੂਸ ਹੁੰਦੀ ਸੀ। ਕੋਈ ਜੁੜਾਅ ਨਹੀਂ ਸੀ, ਸਿਰਫ਼ ‘ਐਕਸ਼ਨ’ ਅਤੇ ‘ਕਟ’। ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਇਕੱਲਾਪਾ ਭਰੀ ਫ਼ਿਲਮ ਸੀ।”

ਨਾਕਾਮੀ ਦਾ ਸਿਲਸਿਲਾ ਇਸ ਤੋਂ ਬਾਅਦ ਵੀ ਨਹੀਂ ਰੁਕਿਆ। ਅਕਸ਼ੈ ਕੁਮਾਰ ਨਾਲ ਅਗਲੀ ਵੱਡੀ ਫ਼ਿਲਮ ‘ਵੰਸ ਅਪਾਨ ਏ ਟਾਈਮ ਇਨ ਮੁੰਬਈ ਦੋਬਾਰਾ’ (2013) ਵਿੱਚ ਇਮਰਾਨ ਇੱਕ ਗੈਂਗਸਟਰ ਦੀ ਭੂਮਿਕਾ ਵਿੱਚ ਨਜ਼ਰ ਆਏ।

ਫ਼ਿਲਮ ਦੇ ਬੁਰੀ ਤਰ੍ਹਾਂ ਫਲਾਪ ਹੋਣ ਤੋਂ ਬਾਅਦ ਸਮੀਖਿਆਕਾਰਾਂ ਨੇ ਇਸ ਦੀ ਸਭ ਤੋਂ ਕਮਜ਼ੋਰ ਕੜੀ ਇਮਰਾਨ ਖ਼ਾਨ ਨੂੰ ਕਰਾਰ ਦਿੱਤਾ।

ਅਗਲੀਆਂ ਦੋ ਫ਼ਿਲਮਾਂ ‘ਗੋਰੀ ਤੇਰੇ ਪਿਆਰ ਮੇਂ’ (2013) ਅਤੇ ‘ਕੱਟੀ-ਬੱਟੀ’ ਵਿੱਚ ਇਮਰਾਨ ਮੁੜ ਆਪਣੇ “ਹੋਮਗ੍ਰਾਊਂਡ”, ਯਾਨੀ ਸ਼ਹਿਰੀ ਰੋਮਾਂਟਿਕ ਕਿਰਦਾਰਾਂ ਵਿੱਚ ਨਜ਼ਰ ਆਏ।

ਇਨ੍ਹਾਂ ਫ਼ਿਲਮਾਂ ਵਿੱਚ ਉਨ੍ਹਾਂ ਨਾਲ ਕਰੀਨਾ ਕਪੂਰ, ਸ਼ਰਧਾ ਕਪੂਰ ਅਤੇ ਕੰਗਨਾ ਰਣੌਤ ਵਰਗੀਆਂ ਮਸ਼ਹੂਰ ਅਭਿਨੇਤਰੀਆਂ ਸਨ, ਪਰ ਦੋਵੇਂ ਫ਼ਿਲਮਾਂ ਬਾਕਸ ਆਫ਼ਿਸ ‘ਤੇ ਕੋਈ ਖ਼ਾਸ ਕਮਾਲ ਨਾ ਕਰ ਸਕੀਆਂ।

ਹੀਰੋ ਵਜੋਂ ‘ਕੱਟੀ-ਬੱਟੀ’ (2015) ਇਮਰਾਨ ਦੀ ਆਖ਼ਰੀ ਫ਼ਿਲਮ ਸਾਬਤ ਹੋਈ। ਲਗਾਤਾਰ ਪੰਜ ਫਲਾਪ ਫ਼ਿਲਮਾਂ ਤੋਂ ਬਾਅਦ ਇਮਰਾਨ ਲਗਭਗ ਹਿੰਦੀ ਫ਼ਿਲਮ ਇੰਡਸਟਰੀ ਤੋਂ ਦੂਰ ਹੋ ਗਏ।

ਨਿੱਜੀ ਜ਼ਿੰਦਗੀ ਵਿੱਚ ਵੀ ਉਹ ਲਗਾਤਾਰ ਉਤਾਰ-ਚੜ੍ਹਾਵਾਂ ਤੋਂ ਗੁਜ਼ਰਦੇ ਰਹੇ। 19 ਸਾਲ ਦੀ ਉਮਰ ਤੋਂ ਉਹ ਅਵੰਤਿਕਾ ਮਲਿਕ ਨੂੰ ਡੇਟ ਕਰ ਰਹੇ ਸਨ। 2011 ਵਿੱਚ ਦੋਵਾਂ ਨੇ ਵਿਆਹ ਕਰ ਲਿਆ।

ਦੋਵਾਂ ਦੀ ਇੱਕ ਧੀ ਇਮਾਰਾ ਵੀ ਹੈ। ਪਰ ਇਹ ਰਿਸ਼ਤਾ ਲੰਮਾ ਨਹੀਂ ਚੱਲ ਸਕਿਆ ਅਤੇ ਅੱਠ ਸਾਲ ਬਾਅਦ, 2019 ਵਿੱਚ ਦੋਵੇਂ ਵੱਖ ਹੋ ਗਏ।

ਡਿਪ੍ਰੈਸ਼ਨ ਨਾਲ ਜੂਝੇ ਅਤੇ ਫਿਰ ਸੋਸ਼ਲ ਮੀਡੀਆ ‘ਤੇ ਦੱਸਿਆ

ਇਮਰਾਨ ਖਾਨ

ਕਰੀਅਰ ਅਤੇ ਨਿੱਜੀ ਜ਼ਿੰਦਗੀ ਦੀ ਉਥਲ-ਪੁਥਲ ਨਾਲ ਜੂਝ ਰਹੇ ਇਮਰਾਨ ਖ਼ਾਨ ਨੂੰ ਪਿੱਛੇ ਛੱਡ ਕੇ ਬਾਲੀਵੁੱਡ ਅੱਗੇ ਵੱਧ ਚੁੱਕਾ ਸੀ।

ਕਈ ਸਾਲਾਂ ਦੀ ਖਾਮੋਸ਼ੀ ਤੋਂ ਬਾਅਦ, ਤਿੰਨ ਸਾਲ ਪਹਿਲਾਂ (2023) ਅਚਾਨਕ ਇਮਰਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਉਨ੍ਹਾਂ ਨੂੰ ਮੁੜ ਸੁਰਖ਼ੀਆਂ ਵਿੱਚ ਲਿਆ ਦਿੱਤਾ।

ਇਸ ਪੋਸਟ ਵਿੱਚ ਇਮਰਾਨ ਨੇ ਆਪਣੇ ਮੁਸ਼ਕਲ ਦਿਨਾਂ ਅਤੇ ਅਤੀਤ ਦੇ ਦਰਦ ਨੂੰ ਯਾਦ ਕਰਦੇ ਹੋਏ ਲਿਖਿਆ, “ਖਾਮੋਸ਼ੀ ਲਈ ਮਾਫ਼ ਕਰਨਾ… ਜਦੋਂ ਤੁਸੀਂ ਲੰਬੇ ਸਮੇਂ ਤੱਕ ਹਨੇਰੇ ਵਿੱਚ ਰਹੇ ਹੋਵੋ, ਤਾਂ ਸ਼ੁਰੂ ਵਿੱਚ ਧੁੱਪ ਦੀ ਰੋਸ਼ਨੀ ਵੀ ਅਸਹਿਣਯੋਗ ਲੱਗ ਸਕਦੀ ਹੈ। ਸਾਡੇ ਸਾਰਿਆਂ ਕੋਲ ਕੁਝ ਨਿਸ਼ਾਨ ਹਨ, ਕੁਝ ਪੁਰਾਣੇ ਜ਼ਖ਼ਮ, ਜੋ ਅੱਜ ਵੀ ਦਰਦ ਦਿੰਦੇ ਹਨ। ਪਰ ਪਿਆਰ ਹਰ ਦਰਦ ਨੂੰ ਭਰ ਦਿੰਦਾ ਹੈ।”

‘ਮੈਂ ਹਫ਼ਤੇ ਵਿੱਚ ਚਾਰ ਵਾਰ ਥੈਰੇਪੀ ਲਈ ਜਾਂਦਾ ਹਾਂ’

इमरान ख़ान

ਇਮਰਾਨ ਖ਼ਾਨ ਦੇਸ਼ ਦੇ ਉਨ੍ਹਾਂ ਬਹੁਤ ਹੀ ਚੁਣਿੰਦੇ ਸਿਤਾਰਿਆਂ ਵਿੱਚੋਂ ਹਨ, ਜਿਨ੍ਹਾਂ ਨੇ ਡਿਪ੍ਰੈਸ਼ਨ ਅਤੇ ਐਂਜ਼ਾਇਟੀ ਨਾਲ ਆਪਣੀ ਲੜਾਈ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਕਈ ਇੰਟਰਵਿਊਜ਼ ਵਿੱਚ ਉਨ੍ਹਾਂ ਨੇ ਨਾ ਸਿਰਫ਼ ਆਪਣੇ ਸੰਘਰਸ਼ਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ, ਸਗੋਂ ਉਸ ਦਰਦ ਨੂੰ ਵੀ ਬਿਆਨ ਕੀਤਾ, ਜਿਸ ਵਿਚੋਂ ਲੰਘਦਿਆਂ ਰੋਜ਼ਾਨਾ ਦੇ ਛੋਟੇ-ਛੋਟੇ ਕੰਮ ਵੀ ਪਹਾੜ ਵਰਗੇ ਲੱਗਣ ਲੱਗ ਪਏ ਸਨ।

ਆਪਣੇ ਮੁਸ਼ਕਲ ਦੌਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਉਨ੍ਹਾਂ ਸਾਲਾਂ ਵਿੱਚ ਮੈਂ ਇਹ ਸਭ ਕਰਨ ਦੀ ਹਾਲਤ ਵਿੱਚ ਹੀ ਨਹੀਂ ਸੀ। ਮੇਰੇ ਲਈ ਰੋਜ਼ਮਰ੍ਹਾ ਦੀ ਜ਼ਿੰਦਗੀ ਜੀਣਾ ਵੀ ਮੁਸ਼ਕਲ ਹੋ ਗਿਆ ਸੀ। ਜਦੋਂ ਤੁਸੀਂ ਡੂੰਘੇ ਅਤੇ ਗੰਭੀਰ ਡਿਪ੍ਰੈਸ਼ਨ ਨਾਲ ਜੂਝ ਰਹੇ ਹੁੰਦੇ ਹੋ, ਤਾਂ ਸਵੇਰੇ ਉੱਠਣਾ, ਬਰੱਸ਼ ਕਰਨਾ ਅਤੇ ਨਹਾਉਣਾ ਵੀ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੁੰਦਾ।”

2024 ਵਿੱਚ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਆਪਣੇ ਡਿਪ੍ਰੈਸ਼ਨ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ, “ਮੈਂ ਹਫ਼ਤੇ ਵਿੱਚ ਚਾਰ ਵਾਰ ਥੈਰੇਪੀ ਲਈ ਜਾਂਦਾ ਹਾਂ।”

ਇਮਰਾਨ ਨੇ ਇਹ ਵੀ ਦੱਸਿਆ ਕਿ ਲੰਬੇ ਸਮੇਂ ਤੱਕ ਉਹ ਆਪਣੀ ਬੇਚੈਨੀ ਨੂੰ ਪਛਾਣ ਹੀ ਨਹੀਂ ਸਕੇ।

ਉਨ੍ਹਾਂ ਨੇ ਕਿਹਾ, “ਡਿਪ੍ਰੈਸ਼ਨ, ਐਂਜ਼ਾਇਟੀ ਅਤੇ ਇਸ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਦੇ ਕਈ ਅਜਿਹੇ ਪੱਖ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਮਹਿਸੂਸ ਤਾਂ ਕਰਦੇ ਹਾਂ, ਪਰ ਪਛਾਣ ਨਹੀਂ ਪਾਉਂਦੇ। ਹੌਲੀ-ਹੌਲੀ ਜਦੋਂ ਤੁਸੀਂ ਆਪਣੇ ਅੰਦਰ ਚੱਲ ਰਹੀਆਂ ਗੱਲਾਂ ਬਾਰੇ ਜਾਗਰੂਕ ਹੋਣ ਲੱਗਦੇ ਹੋ, ਫਿਰ ਸਮਝ ਆਉਂਦੀ ਹੈ। ਸ਼ਾਇਦ 2016 ਦੇ ਆਖ਼ਰੀ ਮਹੀਨਿਆਂ ਦੇ ਆਸ-ਪਾਸ ਮੈਂ ਇਸ ਨੂੰ ਅਸਲ ਮਾਇਨਿਆਂ ਵਿੱਚ ਸਮਝਣਾ ਸ਼ੁਰੂ ਕੀਤਾ ਸੀ।”

ਇਨ੍ਹਾਂ ਹਾਲਾਤਾਂ ਵਿੱਚੋਂ ਬਾਹਰ ਨਿਕਲਣ ਦਾ ਸਿਹਰਾ ਉਨ੍ਹਾਂ ਨੇ ਆਪਣੀ ਧੀ ਇਮਾਰਾ ਅਤੇ ਪਾਰਟਨਰ ਲੇਖਾ ਵਾਸ਼ਿੰਗਟਨ ਨੂੰ ਦਿੱਤਾ।

11 ਸਾਲ ਦੇ ਲੰਬੇ ਬ੍ਰੇਕ ਤੋਂ ਬਾਅਦ ਇਸੇ ਸਾਲ ਆਈ ‘ਹੈਪੀ ਪਟੇਲ: ਖ਼ਤਰਨਾਕ ਜਾਸੂਸ’ ਰਾਹੀਂ ਉਨ੍ਹਾਂ ਨੇ ਬਾਲੀਵੁੱਡ ਵਿੱਚ ਵਾਪਸੀ ਕੀਤੀ।

ਹਾਲਾਂਕਿ ਇਸ ਵਿੱਚ ਉਨ੍ਹਾਂ ਦੀ ਭੂਮਿਕਾ ਮਹਿਮਾਨ ਕਲਾਕਾਰ ਦੀ ਸੀ, ਪਰ ਫ਼ਿਲਮ ਬਾਕਸ ਆਫ਼ਿਸ ‘ਤੇ ਕਾਮਯਾਬ ਨਹੀਂ ਰਹੀ। ਹੁਣ ਉਹ ਨਿਰਦੇਸ਼ਕ ਦਾਨਿਸ਼ ਅਸਲਮ ਦੀ ਫ਼ਿਲਮ ‘ਅਧੂਰੇ ਹਮ ਅਧੂਰੇ ਤੁਮ’ ਵਿੱਚ ਹੀਰੋ ਵਜੋਂ ਨਜ਼ਰ ਆਉਣਗੇ।

ਪਰ ਫ਼ਿਲਮਾਂ ਵਿੱਚ ਵਾਪਸੀ ਦੀਆਂ ਉਮੀਦਾਂ ਦੇ ਦਰਮਿਆਨ ਮੁੰਬਈ ਪੁਲਿਸ ਦੇ ਨੋਟਿਸ ਨੇ ਇਮਰਾਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹੁਣ ਸਵਾਲ ਇਹ ਹੈ ਕਿ ਜ਼ਿੰਦਗੀ ਦੇ ਅਨੇਕਾਂ ਉਤਾਰ-ਚੜ੍ਹਾਵਾਂ ਵਿੱਚੋਂ ਲੰਘ ਚੁੱਕੇ ਇਮਰਾਨ ਇਸ ਵਾਰ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਿਵੇਂ ਕਰਦੇ ਹਨ?

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI