Home rss national punjabi2ਰਾਸ਼ਟਰੀ ਖ਼ਬਰਾਂ ਕੀ ਆਂਡੇ ਦੀ ਜਰਦੀ ਖਾਣ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ,...

ਕੀ ਆਂਡੇ ਦੀ ਜਰਦੀ ਖਾਣ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ, ਦਿਨ ਵਿੱਚ ਕਿੰਨੇ ਆਂਡੇ ਖਾਧੇ ਜਾ ਸਕਦੇ ਹਨ – 7 ਅਹਿਮ ਨੁਕਤੇ

4
0

Source :- BBC PUNJABI

ਆਂਡੇ ਦੀ ਸੰਕੇਤਕ ਤਸਵੀਰ

ਦੁਨੀਆ ਭਰ ਵਿੱਚ ਆਂਡਿਆਂ ਨੂੰ ਆਮ ਲੋਕਾਂ ਲਈ ਸਿਹਤਮੰਦ ਭੋਜਨ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ, ਆਂਡਿਆਂ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਅਜੇ ਵੀ ਕਈ ਸਵਾਲ ਹਨ। ਕੀ ਮੁਰਗੀ ਦੇ ਆਂਡੇ ਖਾਣ ਨਾਲ ਕੋਲੈਸਟ੍ਰੋਲ ਵੱਧਦਾ ਹੈ ? ਦਿਨ ‘ਚ ਕਿੰਨੇ ਆਂਡੇ ਖਾਧੇ ਜਾ ਸਕਦੇ ਹਨ ? ਦੇਸੀ ਮੁਰਗੀ ਦੇ ਆਂਡੇ ਬਿਹਤਰ ਹਨ ਜਾਂ ਬ੍ਰਾਇਲਰ ਮੁਰਗੀ ਦੇ ? ਕੀ ਕੱਚੇ ਆਂਡੇ ਖਾਧੇ ਜਾ ਸਕਦੇ ਹਨ ? ਅਜਿਹੇ ਕਈ ਸਵਾਲ ਹਨ।

ਇਨ੍ਹਾਂ ਸਵਾਲਾਂ ‘ਤੇ ਪੋਸ਼ਣ ਮਾਹਰ ਡਾ. ਅਰੁਣ ਕੁਮਾਰ ਨੇ ਕੀ ਦੱਸਿਆ, ਜਾਣਦੇ ਹਾਂ

1. ਆਂਡਿਆਂ ਵਿੱਚ ਕਿਹੜੇ ਪੋਸ਼ਕ ਤੱਤ ਹੁੰਦੇ ਹਨ ?

ਡਾ. ਅਰੁਣ ਕੁਮਾਰ ਦੱਸਦੇ ਹਨ ਕਿ ਇੱਕ ਆਂਡੇ ਵਿੱਚ ਔਸਤਨ 60 ਕੈਲੋਰੀ ਹੁੰਦੀ ਹੈ ਅਤੇ ਇਸ ਵਿੱਚ 6 ਗ੍ਰਾਮ ਉੱਚ-ਗੁਣਵੱਤਾ ਵਾਲਾ ਪ੍ਰੋਟੀਨ ਹੁੰਦਾ ਹੈ।

ਉਹ ਕਹਿੰਦੇ ਹਨ, “ਆਂਡਿਆਂ ਵਿੱਚ ਮੌਜੂਦ ਪ੍ਰੋਟੀਨ ਨੂੰ ‘ਉੱਚ-ਗੁਣਵੱਤਾ’ ਵਾਲਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ 100 ਫ਼ੀਸਦੀ ਬਾਇਓਅਵੇਲੇਬਲ ਹੁੰਦਾ ਹੈ। ਖ਼ਾਸ ਤੌਰ ‘ਤੇ, ਪ੍ਰੋਟੀਨ ਪੋਸ਼ਕ ਤੱਤ ਸਰੀਰ ਵੱਲੋਂ ਆਸਾਨੀ ਨਾਲ ਹਜ਼ਮ ਹੋ ਜਾਂਦੇ ਹਨ, ਸੋਖੇ ਅਤੇ ਵਰਤੇ ਜਾ ਸਕਦੇ ਹਨ। ਇਸੇ ਕਾਰਨ ਹੋਰ ਖੁਰਾਕਾਂ ਵਿੱਚ ਮੌਜੂਦ ਪ੍ਰੋਟੀਨ ਦੇ ਫ਼ਾਇਦਿਆਂ ਦਾ ਮੁਲਾਂਕਣ ਕਰਦੇ ਸਮੇਂ ਆਂਡੇ ਦੇ ਪ੍ਰੋਟੀਨ ਨੂੰ ਮਾਪਦੰਡ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਆਂਡੇ ਦੇ ਪ੍ਰੋਟੀਨ ਦਾ ‘ਗੋਲਡ ਸਟੈਂਡਰਡ’ ਮੰਨਿਆ ਜਾਂਦਾ ਹੈ।”

2. ਕੀ ਆਂਡੇ ਦੀ ਜਰਦੀ ਸਰੀਰ ਲਈ ਨੁਕਸਾਨਦਾਇਕ ਹੈ ?

ਸੰਕੇਤਕ ਤਸਵੀਰ

ਲੋਕਾਂ ‘ਚ ਆਮ ਧਾਰਨਾ ਹੈ ਕਿ ਸਿਰਫ਼ ਆਂਡੇ ਦੀ ਸਫ਼ੈਦੀ ਹੀ ਸਰੀਰ ਲਈ ਚੰਗੀ ਹੁੰਦੀ ਹੈ ਪਰ ਇਹ ਜਾਣਨਾ ਜ਼ਰੂਰੀ ਹੈ ਕਿ ਸਫ਼ੈਦੀ ਅਤੇ ਜਰਦੀ ਦੋਹਾਂ ਵਿੱਚ ਪ੍ਰੋਟੀਨ ਹੁੰਦਾ ਹੈ, ਸਿਰਫ਼ ਸਫ਼ੈਦੀ ਵਿੱਚ ਹੀ ਪ੍ਰੋਟੀਨ ਨਹੀਂ ਹੁੰਦਾ।

ਜਰਦੀ ਵਿੱਚ ਕੋਲੀਨ ਹੁੰਦਾ ਹੈ, ਜੋ ਦਿਮਾਗੀ ਅਤੇ ਤੰਤਰਿਕ ਪ੍ਰਣਾਲੀ ਲਈ ਇੱਕ ਮਹੱਤਵਪੂਰਨ ਪੋਸ਼ਕ ਤੱਤ ਹੈ। ਗਰਭਵਤੀ ਔਰਤਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਲਈ ਇਹ ਬਹੁਤ ਮਹੱਤਵਪੂਰਨ ਪੋਸ਼ਕ ਤੱਤ ਹੈ। ਇਸ ਵਿੱਚ ਲੂਟੀਨ ਅਤੇ ਜ਼ੀਐਕਸੈਂਥਿਨ ਵਰਗੇ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਤੰਤਰਿਕ ਪ੍ਰਣਾਲੀ ਅਤੇ ਅੱਖਾਂ ਦੀ ਸਿਹਤ ਲਈ ਜ਼ਰੂਰੀ ਹਨ। ਇਸ ਤੋਂ ਇਲਾਵਾ, ਆਂਡਿਆਂ ਵਿੱਚ ਵਿਟਾਮਿਨ ਡੀ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ।

ਐੱਨਸੀਬੀਆਈ ਦਾ ਇੱਕ ਅਧਿਐਨ ਇਸ ਦੀ ਪੁਸ਼ਟੀ ਕਰਦਾ ਹੈ, ਜਿਸ ਮੁਤਾਬਕ, ਮੁਰਗੀ ਦੇ ਆਂਡੇ ਕੋਲੀਨ, ਫੋਲੇਟ, ਵਿਟਾਮਿਨ ਡੀ, ਆਇਓਡੀਨ, ਬੀ ਵਿਟਾਮਿਨ ਅਤੇ ਉੱਚ-ਗੁਣਵੱਤਾ ਵਾਲੇ ਪ੍ਰੋਟੀਨ ਦਾ ਸਰੋਤ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਸਿਹਤ ਨਾਲ ਸਬੰਧਤ ਕੌਮੀ ਸੰਸਥਾਵਾਂ ਇਸ ਸਮੇਂ ਆਂਡਿਆਂ ਨੂੰ ਉੱਚ ਕੋਲੈਸਟ੍ਰੋਲ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਲਈ ਜੋਖ਼ਮ ਦਾ ਕਾਰਨ ਨਹੀਂ ਮੰਨਦੀਆਂ।

3. ਦਿਨ ਵਿੱਚ ਕਿੰਨੇ ਆਂਡੇ ਖਾ ਸਕਦੇ ਹੋ ?

ਵਿਸ਼ਵ ਸਿਹਤ ਸੰਗਠਨ ਮੁਤਾਬਕ, ਛੇ ਮਹੀਨੇ ਦੀ ਉਮਰ ਤੋਂ ਬੱਚਿਆਂ ਦੀ ਖੁਰਾਕ ਵਿੱਚ ਆਂਡੇ ਸ਼ਾਮਿਲ ਕੀਤੇ ਜਾ ਸਕਦੇ ਹਨ।

ਛੋਟੇ ਬੱਚਿਆਂ ਲਈ — ਇੱਕ ਤੋਂ ਦੋ ਆਂਡੇ।

ਗਰਭਵਤੀ ਔਰਤਾਂ ਲਈ — ਦੋ ਆਂਡਿਆਂ ਤੱਕ।

ਬਜ਼ੁਰਗਾਂ ਲਈ — ਕੋਲੀਨ ਦੀ ਪੂਰਤੀ ਲਈ ਦੋ ਆਂਡਿਆਂ ਤੱਕ।

ਜੋ ਲੋਕ ਜ਼ਿਆਦਾ ਕਸਰਤ ਕਰਦੇ ਹਨ ਅਤੇ ਜਿਨ੍ਹਾਂ ਨੂੰ ਵਾਧੂ ਪ੍ਰੋਟੀਨ ਦੀ ਲੋੜ ਹੁੰਦੀ ਹੈ, ਉਨ੍ਹਾਂ ਲਈ ਦਿਨ ਵਿੱਚ ਤਿੰਨ ਤੋਂ ਚਾਰ ਆਂਡੇ।

ਜ਼ਿਆਦਾਤਰ ਲੋਕ ਆਸਾਨੀ ਨਾਲ ਦਿਨ ਵਿੱਚ ਇੱਕ ਤੋਂ ਦੋ ਆਂਡੇ ਖਾ ਸਕਦੇ ਹਨ। ਇੱਥੇ ਦੋ ਆਂਡਿਆਂ ਦਾ ਮਤਲਬ ਜਰਦੀ ਸਮੇਤ ਪੂਰੇ ਆਂਡੇ ਹਨ।

ਕੀ ਆਂਡੇ ਦੀ ਜਰਦੀ ਖਾਣ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ ?

ਕੁਝ ਲੋਕਾਂ ਦਾ ਮੰਨਣਾ ਹੈ ਕਿ ਆਂਡੇ ਦੀ ਜਰਦੀ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਖੂਨ ਦੀਆਂ ਨਾੜੀਆਂ ਵਿੱਚ ਜਮ੍ਹਾ ਹੋ ਕੇ ਦਿਲ ਦਾ ਦੌਰਾ ਪੈਣ ਦਾ ਕਾਰਨ ਬਣ ਸਕਦਾ ਹੈ ਪਰ ਡਾ. ਅਰੁਣ ਕੁਮਾਰ ਦਾ ਕਹਿਣਾ ਹੈ ਕਿ ਇਸ ਧਾਰਨਾ ਦੀ ਸੱਚਾਈ ਨੂੰ ਸਮਝਣਾ ਜ਼ਰੂਰੀ ਹੈ।

ਉਹ ਕਹਿੰਦੇ ਹਨ, “ਇਹ ਸੱਚ ਹੈ ਕਿ ਇੱਕ ਆਂਡੇ ਦੀ ਜਰਦੀ ਵਿੱਚ ਲਗਭਗ 200 ਮਿਲੀਗ੍ਰਾਮ ਕੋਲੈਸਟ੍ਰੋਲ ਹੁੰਦਾ ਹੈ ਪਰ ਖੁਰਾਕ ਤੋਂ ਮਿਲਣ ਵਾਲੇ ਕੋਲੈਸਟ੍ਰੋਲ ਅਤੇ ਖੂਨ ਵਿੱਚ ਮੌਜੂਦ ਕੋਲੈਸਟ੍ਰੋਲ ਦੇ ਸਬੰਧ ਨੂੰ ਸਮਝਣਾ ਮਹੱਤਵਪੂਰਨ ਹੈ। ਇਹ ਇੱਕ ਗ਼ਲਤ ਧਾਰਨਾ ਹੈ ਕਿ ਖੂਨ ਵਿੱਚ ਮੌਜੂਦ ਸਾਰਾ ਕੋਲੈਸਟ੍ਰੋਲ ਸਿਰਫ਼ ਖਾਣੇ ਤੋਂ ਆਉਂਦਾ ਹੈ।”

ਉਨ੍ਹਾਂ ਮੁਤਾਬਕ, ਰੋਜ਼ਾਨਾ ਕੋਲੈਸਟ੍ਰੋਲ ਦੀ ਸਿਫ਼ਾਰਸ਼ ਕੀਤੀ ਮਾਤਰਾ 2,000 ਮਿਲੀਗ੍ਰਾਮ ਹੈ, ਜੋ ਲਗਭਗ 10 ਆਂਡਿਆਂ ਵਿੱਚ ਮਿਲਣ ਵਾਲੀ ਮਾਤਰਾ ਦੇ ਬਰਾਬਰ ਹੈ। ਸਰੀਰ ਖੁਦ ਵੀ ਲਿਵਰ ਵਿੱਚ ਕੋਲੈਸਟ੍ਰੋਲ ਬਣਾਉਂਦਾ ਹੈ।

ਡਾ. ਅਰੁਣ ਕੁਮਾਰ ਕਹਿੰਦੇ ਹਨ, “ਜਦੋਂ ਕੋਈ ਵਿਅਕਤੀ ਰੋਜ਼ ਦੋ ਆਂਡੇ ਖਾਂਦਾ ਹੈ ਅਤੇ ਉਨ੍ਹਾਂ ਤੋਂ 400 ਮਿਲੀਗ੍ਰਾਮ ਕੋਲੈਸਟ੍ਰੋਲ ਲੈਂਦਾ ਹੈ ਤਾਂ ਲਿਵਰ ਵੱਲੋਂ ਕੋਲੈਸਟ੍ਰੋਲ ਬਣਾਉਣ ਦੀ ਮਾਤਰਾ 2,000 ਮਿਲੀਗ੍ਰਾਮ ਤੋਂ ਘੱਟ ਹੋ ਜਾਂਦੀ ਹੈ। ਕੋਲੈਸਟ੍ਰੋਲ ਸਿਰਫ਼ ਆਂਡਿਆਂ ਵਿੱਚ ਹੀ ਨਹੀਂ, ਸਗੋਂ ਦੁੱਧ ਤੋਂ ਬਣੇ ਉਤਪਾਦਾਂ ਅਤੇ ਮਾਸਾਹਾਰੀ ਖੁਰਾਕਾਂ ਵਿੱਚ ਵੀ ਹੁੰਦਾ ਹੈ।”

ਉਹ ਕਹਿੰਦੇ ਹਨ, “ਭਾਵੇਂ ਖੂਨ ਵਿੱਚ ਹਾਈ ਬਲੱਡ ਐੱਲਡੀਐੱਲ ਕੋਲੈਸਟ੍ਰੋਲ ਦੀ ਜ਼ਿਆਦਾ ਮਾਤਰਾ ਨੂੰ ਦਿਲ ਦੇ ਦੌਰੇ ਦਾ ਕਾਰਨ ਮੰਨਿਆ ਜਾਂਦਾ ਹੈ ਪਰ ਇਸ ਸਬੰਧ ਨੂੰ ਲੈ ਕੇ ਅਜੇ ਵੀ ਚਰਚਾ ਜਾਰੀ ਹੈ। ਉਨ੍ਹਾਂ ਮੁਤਾਬਕ, ਭਾਵੇਂ ਇਸ ਵਿੱਚ ਕੁਝ ਹੱਦ ਤੱਕ ਸੱਚਾਈ ਹੋਵੇ ਪਰ ਆਂਡਿਆਂ ਤੋਂ ਮਿਲਣ ਵਾਲਾ ਖੁਰਾਕੀ ਕੋਲੈਸਟ੍ਰੋਲ ਖੂਨ ਵਿੱਚ ਕੋਲੈਸਟ੍ਰੋਲ ਨੂੰ ਉਸ ਹੱਦ ਤੱਕ ਨਹੀਂ ਵਧਾਉਂਦਾ। ਇਸੇ ਕਾਰਨ ਆਂਡੇ ਦੀ ਜ਼ਰਦੀ ਨਾ ਖਾਣ ਸਬੰਧੀ ਪੁਰਾਣੀਆਂ ਹਦਾਇਤਾਂ ‘ਚ ਹੁਣ ਢਿੱਲ ਦਿੱਤੀ ਗਈ ਹੈ। ਉਹ ਕਹਿੰਦੇ ਹਨ ਕਿ ਦਿਲ ਦੀ ਬਿਮਾਰੀ ਵਾਲੇ ਲੋਕਾਂ ਸਮੇਤ ਹਰ ਕੋਈ ਸੰਜਮ ਨਾਲ ਰੋਜ਼ ਇੱਕ ਤੋਂ ਦੋ ਆਂਡੇ ਖਾ ਸਕਦਾ ਹੈ।”

ਸੰਕੇਤਕ ਤਸਵੀਰ

ਡਾ. ਅਰੁਣ ਕੁਮਾਰ ਕਹਿੰਦੇ ਹਨ, “ਸਿਰਫ਼ ਫੈਮਿਲੀਅਲ ਹਾਈਪਰਕੋਲੇਸਟ੍ਰੋਲੇਮੀਆ ਤੋਂ ਪੀੜਤ ਲੋਕਾਂ ਦੇ ਖੂਨ ਵਿੱਚ ਐੱਲਡੀਐੱਲ ਕੋਲੈਸਟ੍ਰੋਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਇੱਕ ਬਹੁਤ ਹੀ ਦੁਰਲੱਭ ਸਥਿਤੀ ਹੈ, ਜਿਸ ਵਿੱਚ ਸਰੀਰ ਦੀ ਕੁਦਰਤੀ ਤੌਰ ‘ਤੇ ਕੋਲੈਸਟ੍ਰੋਲ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ। ਇਸ ਲਈ ਅਜਿਹੇ ਲੋਕਾਂ ਲਈ ਡਾਕਟਰੀ ਸਲਾਹ ਲੈਣਾ ਅਤੇ ਜਰਦੀ ਤੋਂ ਪਰਹੇਜ਼ ਕਰਨਾ ਬਿਹਤਰ ਹੈ। ਇਨ੍ਹਾਂ ਲੋਕਾਂ ਤੋਂ ਇਲਾਵਾ ਬਾਕੀ ਹਰ ਕੋਈ ਬਿਨਾਂ ਕਿਸੇ ਝਿਜਕ ਦੇ ਜਰਦੀ ਖਾ ਸਕਦਾ ਹੈ।”

ਇਸੇ ਤਰ੍ਹਾਂ, ਉਹ ਦੱਸਦੇ ਹਨ ਕਿ ਆਂਡੇ ਦੀ ਜਰਦੀ ਖਾਣ ਨਾਲ ਪੀਲੀਆ ਜਾਂ ਗੁਰਦਿਆਂ ਦੀ ਸਮੱਸਿਆ ਹੋਣ ਦੀ ਧਾਰਨਾ ਵੀ ਬੇਵਜ੍ਹਾ ਹੈ।

ਅਮਰੀਕਾ ਦੇ ਨੈਸ਼ਨਲ ਸੈਂਟਰ ਫ਼ਾਰ ਬਾਇਓਟੈਕਨਾਲੋਜੀ ਇਨਫ਼ਾਰਮੇਸ਼ਨ (ਐੱਨਸੀਬੀਆਈ) ਨੇ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਜਨਵਰੀ 2026 ਵਿੱਚ ਐੱਨਸੀਬੀਆਈ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ, “ਕਿਉਂਕਿ ਆਂਡੇ ਖੁਰਾਕੀ ਕੋਲੈਸਟ੍ਰੋਲ ਦਾ ਇੱਕ ਮੁੱਖ ਸਰੋਤ ਹਨ, ਇਸ ਲਈ ਲੰਬੇ ਸਮੇਂ ਤੋਂ ਇਹ ਸਿਫ਼ਾਰਸ਼ ਕੀਤੀ ਜਾਂਦੀ ਰਹੀ ਹੈ ਕਿ ਖੂਨ ਵਿੱਚ ਕੋਲੈਸਟ੍ਰੋਲ ਦਾ ਪੱਧਰ ਵਧਣ ਤੋਂ ਰੋਕਣ ਲਈ ਆਂਡਿਆਂ ਦੀ ਖਪਤ ਘੱਟ ਕੀਤੀ ਜਾਵੇ।”

ਹਾਲਾਂਕਿ, ਵੱਖ-ਵੱਖ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਖੁਰਾਕ ਵਿੱਚ ਮੌਜੂਦ ਚਰਬੀ ਦਾ ਖੂਨ ਵਿੱਚ ਕੋਲੈਸਟ੍ਰੋਲ ਦੇ ਪੱਧਰ ਅਤੇ ਐਥੀਰੋਸਕਲੇਰੋਸਿਸ ਦੇ ਜੋਖ਼ਮ ‘ਤੇ ਬਹੁਤ ਘੱਟ ਅਸਰ ਪੈਂਦਾ ਹੈ। ਐਥੀਰੋਸਕਲੇਰੋਸਿਸ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਧਮਨੀਆਂ ਵਿੱਚ ਚਰਬੀ ਦੇ ਜਮ੍ਹਾਂ ਹੋਣ ਕਾਰਨ ਉਹ ਤੰਗ ਹੋਣ ਲੱਗਦੀਆਂ ਹਨ।

4. ਕੀ ਦੇਸੀ ਮੁਰਗੀ ਦੇ ਆਂਡੇ ਬ੍ਰਾਇਲਰ ਮੁਰਗੀ ਦੇ ਆਂਡਿਆਂ ਨਾਲੋਂ ਬਿਹਤਰ ਹੁੰਦੇ ਹਨ ?

ਸੰਕੇਤਕ ਤਸਵੀਰ

ਡਾ. ਅਰੁਣ ਕੁਮਾਰ ਕਹਿੰਦੇ ਹਨ, “ਅਸਲ ਵਿੱਚ ਦੋਵੇਂ ਤਰ੍ਹਾਂ ਦੇ ਆਂਡਿਆਂ ਵਿੱਚ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤਾਂ ਦੀ ਮਾਤਰਾ ਲਗਭਗ ਇੱਕੋ ਜਿਹੀ ਹੁੰਦੀ ਹੈ, ਕਿਉਂਕਿ ਦੇਸੀ ਮੁਰਗੀਆਂ ਕੁਦਰਤੀ ਖੁਰਾਕ ਖਾਂਦੀਆਂ ਹਨ, ਇਸ ਲਈ ਉਨ੍ਹਾਂ ਦੇ ਆਂਡਿਆਂ ਵਿੱਚ ਕੈਰੋਟੀਨੋਇਡ ਦੀ ਮਾਤਰਾ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ। ਇਸ ਕਾਰਨ ਦੇਸੀ ਮੁਰਗੀ ਦੇ ਆਂਡੇ ਦੀ ਜਰਦੀ ਕੁਝ ਮੋਟੀ ਅਤੇ ਗੂੜ੍ਹੇ ਪੀਲੇ ਰੰਗ ਦੀ ਹੁੰਦੀ ਹੈ, ਜਦਕਿ ਦਾਣਾ ਜਾਂ ਫੀਡ ਖਾਣ ਵਾਲੀਆਂ ਮੁਰਗੀਆਂ ਦੇ ਆਂਡਿਆਂ ਦੀ ਜਰਦੀ ਦਾ ਰੰਗ ਹਲਕਾ ਹੁੰਦਾ ਹੈ।”

ਉਹ ਕਹਿੰਦੇ ਹਨ, “ਦੇਸੀ ਮੁਰਗੀਆਂ ਕੁਦਰਤੀ ਤੌਰ ‘ਤੇ ਘਾਹ ਅਤੇ ਕੀੜੇ-ਮਕੌੜੇ ਖਾਂਦੀਆਂ ਹਨ, ਇਸ ਲਈ ਉਨ੍ਹਾਂ ਦੇ ਆਂਡਿਆਂ ਵਿੱਚ ਓਮੇਗਾ-3 ਦੀ ਮਾਤਰਾ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ। ਇਨ੍ਹਾਂ ਦੋ ਫਰਕ ਤੋਂ ਇਲਾਵਾ ਦੋਵੇਂ ਤਰ੍ਹਾਂ ਦੇ ਆਂਡਿਆਂ ਵਿੱਚ ਕੋਈ ਵੱਡਾ ਅੰਤਰ ਨਹੀਂ ਹੈ। ਦੋਵਾਂ ਵਿੱਚ ਪ੍ਰੋਟੀਨ ਦੀ ਮਾਤਰਾ ਇੱਕੋ ਜਿਹੀ ਹੁੰਦੀ ਹੈ।”

ਉਹ ਕਹਿੰਦੇ ਹਨ, “ਜੋ ਲੋਕ ਪ੍ਰੋਟੀਨ ਲਈ ਆਂਡੇ ਖਾਂਦੇ ਹਨ, ਉਹ ਬ੍ਰਾਇਲਰ ਮੁਰਗੀ ਦੇ ਆਂਡੇ ਬਿਨਾਂ ਕਿਸੇ ਝਿਜਕ ਦੇ ਖਾ ਸਕਦੇ ਹਨ। ਇਸ ਵਿੱਚ ਕੋਈ ਦਿੱਕਤ ਨਹੀਂ ਹੈ। ਦੇਸੀ ਮੁਰਗੀ ਦੇ ਆਂਡਿਆਂ ਲਈ ਦੋ ਤੋਂ ਤਿੰਨ ਗੁਣਾ ਜ਼ਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਹੈ।”

5. ਮੁਰਗੀਆਂ ਨੂੰ ਹਾਰਮੋਨ ਦੇ ਟੀਕੇ ਲਗਾਉਣ ਬਾਰੇ ਕੀ ਗ਼ਲਤ ਧਾਰਨਾ ਹੈ ?

ਡਾ. ਅਰੁਣ ਕੁਮਾਰ ਦੀ ਟਿੱਪਣੀ

ਡਾ. ਅਰੁਣ ਕੁਮਾਰ ਕਹਿੰਦੇ ਹਨ, “ਮੁਰਗੀਆਂ ਨੂੰ ਹਾਰਮੋਨ ਦੇ ਟੀਕੇ ਲਗਾਉਣ ਦਾ ਦਾਅਵਾ ਲੰਬੇ ਸਮੇਂ ਤੋਂ ਕੀਤਾ ਜਾਂਦਾ ਰਿਹਾ ਹੈ। ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਇੱਕ ਗ਼ਲਤ ਧਾਰਨਾ ਹੈ। ਹਾਰਮੋਨ ਦੇ ਟੀਕੇ ਲਗਾ ਕੇ ਮੁਰਗੀਆਂ ਪਾਲਣਾ ਸੰਭਵ ਨਹੀਂ ਹੈ, ਜੇਕਰ ਅਜਿਹਾ ਕਰਨਾ ਹੋਵੇ ਤਾਂ ਬਹੁਤ ਜ਼ਿਆਦਾ ਪੈਸਾ ਖਰਚ ਹੋਵੇਗਾ। ਮੁਰਗੀਆਂ ਨੂੰ ਸਿਰਫ਼ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਜਾਂਦੇ ਹਨ। ਬਹੁਤ ਸਾਰੇ ਲੋਕ ਗ਼ਲਤੀ ਨਾਲ ਇਨ੍ਹਾਂ ਨੂੰ ਹਾਰਮੋਨ ਦੇ ਟੀਕੇ ਸਮਝ ਲੈਂਦੇ ਹਨ।”

ਡਾ. ਅਰੁਣ ਕੁਮਾਰ ਕਹਿੰਦੇ ਹਨ ਕਿ ਇਸ ਦਾਅਵੇ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਕਿ ਆਂਡੇ ਜਾਂ ਚਿਕਨ ਖਾਣ ਕਾਰਨ ਕੁੜੀਆਂ ਛੋਟੀ ਉਮਰ ਵਿੱਚ ਜਵਾਨ ਹੋ ਰਹੀਆਂ ਹਨ। ਉਨ੍ਹਾਂ ਮੁਤਾਬਕ, ਬੱਚੇ ਅੱਜ-ਕੱਲ੍ਹ ਸਿਹਤਮੰਦ ਖੁਰਾਕ ਅਤੇ ਚੰਗੀ ਮਾਤਰਾ ਵਿੱਚ ਪ੍ਰੋਟੀਨ ਲੈਣ ਕਾਰਨ ਤੇਜ਼ੀ ਨਾਲ ਵੱਡੇ ਹੋ ਰਹੇ ਹਨ।

ਉਹ ਕਹਿੰਦੇ ਹਨ, “ਇਹ ਵਿਗਿਆਨਕ ਤੱਥ ਹੈ ਕਿ ਪਿਛਲੇ 100 ਸਾਲਾਂ ਦੌਰਾਨ ਸ਼ਾਕਾਹਾਰੀ ਲੋਕਾਂ ਵਿੱਚ ਵੀ ਜਵਾਨੀ ਆਉਣ ਦੀ ਉਮਰ ਘਟੀ ਹੈ। ਇਸ ਲਈ ਇਸ ਦਾ ਦੇਸੀ ਮੁਰਗੀ ਜਾਂ ਬ੍ਰਾਇਲਰ ਮੁਰਗੀ ਦੇ ਆਂਡਿਆਂ ਨਾਲ ਕੋਈ ਸਬੰਧ ਨਹੀਂ ਹੈ।”

6. ਕੀ ਆਂਡੇ ਖਾਣ ਨਾਲ ਗੈਸ ਦੀ ਸਮੱਸਿਆ ਵਧਦੀ ਹੈ ?

ਡਾ. ਅਰੁਣ ਕੁਮਾਰ ਕਹਿੰਦੇ ਹਨ ਕਿ ਆਂਡੇ ਖਾਣ ਨਾਲ ਗੈਸ ਵਧਣ ਵਰਗੇ ਕੋਈ ਮਾੜੇ ਪ੍ਰਭਾਵ ਨਹੀਂ ਹੁੰਦੇ। ਹਾਲਾਂਕਿ, ਕੁਝ ਲੋਕਾਂ ਨੂੰ ਜ਼ਰਦੀ ਖਾਣ ਨਾਲ ਥੋੜ੍ਹੀ ਬੇਅਰਾਮੀ ਮਹਿਸੂਸ ਹੋ ਸਕਦੀ ਹੈ। ਉਨ੍ਹਾਂ ਮੁਤਾਬਕ, ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਜ਼ਰਦੀ ਖਾਣੀ ਸ਼ੁਰੂ ਕਰ ਦਿਓ ਤਾਂ ਇਹ ਲੱਛਣ ਹੌਲੀ-ਹੌਲੀ ਘੱਟ ਹੋ ਸਕਦੇ ਹਨ।

7. ਕੀ ਕੱਚੇ ਆਂਡੇ ਖਾਧੇ ਜਾ ਸਕਦੇ ਹਨ ?

ਸੰਕੇਤਕ ਤਸਵੀਰ

ਕੱਚੇ ਆਂਡੇ ਖਾਣ ਤੋਂ ਪਰਹੇਜ਼ ਕਰਨਾ ਬਿਹਤਰ ਹੈ। ਕੱਚੇ ਆਂਡਿਆਂ ਵਿੱਚ ਸੈਲਮੋਨੇਲਾ ਨਾਮਕ ਬੈਕਟੀਰੀਆ ਹੋ ਸਕਦਾ ਹੈ। ਇਸ ਕਾਰਨ ਗੰਭੀਰ ਦਸਤ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਕੱਚੇ ਆਂਡਿਆਂ ਵਿੱਚ ਮੌਜੂਦ ਐਵਿਡਿਨ ਨਾਮਕ ਰਸਾਇਣ ਸਰੀਰ ਵਿੱਚ ਵਿਟਾਮਿਨ ਬਾਇਓਟਿਨ ਦੀ ਮਾਤਰਾ ਨੂੰ ਘਟਾ ਸਕਦਾ ਹੈ। ਇਸ ਕਾਰਨ ਕੁਝ ਪੋਸ਼ਕ ਤੱਤਾਂ ਦੀ ਕਮੀ ਵੀ ਹੋ ਸਕਦੀ ਹੈ। ਇਸ ਲਈ ਡਾ. ਅਰੁਣ ਕੁਮਾਰ ਕਹਿੰਦੇ ਹਨ ਕਿ ਕੱਚੇ ਆਂਡੇ ਖਾਣ ਤੋਂ ਪਰਹੇਜ਼ ਕਰਨਾ ਹੀ ਬਿਹਤਰ ਹੈ।

ਆਂਡਾ ਖਾਣ ਦੇ ਤਰੀਕੇ ਫਿਰ ਭਾਵੇਂ ਉਬਲਿਆ ਹੋਇਆ, ਅੱਧਾ ਉਬਲਿਆ, ਤਲਿਆ ਹੋਇਆ ਜਾਂ ਕਿਸੇ ਹੋਰ ਤਰੀਕੇ ਨਾਲ ਪਕਾਇਆ ਗਿਆ ਹੋਵੇ, ਇਨ੍ਹਾਂ ਵਿੱਚ ਬਹੁਤ ਜ਼ਿਆਦਾ ਫ਼ਰਕ ਨਹੀਂ ਹੈ।

ਡਾ. ਅਰੁਣ ਕੁਮਾਰ ਕਹਿੰਦੇ ਹਨ ਕਿ ਆਂਡਿਆਂ ਨੂੰ ਲੈ ਕੇ ਬੇਵਜ੍ਹਾ ਉਲਝਣ ਵਿੱਚ ਪੈਣ ਦੀ ਲੋੜ ਨਹੀਂ ਹੈ। ਮੋਟਾਪੇ ਅਤੇ ਸ਼ੂਗਰ ਸਮੇਤ ਵੱਖ-ਵੱਖ ਸਿਹਤ ਸਮੱਸਿਆਵਾਂ ਵਾਲੇ ਲੋਕ ਵੀ ਆਂਡਿਆਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹਨ, ਕਿਉਂਕਿ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI