Source :- BBC PUNJABI
ਤਸਵੀਰ ਸਰੋਤ, Hindustan Times via Getty Images
ਦਿੱਲੀ ਵਿੱਚ ਚੱਲੇ ਰਹੇ ਪ੍ਰਦਰਸ਼ਨ ਦੌਰਾਨ ਸ਼ਨੀਵਾਰ ਨੂੰ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿੱਚ ਦਾਖਲ ਹੋਣ ਅਤੇ ਇਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਿਆਸਤ ਭਖ ਗਈ ਹੈ।
ਇਸ ਪੂਰੇ ਘਟਨਾਕ੍ਰਮ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ਼ ਪ੍ਰਗਟਾਏ ਗਏ ਹਨ ਤੇ ਕਿਹਾ ਗਿਆ ਹੈ ਕਿ ਗੁਰੂ ਘਰ ਅੰਦਰ ਕਿਸੇ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਇਹ ਵੀ ਕਿਹਾ ਹੈ ਕਿ ਸੰਗਤ ਵਜੋਂ ਗੁਰੂ ਘਰ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਰੋਕਿਆ ਨਹੀਂ ਜਾਵੇਗਾ।
ਦੂਜੇ ਪਾਸੇ, ਵੱਖ-ਵੱਖ ਸਿਆਸਤਦਾਨ ਵੀ ਇਸ ਮੁੱਦੇ ‘ਤੇ ਸਖਤ ਟਿੱਪਣੀਆਂ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੇ ਹਨ।
ਦਿੱਲੀ ਪੁਲਿਸ ਦੇ ਗੁਰਦੁਆਰਾ ਪਰਿਸਰ ‘ਚ ਦਾਖਲ ਹੋਣ ਦਾ ਵੀਡੀਓ ਸ਼ੇਅਰ ਕਰਦਿਆਂ ਕਈ ਸਿਆਸੀ ਆਗੂਆਂ ਨੇ ਪੁਲਿਸ ਦੀ ਕਾਰਵਾਈ ਨੂੰ ਗਲਤ ਦੱਸਿਆ। ਇਸ ਦੌਰਾਨ ਕਈਆਂ ਵੱਲੋਂ ਪੁਲਿਸ ਦੁਆਰਾ ਪਰਿਸਰ ਅੰਦਰ ਜੁੱਤੇ ਪਹਿਨ ਕੇ ਜਾਣ ਅਤੇ ਸਿਰ ਨਾ ਢਕਿਆ ਹੋਣ ‘ਤੇ ਵੀ ਸਵਾਲ ਚੁੱਕੇ ਗਏ।
ਪੁਲਿਸ ਨੇ ਇਸ ਮਾਮਲੇ ‘ਤੇ ਅਧਿਕਾਰਿਤ ਬਿਆਨ ਜਾਰੀ ਕਰਕੇ ਕਿਹਾ ਹੈ ਉਹ ਪੁਲਿਸ ਕਰਮਚਾਰੀ ਗੁਰੁਦਆਰਾ ਪਰਿਸਰ ਵਿੱਚ ਕੇਵਲ ਉਸੇ ਥਾਂ ਤੱਕ ਗਏ ਸਨ, ਜਿੱਥੋਂ ਤੱਕ ਆਮ ਸੰਗਤ ਜੋੜਾ ਘਰ ਲਈ ਜਾਂਦੀ ਹੈ।
ਗੁਰਦੁਆਰਾ ਅਥਾਰਿਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੁਲਿਸ ਆਈ ਸੀ ਅਤੇ ਉਸ ਨੇ ਗੁਰਦੁਆਰਾ ਸਾਹਿਬ ਦੀ ਕਿਸੇ ਮਰਿਆਦਾ ਨੂੰ ਭੰਗ ਨਹੀਂ ਕੀਤਾ ਹੈ।
ਆਓ ਜਾਣਦੇ ਹਾਂ ਕਿ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀ ਮਾਹੌਲ ਹੈ ਤੇ ਡੀਐੱਸਜੀਐੱਮਸੀ ਨੇ ਕੀ ਕਿਹਾ…
ਪੁਲਿਸ ਦੇ ਆਉਣ ਬਾਰੇ ਗੁਰਦੁਆਰਾ ਅਥਾਰਿਟੀ ਨੇ ਕੀ ਕਿਹਾ

ਇਸ ਮਾਮਲੇ ਵਿੱਚ ਬੀਬੀਸੀ ਨੇ ਗੁਰਦੁਆਰਾ ਅਥਾਰਿਟੀ ਨਾਲ ਗੱਲ ਕੀਤੀ ਅਤੇ ਨਾਲ ਹੀ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਠੀਕ ਉਸੇ ਥਾਂ ਪਹੁੰਚੇ ਜਿੱਥੇ ਵਾਇਰਲ ਵੀਡੀਓ ਵਿੱਚ ਪੁਲਿਸ ਨੂੰ ਗੁਰਦੁਆਰੇ ਵਿੱਚ ਦਾਖਲ ਹੁੰਦੇ ਦਿਖਾਇਆ ਗਿਆ ਹੈ।
ਗੁਰਦੁਆਰਾ ਅਥਾਰਿਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੁਲਿਸ ਆਈ ਸੀ ਅਤੇ ਉਸ ਨੇ ਗੁਰਦੁਆਰਾ ਸਾਹਿਬ ਦੀ ਕਿਸੇ ਮਰਿਆਦਾ ਨੂੰ ਭੰਗ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਆਮ ਪੈਸੇਜ ਵਾਂਗ ਹੀ ਰਸਤੇ ਦਾ ਇਸਤੇਮਾਲ ਕੀਤਾ।
ਡੀਐੱਸਜੀਐੱਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕੀ ਦੱਸਿਆ

ਡੀਐੱਸਜੀਐੱਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, ”ਮੈਂ ਆ ਕੇ ਅੱਜ ਸੀਸੀਟੀਵੀ ਕੈਮਰੇ ‘ਚ ਵੀ ਦੇਖਿਆ ਹੈ। 8-10 ਪੁਲਿਸ ਵਾਲੇ ਹਨ। ਇੱਥੋਂ ਲੋਕ ਆਮ ਤੌਰ ‘ਤੇ ਲੰਘ ਕੇ ਜਾਂਦੇ ਵੀ ਹਨ। ਅੱਜ ਹਾਲਤ ਇਹੋ-ਜਿਹੇ ਹਨ ਪਰ ਅਸੀਂ ਕਿਸੇ ਵੀ ਪੁਲਿਸ ਵਾਲੇ ਨੂੰ ਵਰਦੀ ‘ਚ ਇਜਾਜ਼ਤ ਨਹੀਂ ਦੇਵਾਂਗੇ।”
”ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵਾਲੇ ਇਸੇ ਰਸਤੇ ਤੋਂ ਆਏ ਹਨ, ਤੁਸੀਂ ਵੀ ਜੋੜੇ ਪਾਏ ਹਨ, ਮੈਂ ਵੀ ਪਾਏ ਹਨ, ਇੱਕ ਵੀਰ ਨੰਗੇ ਸਿਰ ਖੜ੍ਹਾ ਹੈ, ਕਿਉਂਕਿ ਇਹ ਗੁਰਦੁਆਰਾ ਦਰਬਾਰ ਹਾਲ ‘ਚ ਨਹੀਂ ਹੈ, ਲੰਗਰ ਹਾਲ ‘ਚ ਨਹੀਂ ਹੈ ਇਸ ਕਰਕੇ ਇਸ ਨੂੰ ਕੋਈ ਟੋਕ ਨਹੀਂ ਸਕਦਾ।”
ਆਮ ਲੋਕਾਂ ਲਈ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਬੰਦ ਹੋਣ ਦੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਕੋਈ ਦਰਵਾਜ਼ਾ ਬੰਦ ਹੋਇਆ ਹੈ, ਕੱਲ੍ਹ ਵੀ ਖੁੱਲ੍ਹੇ ਸੀ ਅੱਜ ਵੀ ਖੁੱਲ੍ਹੇ ਹਨ। ਨੈਗੇਟਿਵ ਨੈਰਿਟੀਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਸਰਕਾਰਾਂ ਖਿਲਾਫ ਕਰੋ ਜੋ ਕਰਨਾ ਹੈ ਪਰ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹੇ ਹਨ।
ਉਨ੍ਹਾਂ ਕਿਹਾ, ”ਸੰਗਤ ਦੇ ਤੌਰ ‘ਤੇ ਕੋਈ ਵੀ ਇੱਥੇ ਆਵੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਪਰ ਇੱਥੇ ਆ ਕੇ ਕੋਈ ਸਿਆਸਤ ਕਰੇ, ਪ੍ਰਦਰਸ਼ਨ ਕਰੇ, ਨਾਅਰੇ ਲਗਾਵੇ, ਸਾਨੂੰ ਬਰਦਾਸ਼ਤ ਨਹੀਂ।”
ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਸਿਰਫ਼ ਇੱਥੋਂ ਲੰਘੀ, ਉਨ੍ਹਾਂ ਦੀ ਅਤੇ ਪ੍ਰਦਰਸ਼ਨਕਾਰੀਆਂ ਦੀ ਇੱਥੇ ਕੋਈ ਝੜਪ ਨਹੀਂ ਹੋਈ ਅਤੇ ”ਅਸੀਂ ਵਾਰ-ਵਾਰ ਸਪੱਸ਼ਟ ਕਰ ਰਹੇ ਹਾਂ ਕਿ ਪ੍ਰਦਰਸ਼ਨਕਾਰੀਆਂ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੈ।”
”ਸਾਡੇ ਕੋਲ ਇੱਥੇ ਕੋਈ ਪ੍ਰਦਰਸ਼ਨਕਾਰੀ ਦੇ ਰੂਪ ‘ਚ ਨਹੀਂ ਹੈ, ਕੋਈ ਸੰਗਤ ਦੇ ਰੂਪ ‘ਚ ਆਇਆ ਹੋਵੇ ਤੇ ਪ੍ਰੋਟੈਸਟ ‘ਚ ਜਾਣਾ ਚਾਹੁੰਦਾ ਹੋਵੇ, ਉਸਦੀ ਆਪਣੀ ਮਰਜ਼ੀ ਹੈ।”
ਗੁਰਦੁਆਰੇ ‘ਚ ਆਏ ਨੌਜਵਾਨਾਂ ਨੇ ਕੀ ਦੱਸਿਆ

ਬੀਬੀਸੀ ਨੇ ਬੰਗਲਾ ਸਾਹਿਬ ਗੁਰਦੁਆਰੇ ਵਿਖੇ ਤਾਜ਼ਾ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਉੱਥੇ ਮੌਜੂਦ ਕੁਝ ਅਜਿਹੇ ਲੋਕਾਂ ਨਾਲ ਗੱਲਬਾਤ ਵੀ ਕੀਤੀ, ਜੋ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਆਏ ਹਨ।
ਅਜਿਹੇ ਹੀ ਇੱਕ ਨੌਜਵਾਨ ਹਨ ਸਾਹਿਲ, ਜੋ ਅਸਮ ਤੋਂ ਆਏ ਹਨ ਅਤੇ ਸੀਜੇਪੀ ਦੇ ਮੈਂਬਰ ਵੀ ਹਨ। ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ”ਪਹਿਲਾਂ ਜੋ ਸਿੱਖਿਆ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਹੋਇਆ ਸੀ, ਮੈਂ ਉਦੋਂ ਵੀ ਦਿੱਲੀ ਵਿੱਚ 40 ਦਿਨਾਂ ਤੱਕ ਰਿਹਾ ਸੀ ਅਤੇ ਹੁਣ ਗਿਆਨੇਸ਼ ਕੁਮਾਰ ਖਿਲਾਫ ਹਿੱਸਾ ਲੈਣ ਆਇਆ ਹਾਂ ਤੇ ਗੁਰਦੁਆਰੇ ‘ਚ ਰੁਕਿਆ ਹਾਂ।”
ਉਹ ਰੋਸ ਜਤਾਉਂਦੇ ਹਨ ਕਿ ”ਜੇ ਲੋਕਤੰਤਰ ‘ਚ ਸਾਡੇ ਕੋਲ ਵੋਟਾਂ ਦਾ ਅਧਿਕਾਰ ਹੀ ਨਹੀਂ ਰਹੇਗਾ ਤਾਂ ਲੋਕਤੰਤਰ ਕਿਸ ਗੱਲ ਦਾ ਰਹੇਗਾ।”
ਇਹ ਪੁੱਛੇ ਜਾਣ ‘ਤੇ ਕਿ ਉਹ ਗੁਰਦੁਆਰੇ ‘ਚ ਕਿਉਂ ਆਏ, ਉਨ੍ਹਾਂ ਕਿਹਾ, ”ਇੰਨਾ ਕੁਝ ਹੋ ਗਿਆ, ਗੁਰਦੁਆਰਾ ਸਾਨੂੰ ਥਾਂ ਦਿੰਦਾ ਹੈ। ਮਨ ਦੀ ਸ਼ਾਂਤੀ ਅਤੇ ਅੱਗੇ ਦੀ ਯੋਜਨਾ ਲਈ ਅਸੀਂ ਇੱਥੇ ਆਏ ਹੋਏ ਹਾਂ ਕਿ ਕਿਵੇਂ ਗੁਰਦੁਆਰੇ ਤੋਂ ਅੱਗੇ ਦੀ ਯੋਜਨਾ ‘ਤੇ ਚੱਲਿਆ ਜਾਵੇ।”
ਭਖੀ ਸਿਆਸਤ
ਤਸਵੀਰ ਸਰੋਤ, @BhagwantMann / X
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਲਿਖਿਆ, ”ਕੱਲ੍ਹ ਦਿੱਲੀ ਵਿੱਖੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿੱਚ ਬੀਜੇਪੀ ਦੀ ਪੁਲਿਸ ਵੱਲੋਂ ਜਬਰਨ ਦਾਖਲ ਹੋਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ… ਇਤਿਹਾਸ ਗਵਾਹ ਹੈ ਕਿ ਗੁਰੂ ਘਰ ਤਾਂ ਜ਼ਰੂਰਤਮੰਦਾਂ ਨੂੰ ਸ਼ਰਨ ਦੇਣ ਲਈ ਆਪਣੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖਦੇ ਨੇ। ਜੇ ਕੱਲ੍ਹ ਪ੍ਰੋਟੈਸਟ ਕਰ ਰਹੇ ਇਸ ਦੇਸ਼ ਦੇ ਨੌਜਵਾਨ ਉੱਥੇ ਦਾਖਲ ਹੋ ਗਏ ਤਾਂ ਗੁਰੂ ਘਰ ਦਾ ਸਿਧਾਂਤ ਹੈ ਕਿ ਸੇਵਾਦਾਰ ਉਨ੍ਹਾਂ ਨੂੰ ਸ਼ਰਨ ਦੇਣ।”
”ਤਾਲਿਬਾਨੀ ਰਵੱਈਏ ਵਾਲੀ ਬੀਜੇਪੀ ਦੀ ਦਿੱਲੀ ਪੁਲਿਸ ਨੰਗੇ ਸਿਰ ਤੇ ਪੈਰਾਂ ‘ਚ ਬੂਟ ਪਾ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਈ ਤੇ ਉਨ੍ਹਾਂ ਵੱਲੋਂ ਗੁਰੂ ਘਰ ਦੀ ਮਰਿਆਦਾ ਨੂੰ ਰੋਲਿਆ ਗਿਆ। ਸਿੱਖ ਕੌਮ ਇਸ ਸ਼ਰਮਨਾਕ ਹਰਕਤ ਲਈ ਬੀਜੇਪੀ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।”
ਤਸਵੀਰ ਸਰੋਤ, @HarsimratBadal_ / X
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਨੇ ਐਕਸ ‘ਤੇ ਲਿਖਿਆ, ”ਮੈਂ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਪਵਿੱਤਰ ਅਸਥਾਨ ਵਿੱਚ ਦਾਖ਼ਲ ਹੋਣ ਅਤੇ ਅੱਜ (ਸ਼ਨੀਵਾਰ) ਦੇ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ, ਖ਼ਾਸ ਕਰਕੇ ਮਹਿਲਾਵਾਂ ਨਾਲ ਕਥਿਤ ਤੌਰ ‘ਤੇ ਕੀਤੇ ਗਏ ਅੱਤਿਆਚਾਰਾਂ ਦੀ ਸਖ਼ਤ ਨਿੰਦਾ ਕਰਦੀ ਹਾਂ।”
”ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਦਾ ਨਿਰਾਦਰ ਕਰਨਾ ਅਤੇ ਆਪਣੇ ਪ੍ਰਦਰਸ਼ਨ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਉੱਥੇ ਪਨਾਹ ਲੈ ਰਹੀਆਂ ਮਹਿਲਾਵਾਂ ਨਾਲ ਧੱਕਾ-ਮੁੱਕੀ ਕਰਨਾ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੈ! ਦਿੱਲੀ ਪੁਲਿਸ ਨੂੰ ਆਪਣੀਆਂ ਇਨ੍ਹਾਂ ਕਾਰਵਾਈਆਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।”
ਤਸਵੀਰ ਸਰੋਤ, Saurabh Bhardwaj/FB
ਇਸ ਮਾਮਲੇ ਸਬੰਧਤ ਵੀਡੀਓ ਨੂੰ ਸ਼ੇਅਰ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਤੇ ਕੌਮੀ ਬੁਲਾਰੇ ਸੌਰਭ ਭਾਰਦਵਾਜ ਨੇ ਲਿਖਿਆ, ”ਕੀ ਅੱਜ ਪੁਲਿਸ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਦਾਖ਼ਲ ਹੋਈ ਸੀ?”
”ਕੀ ਭਾਜਪਾ ਸਰਕਾਰ ਦੀ ਅਕਲ ਕੰਮ ਕਰਨਾ ਬੰਦ ਕਰ ਗਈ ਹੈ?”
”ਪੁਲਿਸ ਵਾਲਿਆਂ ਨੇ ਜੁੱਤੀਆਂ ਪਾਈਆਂ ਹੋਈਆਂ ਹਨ ਅਤੇ ਆਪਣੇ ਸਿਰ ਵੀ ਨਹੀਂ ਢੱਕੇ ਹੋਏ।”
ਇਸੇ ਐਕਸ ਪੋਸਟ ਨੂੰ ਸ਼ੇਅਰ ਕਰਦਿਆਂ ਮਨੀਸ਼ ਸਿਸੋਦੀਆ ਨੇ ਲਿਖਿਆ, ”ਇਹ ਕੀ ਹੋ ਰਿਹਾ ਹੈ? ਦਿੱਲੀ ਪੁਲਿਸ… ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਅੰਦਰ?”
ਤ੍ਰਿਣਮੂਲ ਕਾਂਗਰਸ ਆਗੂ ਅਤੇ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੇ ਵੀ ਵੀਡੀਓ ਸ਼ੇਅਰ ਕਰਦਿਆਂ ਐਕਸ ‘ਤੇ ਲਿਖਿਆ, ”ਭਾਰਤ ਵਿੱਚ ਕੋਈ ਵੀ ਸਰਕਾਰ ਗੁਰਦੁਆਰੇ ਦੇ ਅੰਦਰ ਪੁਲਿਸ ਭੇਜਣ ਤੋਂ ਬਾਅਦ ਸੱਤਾ ਵਿੱਚ ਨਹੀਂ ਟਿਕੀ। ਅੱਜ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਪਨਾਹ ਲੈਣ ਤੋਂ ਰੋਕਣ ਲਈ ਪੁਲਿਸ ਮੁਲਾਜ਼ਮ ਬੰਗਲਾ ਸਾਹਿਬ ਪਹੁੰਚੇ ਸਨ। ਪੁਲਿਸ ਵਾਲਿਆਂ ਨੂੰ ਉੱਥੋਂ ਵਾਪਸ ਮੋੜ ਦਿੱਤਾ ਗਿਆ।”
ਤਸਵੀਰ ਸਰੋਤ, Hindustan Times via Getty Images
ਪ੍ਰਦਸ਼ਨਕਾਰੀਆਂ ਦਾ ਗੁਰਦੁਆਰੇ ‘ਚ ਦਾਖਲਾ ਤੇ ਪੁਲਿਸ ਦੀ ਕਾਰਵਾਈ
ਦਰਅਸਲ ਸ਼ਨੀਵਾਰ ਨੂੰ, ਪੁਲਿਸ ਨੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ, ਜੋ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ-ਮੰਤਰ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਇਆ ਸੀ ਕਿ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਅਤੇ ਕਈ ਲੋਕਾਂ ਨੂੰ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲਿਆ।
ਪ੍ਰਦਰਸ਼ਨਕਾਰੀਆਂ ਦੇ ਅਨੁਸਾਰ, ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ ਬਹੁਤ ਸਾਰੇ ਲੋਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਠਹਿਰੇ ਹੋਏ ਸਨ। ਉੱਥੇ ਮੌਜੂਦ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਸ਼ਨੀਵਾਰ ਸਵੇਰ ਤੱਕ, ਲਗਭਗ 600 ਪ੍ਰਦਰਸ਼ਨਕਾਰੀ ਗੁਰਦੁਆਰੇ ਵਿੱਚ ਮੌਜੂਦ ਸਨ, ਜਿਨ੍ਹਾਂ ਵਿੱਚੋਂ ਲਗਭਗ 300 ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
ਹੈਦਰਾਬਾਦ ਦੇ ਇੱਕ ਸਾਫਟਵੇਅਰ ਇੰਜੀਨੀਅਰ ਅਜੈ ਜਿੰਗਾੜੇ ਨੇ ਇਲਜ਼ਾਮ ਲਗਾਇਆ ਕਿ ਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਜੰਤਰ-ਮੰਤਰ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਭਾਰੀ ਪੁਲਿਸ ਫੋਰਸ ਉਨ੍ਹਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ।
ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ।
ਇਸ ਦੌਰਾਨ, ਆਂਧਰਾ ਪ੍ਰਦੇਸ਼ ਦੇ ਵਾਰੰਗਲ ਤੋਂ ਆਏ ਸੀਜੇਪੀ ਮੈਂਬਰ ਚੇਤਨ ਪ੍ਰਮੋਦ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਗੇਟ ਨੰਬਰ 3 ਰਾਹੀਂ ਪ੍ਰਵੇਸ਼ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰੇ ਤੋਂ ਜ਼ਬਰਦਸਤੀ ਹਟਾ ਰਹੀ ਸੀ। ਉਨ੍ਹਾਂ ਕਿਹਾ ਕਿ ਸ਼ਾਂਤੀ ਨਾਲ ਬੈਠੇ ਲੋਕਾਂ ਨੂੰ ਵੀ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ।
ਗੁਰਦੁਆਰਾ ਬੰਗਲਾ ਸਾਹਿਬ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ, ਸੀਆਰਪੀਐਫ ਅਤੇ ਰੈਪਿਡ ਐਕਸ਼ਨ ਫੋਰਸ (ਆਰਏਐਫ) ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਆਲੇ-ਦੁਆਲੇ ਦੀਆਂ ਸੜਕਾਂ ‘ਤੇ ਬੈਰੀਕੇਡ ਲਗਾਏ ਗਏ ਸਨ, ਅਤੇ ਦੰਗਾ ਕੰਟਰੋਲ ਕਰਨ ਵਾਲੇ ਵਾਹਨ ਵੀ ਮੌਜੂਦ ਸਨ।
ਇਸ ਦੌਰਾਨ, ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਹੋਈਆਂ।
ਦਿੱਲੀ ਪੁਲਿਸ ਦਾ ਸਪੱਸ਼ਟੀਕਰਨ
ਤਸਵੀਰ ਸਰੋਤ, Ritesh Shukla/Getty Images
ਦੂਜੇ ਪਾਸੇ, ਗੁਰਦੁਆਰੇ ਅੰਦਰ ਬੂਟ ਪਾ ਕੇ ਦਾਖਲ ਹੋਏ ਪੁਲਿਸ ਮੁਲਾਜ਼ਮਾਂ ਦੇ ਵੀਡੀਓ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ।
ਦਿੱਲੀ ਪੁਲਿਸ ਦੇ ਅਧਿਕਾਰਤ ਐਕਸ ਹੈਂਡਲ ਉੱਤੇ ਪਾਈ ਪੋਸਟ ਮੁਤਾਬਕ, ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਇਸ ਵੀਡੀਓ ਵਿੱਚ ਕੁਝ ਪੁਲਿਸ ਮੁਲਾਜ਼ਮ ਸਾਂਝੇ ਰਸਤੇ ‘ਤੇ ਚੱਲਦੇ ਦਿਖਾਈ ਦੇ ਰਹੇ ਹਨ। ਇਸ ਰਸਤੇ ਦੀ ਵਰਤੋਂ ਸਾਰੇ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਪਹਿਲਾਂ ਜੁੱਤੀਆਂ ਉਤਾਰਨ ਵਾਲੀ ਥਾਂ ਤੱਕ ਪਹੁੰਚਣ ਲਈ ਕਰਦੇ ਹਨ।
ਦਿੱਲੀ ਪੁਲਿਸ ਨੇ ਕਿਹਾ ਕਿ ਇਸ ਵੀਡੀਓ ਨੂੰ ਜਾਣਬੁਝ ਕੇ ਗ਼ਲਤ ਮਨਸ਼ਾ ਨਾਲ ਪ੍ਰਸਾਰਿਤ ਕੀਤਾ ਗਿਆ ਹੈ ਤਾਂ ਜੋ ਇੱਕ ਸਤਿਕਾਰਯੋਗ ਧਾਰਮਿਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਸਕੇ ਅਤੇ ਧਾਰਮਿਕ ਸਦਭਾਵਨਾ ਨੂੰ ਨੁਕਸਾਨ ਹੋਵੇ।
ਦਿੱਲੀ ਪੁਲਿਸ ਮੁਤਾਬਕ, ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



