Source :- BBC PUNJABI
ਤਸਵੀਰ ਸਰੋਤ, Getty Images
ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਨਾਲ ਜੁੜੇ ਕਈ ਏਆਈ ਮੀਮ ਟ੍ਰੈਂਡ ਕਰ ਰਹੇ ਹਨ, ਜਿਨ੍ਹਾਂ ਵਿੱਚ ਮੇਲੋਨੀ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਹੈ ਜਿਵੇਂ ਉਹ ਬ੍ਰੇਕਅੱਪ ਤੋਂ ਬਾਅਦ ਆਪਣੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋਣ।
ਇੱਕ ਏਆਈ ਤਸਵੀਰ ਵਿੱਚ ਉਨ੍ਹਾਂ ਨੂੰ ਨਵੇਂ ਹੇਅਰਕੱਟ ਨਾਲ ਦਿਖਾਇਆ ਗਿਆ ਹੈ। ਹੋਰ ਤਸਵੀਰਾਂ ਵਿੱਚ ਉਨ੍ਹਾਂ ਨੂੰ ਸਿੰਗਲਜ਼ ਹਾਲੀਡੇਅ ਬੁੱਕ ਕਰਦੇ ਹੋਏ, ਮੈਰਾਥਨ ਦੀ ਟ੍ਰੇਨਿੰਗ ਕਰਦੇ ਹੋਏ ਅਤੇ ਡੇਟਿੰਗ ਐਪ ‘ਤੇ ਪ੍ਰੋਫ਼ਾਈਲ ਬਣਾਉਂਦੇ ਹੋਏ ਦਿਖਾਇਆ ਗਿਆ ਹੈ।
ਇਹ ਸਾਰੀਆਂ ਤਸਵੀਰਾਂ ਅਸਲੀ ਨਹੀਂ ਹਨ, ਪਰ ਉਨ੍ਹਾਂ ਦਾ ਮਜ਼ਾਕ ਇਸ ਲਈ ਬਣਾਇਆ ਜਾ ਰਿਹਾ ਹੈ ਕਿਉਂਕਿ ਮੇਲੋਨੀ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਿਚਾਲੇ ਸਰੇਆਮ ਵਿਵਾਦ ਸਾਹਮਣੇ ਆਇਆ ਹੈ।
ਪਿਛਲੇ ਕੁਝ ਮਹੀਨਿਆਂ ਵਿੱਚ ਟਰੰਪ ਅਤੇ ਮੇਲੋਨੀ ਦਾ ਰਿਸ਼ਤਾ ਕਦੇ ਖੁੱਲ੍ਹੇ ਹਮਲਿਆਂ ਤੱਕ ਪਹੁੰਚਿਆ, ਕਦੇ ਨਿੱਜੀ ਤੰਜਾਂ ਤੱਕ ਅਤੇ ਫਿਰ ਕੁਝ ਹੱਦ ਤੱਕ ਠੀਕ ਵੀ ਹੋਇਆ। ਪਰ ਇਸ ਉਤਾਰ-ਚੜ੍ਹਾਅ ਨਾਲ ਯੂਰਪ ਦੀ ਸਭ ਤੋਂ ਚਰਚਿਤ ਸਿਆਸੀ ਦੋਸਤੀ ਜਿਵੇਂ ਠੰਡੀ ਪੈ ਗਈ।
ਟਰੰਪ ਨਾਲ ਨੇੜਤਾ ਦਾ ਦੌਰ
ਤਸਵੀਰ ਸਰੋਤ, Win McNamee/Getty Images
ਕੁਝ ਸਮਾਂ ਪਹਿਲਾਂ ਤੱਕ ਲੋਕ ਮੇਲੋਨੀ ਨੂੰ ‘ਟਰੰਪ ਵਿਸਪਰਰ’ ਕਹਿੰਦੇ ਸਨ। ਇਸ ਦੀ ਇੱਕ ਮਿਸਾਲ ਜਨਵਰੀ 2025 ਵਿੱਚ ਦੇਖਣ ਨੂੰ ਮਿਲੀ, ਜਦੋਂ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਉਨ੍ਹਾਂ ਨੂੰ ਸਭ ਤੋਂ ਅੱਗੇ ਬੈਠਣ ਦੀ ਜਗ੍ਹਾ ਮਿਲੀ। ਮੇਲੋਨੀ ਅਜਿਹੇ ਇੱਕਲੇ ਯੂਰਪੀ ਆਗੂ ਸਨ, ਜਿਨ੍ਹਾਂ ਨੂੰ ਉਸ ਸਮਾਗਮ ਵਿੱਚ ਇਹ ਅਹਿਮ ਜਗ੍ਹਾ ਹਾਸਿਲ ਹੋਈ ਸੀ।
ਲੰਘੇ ਅਪ੍ਰੈਲ ਮਹੀਨੇ ਵਿੱਚ ਮੇਲੋਨੀ ਵ੍ਹਾਈਟ ਹਾਊਸ ਗਏ ਸਨ। ਉੱਥੇ ਉਨ੍ਹਾਂ ਦੀ ਮੁਲਾਕਾਤ ਅਮਰੀਕੀ ਆਗੂਆਂ ਨਾਲ ਹੋਈ ਤਾਂ ਜੋ ਯੂਰਪੀ ਸਾਮਾਨ ‘ਤੇ ਲੱਗੇ ਅਮਰੀਕੀ ਟੈਕਸ ਨੂੰ ਲੈ ਕੇ ਚੱਲ ਰਹੇ ਤਣਾਅ ਨੂੰ ਘਟਾਇਆ ਜਾ ਸਕੇ।
ਮੇਲੋਨੀ ਨੇ ਇਟਲੀ ਦੀ ਸਿਆਸਤ ਵਿੱਚ ਹਾਸ਼ੀਏ ਤੋਂ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਾਰਟੀ ਦੀਆਂ ਜੜ੍ਹਾਂ ਇਟਲੀ ਦੀ ਪੋਸਟ-ਫਾਸ਼ੀਵਾਦੀ ਪਰੰਪਰਾ ਨਾਲ ਜੁੜੀਆਂ ਹਨ।
ਪਰ ਉਨ੍ਹਾਂ ਨੇ ਸਾਲਾਂ ਤੱਕ ਮਿਹਨਤ ਕਰਕੇ ਆਪਣੇ ਆਪ ਨੂੰ ਇੱਕ ਭਰੋਸੇਯੋਗ ਆਗੂ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ।
ਟਰੰਪ ਨਾਲ ਉਨ੍ਹਾਂ ਦੀ ਨੇੜਤਾ ਨੂੰ ਸਿਰਫ਼ ਕੂਟਨੀਤਿਕ ਰਿਸ਼ਤਾ ਨਹੀਂ ਮੰਨਿਆ ਗਿਆ, ਸਗੋਂ ਇਹ ਵੱਡੇ ਮੰਚ ‘ਤੇ ਉਨ੍ਹਾਂ ਦੀ ਮੌਜੂਦਗੀ ਦਾ ਸਬੂਤ ਸੀ।
ਇਸ ਤਰ੍ਹਾਂ ਆਈਆਂ ਦੂਰੀਆਂ
ਤਸਵੀਰ ਸਰੋਤ, Demetrius Freeman/The Washington Post via Getty Images
ਪਰ ਟਰੰਪ ਦੀ ਅਨਿਸ਼ਚਿਤਤਾ ਮੇਲੋਨੀ ਲਈ ਮੁਸ਼ਕਿਲ ਭਰੀ ਸਾਬਿਤ ਹੋਈ ਅਤੇ ਉਨ੍ਹਾਂ ਦੀ ਸਾਖ਼ ਨੂੰ ਦੇਸ਼ ਅਤੇ ਵਿਦੇਸ਼ ਦੋਵਾਂ ਥਾਵਾਂ ‘ਤੇ ਨੁਕਸਾਨ ਪਹੁੰਚਿਆ।
ਟਰੰਪ ਅਤੇ ਮੇਲੋਨੀ ਵਿਚਕਾਰ ਪਹਿਲੀ ਵੱਡਾ ਪਾੜਾ ਮਾਰਚ ਮਹੀਨੇ ਦੇ ਅਖੀਰ ਵਿੱਚ ਆਇਆ। ਇਟਲੀ ਦੇ ਰੱਖਿਆ ਮੰਤਰਾਲੇ ਨੇ ਅਮਰੀਕੀ ਫੌਜੀ ਜਹਾਜ਼ਾਂ ਨੂੰ ਸਿਸਲੀ ਦੇ ਸਿਗੋਨੇਲਾ ਨਾਟੋ ਏਅਰਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਇਸ ਲਈ ਸੰਸਦ ਦੀ ਮਨਜ਼ੂਰੀ ਜ਼ਰੂਰੀ ਹੈ। ਇਟਲੀ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਸ ਦਾ ਕਾਨੂੰਨ ਅਤੇ ਜਨਤਾ ਦੋਵੇਂ ਹੀ ਜੰਗ ਦੇ ਖ਼ਿਲਾਫ਼ ਸਨ।
ਕੁਝ ਹਫ਼ਤਿਆਂ ਬਾਅਦ ਵਿਵਾਦ ਹੋਰ ਵਧ ਗਿਆ। ਅਪ੍ਰੈਲ ਵਿੱਚ ਟਰੰਪ ਨੇ ਟਰੂਥ ਸੋਸ਼ਲ ‘ਤੇ ਪੋਪ ਲਿਓ (ਚੌਦਹਵੇਂ) ‘ਤੇ ਸ਼ਾਬਦਿਕ ਹਮਲਾ ਕੀਤਾ, ਕਿਉਂਕਿ ਉਨ੍ਹਾਂ ਨੇ ਜੰਗ ਦੀ ਆਲੋਚਨਾ ਕੀਤੀ ਸੀ। ਟਰੰਪ ਨੇ ਉਨ੍ਹਾਂ ਨੂੰ ‘ਕਮਜ਼ੋਰ’ ਦੱਸਿਆ ਸੀ।
ਕੈਥੋਲਿਕ ਦੇਸ਼ ਦੀ ਆਗੂ ਮੇਲੋਨੀ ਨੇ ਟਰੰਪ ਦੇ ਬਿਆਨ ਨੂੰ ‘ਅਸਵੀਕਾਰਯੋਗ’ ਦੱਸਿਆ।
ਮੇਲੋਨੀ ਦੀ ਸਖ਼ਤ ਪ੍ਰਤੀਕਿਰਿਆ ਟਰੰਪ ਨੂੰ ਚੰਗੀ ਨਹੀਂ ਲੱਗੀ। ਉਨ੍ਹਾਂ ਨੇ ਇਟਲੀ ਦੇ ਅਖ਼ਬਾਰ ਕੋਰੀਏਰੇ ਡੇਲਾ ਸੇਰਾ ਨੂੰ ਕਿਹਾ, “ਮੈਂ ਹੈਰਾਨ ਹਾਂ। ਮੈਨੂੰ ਲੱਗਿਆ ਸੀ ਕਿ ਉਨ੍ਹਾਂ ਵਿੱਚ ਹਿੰਮਤ ਹੈ, ਪਰ ਮੈਂ ਗਲਤ ਸੀ। ਉਹ (ਮੇਲੋਨੀ) ਹੁਣ ਪਹਿਲਾਂ ਵਰਗੇ ਨਹੀਂ ਰਹੇ ਅਤੇ ਇਟਲੀ ਵੀ ਪਹਿਲਾਂ ਵਰਗਾ ਦੇਸ਼ ਨਹੀਂ ਰਿਹਾ।”
ਇਸ ਤੋਂ ਬਾਅਦ ਜੂਨ ਤੱਕ ਹਾਲਾਤ ਬਿਹਤਰ ਲੱਗਣ ਲੱਗੇ। ਫ੍ਰਾਂਸ ਵਿੱਚ ਜੀ-7 ਸੰਮੇਲਨ ਦੌਰਾਨ ਟਰੰਪ ਅਤੇ ਮੇਲੋਨੀ ਨੂੰ ਗੱਲਬਾਤ ਕਰਦੇ ਹੋਏ ਦੇਖਿਆ ਗਿਆ। ਇਟਲੀ ਦੇ ਅਧਿਕਾਰੀਆਂ ਨੇ ਇਸ ਨੂੰ ਅਜਿਹੀ ਗੱਲਬਾਤ ਦੱਸਿਆ ਜਿਸ ਵਿੱਚ ਗਲਤਫਹਿਮੀਆਂ ਦੂਰ ਹੋ ਗਈਆਂ।
ਮੇਲੋਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਗੱਲਬਾਤ ਦਾ ਮਾਹੌਲ ਬਹੁਤ ਸਕਾਰਾਤਮਕ ਸੀ ਅਤੇ ਕੋਈ ਟਕਰਾਅ ਨਹੀਂ ਸੀ।
ਫੋਟੋ ਵਾਲੇ ਵਿਵਾਦ ਨਾਲ ਵਧੀ ਦੂਰੀ
ਤਸਵੀਰ ਸਰੋਤ, Christian Hartmann / POOL / AFP via Getty Images
ਪਰ ਕੁਝ ਹੀ ਦਿਨਾਂ ਬਾਅਦ ਟਰੰਪ ਅਤੇ ਮੇਲੋਨੀ ਵਿਚਕਾਰ ਮਾਮਲਾ ਫਿਰ ਵਿਗੜ ਗਿਆ।
ਟਰੰਪ ਨੇ ਇਤਾਲੀ ਚੈਨਲ ਲਾ7 ਨੂੰ ਦਿੱਤੇ ਇੱਕ ਫੋਨ ਇੰਟਰਵਿਊ ਵਿੱਚ ਕਿਹਾ ਕਿ ਮੇਲੋਨੀ ਨੇ ਸਮਿਟ ਵਿੱਚ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ‘ਮਿੰਨਤ’ ਕੀਤੀ ਸੀ।
ਟਰੰਪ ਨੇ ਕਿਹਾ, “ਉਹ ਮੇਰੇ ਨਾਲ ਤਸਵੀਰ ਚਾਹੁੰਦੇ ਸਨ। ਮੈਂ ਨਹੀਂ ਖਿਚਵਾਉਂਦਾ, ਪਰ ਮੈਨੂੰ ਉਨ੍ਹਾਂ ‘ਤੇ ਤਰਸ ਆ ਗਿਆ।”
ਮੇਲੋਨੀ ਨੇ ਤੁਰੰਤ ਜਵਾਬ ਦਿੱਤਾ। ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਟਰੰਪ ਦੀ ਗੱਲ ਨੂੰ ‘ਪੂਰੀ ਤਰ੍ਹਾਂ ਮਨਘੜਤ’ ਕਰਾਰ ਦਿੱਤਾ।
ਉਨ੍ਹਾਂ ਕਿਹਾ, “ਮੈਨੂੰ ਨਹੀਂ ਪਤਾ ਕਿ ਅਮਰੀਕਾ ਦੇ ਰਾਸ਼ਟਰਪਤੀ ਆਪਣੇ ਸਹਿਯੋਗੀਆਂ ਨਾਲ ਅਜਿਹਾ ਕਿਉਂ ਕਰਦੇ ਹਨ। ਮੈਂ ਬਸ ਇੰਨਾ ਹੀ ਕਹਿ ਸਕਦੀ ਹਾਂ ਕਿ ਅਫ਼ਸੋਸ ਹੈ ਕਿ ਉਹ ਪੱਛਮ ਦੇ ਦੁਸ਼ਮਣਾਂ ਖ਼ਿਲਾਫ਼ ਅਜਿਹੀ ਮਜ਼ਬੂਤੀ ਨਹੀਂ ਦਿਖਾਉਂਦੇ। ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ- ਨਾ ਮੈਂ ਮਿੰਨਤ ਕਰਦੀ ਹਾਂ ਅਤੇ ਨਾ ਹੀ ਇਟਲੀ।”
ਇਸ ਤੋਂ ਬਾਅਦ ਇਟਲੀ ਦੇ ਵਿਦੇਸ਼ ਮੰਤਰੀ ਐਂਟੋਨਿਓ ਤਾਯਾਨੀ ਨੇ ਆਪਣੀ ਪ੍ਰਸਤਾਵਿਤ ਅਮਰੀਕਾ ਯਾਤਰਾ ਰੱਦ ਕਰ ਦਿੱਤੀ।
ਇਟਲੀ ਦੇ ਰਾਸ਼ਟਰਪਤੀ ਸਰਜਿਓ ਮਾਤਾਰੇਲਾ ਨੇ ਮੇਲੋਨੀ ਨੂੰ ਫੋਨ ਕਰਕੇ ਆਪਣਾ ਸਮਰਥਨ ਜਤਾਇਆ। ਸਰਕਾਰ ਦੇ ਸਹਿਯੋਗੀਆਂ ਅਤੇ ਸੰਸਦ ਮੈਂਬਰਾਂ ਨੇ ਟਰੰਪ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਦੱਸਿਆ ਅਤੇ ਮੁਆਫ਼ੀ ਦੀ ਮੰਗ ਕੀਤੀ। ਵਿਰੋਧੀ ਧਿਰ ਨੇ ਵੀ ਇਸ ਨੂੰ ਪੂਰੇ ਦੇਸ਼ ਦਾ ਅਪਮਾਨ ਦੱਸਿਆ।
ਇਸ ਤੋਂ ਬਾਅਦ ਟਰੰਪ ਨੇ ਫਿਰ ਦੋਹਰਾਇਆ ਕਿ ਮੇਲੋਨੀ ਨੇ ਵਾਰ-ਵਾਰ ਤਸਵੀਰ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਮੇਲੋਨੀ ‘ਤੇ ਇਲਜ਼ਾਮ ਲਗਾਇਆ ਕਿ ਉਹ ਹੁਣ ਦੁਬਾਰਾ ਦੋਸਤ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਅਮਰੀਕਾ ਨੇ ‘ਈਰਾਨ ਨੂੰ ਫੌਜੀ ਤੌਰ ‘ਤੇ ਹਰਾ ਦਿੱਤਾ ਹੈ’।
ਅਮਰੀਕਾ ਅਤੇ ਇਟਲੀ ਵਿਚਕਾਰ ਨਵਾਂ ਵਿਵਾਦ ਕੀ?
ਤਸਵੀਰ ਸਰੋਤ, Andrew Harnik/Getty Images
ਜਿਵੇਂ ਹੀ ਇਹ ਵਿਵਾਦ ਠੰਢਾ ਪੈਂਦਾ ਨਜ਼ਰ ਆਇਆ, ਫੌਜੀ ਠਿਕਾਣਿਆਂ ਨੂੰ ਲੈਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ।
ਲੰਘੇ ਬੁੱਧਵਾਰ ਨੂੰ ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਲਗਭਗ 500 ਜਹਾਜ਼ ਇਟਲੀ ਵਿੱਚ ਅਮਰੀਕੀ ਠਿਕਾਣਿਆਂ ਤੋਂ ‘ਆਪ੍ਰੇਸ਼ਨ ਐਪਿਕ ਫਿਊਰੀ’ ਤਹਿਤ ਉਡਾਣ ਭਰ ਚੁੱਕੇ ਹਨ। ਅਮਰੀਕਾ-ਇਜ਼ਰਾਈਲ ਦੇ ਈਰਾਨ ਖ਼ਿਲਾਫ਼ ਅਭਿਆਨ ਨੂੰ ‘ਆਪ੍ਰੇਸ਼ਨ ਐਪਿਕ ਫਿਊਰੀ’ ਨਾਮ ਦਿੱਤਾ ਗਿਆ ਹੈ।
ਰੁਟੇ ਨੇ ਕਿਹਾ ਕਿ ਇਹ ਯੂਰਪ ਵੱਲੋਂ ਮਿਲਣ ਵਾਲੇ ਵੱਡੇ ਸਮਰਥਨ ਦਾ ਹਿੱਸਾ ਹੈ, ਜਿਸ ਵਿੱਚ ਹਜ਼ਾਰਾਂ ਉਡਾਣਾਂ ਸ਼ਾਮਲ ਹਨ।
ਪਰ ਇਟਲੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ।
ਇਟਲੀ ਦੇ ਰੱਖਿਆ ਮੰਤਰਾਲੇ ਨੇ ਰੁਟੇ ਦੇ ਬਿਆਨ ਨੂੰ ‘ਗਲਤ’ ਅਤੇ ‘ਗੁੰਮਰਾਹਕੁੰਨ’ ਦੱਸਿਆ। ਮੰਤਰਾਲੇ ਨੇ ਕਿਹਾ ਕਿ ਉਸ ਨੇ ਸਿਰਫ਼ ਤਕਨੀਕੀ ਅਤੇ ਸਾਮਾਨ ਪਹੁੰਚਾਉਣ ਵਾਲੀਆਂ ਉਡਾਣਾਂ ਦੀ ਇਜਾਜ਼ਤ ਦਿੱਤੀ ਸੀ, ਲੜਾਈ ਨਾਲ ਜੁੜੀਆਂ ਉਡਾਣਾਂ ਦੀ ਨਹੀਂ।
ਬਾਅਦ ਵਿੱਚ ਨਾਟੋ ਦੇ ਇੱਕ ਬੁਲਾਰੇ ਨੇ ਸਪਸ਼ਟ ਕੀਤਾ ਕਿ ਰੁਟੇ ਦਾ ਮਤਲਬ ਸਿਰਫ਼ ਇਹ ਦਿਖਾਉਣਾ ਸੀ ਕਿ ਸਹਿਯੋਗੀ ਦੇਸ਼ਾਂ ਨੇ ਪਹਿਲਾਂ ਤੋਂ ਬਣੇ ਫੌਜੀ ਠਿਕਾਣਿਆਂ ਨਾਲ ਸੰਬੰਧਿਤ ਸਮਝੌਤਿਆਂ ਦੀ ਪਾਲਣਾ ਕੀਤੀ ਹੈ।
ਇਨ੍ਹਾਂ ਗੱਲਾਂ ਕਾਰਨ ਇਟਲੀ ਵਿੱਚ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ, ਜਦਕਿ ਮੇਲੋਨੀ ਦੀ ਸਰਕਾਰ ਵਾਰ-ਵਾਰ ਕਹਿ ਚੁੱਕੀ ਹੈ ਕਿ ਉਸ ਨੇ ਈਰਾਨ ਖ਼ਿਲਾਫ਼ ਸਿੱਧੀ ਫੌਜੀ ਕਾਰਵਾਈ ਲਈ ਇਟਲੀ ਦੀ ਜ਼ਮੀਨ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ।
ਮੇਲੋਨੀ ਲਈ ਮੁਸ਼ਕਿਲ ਭਰੇ ਹਾਲਾਤ
ਤਸਵੀਰ ਸਰੋਤ, Antonio Masiello/Getty Images
ਮੇਲੋਨੀ ਲਈ ਪਿਛਲੇ ਕੁਝ ਮਹੀਨੇ ਕਾਫ਼ੀ ਮੁਸ਼ਕਿਲ ਰਹੇ ਹਨ- ਪਹਿਲਾਂ ਨਿਆਂ ਪ੍ਰਣਾਲੀ ਵਿੱਚ ਸੁਧਾਰ ਲਈ ਹੋਏ ਸੰਵਿਧਾਨਕ ਜਨਮਤ ਸੰਗ੍ਰਹਿ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਅਗਲੇ ਸਾਲ ਚੋਣਾਂ ਦਾ ਸਾਹਮਣਾ ਕਰਨਾ ਹੈ। ਇਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਦੇ ਸਾਹਮਣੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ।
ਹੁਣ ਮੇਲੋਨੀ ਦੇ ਸਾਹਮਣੇ ਵੱਡੇ ਸਵਾਲ ਹਨ ਕਿ ਉਹ ਅੰਤਰਰਾਸ਼ਟਰੀ ਸਿਆਸਤ ਵਿੱਚ ਆਪਣੀ ਥਾਂ ਕਿਵੇਂ ਤੈਅ ਕਰਨਗੇ? ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨਾਲ ਉਨ੍ਹਾਂ ਦਾ ਰਿਸ਼ਤਾ ਅੱਗੇ ਕਿਵੇਂ ਚੱਲੇਗਾ, ਜੋ ਕਦੇ ਦੋਸਤ ਤਾਂ ਕਦੇ ਵਿਰੋਧੀ ਰਹੇ ਹਨ। ਪਰ ਹੁਣ ਮੈਕਰੋਂ ਉਨ੍ਹਾਂ ਦੀ ਸਿਆਸੀ ਸਥਿਤੀ ਲਈ ਬਹੁਤ ਅਹਿਮ ਹੋ ਗਏ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮੇਲੋਨੀ ਅਤੇ ਟਰੰਪ ਫਿਰ ਤੋਂ ਇਕੱਠੇ ਆ ਸਕਣਗੇ?
ਲੇਖਕ ਅਤੇ ਅਮਰੀਕਾ-ਇਟਲੀ ਪਰਿਸ਼ਦ ਦੇ ਉਪ ਪ੍ਰਧਾਨ ਜਿਆਨੀ ਰਿਓਟਾ ਨੇ ਕਿਹਾ ਕਿ ਹਾਲਾਤ ਬਦਲਣਾ ਸੌਖਾ ਨਹੀਂ ਹੋਵੇਗਾ।
ਉਨ੍ਹਾਂ ਕਿਹਾ, “ਮੇਲੋਨੀ ਦੀ ਪੁਲ ਬਣਾਉਣ ਦੀ ਕੋਸ਼ਿਸ਼ ਹੁਣ ਸਿਰਫ਼ ਇੱਕ ਸੁਪਨਾ ਲੱਗਦੀ ਹੈ। ਉਹ ਯੂਰਪ ਅਤੇ ਅਮਰੀਕਾ ਦੇ ਵਿਚਕਾਰ ਖੜ੍ਹੇ ਨਹੀਂ ਹੋ ਸਕੇ।”
ਰਿਓਟਾ ਨੇ ਕਿਹਾ, “ਪੋਪ ਵਾਲੇ ਮੁੱਦੇ ਨੇ ਮਾਮਲਾ ਬਦਲ ਦਿੱਤਾ। ਮੇਲੋਨੀ ਨੂੰ ਪੋਪ ਦਾ ਸਾਥ ਦੇਣਾ ਪਿਆ ਅਤੇ ਟਰੰਪ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ। ਟਰੰਪ ਹਮੇਸ਼ਾਂ ਦੋਸਤ ਜਾਂ ਦੁਸ਼ਮਣ ਵਾਲੀ ਸੋਚ ਰੱਖਦੇ ਹਨ, ਜਾਂ ਤਾਂ ਮੇਰੇ ਨਾਲ ਰਹੋ ਜਾਂ ਮੇਰੇ ਖ਼ਿਲਾਫ਼। ਜਦੋਂ ਇਹ ਸਮਝ ਟੁੱਟੀ, ਤਾਂ ਉਨ੍ਹਾਂ ਨੇ ਦਬਾਅ ਵਧਾਇਆ ਅਤੇ ਮੇਲੋਨੀ ਨੇ ਆਪਣੀ ਸਖ਼ਤ ਮਹਿਲਾ ਵਾਲੀ ਛਵੀ ਦਿਖਾ ਦਿੱਤੀ।”
ਇਟਲੀ ਇਸ ਰਿਸ਼ਤੇ ਨੂੰ ਪੂਰੀ ਤਰ੍ਹਾਂ ਤੋੜਨਾ ਵੀ ਨਹੀਂ ਚਾਹੁੰਦਾ। ਕੂਟਨੀਤਿਕ ਹਲਕਿਆਂ ਵਿੱਚ ਕੋਈ ਵੀ ਰਿਸ਼ਤਾ ਪੂਰੀ ਤਰ੍ਹਾਂ ਟੁੱਟਣਾ ਨਹੀਂ ਚਾਹੁੰਦਾ।
ਹਫ਼ਤੇ ਦੀ ਸ਼ੁਰੂਆਤ ਵਿੱਚ ਖ਼ਬਰ ਆਈ ਸੀ ਕਿ ਕਈ ਮੰਤਰੀ ਅਮਰੀਕੀ ਦੂਤਘਰ ਦੇ ਆਜ਼ਾਦੀ ਦਿਵਸ ਸਮਾਰੋਹ ਵਿੱਚ ਨਹੀਂ ਜਾਣਗੇ। ਇਟਲੀ ਦੇ ਆਗੂਆਂ ਨੇ ਮੇਲੋਨੀ ਨਾਲ ਇਕਜੁੱਟਤਾ ਦਿਖਾਈ।
ਹੁਣ ਮਾਹੌਲ ਕੁਝ ਸ਼ਾਂਤ ਹੋ ਗਿਆ ਹੈ। ਵਿਦੇਸ਼ ਮੰਤਰੀ ਤਾਯਾਨੀ ਨੇ ਕਿਹਾ ਕਿ ਉਹ ‘ਸਿਰ ਉੱਚਾ ਕਰਕੇ’ ਉੱਥੇ ਜਾਣਗੇ। ਪ੍ਰਧਾਨ ਮੰਤਰੀ ਦੇ ਸਹਿਯੋਗੀਆਂ ਨੇ ਵੀ ਕਿਹਾ ਕਿ ਹੁਣ ਬਾਈਕਾਟ ਦੀ ਗੱਲ ਠੰਢੀ ਪੈ ਗਈ ਹੈ ਅਤੇ ਮਾਹੌਲ ਅਜਿਹਾ ਹੈ ਕਿ ‘ਹਰ ਕੋਈ ਆਪਣੀ ਮਰਜ਼ੀ ਨਾਲ ਫ਼ੈਸਲਾ ਕਰ ਰਿਹਾ ਹੈ।’
ਅਸਲ ਪ੍ਰੀਖਿਆ ਅਗਲੇ ਮਹੀਨੇ ਅੰਕਾਰਾ ਵਿੱਚ ਹੋਣ ਵਾਲੇ ਨਾਟੋ ਸਮਿਟ ਵਿੱਚ ਹੋਵੇਗੀ, ਜਿੱਥੇ ਜੀ-7 ਤੋਂ ਬਾਅਦ ਪਹਿਲੀ ਵਾਰ ਟਰੰਪ ਅਤੇ ਮੇਲੋਨੀ ਫਿਰ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


