Home ਰਾਸ਼ਟਰੀ ਖ਼ਬਰਾਂ ਪੰਜਾਬ ‘ਚ ਬੇਅਦਬੀ ਦਾ ਮੁੱਦਾ ਕਿੰਨਾ ਅਹਿਮ, ਅਕਾਲੀ ਦਲ ਤੋਂ ਲੈ ਕੇ...

ਪੰਜਾਬ ‘ਚ ਬੇਅਦਬੀ ਦਾ ਮੁੱਦਾ ਕਿੰਨਾ ਅਹਿਮ, ਅਕਾਲੀ ਦਲ ਤੋਂ ਲੈ ਕੇ ‘ਆਪ’ ਤੱਕ ਕਿਸ-ਕਿਸ ਕੋਲ ‘ਬੇਅਦਬੀ ਦੇ ਮੁੱਦਿਆਂ’ ਦਾ ਸੇਕ ਪਹੁੰਚਿਆ ਹੈ

3
0

Source :- BBC PUNJABI

ਸ੍ਰੀ ਅਕਾਲ ਤਖ਼ਤ ਸਾਹਿਬ

ਤਸਵੀਰ ਸਰੋਤ, SHIROMANI GURDWARA PARBANDHAK COMMITTEE/FB

ਕਥਿਤ ਵੀਡੀਓ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰਾਂ ਘੇਰ ਰਹੀਆਂ ਹਨ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕਥਿਤ ਵੀਡੀਓ ਦੀ ਕਥਿਤ ਤੌਰ ਉੱਤੇ ਫਰਜ਼ੀ ਫੌਰੈਂਸਿਕ ਰਿਪੋਰਟ ਤਿਆਰ ਕਰਵਾਉਣ ਅਤੇ ਡਿਜੀਟਲ ਸਬੂਤਾਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਹਨ।

ਇਸ ਮਾਮਲੇ ਵਿੱਚ ਗੁਰੂਗ੍ਰਾਮ ਵਿਖੇ ਇੱਕ ਐੱਫਆਈਆਰ ਵੀ ਦਰਜ ਹੋਈ ਹੈ ਅਤੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਥਿਤ ਵੀਡੀਓ ਵਿੱਚ ਦਿਖ ਰਹੇ ਸ਼ਖ਼ਸ ਉੱਤੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੀ ‘ਬੇਅਦਬੀ’ ਕਰਨ ਦੇ ਇਲਜ਼ਾਮ ਲੱਗੇ ਰਹੇ ਹਨ।

ਇਹ ਪਹਿਲੀ ਵਾਰੀ ਨਹੀਂ ਹੈ, ਜਦੋਂ ਪੰਜਾਬ ਵਿੱਚ ਬੇਅਦਬੀ ਦਾ ਮੁੱਦਾ ਭਖਿਆ ਹੋਵੇ। ਪਿਛਲੇ ਕਈ ਦਹਾਕਿਆਂ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਨਾ ਸਿਰਫ਼ ਸਮਾਜਿਕ ਤਣਾਅ ਪੈਦਾ ਕੀਤਾ, ਸਗੋਂ ਸਿਆਸੀ ਪਾਰਟੀਆਂ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ।

ਮਾਹਰਾਂ ਮੁਤਾਬਕ ਸ਼ੋਮਣੀ ਅਕਾਲੀ ਦਲ ਇਸਦੀ ਸਭ ਤੋਂ ਵੱਡੀ ਮਿਸਾਲ ਹੈ। ਲਗਾਤਾਰ 10 ਸਾਲ ਸੱਤਾ ਵਿੱਚ ਰਹਿਣ ਮਗਰੋਂ ਸਾਲ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਿਆ ਸੀ। ਸਾਲ 2017 ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬੇਅਦਬੀ ਵੱਡਿਆਂ ਮੁੱਦਿਆਂ ਵਿੱਚ ਇੱਕ ਸੀ।

‘ਬੇਅਦਬੀਆਂ’ ਦੇ ਇਨਸਾਫ਼ ਦੇ ਮੁੱਦੇ ਉੱਤੇ ਕਾਂਗਰਸ ਦੀ ਸਰਕਾਰ ਵੀ ਪਿਛਲੇ ਕਾਰਜਕਾਲ ਦੌਰਾਨ ਆਪਣੇ ਕਈ ਕੈਬਨਿਟ ਮੰਤਰੀ ਅਤੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉੱਤੇ ਰਹੀ ਸੀ।

ਮਾਹਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਬੇਅਦਬੀ ਦੇ ਮੁੱਦਿਆਂ ਅਤੇ ਬੇਅਦਬੀ ਦੇ ਇਨਸਾਫ਼ ਦੇ ਮੁੱਦੇ ਉੱਤੇ ਘੇਰਨ ਵਿੱਚ ਆਮ ਆਦਮੀ ਪਾਰਟੀ ਨੇ ਮੋਹਰੀ ਭੂਮਿਕਾ ਅਦਾ ਕੀਤੀ ਸੀ ਅਤੇ ਆਮ ਆਦਮੀ ਹੁਣ ਖੁਦ ਵੀ ਕਥਿਤ ਵੀਡੀਓ ਅਤੇ ਬੇਅਦਬੀ ਦੇ ਇਲਜ਼ਾਮਾਂ ਵਿਚਾਲੇ ਘਿਰੀ ਨਜ਼ਰ ਆ ਰਹੀ ਹੈ, ਭਾਵੇਂ ਕਿ ਉਨ੍ਹਾਂ ਨੇ ਲਗਾਤਾਰ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ।

ਭਗਵੰਤ ਮਾਨ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ

ਤਸਵੀਰ ਸਰੋਤ, SRI AKAL TAKHAT SAHIB

ਹੁਣ ਆਮ ਆਦਮੀ ਪਾਰਟੀ ‘ਬੇਅਦਬੀ’ ਦੇ ਇਲਜ਼ਾਮਾਂ ਕਰਕੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਉੱਤੇ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਇਤਿਹਾਸ ਵਿੱਚ ਹੋਰ ਵੀ ਕਈ ਮਿਸਾਲਾਂ ਹਨ ਜਦੋਂ ‘ਬੇਅਦਬੀ’ ਦਾ ਮੁੱਦਾ ਚਰਚਾ ਵਿੱਚ ਰਿਹਾ ਹੋਵੇ। ਇੱਥੋਂ ਤੱਕ ਕਿ ਮਾਹਰਾਂ ਦਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ ਵਿੱਚ ਭਾਵਨਾਤਮਕ, ਸੰਵੇਦਨਸ਼ੀਲ ਅਤੇ ਸਿਆਸੀ ਮੁੱਦਾ ਹੈ।

ਮਾਹਰ ਕਹਿੰਦੇ ਹਨ ਕਿ ਪੰਜਾਬ ਵਿੱਚ ਸਿੱਖਾਂ ਦੀ ਬਹੁਗਿਣਤੀ ਹੈ ਅਤੇ ਸਾਰੇ ਸਿੱਖਾਂ ਦੀਆ ਧਾਰਮਿਕ ਮਾਨਤਾਵਾਂ ਅਤੇ ਆਦਰਸ਼ ਸਾਂਝੇ ਹਨ। ਇਸ ਲਈ ਪੂਰਾ ਸਿੱਖ ਭਾਈਚਾਰਾ ਅਤੇ ਸੂਬਾ ਬੇਅਦਬੀ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਪ੍ਰਤੀਕਿਰਿਆ ਦਿੰਦਾ ਹੈ।

ਦੂਜੇ ਪਾਸੇ ਸਿੱਖ ਪੰਜਾਬ ਵਿੱਚ ਵੱਡਾ ਵੋਟ ਬੈਂਕ ਹਨ ਅਤੇ ਧਾਰਮਿਕ ਪਹਿਲੂ ਦਾ ਪੰਜਾਬ ਦੀ ਰਾਜਨੀਤੀ ਉੱਤੇ ਵੱਡਾ ਪ੍ਰਭਾਵ ਹੈ।

ਕਿਹੜੇ ਰਹੇ ਹਨ ਚਰਚਿਤ ਮਾਮਲੇ

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਸਭ ਤੋਂ ਵੱਧ ਚਰਚਿਤ ਮਾਮਲਾ ਸਾਲਾ 2015 ਦਾ ਹੈ। ਇਸ ਸਾਲ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਇਸ ਘਟਨਾ ਤੋਂ ਬਾਅਦ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ।

ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਘਟਨਾਵਾਂ ਕਾਰਨ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਬੇਅਦਬੀ ਦੇ ਮੁੱਦੇ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਥਿਤੀ ਨੂੰ ਗੰਭੀਰ ਝਟਕਾ ਦਿੱਤਾ ਸੀ। ਪਾਰਟੀ ਨਾ ਸਿਰਫ਼ ਸੱਤਾ ਤੋਂ ਬਾਹਰ ਹੋਈ ਸਗੋਂ ਹੁਣ ਤੱਕ ਪੁਨਰ ਸੁਰਜੀਤੀ ਵਾਸਤੇ ਜਦੋ-ਜਹਿਦ ਕਰ ਰਹੀ ਹੈ।

ਨਕੋਦਰ ਦੀ ਘਟਨਾ

ਗੁਰਦੁਆਰਾ ਗੁਰੂ ਅਰਜਨ ਦੇਵ ਸਾਹਿਬ

4 ਫਰਵਰੀ, 1986 ਨੂੰ ਨਕੋਦਰ ਦੇ ਇੱਕ ਗੁਰਦੁਵਾਰਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਹੋਈ ਸੀ। ਇਸ ਘਟਨਾ ਨਾਲ ਸਬੰਧਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲੋਕਾਂ ਨੇ ਧਰਨਾ ਲਗਾਇਆ ਸੀ। ਇਸ ਦੌਰਾਨ ਪੁਲਿਸ ਵੱਲੋਂ ਕਥਿਤ ਤੌਰ ‘ਤੇ ਚਲਾਈ ਗਈ ਗੋਲੀ ਵਿੱਚ ਰਵਿੰਦਰ ਸਿੰਘ ਲਿੱਤਰਾਂ ਅਤੇ ਉਸ ਦੇ ਸਾਥੀ ਹਰਮਿੰਦਰ ਸਿੰਘ, ਬਲਧੀਰ ਸਿੰਘ ਅਤੇ ਝਿਲਮਣ ਸਿੰਘ ਦੀ ਮੌਤ ਹੋ ਗਈ ਸੀ।

2015 ਦੇ ਫ਼ਰੀਦਕੋਟ ਦੇ ਬਰਗਾੜੀ ਕਸਬੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਾਂਗ ਨਕੋਦਰ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਵੀ ਵਾਰ-ਵਾਰ ਪੰਜਾਬ ਦੇ ਸਿਆਸੀ ਮੰਚ ਉੱਤੇ ਹੁੰਦਾ ਹੈ।

ਅਪ੍ਰੈਲ ਮਹੀਨੇ ਪੰਜਾਬ ਦੀ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਨਕੋਦਰ ਦੀਆਂ ਘਟਨਾਵਾਂ ਦਾ ਜ਼ਿਕਰ ਹੋਇਆ ਸੀ।

ਸੂਬੇ ਵਿੱਚ ਬੇਅਦਬੀ ਦਾ ਮੁੱਦਾ ਅਹਿਮ ਕਿਉਂ ਹੈ

ਸ਼੍ਰੀ ਗੁਰੂ ਗ੍ਰੰਥ ਸਾਹਿਬ

ਤਸਵੀਰ ਸਰੋਤ, Getty Images

ਸਿੱਖ ਇਤਿਹਾਸ ਅਤੇ ਸਿੱਖੀ ਨਾਲ ਸਬੰਧਤ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਪਰਮਿੰਦਰ ਸਿੰਘ ਸ਼ੌਂਕੀ ਕਹਿੰਦੇ ਹਨ, “ਗੁਰੂ ਗ੍ਰੰਥ ਸਾਹਿਬ ਅਤੇ ਧਾਰਮਿਕ ਚਿੰਨ੍ਹਾਂ ਨਾਲ ਸਿੱਖਾਂ ਦੀਆਂ ਸਿਧਾਤਕ ਅਤੇ ਧਾਰਮਿਕ ਮਾਨਤਾਵਾਂ ਜੁੜੀਆਂ ਹੋਈਆਂ ਹਨ। ਜਦੋਂ ਕੋਈ ਇਨ੍ਹਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਨ੍ਹਾਂ ਦੇ ਫ਼ਲਸਫ਼ੇ ਨੂੰ ਢਹਿ-ਢੇਰੀ ਕਰਨ ਦੀ ਕੋਸ਼ਿਸ਼ ਹੁੰਦੀ ਹੈ।”

ਉਹ ਅੱਗੇ ਕਹਿੰਦੇ ਹਨ, “ਪੰਜਾਬ ਇੱਕ ਸਿੱਖ ਬਹੁਗਿਣਤੀ ਸੂਬਾ ਹੈ। ਸਿੱਖਾਂ ਵਿੱਚ ਆਪਣੇ ਧਾਰਮਿਕ ਗ੍ਰੰਥ ਨੂੰ ਲੈਕੇ ਜਗਤ ਜੋਤ ਦਾ ਸੰਕਲਪ ਹੈ। ਇਹ ਸੰਕਲਪ ਹੋਰਨਾਂ ਧਰਮਾਂ ਵਿੱਚ ਆਪਣੇ ਧਾਰਮਿਕ ਗ੍ਰੰਥਾਂ ਬਾਰੇ ਨਹੀਂ ਹੈ। ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵੰਤ ਗੁਰੂ ਮੰਨਦੇ ਹਨ। ਇਸ ਲਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਇਸਨੂੰ ਉਹ ਆਪਣੇ ਗੁਰੂ ਉੱਤੇ ਹਮਲਾ ਮੰਨਦੇ ਹਨ।”

ਧਾਰਮਿਕ ਤਸਵੀਰਾਂ ਦੀ ਬੇਅਦਬੀ ਬਾਰੇ ਉਹ ਕਹਿੰਦੇ ਹਨ, “ਗੁਰੂਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਸਿੱਧੀ ਬੇਅਦਬੀ ਨਹੀਂ ਹੈ। ਕਿਉਂਕਿ ਸਿੱਖਾਂ ਵਿੱਚ ਤਸਵੀਰਾਂ ਵਿੱਚ ਆਸਥਾ ਦੀ ਧਾਰਨਾ ਨਹੀਂ ਹੈ। ਪਰ ਤਸਵੀਰਾਂ ਸਿੱਖਾਂ ਦਾ ਆਦਰਸ਼ਾਂ ਦੀਆਂ ਹੁੰਦੀਆਂ ਹਨ। ਇਸ ਲਈ ਜਦੋਂ ਉਨ੍ਹਾਂ ਦੀ ਦੇ ਆਦਰਸ਼ਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਹੁੰਦੀ ਹੈ ਤਾਂ ਉਹ ਛੇੜਛਾੜ ਦੇ ਪਿੱਛੇ ਦੀ ਮਾਨਸਿਕਤਾ ਦਾ ਵਿਰੋਧ ਕਰਦੇ ਹਨ।”

ਸਾਂਝੇ ਧਾਰਮਿਕ ਆਦਰਸ਼ ਅਤੇ ਮਾਨਤਾਵਾਂ

ਗੁਰੂ ਗ੍ਰੰਥ ਸਾਹਿਬ

ਤਸਵੀਰ ਸਰੋਤ, Getty Images

ਸਿੱਖ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, “ਜਿਸ ਕੌਮ ਦਾ ਇੱਕ ਧੁਰਾ ਹੋਵੇ ਜਾਂ ਧਾਰਮਿਕ ਆਦਰਸ਼ ਅਤੇ ਮਾਨਤਾਵਾਂ ਸਾਂਝੀਆਂ ਹੋਣ, ਉਹ ਕੌਮਾਂ ਧਾਰਮਿਕ ਬੇਅਦਬੀ ਉੱਤੇ ਵੱਧ ਪ੍ਰਕਿਰਿਆ ਦਿੰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਸਿੱਖਾਂ ਦਾ ਧੁਰਾ ਹੈ ਅਤੇ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ। ਇਸ ਲਈ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਸਾਰੀ ਕੌਮ ਦੀਆਂ ਸੰਵੇਦਨਾਵਾਂ ਪ੍ਰਭਾਵਿਤ ਹੁੰਦੀਆਂ ਹਨ। “ਕਈ ਧਰਮਾਂ ਵਿੱਚ ਧਾਰਮਿਕ ਮਾਨਤਾਵਾਂ ਵੱਖ-ਵੱਖ ਹਨ, ਇਸ ਲਈ ਜਦੋਂ ਕਿਸੇ ਧਾਰਮਿਕ ਮਾਨਤਾ ਦੀ ਬੇਅਦਬੀ ਹੁੰਦੀ ਹੈ ਤਾਂ ਉਸ ਧਰਮ ਦੇ ਸਾਰੇ ਲੋਕ ਪ੍ਰਤੀਕਿਰਿਆ ਨਹੀਂ ਦਿੰਦੇ।”

“ਇਸ ਤੋਂ ਇਲਾਵਾ ਸਿੱਖ ਪੰਜਾਬ ਵਿੱਚ ਬਹੁਗਿਣਤੀ ਵਿੱਚ ਹਨ। ਇਸ ਲਈ ਜਦੋਂ ਧਾਰਮਿਕ ਬੇਅਦਬੀਆਂ ਹੁੰਦੀ ਹੈ ਤਾਂ ਘਟਨਾ ਦਾ ਪੂਰੇ ਸੂਬੇ ਅਤੇ ਇਸਦੇ ਤੰਤਰ ਉੱਤੇ ਪ੍ਰਭਾਵ ਪੈਂਦਾ ਹੈ।”

‘ਬੇਅਦਬੀ’ ਦੇ ਮੁੱਦਿਆਂ ਦੇ ਰਾਜਨੀਤਿਕ ਪ੍ਰਭਾਵ

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਬੇਅਦਬੀ ਦੇ ਸਿਆਸਤ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਸ ਸਵਾਲ ਦੇ ਜਵਾਬ ਵਜੋਂ ਪਰਮਿੰਦਰ ਸਿੰਘ ਸ਼ੌਂਕੀ ਕਹਿੰਦੇ ਹਨ, “ਸਿਆਸੀ ਪਾਰਟੀਆਂ ਇਹ ਚੰਗੀ ਤਰ੍ਹਾਂ ਸਮਝਦੀਆਂ ਹਨ ਕਿ ਪੰਜਾਬ ਦੇ ਰਾਜਨੀਤੀ ਵਿੱਚ ਧਾਰਮਿਕ ਪਹਿਲੂ ਬਹੁਤ ਜ਼ਿਆਦਾ ਹਾਵੀ ਅਤੇ ਪ੍ਰਭਾਵਸ਼ਾਲੀ ਹੈ। ਇਸ ਦਾ ਚੋਣ ਨਤੀਜਿਆਂ ਉੱਤੇ ਅਸਰ ਪੈਂਦਾ ਹੈ।”

“ਪੰਜਾਬ ਦੀ ਸਿਆਸਤ ਵਿੱਚ ਇਸਦੀ ਮਿਸਾਲ ਵੀ ਮੌਜੂਦ ਹੈ। 2017 ਵਿੱਚ ਬੇਅਦਬੀ ਦੇ ਮੁੱਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਉੱਤੇ ਚਲਾ ਗਿਆ। ਇਸ ਲਈ ਹੁਣ ਜਦੋਂ ਵੀ ਕੋਈ ਬੇਅਦਬੀ ਦੀ ਘਟਨਾ ਹੁੰਦੀ ਹੈ ਤਾਂ ਰਾਜਨੀਤਿਕ ਪਾਰਟੀਆਂ, ਉਸ ਘਟਨਾ ਨੂੰ ਜ਼ੋਰ-ਸ਼ੋਰ ਨਾਲ ਉਭਾਰਦੀਆਂ ਹਨ। ਇਸ ਪਿੱਛੇ ਉਨ੍ਹਾਂ ਦਾ ਮਨੋਰਥ ਸਿਰਫ਼ ਸਿਆਸੀ ਹੁੰਦਾ ਹੈ। ਇਹ ਸਿਆਸੀ ਮੰਤਵ ਸਿਰਫ਼ ‘ਬੇਅਦਬੀ’ ਦੀ ਘਟਨਾ ਨੂੰ ਵਰਤਣਾ ਹੁੰਦਾ ਹੈ। ਉਹ ਇਨ੍ਹਾਂ ਘਟਨਾਵਾਂ ਨੂੰ ਵਰਤ ਕੇ, ਦੂਜੀਆਂ ਪਾਰਟੀਆਂ ਜਾਂ ਨੇਤਾਵਾਂ ਨੂੰ ਸਮਾਜਿਕ ਅਤੇ ਸਿਆਸੀ ਢਾਹ ਲਾਉਣ ਦੀ ਕੋਸ਼ਿਸ਼ ਕਰਦੀਆਂ ਹਨ।”

ਪਰਮਿੰਦਰ ਸਿੰਘ ਸ਼ੌਂਕੀ

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਮਾਜ ਸ਼ਾਸ਼ਤਰ ਵਿਭਾਗ ਤੋਂ ਸੇਵਾਮੁਕਤ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ, “ਰਾਜਨੀਤਕ ਪਾਰਟੀਆਂ ਭਗਵੰਤ ਮਾਨ ਦੇ ਅਕਸ ਨੂੰ ਢਾਹ ਲਾਉਣ ਵਾਸਤੇ ਬੇਅਦਬੀ ਦੇ ਮੁੱਦੇ ਨੂੰ ਹਥਿਆਰ ਵਾਂਗ ਵਰਤ ਰਹੀਆਂ ਹਨ। ਪਹਿਲਾਂ ਭਗਵੰਤ ਮਾਨ ਨੇ ਬੇਅਦਬੀ ਦੇ ਮੁੱਦੇ ਉੱਤੇ ਕਾਨੂੰਨ ਬਣਾਕੇ ਰਾਜਨੀਤਿਕ ਚਾਲ ਚੱਲੀ ਅਤੇ ਹੁਣ ਵਿਰੋਧੀ ਪਾਰਟੀਆਂ ਬੇਅਦਬੀ ਦੇ ਹਵਾਲੇ ਨਾਲ ਰਾਜਨੀਤਿਕ ਚਾਲ ਚੱਲ ਰਹੀਆਂ ਹਨ।”

ਇਸ ਬਾਰੇ ਜਸਪਾਲ ਸਿੱਧੂ ਵੀ ਕਹਿੰਦੇ ਹਨ, “ਰਾਜਨੀਤੀ ਪਾਰਟੀਆਂ ਦਾ ਇੱਕੋ-ਇੱਕ ਉਦੇਸ਼ ਵੋਟਾਂ ਬਟੋਰਨਾ ਹੁੰਦਾ ਹੈ। ਇਹ ਹਮੇਸ਼ਾ ਉਨ੍ਹਾਂ ਮੁੱਦਿਆਂ ਨੂੰ ਛੂਹਦੀਆਂ ਹਨ, ਜਿਹੜੇ ਵੋਟ ਬੈਂਕ ਨਾਲ ਜੁੜੇ ਹੋਏ ਹੋਣ। ਸਿੱਖ ਪੰਜਾਬ ਵਿੱਚ ਵੱਡਾ ਵੋਟ ਬੈਂਕ ਹਨ। ਇਸ ਲਈ ਰਾਜਨੀਤੀਕ ਪਾਰਟੀਆਂ ਦੀ ਕੋਸ਼ਿਸ਼ ਬੇਅਦਬੀ ਦੇ ਮੁੱਦੇ ਨੂੰ ਵਰਤ ਕੇ ਸਿੱਖਾਂ ਦੀਆਂ ਭਾਵਨਾਵਾਂ ਅਤੇ ਸੰਵੇਦਨਾਵਾਂ ਨੂੰ ਵੋਟਾਂ ਵਿੱਚ ਬਦਲਣ ਦੀ ਹੁੰਦੀ ਹੈ।”

ਸਮਾਜ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ

ਕਈ ਮਾਹਰ ਰਾਜਨੀਤਕ ਪਾਰਟੀਆਂ ਵੱਲੋਂ ਬੇਅਦਬੀ ਦੇ ਮੁੱਦੇ ਨੂੰ ਉਭਾਰੇ ਜਾਣ ਨੂੰ ਮੁੱਢਲਾ ਫਰਜ਼ ਵੀ ਮੰਨਦੇ ਹਨ।

ਸਿੱਖ ਬੁੱਧੀਜੀਵੀ ਅਤੇ ਸਾਬਕਾ ਆਈਏਐਸ ਅਧਿਕਾਰੀ ਗੁਰਤੇਜ ਸਿੰਘ ਕਹਿੰਦੇ ਹਨ, “ਬੇਅਦਬੀ ਦੀ ਘਟਨਾ ਨਾਲ ਪੂਰੀ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਲਈ ਜਦੋਂ ਸਾਰੀ ਕੌਮ ਪਰੇਸ਼ਾਨ ਹੋਵੇ ਅਤੇ ਸਿਆਸੀ ਪਾਰਟੀਆਂ ਇਸ ਬਾਰੇ ਚੁੱਪ ਰਹਿਣ, ਇਹ ਗੈਰ ਕੁਦਰਤੀ ਵਰਤਾਰਾ ਹੈ।”

“ਇਸ ਲਈ ਜੇਕਰ ਰਾਜਨੀਤਿਕ ਪਾਰਟੀਆਂ ਬੇਅਦਬੀ ਦੇ ਮੁੱਦੇ ਨੂੰ ਉਭਾਰਦੀਆਂ ਹਨ ਤਾਂ ਇਹ ਕੁਦਰਤੀ ਵਰਤਾਰਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI