Home rss national punjabi2ਰਾਸ਼ਟਰੀ ਖ਼ਬਰਾਂ ‘ਫੌਜ ‘ਚ ਭਰਤੀ ਹੋਇਆ ਤਾਂ ਘਰ ਦੀ ਗਰੀਬੀ ਚੁੱਕੀ ਜਾਊ, ਕਰਜ਼ਾ ਉਤਰ...

‘ਫੌਜ ‘ਚ ਭਰਤੀ ਹੋਇਆ ਤਾਂ ਘਰ ਦੀ ਗਰੀਬੀ ਚੁੱਕੀ ਜਾਊ, ਕਰਜ਼ਾ ਉਤਰ ਜਾਣਾ’, ਪੰਜਾਬ ਦੇ ਨੌਜਵਾਨਾਂ ‘ਤੇ ਅਗਨੀਪਥ ਯੋਜਨਾ ਦਾ ਕੀ ਪ੍ਰਭਾਵ ਪਿਆ ਹੈ

4
0

Source :- BBC PUNJABI

ਨੌਜਵਾਨ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 10 ਮਿੰਟ

“ਫੌਜ ਵਿੱਚ ਭਰਤੀ ਹੋਇਆ ਤਾਂ ਮੇਰੇ ਘਰ ਦੀ ਗਰੀਬੀ ਚੱਕੀ ਜਾਊ, ਪਿਓ ਦਾ ਕਰਜ਼ਾ ਉਤਰ ਜਾਣਾ”

ਇਹ ਸ਼ਬਦ ਨਵੇਂ ਬਣ ਰਹੇ ਮਕਾਨ ਵਿੱਚ ਮਿਸਤਰੀ ਨਾਲ ਦਿਹਾੜੀ ਦਾ ਕੰਮ ਕਰਦੇ ਨੌਜਵਾਨ ਅਰਸ਼ਦੀਪ ਸਿੰਘ ਦੇ ਹਨ।

ਅਰਸ਼ਦੀਪ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ਦੇ ਇੱਕ ਪਿੰਡ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ ਹੈ।

ਪਰ ਹੁਣ ਉਹ ਆਪਣੇ ਘਰ ਦੇ ਖ]ਰਚਿਆਂ ਨੂੰ ਚਲਾਉਣ ਲਈ ਮਜ਼ਦੂਰੀ ਦਾ ਕੰਮ ਕਰਦੇ ਹਨ।

ਅਰਸ਼ਦੀਪ ਕਹਿੰਦੇ ਹਨ, “ਅਸੀਂ ਬਹੁਤ ਗਰੀਬ ਹਾਂ, ਕਾਲਜ ਜਾਣਾ, ਨਵੇਂ ਕੋਰਸ ਕਰਨੇ, ਵਿਦੇਸ਼ ਜਾਣਾ ਸਾਡੇ ਵੱਸ ਦੀ ਗੱਲ ਨਹੀਂ। ਮੇਰੇ ਸਿਰ ‘ਤੇ ਸੱਤ-ਅੱਠ ਲੱਖ ਦਾ ਕਰਜ਼ਾ। ਸਾਨੂੰ ਜੇ ਕੋਈ ਬਚਾ ਸਕਦਾ ਤਾਂ ਉਹ ਫੌਜ ਦੀ ਨੌਕਰੀ ਹੈ। ਫੌਜ ਵਿੱਚ ਭਰਤੀ ਹੋ ਕੇ ਮੈਂ ਆਪਣਾ ਸਾਰਾ ਕਰਜ਼ਾ ਉਤਾਰ ਦੇਵਾਂਗਾ। ਫੌਜ ਹੀ ਹੈ ਜੋ ਸਾਨੂੰ ਗਰੀਬਾਂ ਨੂੰ ਸਾਂਭ ਸਕਦੀ ਹੈ।”

ਆਪਣਾ ਸੁਪਨਾ ਪੂਰਾ ਕਰਨ ਲਈ ਅਰਸ਼ਦੀਪ ਦਿਨੇ ਮਜ਼ਦੂਰੀ ਕਰ ਕੇ ਪੈਸੇ ਕਮਾਉਂਦੇ ਹਨ ਅਤੇ ਸਵੇਰੇ-ਸ਼ਾਮ ਨਾਲ ਦੇ ਪਿੰਡ ਵਿੱਚ ਫੌਜ ਵਿੱਚ ਭਰਤੀ ਹੋਣ ਲਈ ਸਰੀਰਿਕ ਅਭਿਆਸ ਕਰਦੇ ਹਨ।

ਪਰ ਅਰਸ਼ਦੀਪ ਸਿੰਘ ਦੇ ਨਾਲ ਹੀ ਅਭਿਆਸ ਕਰਦੇ ਖੁਸ਼ਦੀਪ ਸਿੰਘ ਭਾਰਤ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪਥ ਯੋਜਨਾ ਬਾਰੇ ਕੁਝ ਨਿਰਾਸ਼ਾ ਜ਼ਾਹਿਰ ਕਰਦੇ ਹਨ।

ਖੁਸ਼ਦੀਪ ਸਿੰਘ ਕਹਿੰਦੇ ਹਨ ਕਿ ਅਗਨੀਪਥ ਯੋਜਨਾ ਤਹਿਤ ਮਹਿਜ਼ ਚਾਰ ਸਾਲ ਦੀ ਨੌਕਰੀ ਸਾਡੇ ਨੌਜਵਾਨਾਂ ਲਈ ਕਾਫੀ ਨਹੀਂ ਹੈ।

ਉਹ ਕਹਿੰਦੇ ਹਨ, “ਪਹਿਲਾਂ ਫੌਜ ਵਿੱਚ ਜੇਕਰ ਕੋਈ ਨੌਜਵਾਨ ਸ਼ਹੀਦ ਵੀ ਹੁੰਦਾ ਸੀ ਤਾਂ ਉਸਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਅਤੇ ਸਨਮਾਨ ਮਿਲਦਾ ਸੀ ਪਰ ਅਗਨੀਵੀਰਾਂ ਲਈ ਅਜਿਹੀ ਕੋਈ ਸਹੂਲਤ ਨਹੀਂ ਹੈ।”

“ਇੱਥੋਂ ਤੱਕ ਕਿ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਜਾਂਦਾ। ਸਾਨੂੰ ਫੌਜ ਦੀ ਨੌਕਰੀ ਦੌਰਾਨ ਹੁਣ ਜੇ ਕੁਝ ਹੋ ਜਾਂਦਾ ਤਾਂ ਸਾਡੇ ਪਰਿਵਾਰਾਂ ਨੂੰ ਕੁਝ ਵੀ ਨਹੀਂ ਮਿਲੇਗਾ। ਇਹ ਅਗਨੀਪਥ ਯੋਜਨਾ ਦਾ ਸਭ ਤੋਂ ਵੱਡਾ ਨੁਕਸਾਨ ਹੈ।”

ਉਨ੍ਹਾਂ ਦੀ ਇਸ ਗੱਲ ਨਾਲ ਹੋਰ ਵੀ ਕੁਝ ਹੋਰ ਨੌਜਵਾਨ ਮੁੰਡੇ-ਕੁੜੀਆਂ ਸਹਿਮਤ ਹਨ। ਹਾਲਾਂਕਿ ਅਗਨੀਪਥ ਯੋਜਨਾ ‘ਤੇ ਕੁਝ ਇਤਰਾਜ਼ ਹੋਣ ਦੇ ਬਾਵਜੂਦ ਬਹੁਤ ਸਾਰੇ ਮੁੰਡੇ-ਕੁੜੀਆਂ ਅਜਿਹੇ ਵੀ ਹਨ ਜਿਹਨਾਂ ਨੇ 2026-2027 ਲਈ ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋਣ ਲਈ ਲਿਖਤੀ ਪੇਪਰ ਦਿੱਤੇ ਹਨ ਅਤੇ ਹੁਣ ਫਿਜ਼ੀਕਲ ਟੈਸਟ ਦੀ ਤਿਆਰੀ ਕਰ ਰਹੇ ਹਨ।

ਪਰ ਉਹਨਾਂ ਅੰਦਰ ਅਗਨੀਵੀਰ ਬਣਨ ਨੂੰ ਲੈ ਕੇ ਕੀ ਕੋਈ ਖ਼ਦਸ਼ੇ ਜਾਂ ਚਿੰਤਾ ਹੈ, ਇਹ ਜਾਣਨ ਤੋਂ ਪਹਿਲਾਂ ਅਗਨੀਪਥ ਯੋਜਨਾ ਕੀ ਹੈ ਉਹ ਜਾਣਦੇ ਹਾਂ।

ਭਾਰਤ ਸਰਕਾਰ ਦੀ ਅਗਨੀਪਥ ਯੋਜਨਾ ਕੀ ਹੈ ?

ਫੌਜ ਵਿੱਚ ਭਰਤੀ ਹੋਣ ਲਈ ਸਰੀਰਕ ਅਭਿਆਸ ਕਰਦਾ ਹੋਇਆ ਨੌਜਵਾਨ

ਦਰਅਸਲ ਭਾਰਤ ਸਰਕਾਰ ਨੇ ਸਾਲ 2022 ਵਿੱਚ ਅਗਨੀਪਥ ਯੋਜਨਾ ਤਹਿਤ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਨੌਜਵਾਨਾਂ ਦੀ ਭਰਤੀ ਕਰਨ ਦੀ ਸ਼ੁਰੂਆਤ ਕੀਤੀ ਸੀ।

ਇਸ ਯੋਜਨਾ ਤਹਿਤ ਭਰਤੀ ਕੀਤੇ ਜਾਣ ਵਾਲੇ ਨੌਜਵਾਨਾਂ ਨੂੰ ‘ਅਗਨੀਵੀਰ’ ਕਿਹਾ ਜਾਂਦਾ ਹੈ।

ਅਗਨੀਵੀਰਾਂ ਦੀ ਭਰਤੀ 4 ਸਾਲ ਲਈ ਕੀਤੀ ਜਾਂਦੀ ਹੈ, ਜਿਸ ਵਿੱਚ ਸਿਖਲਾਈ ਦਾ ਸਮਾਂ ਵੀ ਸ਼ਾਮਲ ਹੁੰਦਾ ਹੈ।

4 ਸਾਲ ਦੀ ਨੌਕਰੀ ਪੂਰੀ ਹੋਣ ਤੋਂ ਬਾਅਦ, ਯੋਗਤਾ ਅਤੇ ਲੋੜ ਦੇ ਆਧਾਰ ‘ਤੇ 25% ਅਗਨੀਵੀਰਾਂ ਨੂੰ ਭਾਰਤੀ ਸੈਨਾ ਵਿੱਚ ਪੱਕੇ ਤੌਰ ‘ਤੇ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਇਸ ਸਕੀਮ ਤਹਿ ਬਾਕੀ 75% ਅਗਨੀਵੀਰਾਂ ਨੂੰ 4 ਸਾਲ ਬਾਅਦ ਸੇਵਾਮੁਕਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ‘ਸੇਵਾ ਨਿਧੀ ਪੈਕੇਜ’ ਦਿੱਤੇ ਜਾਣ ਬਾਰੇ ਕਿਹਾ ਗਿਆ ਹੈ, ਜੋ ਕਿ ਟੈਕਸ ਮੁਕਤ ਹੁੰਦਾ ਹੈ।

ਸਾਲ 2022 ਵਿੱਚ ਜਦੋਂ ਇਸ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਤਾਂ ਦੇਸ਼ ਭਰ ਦੇ ਨੌਜਵਾਨਾਂ ਅਤੇ ਫ਼ੌਜ ਵਿੱਚ ਭਰਤੀ ਹੋਣ ਦੇ ਚਾਹਵਾਨਾਂ ਨੇ ਕਈ ਥਾਵਾਂ ‘ਤੇ ਹਿੰਸਕ ਅਤੇ ਸ਼ਾਂਤਮਈ ਪ੍ਰਦਰਸ਼ਨ ਵੀ ਕੀਤੇ ਸਨ।

ਨੌਜਵਾਨਾਂ ਦਾ ਮੁੱਖ ਇਤਰਾਜ਼ ਇਸ ਯੋਜਨਾ ਵਿੱਚ ਸਿਰਫ਼ 4 ਸਾਲ ਦੀ ਨੌਕਰੀ, ਪੈਨਸ਼ਨ ਸਹੂਲਤ ਨਾ ਹੋਣਾ ਅਤੇ 4 ਸਾਲ ਬਾਅਦ ਸਿਰਫ਼ 25% ਨੌਜਵਾਨਾਂ ਨੂੰ ਹੀ ਪੱਕੇ ਕੀਤੇ ਜਾਣ ਦੀ ਸ਼ਰਤ ਨੂੰ ਲੈ ਕੇ ਸੀ।

‘ਫੌਜ ਹੀ ਸੁਨਹਿਰੀ ਭਵਿੱਖ ਬਣਾਉਣ ਦਾ ਇਕਲੌਤਾ ਰਾਹ’

ਅਰਸ਼ਦੀਪ ਸਿੰਘ ਦਿਨ ਸਮੇਂ ਦਿਹਾੜੀ ਕਰਦੇ ਹਨ ਤੇ ਸ਼ਾਮ ਨੂੰ ਫੌਜ ਵਿੱਚ ਭਰਤੀ ਹੋਣ ਲਈ ਅਭਿਆਸ ਕਰਦੇ ਹਨ

ਕਈ ਨੌਜਵਾਨ ਮੁੰਡੇ-ਕੁੜੀਆਂ ਅਜਿਹੇ ਹਨ ਜੋ ਅਗਨੀਵੀਰ ਯੋਜਨਾ ਦੇ ਪੱਖ ਅਤੇ ਵਿਰੋਧ ਵਿੱਚ ਹਨ।

ਪੰਜਾਬ ਤੋਂ ਸਾਲ 2022 ਵਿੱਚ ਅਗਨੀਪਥ ਯੋਜਨਾ ਤਹਿਤ ਭਰਤੀ ਹੋਏ ਨੌਜਵਾਨਾਂ ਦੇ ਪਹਿਲੇ ਬੈਚ ਨੂੰ ਲਗਭਗ ਸਾਢੇ ਤਿੰਨ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਅਤੇ ਹੁਣ ਦਸੰਬਰ 2026 ਵਿੱਚ ਉਹ ਰਿਟਾਇਰ ਹੋਣ ਜਾ ਰਹੇ ਹਨ।

ਅਗਨੀਪਥ ਯੋਜਨਾ ਦੇ ਲਗਭਗ ਸਾਢੇ ਤਿੰਨ ਸਾਲ ਪੂਰੇ ਹੋਣ ‘ਤੇ ਬੀਬੀਸੀ ਪੰਜਾਬੀ ਦੀ ਟੀਮ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਮੁੰਡੇ-ਕੁੜੀਆਂ ਨਾਲ ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋਣ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।

ਇਸ ਗੱਲਬਾਤ ਦੌਰਾਨ ਅਸੀਂ ਇਹ ਮਹਿਸੂਸ ਕੀਤਾ ਕਿ ਪੰਜਾਬ ਦੇ ਮਾਝਾ ਅਤੇ ਦੁਆਬਾ ਇਲਾਕੇ ਦੇ ਬਹੁਤੇ ਪਿੰਡਾਂ ਦੇ ਨੌਜਵਾਨਾਂ ਲਈ ਅੱਜ ਵੀ ਫੌਜ ਦੀ ਭਰਤੀ ਹੀ ਸੁਨਹਿਰੀ ਭਵਿੱਖ ਬਣਾਉਣ ਦਾ ਇਕਲੌਤਾ ਰਸਤਾ ਹੈ ਜਦਕਿ ਕਈ ਨੌਜਵਾਨਾਂ ਨੇ ਅਗਨੀਪਥ ਯੋਜਨਾ ਦੇ ਆਉਣ ਤੋਂ ਫੌਜ ਦਾ ਸੁਪਨਾ ਛੱਡਿਆ ਵੀ ਹੈ।

ਨੌਜਵਾਨਾਂ ਲਈ ਫੌਜ ਦੀ ਨੌਕਰੀ ਹੀ ਇਕਲੌਤਾ ਸਹਾਰਾ ਕਿਉਂ ?

ਨਮਨਪ੍ਰੀਤ ਕੌਰ ਦਾ ਬਿਆਨ

ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਰਹਿੰਦੇ ਨਮਨਪ੍ਰੀਤ ਕੌਰ ਨੇ ਵੀ ਇਸ ਵਾਰ ਫੌਜ ਵਿੱਚ ਭਰਤੀ ਹੋਣ ਲਈ ਅਗਨੀਵੀਰ ਯੋਜਨਾ ਤਹਿਤ ਲਿਖਤੀ ਪੇਪਰ ਦਿੱਤਾ।

ਉਹ ਵੀ ਘਰ ਦੇ ਕੰਮ ਖਤਮ ਕਰਨ ਮਗਰੋਂ ਸ਼ਾਮ ਨੂੰ ਖੇਡ ਦੇ ਮੈਦਾਨ ਵਿੱਚ ਜਾ ਕੇ ਆਪਣੇ ਫਿਜ਼ੀਕਲ ਟੈਸਟ ਲਈ ਸਿਖਲਾਈ ਲੈ ਰਹੇ ਹਨ।

ਨਮਨਪ੍ਰੀਤ ਦੇ ਘਰ ਦੀਆਂ ਕੰਧਾਂ ਪੱਕੀਆਂ ਹਨ ਪਰ ਵਿਹੜਾ ਕੱਚਾ ਹੈ। ਹਫ਼ਤੇ ਦੇ ਦੋ ਤੋਂ ਤਿੰਨ ਦਿਨ ਇਸ ਤਲੇ ਨੂੰ ਉਹ ਆਪਣੀ ਮਾਂ ਨਾਲ ਮਿੱਟੀ ਅਤੇ ਗੋਹੇ ਨਾਲ ਲਿਪਦੇ ਹਨ।

ਨਮਨਪ੍ਰੀਤ ਕਹਿੰਦੇ ਹਨ, “ਡੈਡੀ ਵੀ ਦਿਹਾੜੀ ਕਰਦੇ ਹਨ, ਮੰਮੀ ਵੀ ਫੈਕਟਰੀ ‘ਚ ਜਾਂਦੇ ਹਨ। ਉਨ੍ਹਾਂ ਨੂੰ ਕੰਮ ਕਰਦੇ ਦੇਖ ਮੈਨੂੰ ਚੰਗਾ ਨਹੀਂ ਲੱਗਦਾ। ਅਸੀਂ ਦੋਵੇਂ ਭੈਣਾਂ ਹੀ ਹਾਂ। ਮੈਂ ਵੱਡੀ ਹਾਂ ਇਸ ਕਰਕੇ ਮੇਰਾ ਫਰਜ਼ ਹੈ ਕਿ ਮੈਂ ਜਲਦੀ ਨੌਕਰੀ ਲੱਗਾ ਤੇ ਪੱਕਾ ਘਰ ਬਣਾਵਾਂ। ਪੱਕਾ ਘਰ ਬਣਾਉਣ ਲਈ ਸਰਕਾਰੀ ਨੌਕਰੀ ਜ਼ਰੂਰੀ ਹੈ ਤੇ ਹੁਣ ਹੋਰ ਸਰਕਾਰੀ ਨੌਕਰੀਆਂ ਮਿਲਣੀਆਂ ਬਹੁਤ ਮੁਸ਼ਕਲ ਹਨ। ਫੌਜ ਵਿੱਚ ਪੇਪਰ ਦੇਣ ਮਗਰੋਂ ਜਲਦੀ ਨੌਕਰੀ ਮਿਲ ਜਾਂਦੀ ਹੈ, ਇਸ ਲਈ ਮੈਂ ਮਿਹਨਤ ਕਰ ਰਹੀ ਹਾਂ ਕਿ ਜਲਦੀ ਨੌਕਰੀ ਮਿਲੇ ਅਤੇ ਮੈਂ ਆਪਣੇ ਮੰਮੀ ਡੈਡੀ ਦੀ ਮਦਦ ਕਰਾਂ।”

ਇਸੇ ਤਰ੍ਹਾਂ ਦੁਆਬੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਤਲਵਾੜਾ ਇਲਾਕੇ ਦੇ ਨੌਜਵਾਨ ਪਰਮਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ।

ਇਹ ਦੋਵੇਂ ਨੌਜਵਾਨ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਰਕਾਰੀ ਟਰੇਨਿੰਗ ਸੈਂਟਰ ਸੀ-ਪਾਈਟ ਤਲਵਾੜਾ ਵਿੱਚ ਟਰੇਨਿੰਗ ਲੈ ਰਹੇ ਹਨ।

ਨੌਜਵਾਨ

ਪਰਮਿੰਦਰ ਕਹਿੰਦੇ ਹਨ, “ਪਰਿਵਾਰ ਥੋੜ੍ਹੀ ਬਹੁਤ ਖੇਤੀ ਕਰਦਾ ਹੈ, ਖੇਤੀ ਦੇ ਸਿਰ ‘ਤੇ ਜ਼ਿੰਦਗੀ ਨਹੀਂ ਸੁਧਰ ਸਕਦੀ। ਘਰ ਦੀ ਛੱਤ ਬਾਲਿਆਂ ਵਾਲੀ ਹੈ, ਪੱਕਾ ਘਰ ਬਣਾਉਣਾ ਹੈ। ਉਸ ਲਈ ਨੌਕਰੀ ਜ਼ਰੂਰੀ ਹੈ। ਇਸ ਕਰਕੇ ਫੌਜ ਵਿੱਚ ਭਰਤੀ ਹੋਣਾ ਹੈ। ਭਾਵੇਂ ਚਾਰ ਸਾਲ ਲਈ ਹੀ ਸਹੀ ਪਰ ਫ਼ੌਜ ਵਿੱਚ ਭਰਤੀ ਹੋ ਕੇ ਜ਼ਿੰਦਗੀ ਬਦਲ ਜਾਵੇਗੀ।”

ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਵੀ ਇੱਕ ਰੁਝਾਨ ਹੈ।ਪਰ ਜਸਪ੍ਰੀਤ ਸਿੰਘ ਵਿਦੇਸ਼ ਜਾਣ ਨਾਲੋਂ ਫੌਜ ਵਿੱਚ ਭਰਤੀ ਹੋਣ ਨੂੰ ਤਰਜੀਹ ਦੇ ਰਹੇ ਹਨ।

ਉਹ ਕਹਿੰਦੇ ਹਨ, “ਵਿਦੇਸ਼ ਜਾਣ ਲਈ ਪੈਸੇ ਕੌਣ ਦੇਵੇਗਾ, ਘਰ ਮਾਪਿਆਂ ਨੂੰ ਵੀ ਦੇਖਣਾ ਹੈ। ਆਪਣੇ ਦੇਸ਼ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨਾ ਹੀ ਮੇਰਾ ਸੁਪਨਾ ਹੈ।”

ਉਹ ਇਹ ਵੀ ਕਹਿੰਦੇ ਹਨ ਕਿ ਜੇਕਰ ਚਾਰ ਸਾਲ ਬਾਅਦ ਉਨ੍ਹਾਂ ਨੂੰ ਫੌਜ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਘਰ ਵਾਪਸ ਵੀ ਆਉਣਾ ਪਿਆ ਤਾਂ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੋਵੇਗਾ।

ਉਹ ਕਹਿੰਦੇ ਹਨ, “ਮੈਂ ਚਾਰ ਸਾਲ ਆਪਣਾ ਚੰਗਾ ਪ੍ਰਦਰਸ਼ਨ ਕਰਾਂਗਾ ਤਾਂ ਜੋ ਮੈਨੂੰ ਅੱਗੇ ਫੌਜ ਦੀ ਨੌਕਰੀ ਕਰਨ ਲਈ ਰੱਖ ਲਿਆ ਜਾਵੇ ਪਰ ਜੇਕਰ ਘਰ ਵਾਪਸ ਵੀ ਆਉਣਾ ਪਿਆ ਤਾਂ ਵੀ ਕੋਈ ਗੱਲ ਨਹੀਂ ਫਿਰ ਇੱਥੇ ਆ ਕੇ ਸਰਕਾਰ ਵੱਲੋਂ ਹੋਰ ਜਿਹਨਾਂ ਨੌਕਰੀਆਂ ਵਿੱਚ ਰਾਖਵਾਂਕਰਨ ਐਲਾਨਿਆ ਗਿਆ ਹੈ ਉਹਨਾਂ ਵਿੱਚ ਨੌਕਰੀ ਕਰ ਲਵਾਂਗਾ।”

ਇਸ ਗੱਲ ਨੂੰ ਸਾਬਕਾ ਫੌਜੀ ਵੀ ਮੰਨਦੇ ਹਨ ਕਿ ਅੱਜ ਵੀ ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਨੌਜਵਾਨਾਂ ਕੋਲ ਫੌਜ ਦੀ ਨੌਕਰੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੁੰਦਾ।

ਸੀ-ਪਾਈਟ ਸੈਂਟਰ ਤਲਵਾੜਾ ਵਿੱਚ ਬਤੌਰ ਇੰਚਾਰਜ ਸੇਵਾਵਾਂ ਨਿਭਾ ਰਹੇ ਸਾਬਕਾ ਸੂਬੇਦਾਰ ਗੁਰਨਾਮ ਸਿੰਘ ਸਿੱਖ ਰੈਜੀਮੈਂਟ ਤੋਂ ਸੇਵਾਮੁਕਤ ਹੋਏ ਹਨ।

ਉਹ ਕਹਿੰਦੇ ਹਨ, “ਕੰਢੀ ਖੇਤਰ ਦੇ ਨੌਜਵਾਨ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹਨ, ਮਾਪੇ ਮਜਦੂਰੀ ਕਰਦੇ ਹਨ ਉਨ੍ਹਾਂ ਕੋਲ ਫੌਜ ਵਿੱਚ ਜਾਣਾ ਪਹਿਲ ਹੁੰਦੀ ਹੈ। ਕਿਉਂਕਿ ਇੱਥੇ ਕੋਈ ਪੈਸੇ ਨਹੀਂ ਲੱਗਦੇ, ਪੇਪਰ ਦੇ ਕੇ ਸਰੀਰਕ ਟੈਸਟ ਪਾਸ ਕਰਕੇ ਨੌਕਰੀ ਮਿਲ ਜਾਂਦੀ ਹੈ।”

ਅਗਨੀਪਥ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਦਾ ਕੀ ਤਰਕ ?

ਦੌੜਦੇ ਹੋਏ ਨੌਜਵਾਨ

ਅੰਮ੍ਰਿਤਸਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਰਾਜਵੀਰ ਕੌਰ ਹੁਣ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਨਹੀਂ ਕਰ ਰਹੇ, ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹਨ।

ਉਹ ਕਹਿੰਦੇ ਹਨ, “ਚਾਰ ਸਾਲ ਲਈ ਫੌਜ ਦੀ ਨੌਕਰੀ ਕਰਕੇ ਵਾਪਸ ਘਰ ਆਉਣਾ ਅਤੇ ਮੁੜ ਨੌਕਰੀ ਲੱਭਣਾ ਬਹੁਤ ਮੁਸ਼ਕਲ ਹੈ, ਇਸ ਲਈ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮਿਹਨਤ ਕਰਕੇ ਪੁਲਿਸ ਵਿੱਚ ਹੀ ਭਰਤੀ ਹੋਵਾਂ ਤਾਂ ਜੋ ਇੱਕ ਵਾਰ ਵਿੱਚ ਹੀ ਪੱਕੀ ਸਰਕਾਰੀ ਨੌਕਰੀ ਮਿਲ ਜਾਵੇ ਜੋ ਜ਼ਿੰਦਗੀ ਭਰ ਲਈ ਹੋਵੇ।”

ਲਵਪ੍ਰੀਤ ਸਿੰਘ ਵੀ ਕੁਝ ਅਜਿਹਾ ਹੀ ਸੋਚਦੇ ਹਨ। ਲਵਪ੍ਰੀਤ ਸਿੰਘ ਦੇ ਮਾਤਾ ਇਕੱਲੇ ਦਿਹਾੜੀ ਕਰਕੇ ਪਰਿਵਾਰ ਨੂੰ ਪਾਲ ਰਹੇ ਹਨ।

ਲਵਪ੍ਰੀਤ ਕਹਿੰਦੇ ਹਨ, “ਸਾਡੇ ਲਈ 20-30 ਲੱਖ ਲਾ ਕੇ ਵਿਦੇਸ਼ ਜਾਣਾ ਜਾਂ ਮਹਿੰਗੇ ਕੋਰਸ ਕਰਨਾ ਸੌਖਾ ਨਹੀਂ ਹੈ। ਮਾਪੇ ਮਜ਼ਦੂਰੀ ਕਰਦੇ ਹਨ, ਉਹਨਾਂ ‘ਤੇ ਏਨਾ ਬੋਝ ਨਹੀਂ ਪਾਇਆ ਜਾ ਸਕਦਾ। ਇਸ ਲਈ ਲਾਜ਼ਮੀ ਹੁੰਦਾ ਕਿ ਅਸੀਂ ਜਲਦੀ ਤੋਂ ਜਲਦੀ ਨੌਕਰੀਆਂ ਲੱਭੀਆਂ ਅਤੇ ਪੈਸੇ ਕਮਾਉਣੇ ਸ਼ੁਰੂ ਕਰੀਏ। ਪਹਿਲਾਂ ਲੱਗਦਾ ਸੀ ਕਿ ਫੌਜ ਦੀ ਨੌਕਰੀ ਨਾਲ ਇੱਕ ਘਰ ਦੀ ਆਮਦਨੀ ਚੰਗੀ ਹੋ ਜਾਵੇਗੀ ਪਰ ਹੁਣ ਅਜਿਹਾ ਨਹੀਂ ਹੈ। ਅਗਨੀਵੀਰਾਂ ਨੂੰ ਘੱਟ ਤਨਖਾਹਾਂ ‘ਤੇ ਰੱਖਿਆ ਜਾ ਰਿਹਾ, ਪੈਨਸ਼ਨ ਦੀ ਸਹੂਲਤ ਵੀ ਨਹੀਂ ਹੈ। ਇਸ ਕਰਕੇ ਫੌਜ ਵਿੱਚ ਭਰਤੀ ਹੋਣ ਨਾਲੋਂ ਹੁਣ ਪੱਕੀ ਨੌਕਰੀ ‘ਤੇ ਲੱਗਣਾ ਜ਼ਰੂਰੀ ਹੈ ਤਾਂ ਜੋ ਚਾਰ ਸਾਲ ਬਾਅਦ ਮੁੜ ਨਵੀਂ ਨੌਕਰੀ ਨਾ ਲੱਭਣੀ ਪਵੇ।”

ਅਗਨੀਪਥ ਯੋਜਨਾ ਦਾ ਭਰਤੀ ‘ਤੇ ਕੀ ਅਸਰ ਪਿਆ

ਗੁਰਨਾਮ ਸਿੰਘ

ਸੀ-ਪਾਈਟ ਸੈਂਟਰ ਤਲਵਾੜਾ ਵਿੱਚ ਬਤੌਰ ਇੰਚਾਰਜ ਸੇਵਾਵਾਂ ਨਿਭਾ ਰਹੇ ਸਾਬਕਾ ਸੂਬੇਦਾਰ ਗੁਰਨਾਮ ਸਿੰਘ ਦੱਸਦੇ ਹਨ ਕਿ ਭਾਵੇਂ ਉਨ੍ਹਾਂ ਦੇ ਸੈਂਟਰ ਤੋਂ ਹਰ ਸਾਲ ਸਾਢੇ ਤਿੰਨ ਸੌ ਦੇ ਕਰੀਬ ਨੌਜਵਾਨ ਮੁੰਡੇ ਫੌਜ ਵਿੱਚ ਭਰਤੀ ਹੁੰਦੇ ਰਹੇ ਹੋਣ ਪਰ ਸਾਲ 2022 ਵਿੱਚ ਇਨ੍ਹਾਂ ਅੰਕੜਿਆਂ ਵਿੱਚ ਕਮੀ ਆਈ ਸੀ।”

ਉਹ ਦੱਸਦੇ ਹਨ ਕਿ ਅਗਨੀਪਥ ਯੋਜਨਾ ਤੋਂ ਪਹਿਲਾਂ ਫੌਜ ਦੀ ਭਰਤੀ ਦੇਖਣ ਆਏ ਨੌਜਵਾਨਾਂ ਦੀ ਗਿਣਤੀ ਇੰਨੀ ਹੁੰਦੀ ਸੀ ਕਿ ਪੁਲਿਸ ਨੂੰ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਸੱਦਣਾ ਪੈਂਦਾ ਸੀ ਪਰ ਪਿਛਲੇ ਸਾਲਾਂ ਦੌਰਾਨ ਇਸ ਰੁਝਾਨ ਵਿੱਚ ਕਮੀ ਆਈ ਹੈ।

ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿ ਸਾਲ 2022 ਵਿਚ ਫੌਜ ਦੀ ਭਰਤੀ ਵਿਚ ਆਈ ਕਮੀ ਦੇ ਰੁਝਾਨ ਨੂੰ ਫੌਜ ਅਤੇ ਪੰਜਾਬ ਸਰਕਾਰ ਦੀ ਮਦਦ ਨਾਲ 2024 ਤੱਕ ਬਦਲ ਦਿੱਤਾ ਗਿਆ। ਸਾਲ 2024 ਤੋਂ ਬਾਅਦ ਮੁੜ ਨੌਜਵਾਨਾਂ ਵਿੱਚ ਫੌਜ ਦੀ ਭਰਤੀ ਲਾਈ ਉਤਸ਼ਾਹ ਵੱਧ ਗਿਆ।

ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਚਲਾਏ ਜਾਂਦੇ 14 ਸੀ-ਪਾਈਟ ਸੈਂਟਰਾਂ ਦੇ ਡਾਇਰੈਕਟਰ ਜਨਰਲ ਰਿਟਾਇਰਡ ਮੇਜਰ ਜਨਰਲ ਰਾਮਬੀਰ ਸਿੰਘ ਮਾਨ ਨੇ ਵੀ ਬੀਬੀਸੀ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਗਨੀਪਥ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚੋਂ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਬਹੁਤ ਹੱਦ ਤੱਕ ਘੱਟ ਗਈ ਸੀ।

ਰਾਮਬੀਰ ਸਿੰਘ ਮਾਨ ਦੱਸਦੇ ਹਨ ਕਿ ਅਗਨੀਵੀਰ ਤੋਂ ਪਹਿਲਾਂ ਹਰ ਸਾਲ ਪੰਜਾਬ ਤੋਂ ਫੌਜ ਦੀ ਭਰਤੀ ਲਈ ਲਿਖਤੀ ਪੇਪਰ ਦੇਣ ਲਈ ਰਜਿਸਟਰੇਸ਼ਨ ਕਰਵਾਉਣ ਵਾਲੇ ਨੌਜਵਾਨਾਂ ਦੀ ਗਿਣਤੀ 80 ਹਜ਼ਾਰ ਤੋਂ 1 ਲੱਖ ਤੱਕ ਹੁੰਦੀ ਸੀ, ਜੋ ਸਾਲ 2022 ਵਿੱਚ 30-40 ਹਜ਼ਾਰ ਤੱਕ ਰਹਿ ਗਈ ਸੀ।

“2020-21 ਵਿੱਚ ਕੋਵਿਡ ਕਾਰਨ ਫੌਜ ਦੀ ਭਰਤੀ ਨਹੀਂ ਹੋਈ ਸੀ, ਫੌਜ ਵਿੱਚ ਜਵਾਨਾਂ ਦੀ ਕਮੀ ਸੀ ਪਰ ਪੰਜਾਬ ਤੋਂ ਭਰਤੀ ਹੋਣ ਵਾਲੇ ਨੌਜਵਾਨਾਂ ਵਿੱਚ ਰੁਝਾਨ ਬਹੁਤ ਹੱਦ ਤੱਕ ਘੱਟ ਗਿਆ ਸੀ, ਖਾਸ ਤੌਰ ‘ਤੇ ਸਿੱਖ ਰੈਜੀਮੈਂਟ ਵਿੱਚ ਬਹੁਤ ਵੱਡੀ ਕਮੀ ਆਈ ਸੀ।”

ਰਾਮਬੀਰ ਸਿੰਘ ਮਾਨ ਦਾ ਬਿਆਨ

ਸਿੱਖ ਰੈਜੀਮੈਂਟ ਵਿੱਚ ਆਈ ਜਵਾਨਾਂ ਦੀ ਕਮੀ ਦਾ ਕਾਰਨ ਉਹ ਦੱਸਦੇ ਹਨ ਕਿ ਸਿੱਖ ਰੈਜੀਮੈਂਟ ਵਿੱਚ ਨੌਜਵਾਨਾਂ ਦੀ ਭਰਤੀ ਵਿੱਚ ਬਹੁਤ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।

ਰਿਟਾਇਰਡ ਮੇਜਰ ਜਨਰਲ ਰਾਮਬੀਰ ਸਿੰਘ ਮਾਨ ਅੱਗੇ ਦੱਸਦੇ ਹਨ, “ਇਸ ਕਮੀ ਨੂੰ ਪੂਰਾ ਕਰਨ ਲਈ ਵੈਸਟਰਨ ਕਮਾਂਡ, ਫੌਜ ਅਤੇ ਪੰਜਾਬ ਸਰਕਾਰ ਨੇ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਲਈ ਉਤਸ਼ਾਹਿਤ ਕੀਤਾ ਅਤੇ ਅਗਨੀਵੀਰ ਬਾਰੇ ਜਾਗਰੂਕਤਾ ਫੈਲਾਈ ਗਈ। ਜਿਸਦਾ ਅਸਰ ਇਹ ਹੋਇਆ ਕਿ ਸਾਲ 2024-2025, 2025-26 ਤੱਕ ਪੰਜਾਬ ਤੋਂ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਵਧੀ ਅਤੇ ਜੋ ਵੀ ਭਰਤੀ ਦਾ ਟੀਚਾ ਹੁੰਦਾ ਸੀ ਉਹ ਪੂਰਾ ਕਰ ਲਿਆ ਜਾਂਦਾ।”

ਪੰਜਾਬ ਤੋਂ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸ ਗੱਲ ਨੂੰ ਰਾਮਬੀਰ ਸਿੰਘ ਮਾਨ ਵੀ ਮੰਨਦੇ ਹਨ।

ਉਹ ਕਹਿੰਦੇ ਹਨ ਕਿ ਜੋ ਗਿਣਤੀ ਪਹਿਲੇ ਸਾਲਾਂ ਵਿੱਚ ਪੰਜਾਬੀਆਂ ਦੇ ਫੌਜ ਵਿੱਚ ਭਰਤੀ ਹੋਣ ਦੀ ਚਾਹ ਹੁੰਦੀ ਸੀ ਉਹ ਹੁਣ ਨਹੀਂ ਹੁੰਦੀ। ਇਸਦਾ ਕਾਰਨ ਇਹ ਵੀ ਹੈ ਕਿ ਹੁਣ ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ ਜਾਣ ਵੱਲ ਜ਼ਿਆਦਾ ਹੋ ਗਿਆ ਹੈ।

ਕਸਰਤ ਕਰਦਾ ਨੌਜਵਾਨ

ਕੇਂਦਰ ਸਰਕਾਰ ਵੱਲੋਂ ਰਿਟਾਇਰ ਅਗਨੀਵੀਰਾਂ ਲਈ ਕੀ ਐਲਾਨ ਕੀਤੇ ਗਏ ?

ਸੀ-ਪਾਈਟ ਕੈਂਪ ਤਲਵਾੜਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਵੈਬਸਾਈਟ ‘ਤੇ 21 ਜੁਲਾਈ 2026 ਨੂੰ ਪਬਲਿਸ਼ ਇੱਕ ਰਿਪੋਰਟ ਮੁਤਾਬਕ ਮੁਤਾਬਕ ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਦੱਸਿਆ ਸੀ ਕਿ ਕੇਂਦਰ ਸਰਕਾਰ ਵੱਲੋਂ 4 ਸਾਲ ਦੀ ਸੇਵਾ ਪੂਰੀ ਕਰਕੇ ਰਿਟਾਇਰ ਹੋਣ ਵਾਲੇ ਅਗਨੀਵੀਰਾਂ ਲਈ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਜਿਵੇਂ ਕਿ ਬੀਐੱਸਐੱਫ, ਸੀਆਰਪੀਐੱਫ, ਸੀਆਈਐੱਸਐੱਫ, ਆਈਟੀਬੀਪੀ ਅਤੇ ਅਸਾਮ ਰਾਈਫਲਜ਼ ਵਿੱਚ ਕਾਂਸਟੇਬਲ (ਜਨਰਲ ਡਿਊਟੀ) ਅਤੇ ਰਾਈਫਲਮੈਨ ਦੀਆਂ ਭਰਤੀਆਂ ਵਿੱਚ 50% ਰਾਖਵਾਂਕਰਨ ਦਾ ਐਲਾਨ ਕੀਤਾ ਗਿਆ ਹੈ।

ਸਾਬਕਾ ਅਗਨੀਵੀਰਾਂ ਨੂੰ ਉਪਰਲੀ ਉਮਰ ਸੀਮਾ ਵਿੱਚ 3 ਸਾਲ ਦੀ ਛੋਟ ਦਾ ਐਲਾਨ ਹੈ ਜਦੋਂ ਕਿ ਅਗਨੀਵੀਰਾਂ ਦੇ ਪਹਿਲੇ ਬੈਚ ਲਈ ਇਹ ਉਮਰ ਰਾਹਤ 5 ਸਾਲ ਦੀ ਹੋਵੇਗੀ।

ਇਸ ਤੋਂ ਇਲਾਵਾ ਰਿਟਾਇਰ ਅਗਨੀਵੀਰਾਂ ਨੂੰ ਇਨ੍ਹਾਂ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਦੇਣੀ ਪਵੇਗੀ। ਉਨ੍ਹਾਂ ਨੂੰ ਫਿਜ਼ੀਕਲ ਸਟੈਂਡਰਡ ਟੈਸਟ ਅਤੇ ਫਿਜ਼ੀਕਲ ਐਫੀਸ਼ੈਂਸੀ ਟੈਸਟ ਤੋਂ ਵੀ ਪੂਰੀ ਤਰ੍ਹਾਂ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।

ਸਾਬਕਾ ਅਗਨੀਵੀਰਾਂ ਨੂੰ ਉਪਰਲੀ ਉਮਰ ਸੀਮਾ ਵਿੱਚ 3 ਸਾਲ ਦੀ ਛੋਟ ਦਾ ਐਲਾਨ ਹੈ। ਜਦੋਂ ਕਿ ਅਗਨੀਵੀਰਾਂ ਦੇ ਪਹਿਲੇ ਬੈਚ ਲਈ ਇਹ ਉਮਰ ਰਾਹਤ 5 ਸਾਲ ਦੀ ਹੋਵੇਗੀ।

ਰਿਟਾਇਰ ਅਗਨੀਵੀਰਾਂ ਦੇ ਕਰੀਅਰ ਅਤੇ ਅਗਲੀ ਭਰਤੀ ਪ੍ਰਕਿਰਿਆ ਦੀ ਦੇਖਭਾਲ ਤੇ ਤਾਲਮੇਲ ਲਈ ਗ੍ਰਹਿ ਮੰਤਰਾਲੇ ਦੇ ਅਧੀਨ ਇੱਕ ਸਮਰਪਿਤ ਵਿੰਗ ਸਥਾਪਿਤ ਕੀਤਾ ਗਿਆ ਹੈ।

ਇਸਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਟਾਇਰ ਅਗਨੀਵੀਰਾਂ ਨੂੰ ਪੁਲਿਸ, ਬੈਂਕ ਸੁਰੱਖਿਆ, ਫਾਰੈਸਟਗਾਰਡ ਵਿੱਚ ਅਡਜਸਟ ਕਰਨ ਬਾਰੇ ਵੀ ਕਿਹਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

ਹੋਰ ਖੋਜੋ

ਸ਼ਾਰਟ ਵੀਡੀਓਜ਼ ਛੱਡੋ ਅਤੇ ਜਾਰੀ ਰੱਖੋ

ਸ਼ਾਰਟ ਵੀਡੀਓਜ਼

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

  • ਜੱਗੀ ਜੌਹਲ

  • ਗਣਪਤੀ

  • ਚੀਨੀ ਕਲਾਕਾਰ ਵੂ ਯੂਫੇਈ

  • ਕਰਨਦੀਪ ਆਨੰਦ

  • ਸਕੂਲਾਂ ਵਿੱਚ ਗੋਲੀਬਾਰੀ ਤੋਂ ਬਚਣ ਲਈ ਸਿਖਲਾਈ

  • ਹੱਥ ਵਿੱਚ ਸੱਪ ਫੜ੍ਹ ਕੇ ਖੜ੍ਹੇ ਜਾਨਕੀ ਦੇਵੀ ਦੀ ਤਸਵੀਰ

  • ਬਜ਼ੁਰਗ ਜੋੜਾ

  • ਮਾਤਾ-ਪਿਤਾ ਆਪਣੇ ਨਵਜੰਮੇ ਬੱਚਿਆਂ ਦੇ ਨਾਲ

  • ਗੋਪੀ ਚੰਦ ਭਾਰਗਵ

  • ਜੇਸੀਬੀ

  • ਕਾਵੜੀ

  • ਬਾਘ

  • ਜਦੋਂ ਸੜਦੀ ਕਾਰ ਵਿੱਚੋਂ ਬਚਾਇਆ ਗਿਆ ਸ਼ਖ਼ਸ

  • ਨਾਰਵੇ ਦੇ ਫੁਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ

  • ਹਥਨੀ ਦੇ ਜੌੜੇ ਬੱਚੇ

  • ਰੋਬੋਟ

  • ਪਾਲਤੂ ਜਾਨਵਰ

  • ਦੌੜ

source : BBC PUNJABI