Source :- BBC PUNJABI
Gurpreet Chawla/BBC
ਰਾਜਸਥਾਨ ਪੁਲਿਸ ਮੁਤਾਬਕ ਉਨ੍ਹਾਂ ਨੇ ਸ੍ਰੀ ਗੰਗਾਨਗਰ ਵਿੱਚ ਰੇਲਵੇ ਟਰੈਕ ‘ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਕੁੜੀ ਅਤੇ ਇੱਕ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ ਦੋਵਾਂ ਦੇ ਤਾਰ ਪਾਕਿਸਤਾਨੀ ਹੈਂਡਲਰਾਂ ਨਾਲ ਜੁੜੇ ਹੋਣ ਦਾ ਸ਼ੱਕ ਹੈ।
ਹਾਲਾਂਕਿ, ਗ੍ਰਿਫ਼ਤਾਰ ਕੁੜੀ ਦੇ ਪਰਿਵਾਰ ਨੇ ਉਸ ਨੂੰ ਗੁਮਰਾਹ ਕੀਤੇ ਜਾਣ ਦਾ ਦਾਅਵਾ ਕੀਤਾ ਹੈ, ਜਦਕਿ ਮੁੰਡੇ ਦੇ ਪਰਿਵਾਰ ਨੇ ਵੀ ਇਸ ਪਿੱਛੇ ਪ੍ਰੇਮ ਸਬੰਧਾਂ ਨੂੰ ਵਜ੍ਹਾ ਦੱਸਿਆ ਹੈ।
ਪੁਲਿਸ ਨੇ ਕੇਸ ਬਾਰੇ ਕੀ ਦੱਸਿਆ
Gurpreet Chawla/BBC
ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ 3 ਨਵੰਬਰ ਨੂੰ ਰੇਲਵੇ ਟਰੈਕ ‘ਤੇ ਧਮਾਕਾ ਹੋਇਆ ਸੀ ਅਤੇ ਮਾਮਲੇ ਵਿੱਚ ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਹੋਈ ਹੈ।
ਰਾਜਸਥਾਨ ਐਂਟੀ ਟੈਰਰਿਸਟ ਸਕੁਐਡ (ਏਟੀਐੱਸ) ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀ) ਦਿਨੇਸ਼ ਐੱਮਐੱਨ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਨੂੰ ਇਸ ਵਾਰਦਾਤ ਵਿੱਚ ਸ਼ਾਮਲ ਪਾਇਆ ਗਿਆ ਹੈ।
ਪੁਲਿਸ ਦਾ ਦਾਅਵਾ ਹੈ ਕਿ ਮਹਿਕਦੀਪ ਕੌਰ ਪਾਕਿਸਤਾਨ ਵਿੱਚ ਬੈਠੇ ਸ਼ਾਹ ਨਾਂ ਦੇ ਹੈਂਡਲਰ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਦਵਿੰਦਰ ਨਾਲ ਮਿਲ ਕੇ ਰੇਲਵੇ ਟਰੈਕ ‘ਤੇ ਆਈਈਡੀ ਲਗਾਉਣ ਦੀ ਸਾਜ਼ਿਸ਼ ਰਚੀ ਸੀ।
ਏਡੀਜੀ ਦਿਨੇਸ਼ ਐੱਮਐੱਨ ਮੁਤਾਬਕ ਇਸ ਮਾਮਲੇ ਦੀ ਜਾਂਚ ਰਾਜਸਥਾਨ ਏਟੀਐੱਸ ਅਤੇ ਸ੍ਰੀ ਗੰਗਾਨਗਰ ਪੁਲਿਸ ਦੀ ਸਾਂਝੀ ਟੀਮ ਵੱਲੋਂ ਕੀਤੀ ਜਾ ਰਹੀ ਸੀ।
ਜਾਂਚ ਦੌਰਾਨ ਸੀਸੀਟੀਵੀ ਫੁਟੇਜ, ਮੋਬਾਈਲ ਫੋਨ ਦੀਆਂ ਲੋਕੇਸ਼ਨਾਂ ਅਤੇ ਹੋਰ ਤਕਨੀਕੀ ਜਾਣਕਾਰੀਆਂ ਦੀ ਪੜਤਾਲ ਕੀਤੀ ਗਈ। ਇਸੇ ਦੌਰਾਨ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਤੋਂ ਮਿਲੇ ਇਨਪੁਟ ਦੇ ਆਧਾਰ ‘ਤੇ ਗੁਰਦਾਸਪੁਰ ਵਿੱਚ ਦੋਵਾਂ ਮੁਲਜ਼ਮਾਂ ਦੀ ਪਛਾਣ ਹੋਈ।
ਪੁਲਿਸ ਨੇ ਦੱਸਿਆ ਕਿਵੇਂ ਰਚੀ ਸਾਜ਼ਿਸ਼
Gurpreet Chawla/BBC
ਪੁਲਿਸ ਵੱਲੋਂ ਦੱਸੇ ਗਏ ਘਟਨਾਕ੍ਰਮ ਮੁਤਾਬਕ ਮਹਿਕਦੀਪ ਕੌਰ ਦਾ ਵਿਆਹ 2024 ਵਿੱਚ ਕਰਨ ਨਾਂ ਦੇ ਵਿਅਕਤੀ ਨਾਲ ਹੋਇਆ ਸੀ, ਪਰ ਕਰੀਬ ਛੇ ਮਹੀਨਿਆਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਮਹਿਕਦੀਪ ਦਾ ਪਤੀ ਫਰਵਰੀ 2025 ਵਿੱਚ ਐੱਨਡੀਪੀਐੱਸ ਦੇ ਇੱਕ ਮਾਮਲੇ ਵਿੱਚ ਜੇਲ੍ਹ ਚਲਾ ਗਿਆ ਸੀ।
ਏਡੀਜੀ ਮੁਤਾਬਕ ਜੇਲ੍ਹ ਵਿੱਚੋਂ ਹੀ ਉਸ ਨੇ ਮਹਿਕਦੀਪ ਨੂੰ ਪਾਕਿਸਤਾਨ ਵਿੱਚ ਰਹਿੰਦੇ ਲਵਲੀ ਨਾਂ ਦੇ ਵਿਅਕਤੀ ਨਾਲ ਸੰਪਰਕ ਕਰਨ ਲਈ ਕਿਹਾ ਸੀ। ਉਸ ਨੇ ਕਥਿਤ ਤੌਰ ‘ਤੇ ਦੱਸਿਆ ਸੀ ਕਿ ਲਵਲੀ ਉਸ ਨੂੰ ਪੈਸੇ ਭੇਜੇਗਾ, ਜੋ ਜੇਲ੍ਹ ਵਿੱਚ ਪਹੁੰਚਾਉਣੇ ਸਨ।
ਪੁਲਿਸ ਅਨੁਸਾਰ ਬਾਅਦ ਵਿੱਚ ਲਵਲੀ ਨੇ ਮਹਿਕਦੀਪ ਦੀ ਗੱਲ ਸ਼ਾਹ ਨਾਂ ਦੇ ਵਿਅਕਤੀ ਨਾਲ ਕਰਵਾਈ।
ਪੁਲਿਸ ਦਾ ਦਾਅਵਾ ਹੈ ਕਿ ਮਹਿਕਦੀਪ ਦੀ ਸ਼ਾਹ ਨਾਲ ਪਿਛਲੇ ਕਰੀਬ ਇੱਕ ਸਾਲ ਤੋਂ ਗੱਲਬਾਤ ਚੱਲ ਰਹੀ ਸੀ ਅਤੇ ਦੋਵਾਂ ਵਿਚਾਲੇ ਕਥਿਤ ਤੌਰ ‘ਤੇ ਪ੍ਰੇਮ ਸਬੰਧ ਵੀ ਬਣ ਗਏ ਸਨ। ਇਸ ਤੋਂ ਬਾਅਦ ਸ਼ਾਹ ਨੇ ਉਸ ਦੀ ਗੱਲ ਚਾਚਾ ਨਾਂ ਦੇ ਇੱਕ ਹੋਰ ਪਾਕਿਸਤਾਨੀ ਵਿਅਕਤੀ ਨਾਲ ਕਰਵਾਈ।
ਏਡੀਜੀ ਨੇ ਦੱਸਿਆ, “ਸ਼ਾਹ ਅਤੇ ਚਾਚਾ ਨੇ ਮਹਿਕਦੀਪ ਨੂੰ ਆਈਈਡੀ ਮੁਹੱਈਆ ਕਰਵਾਉਣ, ਉਸ ਦੀ ਲੋਕੇਸ਼ਨ ਦੱਸਣ ਅਤੇ ਉਸ ਨੂੰ ਰੇਲਵੇ ਟਰੈਕ ‘ਤੇ ਲਗਾਉਣ ਲਈ ਕਿਹਾ ਸੀ। ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਬੰਬ ਲਗਾਉਣ ਅਤੇ ਉਸ ਦਾ ਸਰਕਟ ਪੂਰਾ ਕਰਨ ਬਾਰੇ ਵੀ ਸਮਝਾਇਆ ਸੀ।”
ਪੁਲਿਸ ਅਨੁਸਾਰ ਮਹਿਕਦੀਪ ਅਤੇ ਦਵਿੰਦਰ ਪਹਿਲੀ ਵਾਰ 6 ਅਕਤੂਬਰ ਨੂੰ ਗੰਗਾਨਗਰ ਆਏ ਸਨ। ਉਹ ਵਿਜੇਨਗਰ ਦੇ ਇੱਕ ਹੋਟਲ ਵਿੱਚ ਠਹਿਰੇ ਅਤੇ ਉਨ੍ਹਾਂ ਨੂੰ ਦਿੱਤੀ ਗਈ ਲੋਕੇਸ਼ਨ ‘ਤੇ ਗਏ, ਪਰ ਉੱਥੇ ਉਨ੍ਹਾਂ ਨੂੰ ਦੱਸਿਆ ਗਿਆ ਸਾਮਾਨ ਨਹੀਂ ਮਿਲਿਆ। ਇਸ ਤੋਂ ਬਾਅਦ ਦੋਵੇਂ ਵਾਪਸ ਚਲੇ ਗਏ।
”ਦੂਜੀ ਵਾਰ ਉਹ 12 ਅਕਤੂਬਰ ਨੂੰ ਆਏ ਅਤੇ 12 ਤੇ 13 ਅਕਤੂਬਰ ਨੂੰ ਦਿੱਤੀ ਗਈ ਲੋਕੇਸ਼ਨ ‘ਤੇ ਗਏ।”
ਪੁਲਿਸ ਮੁਤਾਬਕ ਇਸ ਵਾਰ ਉਨ੍ਹਾਂ ਨੂੰ ਦੋ ਆਈਈਡੀ ਮਿਲੇ ਸਨ। ਇੱਕ ਆਈਈਡੀ ਜੋੜਨ ਸਮੇਂ ਨੁਕਸਾਨਿਆ ਗਿਆ, ਜਦਕਿ ਦੂਜਾ ਉਨ੍ਹਾਂ ਨੇ ਰੇਲਵੇ ਟਰੈਕ ਦੇ ਨੇੜੇ ਲਗਾ ਦਿੱਤਾ। ਹਾਲਾਂਕਿ, ਇਸ ਵਿੱਚ ਧਮਾਕਾ ਨਹੀਂ ਹੋਇਆ।
ਏਡੀਜੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਦੋਵਾਂ ਕੋਸ਼ਿਸ਼ਾਂ ਬਾਰੇ ਫਿਲਹਾਲ ਮੁਲਜ਼ਮਾਂ ਵੱਲੋਂ ਦਿੱਤੀ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਤੀਜੀ ਵਾਰ ਦੋਵੇਂ 30 ਅਕਤੂਬਰ ਨੂੰ ਗੰਗਾਨਗਰ ਪਹੁੰਚੇ।
ਪੁਲਿਸ ਮੁਤਾਬਕ ਉਨ੍ਹਾਂ ਨੂੰ ਕਈ ਵਾਰ ਦੱਸੀ ਗਈ ਲੋਕੇਸ਼ਨ ‘ਤੇ ਜਾਣ ਦੇ ਬਾਵਜੂਦ ਸਾਮਾਨ ਨਹੀਂ ਮਿਲਿਆ। ਆਖ਼ਰਕਾਰ ਤੀਜੇ ਦਿਨ ਉਨ੍ਹਾਂ ਨੂੰ ਆਈਈਡੀ ਮਿਲੀ।
ਪੁਲਿਸ ਦਾ ਦਾਅਵਾ ਹੈ ਕਿ 2 ਨਵੰਬਰ ਨੂੰ ਉਨ੍ਹਾਂ ਨੇ ਇਸ ਨੂੰ ਟਰੈਕ ਨੇੜੇ ਲੁਕਾ ਦਿੱਤਾ ਅਤੇ 3 ਨਵੰਬਰ ਨੂੰ ਸ਼ਾਮ ਕਰੀਬ 7:30 ਤੋਂ 8 ਵਜੇ ਦੇ ਵਿਚਕਾਰ ਉੱਥੇ ਜਾ ਕੇ ਸਰਕਟ ਜੋੜਿਆ ਅਤੇ ਟਾਈਮਰ ਸੈੱਟ ਕਰ ਕੇ ਵਾਪਸ ਆ ਗਏ।
ਪੁਲਿਸ ਮੁਤਾਬਕ ਰਾਤ ਕਰੀਬ 9:45 ਵਜੇ ਧਮਾਕਾ ਹੋਇਆ। ਇਸ ਤੋਂ ਬਾਅਦ ਦੋਵਾਂ ਨੇ ਹੋਟਲ ਦੇ ਇੱਕ ਕਰਮਚਾਰੀ ਤੋਂ ਵੀ ਪੁੱਛਿਆ ਕਿ ਧਮਾਕਾ ਹੋਇਆ ਹੈ ਜਾਂ ਨਹੀਂ।
‘ਦੋ ਪਿਸਤੌਲ ਅਤੇ 46 ਕਾਰਤੂਸ ਬਰਾਮਦ’
ਏਡੀਜੀ ਦਿਨੇਸ਼ ਐੱਮਐੱਨ ਨੇ ਦੱਸਿਆ, “ਪੁੱਛਗਿੱਛ ਦੌਰਾਨ ਪੁਲਿਸ ਨੇ ਦੋ ਪਿਸਤੌਲ, 46 ਕਾਰਤੂਸ ਅਤੇ 30 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪਿਸਤੌਲ ਵਿਦੇਸ਼ੀ ਬਣੇ ਹੋਏ ਹਨ ਅਤੇ ਕਾਰਤੂਸਾਂ ਉੱਤੇ ਪਾਕਿਸਤਾਨ ਆਰਡੀਨੈਂਸ ਫੈਕਟਰੀ ਲਿਖਿਆ ਹੋਇਆ ਹੈ।”
“ਮੁਲਜ਼ਮਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਕੁੱਲ 2.23 ਲੱਖ ਰੁਪਏ ਮਿਲੇ ਸਨ। ਇਸ ਵਿੱਚ ਇੱਕ ਲੱਖ ਰੁਪਏ ਨਕਦ ਦਿੱਤੇ ਗਏ, ਜਦਕਿ ਕੁਝ ਰਕਮ ਬੈਂਕ ਖਾਤਿਆਂ ਵਿੱਚ ਭੇਜੀ ਗਈ। ਦਵਿੰਦਰ ਦੇ ਖਾਤੇ ਵਿੱਚ ਵੀ ਆਨਲਾਈਨ ਪੈਸੇ ਆਏ ਸਨ।”
ਏਡੀਜੀ ਨੇ ਦੱਸਿਆ ਕਿ ਮਹਿਕਦੀਪ ਦੀ ਭੈਣ ਮੁਸਕਾਨ ਦੇ ਖਾਤੇ ਵਿੱਚ ਵੀ ਵੱਖ-ਵੱਖ ਖਾਤਿਆਂ ਤੋਂ ਪੈਸੇ ਆਉਣ ਦੀ ਜਾਣਕਾਰੀ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਪੈਸਿਆਂ ਦੇ ਸਰੋਤ ਅਤੇ ਉਨ੍ਹਾਂ ਨੂੰ ਭੇਜਣ ਵਾਲਿਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।
ਏਡੀਜੀ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਹਥਿਆਰ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਇਨ੍ਹਾਂ ਨੂੰ ਸਰਹੱਦ ‘ਤੇ ਕਿਸ ਨੇ ਪ੍ਰਾਪਤ ਕੀਤਾ ਅਤੇ ਅੱਗੇ ਕਿਸ ਨੇ ਮੁਲਜ਼ਮਾਂ ਤੱਕ ਪਹੁੰਚਾਇਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
‘ਮੇਰੀ ਧੀ ਦਾ ਕੋਈ ਕਸੂਰ ਨਹੀਂ, ਮੁੰਡਿਆਂ ਨੇ ਉਸ ਨੂੰ ਗਲਤ ਰਾਹ ਪਾਇਆ’
Gurpreet Chawla/BBC
ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮਹਿਕਦੀਪ ਕੌਰ ਦੇ ਪਿਤਾ ਤਰਲੋਕ ਸਿੰਘ ਨੇ ਆਪਣੀ ਧੀ ਨੂੰ ਬੇਕਸੂਰ ਦੱਸਿਆ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਕੁਝ ਨੌਜਵਾਨਾਂ ਨੇ ਮਹਿਕਦੀਪ ਨੂੰ ਗੁੰਮਰਾਹ ਕਰਕੇ ਗ਼ਲਤ ਰਾਹ ‘ਤੇ ਪਾਇਆ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਧੀ ਦਾ ਸੁਭਾਅ ਪਹਿਲਾਂ ਚੰਗਾ ਸੀ ਅਤੇ ਉਸ ਨੂੰ ਅਜਿਹੀਆਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਤਰਲੋਕ ਸਿੰਘ ਨੇ ਕਿਹਾ, “ਮੇਰੀ ਧੀ ਦਾ ਕੋਈ ਕਸੂਰ ਨਹੀਂ ਹੈ। ਇਹ ਜਿੰਨੇ ਵੀ ਮੁੰਡੇ ਸਨ, ਇਨ੍ਹਾਂ ਨੇ ਇਕੱਠੇ ਹੋ ਕੇ ਉਸ ਨੂੰ ਗਲਤ ਰਾਹ ਪਾਇਆ ਹੈ। ਸਾਰੀ ਜਾਣਕਾਰੀ ਇਨ੍ਹਾਂ ਮੁੰਡਿਆਂ ਨੂੰ ਸੀ।”
“ਮਹਿਕਦੀਪ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਸ ਦਾ ਆਪਣੀ ਮਰਜ਼ੀ ਨਾਲ ਵਿਆਹ ਹੋਇਆ ਸੀ, ਪਰ ਕੁਝ ਸਮੇਂ ਬਾਅਦ ਵਿਆਹ ਟੁੱਟ ਗਿਆ। ਇਸ ਤੋਂ ਬਾਅਦ ਕੁਝ ਨੌਜਵਾਨਾਂ ਨਾਲ ਉਸ ਦਾ ਸੰਪਰਕ ਬਣਿਆ ਅਤੇ ਉਹ ਉਨ੍ਹਾਂ ਦੇ ਪ੍ਰਭਾਵ ਹੇਠ ਆ ਗਈ।”
ਉਨ੍ਹਾਂ ਕਿਹਾ, “ਦਵਿੰਦਰ ਨੂੰ ਜ਼ਿਆਦਾ ਪਤਾ ਹੈ ਕਿ ਕਿਹੜੇ-ਕਿਹੜੇ ਮੁੰਡੇ ਉਸ ਦੇ ਨਾਲ ਹਨ। ਪੁਲਿਸ ਜਦੋਂ ਸਾਰਿਆਂ ਨੂੰ ਫੜੇਗੀ, ਉਦੋਂ ਹੀ ਪੂਰੀ ਗੱਲ ਸਾਹਮਣੇ ਆਵੇਗੀ।”
ਪਿਤਾ ਨੇ ਇਹ ਵੀ ਦਾਅਵਾ ਕੀਤਾ ਕਿ ਮਹਿਕਦੀਪ ਦੇ ਪਤੀ ਦਾ ਵੀ ਇਸ ਮਾਮਲੇ ਨਾਲ ਸਬੰਧ ਹੋ ਸਕਦਾ ਹੈ।
ਉਨ੍ਹਾਂ ਮੁਤਾਬਕ ਉਹ ਐੱਨਡੀਪੀਐੱਸ ਦੇ ਇੱਕ ਮਾਮਲੇ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ ਅਤੇ ਉੱਥੋਂ ਹੀ ਹੋਰਨਾਂ ਨਾਲ ਸੰਪਰਕ ਕਰਦਾ ਸੀ। ਹਾਲਾਂਕਿ, ਇਸ ਦਾਅਵੇ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।
ਤਰਲੋਕ ਸਿੰਘ ਨੇ ਦੱਸਿਆ, “13 ਨਵੰਬਰ ਨੂੰ ਪੁਲਿਸ ਘਰ ਪਹੁੰਚੀ ਸੀ ਅਤੇ ਮਹਿਕਦੀਪ ਬਾਰੇ ਪੁੱਛਿਆ ਸੀ। ਇਸ ਤੋਂ ਬਾਅਦ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। ਪੁਲਿਸ ਨੇ ਪਰਿਵਾਰ ਨੂੰ ਇਹ ਨਹੀਂ ਦੱਸਿਆ ਸੀ ਕਿ ਮਹਿਕਦੀਪ ਨੂੰ ਕਿਸ ਮਾਮਲੇ ਵਿੱਚ ਲੈ ਕੇ ਜਾ ਰਹੀ ਹੈ।”
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਘਰ ਦੀ ਤਲਾਸ਼ੀ ਵੀ ਲਈ ਅਤੇ ਪਰਿਵਾਰ ਦੇ ਤਿੰਨ ਮੋਬਾਈਲ ਫੋਨ ਆਪਣੇ ਨਾਲ ਲੈ ਗਈ। ਉਨ੍ਹਾਂ ਮੁਤਾਬਕ ਅਜੇ ਤੱਕ ਇਹ ਫੋਨ ਪਰਿਵਾਰ ਨੂੰ ਵਾਪਸ ਨਹੀਂ ਮਿਲੇ।
Gurpreet Chawla/BBC
ਤਰਲੋਕ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਬਾਅਦ ਵਿੱਚ ਪੁਲਿਸ ਕੋਲ ਜਾ ਕੇ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਮਾਮਲੇ ਬਾਰੇ ਬਹੁਤੀ ਜਾਣਕਾਰੀ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ, “ਜੇ ਸਾਨੂੰ ਪਹਿਲਾਂ ਪਤਾ ਹੁੰਦਾ ਕਿ ਉਹ ਦਵਿੰਦਰ ਨਾਲ ਇਸ ਤਰ੍ਹਾਂ ਸੰਪਰਕ ਵਿੱਚ ਹੈ ਤਾਂ ਅਸੀਂ ਉਸੇ ਵੇਲੇ ਪੁਲਿਸ ਨੂੰ ਦੱਸ ਦਿੰਦੇ।”
ਤਰਲੋਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਹੈ। ਅਜਿਹੇ ਵਿੱਚ ਰਾਜਸਥਾਨ ਜਾ ਕੇ ਕੇਸ ਦੀ ਪੈਰਵੀ ਕਰਨਾ ਅਤੇ ਵਕੀਲ ਕਰਨਾ ਉਨ੍ਹਾਂ ਲਈ ਮੁਸ਼ਕਲ ਹੈ।
ਉਨ੍ਹਾਂ ਕਿਹਾ, “ਅਸੀਂ ਦਿਹਾੜੀ ਕਰਨ ਵਾਲੇ ਬੰਦੇ ਹਾਂ। ਸਾਡੇ ਕੋਲ ਇੰਨੇ ਸਾਧਨ ਨਹੀਂ ਕਿ ਅਸੀਂ ਉੱਥੇ ਜਾ ਕੇ ਵਕੀਲ ਕਰ ਸਕੀਏ ਜਾਂ ਲਗਾਤਾਰ ਪੈਰਵੀ ਕਰ ਸਕੀਏ।”
ਉੱਧਰ ਮਹਿਕਦੀਪ ਦੀ ਮਾਂ ਸਰਬਜੀਤ ਕੌਰ ਮੁਤਾਬਕ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦੇ ਸੁਭਾਅ ਵਿੱਚ ਬਦਲਾਅ ਆ ਗਿਆ ਸੀ।
ਉਹ ਕਹਿੰਦੀ ਹੈ, “ਉਸ ਦਾ ਸੁਭਾਅ ਥੋੜ੍ਹਾ ਚਿੜਚਿੜਾ ਜਿਹਾ ਹੋ ਗਿਆ ਸੀ। ਉਸ ਦੀ ਬੋਲੀ ਵਿੱਚ ਵੀ ਫ਼ਰਕ ਪੈ ਗਿਆ ਸੀ।”
ਮਾਂ ਨੇ ਇਹ ਵੀ ਕਿਹਾ ਕਿ ਉਸ ਨੂੰ ਆਪਣੀ ਧੀ ਦੇ ਇਸ ਮਾਮਲੇ ਵਿੱਚ ਸ਼ਾਮਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਪੁਲਿਸ ਵੱਲੋਂ ਬੁਲਾਏ ਜਾਣ ਤੋਂ ਬਾਅਦ ਹੀ ਪਰਿਵਾਰ ਨੂੰ ਧਮਾਕੇ ਅਤੇ ਉਸ ਨਾਲ ਜੋੜੇ ਜਾ ਰਹੇ ਇਲਜ਼ਾਮਾਂ ਬਾਰੇ ਪਤਾ ਲੱਗਿਆ।
ਹਾਲਾਂਕਿ ਮਹਿਕਦੀਪ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਇੰਨਾ ਵੱਡਾ ਜੁਰਮ ਨਹੀਂ ਕਰ ਸਕਦੀ।
ਦਵਿੰਦਰ ਦੇ ਪਰਿਵਾਰ ਨੇ ਮਹਿਕਦੀਪ ‘ਤੇ ਲਾਏ ਇਲਜ਼ਾਮ
Gurpreet Chawla/BBC
ਦਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਮਹਿਕਦੀਪ ਨਾਲ ਉਸ ਦੇ ਸਬੰਧਾਂ ਬਾਰੇ ਕਈ ਗੱਲਾਂ ਦੱਸੀਆਂ ਹਨ।
ਦਵਿੰਦਰ ਦੀ ਚਾਚੀ ਸੁਖਵਿੰਦਰ ਕੌਰ ਦਾ ਦਾਅਵਾ ਹੈ ਕਿ ਦਵਿੰਦਰ ਮਹਿਕਦੀਪ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਮਹਿਕਦੀਪ ਨੇ ਦਵਿੰਦਰ ਨੂੰ ਵਿਆਹ ਦਾ ਲਾਲਚ ਦਿੱਤਾ ਸੀ ਅਤੇ ਉਹ ਅਕਸਰ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਸੀ।
ਸੁਖਵਿੰਦਰ ਕੌਰ ਨੇ ਕਿਹਾ, “ਉਹ ਕਹਿੰਦਾ ਹੁੰਦਾ ਸੀ ਕਿ ਮੈਂ ਮਹਿਕਦੀਪ ਨਾਲ ਵਿਆਹ ਕਰਾਉਣਾ ਹੈ। ਬਾਅਦ ਵਿੱਚ ਸਾਨੂੰ ਕੁਝ ਗੱਲਾਂ ਪਤਾ ਲੱਗੀਆਂ ਤਾਂ ਅਸੀਂ ਉਸ ਨੂੰ ਸਮਝਾਇਆ ਕਿ ਇਸ ਕੁੜੀ ਨਾਲ ਨਾ ਰਹਿ।”
ਉਸ ਨੇ ਇਹ ਵੀ ਦਾਅਵਾ ਕੀਤਾ ਕਿ ਮਹਿਕਦੀਪ ਦਵਿੰਦਰ ਨੂੰ ਫੋਨ ਕਰਦੀ ਸੀ ਅਤੇ ਉਸ ਨੂੰ ਤੰਗ-ਪਰੇਸ਼ਾਨ ਕਰਦੀ ਸੀ।
ਸੁਖਵਿੰਦਰ ਮੁਤਾਬਕ, “ਦਵਿੰਦਰ ਨੇ ਉਸ ਨੂੰ ਦੱਸਿਆ ਸੀ ਕਿ ਮਹਿਕਦੀਪ ਨੇ ਉਸ ਨੂੰ ਇੱਕ ਲੱਖ ਰੁਪਏ ਦੇਣੇ ਹਨ। ਜਦੋਂ ਇਹ ਘਰੋਂ ਗਿਆ ਤਾਂ ਕਹਿ ਕੇ ਗਿਆ ਸੀ ਕਿ ਮਹਿਕਦੀਪ ਨੇ ਮੈਨੂੰ ਇੱਕ ਲੱਖ ਰੁਪਏ ਦੇਣੇ ਹਨ। ਇਸੇ ਕਰਕੇ ਮੈਨੂੰ ਸ਼ੱਕ ਹੋਇਆ ਕਿ ਉਸ ਦਾ ਫੋਨ ਆਇਆ ਹੋਵੇਗਾ।”
ਉਨ੍ਹਾਂ ਦਾ ਦਾਅਵਾ ਹੈ ਕਿ ਦਵਿੰਦਰ ਨੇ ਇੱਕ-ਦੋ ਵਾਰ ਮਹਿਕਦੀਪ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ। ਹਾਲਾਂਕਿ, ਇਹ ਸਾਰੇ ਦਾਅਵੇ ਪਰਿਵਾਰਕ ਮੈਂਬਰਾਂ ਦੇ ਹਨ ਅਤੇ ਬੀਬੀਸੀ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ।
Gurpreet Chawla/BBC
ਦਵਿੰਦਰ ਦੇ ਪਿਤਾ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਘਟਨਾ ਵਾਲੇ ਦਿਨ ਜਲੰਧਰ ਵਿੱਚ ਸਨ, ਜਿੱਥੇ ਉਹ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ।
ਉਨ੍ਹਾਂ ਮੁਤਾਬਕ ਦਵਿੰਦਰ ਘਰੋਂ ਮੰਡੀ ਪੈਸੇ ਲੈਣ ਗਿਆ ਸੀ ਅਤੇ ਬਾਅਦ ਵਿੱਚ ਪਰਿਵਾਰ ਨੂੰ ਪਤਾ ਲੱਗਾ ਕਿ ਪੁਲਿਸ ਨੇ ਉਸ ਨੂੰ ਪਿੰਡ ਦੇ ਮੋੜ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਦਵਿੰਦਰ ਦੇ ਮਹਿਕਦੀਪ ਨਾਲ ਸਬੰਧਾਂ ਜਾਂ ਇਸ ਮਾਮਲੇ ਵਿੱਚ ਉਸ ਦੀ ਕਥਿਤ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਉਨ੍ਹਾਂ ਕਿਹਾ, “ਸਾਨੂੰ ਤਾਂ ਆਪ ਨੂੰ ਹੀ ਸਮਝ ਨਹੀਂ ਆ ਰਹੀ ਕਿ ਇਹ ਅਜਿਹੇ ਕੰਮਾਂ ਵਿੱਚ ਕਿਵੇਂ ਪੈ ਗਿਆ।”
ਪਿਤਾ ਨੇ ਦੱਸਿਆ ਕਿ ਦਵਿੰਦਰ ਘਰ ਵਿੱਚ ਆਪਣੀ ਚਾਚੀ ਦੇ ਨਾਲ ਰਹਿੰਦਾ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਕਾਰਨ ਪਰਿਵਾਰ ਮੁਸ਼ਕਲ ਵਿੱਚ ਹੈ। ਉਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਦਵਿੰਦਰ ਦੀ ਮਾਤਾ ਬਲਜੀਤ ਕੌਰ ਮੁਤਾਬਕ, ਦਵਿੰਦਰ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਨਾਲ ਦਿੱਲੀ ਮੈਡੀਕਲ ਕਰਵਾਉਣ ਜਾ ਰਿਹਾ ਹੈ। ਜਿਸ ਦਿਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹ ਮੰਡੀ ਪੈਸੇ ਲੈਣ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ।
ਬਲਜੀਤ ਕੌਰ ਨੇ ਕਿਹਾ ਕਿ ਪੁਲਿਸ ਨੇ ਪਰਿਵਾਰ ਨੂੰ ਇਹ ਨਹੀਂ ਦੱਸਿਆ ਕਿ ਦਵਿੰਦਰ ਨੂੰ ਕਿਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸਿਰਫ਼ ਦਸਤਖ਼ਤ ਕਰਵਾਏ ਅਤੇ ਬਾਅਦ ਵਿੱਚ ਜਾਣਕਾਰੀ ਦੇਣ ਦੀ ਗੱਲ ਕਹੀ।
ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਘਰੋਂ ਮੋਬਾਈਲ ਫੋਨ ਲੈ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




