Home rss national punjabi2ਰਾਸ਼ਟਰੀ ਖ਼ਬਰਾਂ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੀਆਂ ਔਰਤਾਂ ਦੇ 60 ਸਾਲ: ਇੱਕ ਮੋਹਰੀ ਖਿਡਾਰਨ...

ਏਸ਼ਿਆਈ ਖੇਡਾਂ ਵਿੱਚ ਪੰਜਾਬ ਦੀਆਂ ਔਰਤਾਂ ਦੇ 60 ਸਾਲ: ਇੱਕ ਮੋਹਰੀ ਖਿਡਾਰਨ ਤੋਂ ਇੱਕ ਪੀੜ੍ਹੀ ਤੱਕ

5
0

Source :- BBC PUNJABI

ਹੀਨਾ ਸਿੱਧੂ, ਕੰਮਲਜੀਤ ਸੰਧੂ ਅਤੇ ਹਰਮਨਪ੍ਰੀਤ ਕੌਰ

ਤਸਵੀਰ ਸਰੋਤ, BBC/Getty

1951 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 51 ਤਮਗੇ ਜਿੱਤੇ ਸਨ, ਜਿਨ੍ਹਾਂ ਵਿੱਚੋਂ 34 ਤਮਗੇ ਅਥਲੈਟਿਕਸ ਵਿੱਚ ਆਏ ਸਨ। ਅਥਲੈਟਿਕਸ ਦੇ ਇਨ੍ਹਾਂ ਤਮਗਿਆਂ ਵਿੱਚੋਂ 20 ਤੋਂ ਵੱਧ ਤਮਗੇ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਸਨ, ਜੋ ਮਹਾਂਦੀਪੀ ਖੇਡਾਂ ਦੇ ਸ਼ੁਰੂਆਤੀ ਸਾਲਾਂ ਵਿੱਚ ਭਾਰਤੀ ਖੇਡਾਂ ਉੱਤੇ ਪੰਜਾਬ ਦੇ ਅਸਾਧਾਰਨ ਪ੍ਰਭਾਵ ਨੂੰ ਦਰਸਾਉਂਦਾ ਹੈ।

ਦਹਾਕਿਆਂ ਤੱਕ ਪੰਜਾਬ ਦੇ ਪੁਰਸ਼ ਖਿਡਾਰੀ ਏਸ਼ਿਆਈ ਖੇਡਾਂ ਵਿੱਚ ਇੱਕ ਦਬਦਬੇ ਵਾਲੀ ਤਾਕਤ ਬਣੇ ਰਹੇ। ਹਾਲਾਂਕਿ, ਔਰਤਾਂ ਲਈ ਕਹਾਣੀ ਕਾਫ਼ੀ ਵੱਖਰੀ ਸੀ।

ਆਜ਼ਾਦੀ ਤੋਂ ਬਾਅਦ ਦੇ ਪੰਜਾਬ ਦੇ ਡੂੰਘੇ ਰੂੜੀਵਾਦੀ ਅਤੇ ਪਿਤਰਸੱਤਾਤਮਕ ਸਮਾਜ ਵਿੱਚ ਕੁੜੀਆਂ ਲਈ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣ ਦੇ ਮੌਕੇ ਸੀਮਤ ਸਨ। ਜੋ ਵੀ ਮੌਕੇ ਮੌਜੂਦ ਸਨ, ਉਹ ਮੁੱਖ ਤੌਰ ‘ਤੇ ਸ਼ਹਿਰੀ ਖੇਤਰਾਂ, ਖ਼ਾਸ ਕਰਕੇ ਸਕੂਲਾਂ ਅਤੇ ਕਾਲਜਾਂ ਤੱਕ ਹੀ ਸੀਮਤ ਸਨ।

ਸੂਬੇ ਦੀਆਂ ਜ਼ਿਆਦਾਤਰ ਔਰਤਾਂ ਲਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਇੱਕ ਦੂਰ ਦੀ ਸੰਭਾਵਨਾ ਬਣੀ ਹੋਈ ਸੀ।

ਏਸ਼ਿਆਈ ਖੇਡਾਂ ਦੇ ਪਹਿਲੇ ਚਾਰ ਐਡੀਸ਼ਨਾਂ ਵਿੱਚ ਪਾਰਸੀ ਅਤੇ ਐਂਗਲੋ-ਇੰਡੀਅਨ ਭਾਈਚਾਰਿਆਂ ਦੀਆਂ ਔਰਤਾਂ, ਖ਼ਾਸ ਕਰਕੇ ਮੁੰਬਈ ਅਤੇ ਹੋਰ ਵੱਡੇ ਸ਼ਹਿਰਾਂ ਤੋਂ ਆਉਣ ਵਾਲੀਆਂ ਔਰਤਾਂ ਨੇ ਭਾਰਤ ਦੀਆਂ ਔਰਤਾਂ ਦੀ ਹਿੱਸੇਦਾਰੀ ਅਤੇ ਤਮਗਾ ਜਿੱਤਣ ਦੀਆਂ ਕੋਸ਼ਿਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ।

ਪੰਜਾਬ ਲਈ ਵੱਡੀ ਤਬਦੀਲੀ 1966 ਵਿੱਚ ਆਈ।

1966: ਵੱਡੀ ਤਬਦੀਲੀ

ਏਸ਼ਿਆਈ ਖੇਡਾਂ ਵਿੱਚ ਪੰਜਾਬ ਦੀਆਂ ਔਰਤਾਂ ਦੀ ਕਹਾਣੀ 1966 ਵਿੱਚ ਸ਼ੁਰੂ ਹੋਈ, ਜਦੋਂ ਕਪੂਰਥਲਾ ਦੀ ਮਨਜੀਤ ਵਾਲੀਆ ਮਹਾਂਦੀਪੀ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਪਹਿਲੀ ਔਰਤ ਬਣੀ।

ਉਸ ਸਮੇਂ ਪੰਜਾਬ ਵਿੱਚ ਸਥਿਤ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਪੋਰਟਸ ਕਾਲਜ ਦੀ ਵਿਦਿਆਰਥਣ ਵਾਲੀਆ ਭਾਰਤੀ ਦਲ ਵਿੱਚ ਸੂਬੇ ਦੀ ਇਕਲੌਤੀ ਔਰਤ ਸੀ। ਅਥਲੈਟਿਕਸ ਵਿੱਚ ਹਿੱਸਾ ਲੈਂਦਿਆਂ ਉਨ੍ਹਾਂ ਨੇ 1966 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ 80 ਮੀਟਰ ਹਰਡਲ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

ਉਨ੍ਹਾਂ ਦੀ ਪ੍ਰਾਪਤੀ ਸਿਰਫ਼ ਇੱਕ ਤਮਗੇ ਤੋਂ ਕਿਤੇ ਵੱਧ ਮਹੱਤਵ ਰੱਖਦੀ ਸੀ। ਉਹ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਪਹਿਲੀ ਔਰਤ ਅਤੇ ਸੂਬੇ ਵੱਲੋਂ ਏਸ਼ਿਆਈ ਖੇਡਾਂ ਦਾ ਤਮਗਾ ਜਿੱਤਣ ਵਾਲੀ ਪਹਿਲੀ ਔਰਤ ਬਣੀ।

ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਸੀ ਕਿ ਉਨ੍ਹਾਂ ਦੀ ਮੌਜੂਦਗੀ ਨੇ ਅੰਤਰਰਾਸ਼ਟਰੀ ਬਹੁ-ਖੇਡੀ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਔਰਤਾਂ ਲਈ ਇੱਕ ਅਜਿਹਾ ਦਰਵਾਜ਼ਾ ਖੋਲ੍ਹਿਆ, ਜੋ ਵੱਡੇ ਪੱਧਰ ‘ਤੇ ਬੰਦ ਰਿਹਾ ਸੀ।

1966 ਦੀਆਂ ਖੇਡਾਂ ਨੂੰ ਇਸ ਤਰ੍ਹਾਂ ਛੇ ਦਹਾਕਿਆਂ ਦੇ ਸਫ਼ਰ ਦੀ ਸ਼ੁਰੂਆਤ ਕਿਹਾ ਜਾ ਸਕਦਾ ਹੈ, ਜਿੱਥੇ ਇੱਕ ਖੇਡ ਵਿੱਚ ਇੱਕ ਔਰਤ ਤੋਂ ਸ਼ੁਰੂ ਹੋਇਆ ਸਫ਼ਰ ਅੱਜ ਖੇਡਾਂ ਵਿੱਚ ਔਰਤਾਂ ਦੀ ਇੱਕ ਪੂਰੀ ਪੀੜ੍ਹੀ ਤੱਕ ਪਹੁੰਚ ਗਿਆ ਹੈ।

2026 ਦੀਆਂ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੀਆਂ 11 ਔਰਤਾਂ ਅੱਠ ਖੇਡ ਵਿਧਾਵਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀਆਂ ਹਨ।

ਦੌੜਾਕ ਮਨਦੀਪ ਕੌਰ

ਤਿੰਨ ਵਾਰ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਅਤੇ 400 ਮੀਟਰ ਦੌੜਾਕ ਮਨਦੀਪ ਕੌਰ ਨੇ ਕਿਹਾ, “ਜਦੋਂ ਤੋਂ ਭਾਰਤੀ ਟੀਮਾਂ ਨੇ ਬਹੁ-ਖੇਡੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਹੈ, ਪੰਜਾਬ ਖੇਡਾਂ ਦੀ ਇੱਕ ਤਾਕਤ ਰਿਹਾ ਹੈ।”

“ਪਰ ਸੂਬੇ ਦੀਆਂ ਔਰਤਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ, ਖ਼ਾਸ ਕਰਕੇ ਏਸ਼ਿਆਈ ਖੇਡਾਂ ਵਿੱਚ, 1998 ਤੋਂ ਆਪਣੀ ਮੌਜੂਦਗੀ ਦਰਜ ਕਰਵਾਈ ਹੈ।”

ਉਹ 2006, 2010 ਅਤੇ 2014 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀਆਂ ਭਾਰਤ ਦੀਆਂ 4×400 ਮੀਟਰ ਰਿਲੇਅ ਟੀਮਾਂ ਦਾ ਹਿੱਸਾ ਸਨ।

“ਜਦੋਂ ਮੈਂ 2000 ਵਿੱਚ ਖੇਡਾਂ ਖੇਡਣੀਆਂ ਸ਼ੁਰੂ ਕੀਤੀਆਂ, ਉਦੋਂ ਵੀ ਕੁੜੀਆਂ ਲਈ ਬਹੁਤ ਸਾਰੀਆਂ ਚੁਣੌਤੀਆਂ ਸਨ, ਖ਼ਾਸ ਕਰਕੇ ਪੇਂਡੂ ਇਲਾਕਿਆਂ ਤੋਂ ਆਉਣ ਵਾਲੀਆਂ ਕੁੜੀਆਂ ਲਈ। ਮੇਰੀ ਮਾਂ ਨੇ ਹੀ, ਮੇਰੇ ਪਿਤਾ ਅਤੇ ਦਾਦਾ ਜੀ ਦੇ ਵਿਰੋਧ ਦੇ ਬਾਵਜੂਦ, ਕੈਰੋਂ ਪਿੰਡ ਦੇ ਸਰਕਾਰੀ ਰਿਹਾਇਸ਼ੀ ਸਕੂਲ ਵਿੱਚ ਦਾਖ਼ਲਾ ਲੈਣ ਲਈ ਮੇਰਾ ਸਾਥ ਦਿੱਤਾ, ਜਿੱਥੇ ਮੇਰੀ ਜਾਣ-ਪਛਾਣ ਅਥਲੈਟਿਕਸ ਨਾਲ ਹੋਈ।”

“ਜਦੋਂ ਮੈਂ 12ਵੀਂ ਜਮਾਤ ਵਿੱਚ ਸੀ, ਮੈਂ 2006 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਔਰਤਾਂ ਦੀ 4×400 ਮੀਟਰ ਰਿਲੇਅ ਟੀਮ ਦਾ ਹਿੱਸਾ ਬਣੀ ਅਤੇ ਸੋਨ ਤਮਗਾ ਜਿੱਤਿਆ।”

ਹੁਣ ਪੰਜਾਬ ਪੁਲਿਸ ਵਿੱਚ ਡੀਐੱਸਪੀ ਵਜੋਂ ਤੈਨਾਤ ਮਨਦੀਪ ਕੌਰ ਨੇ ਕਿਹਾ, “21ਵੀਂ ਸਦੀ ਵਿੱਚ ਮੈਨੂੰ ਜਿਨ੍ਹਾਂ ਸਮਾਜਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨੂੰ ਦੇਖਦਿਆਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 1960, 1970 ਅਤੇ 1980 ਦੇ ਦਹਾਕਿਆਂ ਵਿੱਚ ਪੰਜਾਬ ਦੀਆਂ ਕੁੜੀਆਂ ਨੂੰ ਖੇਡਾਂ ਵਿੱਚ ਆਉਣ ਦੀ ਕੋਸ਼ਿਸ਼ ਕਰਦਿਆਂ ਕਿੰਨੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ।”

ਉਹ ਤਰਨ ਤਾਰਨ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਨਾਲ ਸਬੰਧਤ ਹਨ, ਜੋ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਹੈ।

1970: ਕਮਲਜੀਤ ਸੰਧੂ ਨੇ ਕਹਾਣੀ ਬਦਲੀ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਮਨਜੀਤ ਵਾਲੀਆ ਦੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਪਹਿਲੀ ਔਰਤ ਬਣਨ ਤੋਂ ਚਾਰ ਸਾਲ ਬਾਅਦ, ਪੰਜਾਬ ਦੀ ਇੱਕ ਹੋਰ ਖਿਡਾਰਨ ਨੇ ਭਾਰਤੀ ਖੇਡਾਂ ਦਾ ਇਤਿਹਾਸ ਬਦਲ ਦਿੱਤਾ।

ਕਮਲਜੀਤ ਸੰਧੂ 1970 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿੱਚ 400 ਮੀਟਰ ਦੌੜ ਵਿੱਚ ਜਿੱਤ ਹਾਸਲ ਕਰਕੇ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਬਣੀ।

ਵਾਲੀਆ ਵੀ 1970 ਵਿੱਚ ਭਾਰਤੀ ਦਲ ਦਾ ਹਿੱਸਾ ਸਨ, ਪਰ ਇਸ ਵਾਰ ਉਹ ਪੋਡੀਅਮ ਤੋਂ ਥੋੜ੍ਹੇ ਫ਼ਰਕ ਨਾਲ ਖੁੰਝ ਗਈ ਅਤੇ ਚੌਥੇ ਸਥਾਨ ‘ਤੇ ਰਹੀ।

ਸੰਧੂ ਦਾ ਸੋਨ ਤਮਗਾ ਭਾਰਤ ਦਾ ਔਰਤਾਂ ਲਈ ਏਸ਼ਿਆਈ ਖੇਡਾਂ ਵਿੱਚ ਪਹਿਲਾ ਸੋਨ ਤਮਗਾ ਸੀ ਅਤੇ ਇਹ ਉਸ ਸਮੇਂ ਆਇਆ ਜਦੋਂ ਜਨਤਕ ਜੀਵਨ ਅਤੇ ਖੇਡਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਨੂੰ ਲੈ ਕੇ ਗੱਲਬਾਤ ਬਦਲਣੀ ਸ਼ੁਰੂ ਹੋ ਰਹੀ ਸੀ।

ਸੰਧੂ ਨੇ ਯਾਦ ਕਰਦਿਆਂ ਕਿਹਾ, “ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ ਇੱਕ ਔਰਤ ਪ੍ਰਧਾਨ ਮੰਤਰੀ, ਇੰਦਰਾ ਗਾਂਧੀ ਸੀ ਅਤੇ ਪਹਿਲੀ ਵਾਰ ਇੱਕ ਭਾਰਤੀ ਔਰਤ ਵੱਲੋਂ ਅੰਤਰਰਾਸ਼ਟਰੀ ਖੇਡ ਮੰਚ ‘ਤੇ ਕਾਮਯਾਬੀ ਹਾਸਲ ਕਰਨਾ ਔਰਤਾਂ ਦੀ ਤਾਕਤ ਦੀ ਨਿਸ਼ਾਨੀ ਵਜੋਂ ਦੇਖਿਆ ਗਿਆ।”

“1951 ਵਿੱਚ ਏਸ਼ਿਆਈ ਖੇਡਾਂ ਦੀ ਸ਼ੁਰੂਆਤ ਤੋਂ ਲੈ ਕੇ ਭਾਰਤ ਨੇ ਆਪਣੇ ਪੁਰਸ਼ਾਂ ਨੂੰ ਸੋਨ ਤਮਗੇ ਜਿੱਤਦੇ ਦੇਖਿਆ ਸੀ ਪਰ ਅਜੇ ਤੱਕ ਕੋਈ ਔਰਤ ਸਿਖਰਲੇ ਪੋਡੀਅਮ ਤੱਕ ਨਹੀਂ ਪਹੁੰਚੀ ਸੀ। ਪਰ ਜਦੋਂ ਮੈਂ 1970 ਦੀਆਂ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਤਾਂ ਭਾਰਤ ਵਿੱਚ ਇਹ ਬਹੁਤ ਵੱਡੇ ਜਸ਼ਨ ਦਾ ਮੌਕਾ ਸੀ।”

ਸੰਧੂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਪ੍ਰਾਪਤੀ ਨੇ ਭਾਰਤੀ ਖੇਡਾਂ ਵਿੱਚ ਖਿਡਾਰਨਾਂ ਪ੍ਰਤੀ ਧਾਰਨਾ ਵੀ ਬਦਲੀ।

ਉਨ੍ਹਾਂ ਕਿਹਾ, “1970 ਦੀਆਂ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਨਾਲ ਕੋਚਾਂ ਅਤੇ ਅਧਿਕਾਰੀਆਂ ਦਾ ਖਿਡਾਰਨਾਂ ਪ੍ਰਤੀ ਨਜ਼ਰੀਆ ਬਦਲਿਆ ਅਤੇ 1970 ਤੋਂ ਬਾਅਦ ਹਰ ਕੋਈ ਖਿਡਾਰਨਾਂ ਤੋਂ ਸਿਖਰਲੇ ਸਥਾਨ ਦੀ ਉਮੀਦ ਕਰਨ ਲੱਗ ਪਿਆ।”

ਉਨ੍ਹਾਂ ਦੀ ਇਸ ਜਿੱਤ ਨੇ ਇੱਕ ਹੋਰ ਇਤਿਹਾਸਕ ਮੀਲ ਪੱਥਰ ਲਈ ਰਾਹ ਵੀ ਪੱਧਰਾ ਕੀਤਾ। 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਵਿੱਚ ਸੰਧੂ ਭਾਰਤ ਦੇ 41 ਮੈਂਬਰੀ ਦਲ ਵਿੱਚ ਇਕਲੌਤੀ ਔਰਤ ਸਨ।

ਅਥਲੈਟਿਕਸ ਤੋਂ ਅੱਗੇ

ਕੰਵਲ ਠਾਕਰ ਸਿੰਘ

ਤਸਵੀਰ ਸਰੋਤ, Kanwal Thakar Singh/BBC

ਅਗਲੀਆਂ ਦੋ ਏਸ਼ਿਆਈ ਖੇਡਾਂ, 1974 ਅਤੇ 1978 ਵਿੱਚ, ਭਾਰਤ ਦੀਆਂ ਔਰਤਾਂ ਵਿੱਚ ਪੰਜਾਬ ਤੋਂ ਕੋਈ ਨੁਮਾਇੰਦਗੀ ਨਹੀਂ ਸੀ। ਪਰ 1982 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ ਖੇਡਾਂ ਦੌਰਾਨ ਪੋਡੀਅਮ ‘ਤੇ ਪੰਜਾਬ ਦੀ ਮੌਜੂਦਗੀ ਅਥਲੈਟਿਕਸ ਤੋਂ ਅੱਗੇ ਵਧੀ।

ਕੰਵਲ ਠਾਕਰ ਸਿੰਘ ਏਸ਼ਿਆਈ ਖੇਡਾਂ ਵਿੱਚ ਇੱਕ ਤੋਂ ਵੱਧ ਤਮਗੇ ਜਿੱਤਣ ਵਾਲੀ ਪੰਜਾਬ ਦੀ ਪਹਿਲੀ ਖਿਡਾਰਨ ਬਣੀ। ਉਨ੍ਹਾਂ ਨੇ ਬੈਡਮਿੰਟਨ ਦੇ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਦੋਵਾਂ ਵਿੱਚ ਕਾਂਸੀ ਦੇ ਤਮਗੇ ਜਿੱਤੇ।

ਇਸ ਤੋਂ ਚਾਰ ਸਾਲ ਪਹਿਲਾਂ 1978 ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਉਨ੍ਹਾਂ ਨੇ ਇਤਿਹਾਸ ਰਚਿਆ ਸੀ। ਡਬਲਜ਼ ਦੀ ਸਾਥੀ ਅਮੀ ਘੀਆ ਨਾਲ ਮਿਲ ਕੇ ਉਹ ਬੈਡਮਿੰਟਨ ਵਿੱਚ ਕਾਮਨਵੈਲਥ ਖੇਡਾਂ ਦਾ ਤਮਗਾ ਜਿੱਤਣ ਵਾਲੀਆਂ ਪਹਿਲੀਆਂ ਭਾਰਤੀ ਔਰਤਾਂ ਬਣੀਆਂ ਸਨ।

1982 ਦੀਆਂ ਏਸ਼ਿਆਈ ਖੇਡਾਂ ਨੇ ਪੰਜਾਬ ਦੀਆਂ ਔਰਤਾਂ ਦੀ ਖੇਡਾਂ ਵਿੱਚ ਮੌਜੂਦਗੀ ਨੂੰ ਹੋਰ ਵਧਾਉਣ ਦਾ ਇੱਕ ਹੋਰ ਮਹੱਤਵਪੂਰਨ ਪੜਾਅ ਵੀ ਦਰਸਾਇਆ।

ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਸੋਨ ਤਮਗਾ ਜਿੱਤਿਆ ਅਤੇ ਇਸ ਖ਼ਿਤਾਬ ਜਿੱਤਣ ਵਾਲੀ ਟੀਮ ਵਿੱਚ ਪੰਜਾਬ ਦੀਆਂ ਤਿੰਨ ਖਿਡਾਰਨਾਂ, ਰਾਜਬੀਰ ਕੌਰ, ਸ਼ਰਨਜੀਤ ਕੌਰ ਅਤੇ ਪ੍ਰਿਤਪਾਲ ਕੌਰ, ਸ਼ਾਮਲ ਸਨ।

ਇਸ ਕਾਮਯਾਬੀ ਨੇ ਦਿਖਾਇਆ ਕਿ ਭਾਰਤੀ ਔਰਤਾਂ ਦੀਆਂ ਖੇਡਾਂ ਵਿੱਚ ਪੰਜਾਬ ਦਾ ਯੋਗਦਾਨ ਹੁਣ ਸਿਰਫ਼ ਅਥਲੈਟਿਕਸ ਤੱਕ ਸੀਮਤ ਨਹੀਂ ਰਿਹਾ ਸੀ ਅਤੇ ਇਹ ਵੱਖ-ਵੱਖ ਖੇਡਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ ਸੀ।

ਦੋ ਵਾਰ ਏਸ਼ਿਆਈ ਖੇਡਾਂ ਦਾ ਤਮਗਾ ਜਿੱਤਣ ਵਾਲੀ ਕੰਵਲ ਠਾਕਰ ਸਿੰਘ ਨੇ ਕਿਹਾ, “ਮੇਰੀ ਮਾਂ ਕਰਕੇ ਮੇਰੀ ਜਾਣ-ਪਛਾਣ ਬੈਡਮਿੰਟਨ ਨਾਲ ਹੋਈ ਅਤੇ ਚੰਡੀਗੜ੍ਹ ਵਿੱਚ ਰਹਿਣ ਕਰਕੇ ਮੈਨੂੰ ਖੇਡਾਂ ਦੀਆਂ ਸਹੂਲਤਾਂ ਮਿਲੀਆਂ।”

“ਛੋਟੀ ਉਮਰ ਵਿੱਚ ਹੀ ਮੈਂ ਪੰਜਾਬ ਦੀ ਸੀਨੀਅਰ ਚੈਂਪੀਅਨ ਬਣ ਗਈ ਅਤੇ ਬਾਅਦ ਵਿੱਚ ਸੂਬੇ ਵੱਲੋਂ ਕੌਮੀ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ।”

ਰਾਜਬੀਰ ਕੌਰ

1960 ਦੇ ਦਹਾਕੇ ਦੇ ਅਖੀਰ ਤੋਂ ਲੈ ਕੇ 1990 ਦੇ ਦਹਾਕੇ ਦੇ ਸ਼ੁਰੂ ਤੱਕ ਪੰਜਾਬ ਭਾਰਤੀ ਔਰਤਾਂ ਦੀ ਹਾਕੀ ਵਿੱਚ ਇੱਕ ਮਜ਼ਬੂਤ ਤਾਕਤ ਰਿਹਾ ਅਤੇ ਕੌਮੀ ਟੀਮ ਵਿੱਚ ਇਸ ਦੀਆਂ ਕਈ ਖਿਡਾਰਨਾਂ ਦੀ ਮੌਜੂਦਗੀ ਰਹੀ।

ਹਾਲਾਂਕਿ, 1998 ਦੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਪੰਜਾਬ ਦਾ ਦਬਦਬਾ ਘਟਣਾ ਸ਼ੁਰੂ ਹੋ ਗਿਆ, ਜਦਕਿ ਗੁਆਂਢੀ ਸੂਬਾ ਹਰਿਆਣਾ ਔਰਤਾਂ ਦੀ ਹਾਕੀ ਵਿੱਚ ਇੱਕ ਵੱਡੀ ਤਾਕਤ ਵਜੋਂ ਉੱਭਰਿਆ।

2026 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਵਿੱਚ ਪੰਜਾਬ ਦੀ ਇੱਕ ਖਿਡਾਰਨ, ਬਲਜੀਤ ਕੌਰ, ਸ਼ਾਮਲ ਹੈ, ਜਦਕਿ ਹਰਿਆਣਾ ਦੀਆਂ ਸੱਤ ਖਿਡਾਰਨਾਂ ਹਨ।

ਰਾਜਬੀਰ ਕੌਰ ਨੇ ਕਿਹਾ, “ਇੱਕ ਸਮਾਂ ਸੀ ਜਦੋਂ ਪੰਜਾਬ ਦੀਆਂ ਕੁੜੀਆਂ ਕੌਮੀ ਪੱਧਰ ‘ਤੇ ਦਬਦਬਾ ਰੱਖਦੀਆਂ ਸਨ ਅਤੇ ਏਸ਼ਿਆਈ ਖੇਡਾਂ ਦੀ ਔਰਤਾਂ ਦੀ ਹਾਕੀ ਟੀਮ ਵਿੱਚ ਸਾਡੀ ਮਜ਼ਬੂਤ ਮੌਜੂਦਗੀ ਹੁੰਦੀ ਸੀ। 21ਵੀਂ ਸਦੀ ਵਿੱਚ ਇਸ ਵਿੱਚ ਗਿਰਾਵਟ ਆਈ ਹੈ, ਪਰ ਪਿਛਲੇ ਇੱਕ ਦਹਾਕੇ ਦੌਰਾਨ ਸੂਬੇ ਵਿੱਚ ਔਰਤਾਂ ਦੀ ਹਾਕੀ ਵਿੱਚ ਕੁਝ ਸੁਧਾਰ ਹੋਇਆ ਹੈ।”

ਉਹ ਏਸ਼ਿਆਈ ਖੇਡਾਂ ਵਿੱਚ ਚਾਰ ਵਾਰ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਔਰਤ ਹਾਕੀ ਖਿਡਾਰਨ ਹਨ, 1982 ਵਿੱਚ ਸੋਨ, 1986 ਵਿੱਚ ਕਾਂਸੀ ਅਤੇ 1990 ਤੇ 1994 ਵਿੱਚ ਵੀ ਉਨ੍ਹਾਂ ਨੇ ਹਿੱਸਾ ਲਿਆ।

ਮੋਹਰੀ ਔਰਤਾਂ ਤੋਂ ਇੱਕ ਪੂਰੀ ਪੀੜ੍ਹੀ ਤੱਕ

ਸੁਨੀਤਾ ਰਾਣੀ ਅਤੇ ਨੀਲਮ ਜੇ ਸਿੰਘ

ਤਸਵੀਰ ਸਰੋਤ, Getty Images

ਹਾਲਾਂਕਿ, ਇਹ ਬਦਲਾਅ ਹੌਲੀ-ਹੌਲੀ ਆਇਆ।

ਇਸ ਤੋਂ ਬਾਅਦ ਦੇ ਲੰਮੇ ਸਮੇਂ ਤੱਕ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਦਲਾਂ ਵਿੱਚ ਪੰਜਾਬ ਦੀਆਂ ਔਰਤਾਂ ਦੀ ਮੌਜੂਦਗੀ ਸੀਮਤ ਰਹੀ। 1990 ਦੇ ਦਹਾਕੇ ਦੇ ਅਖੀਰ ਵਿੱਚ ਇਹ ਮੌਜੂਦਗੀ ਲਗਾਤਾਰ ਵਧਣੀ ਸ਼ੁਰੂ ਹੋਈ ਅਤੇ 1998 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਇਸ ਬਦਲਾਅ ਦੇ ਇੱਕ ਮਹੱਤਵਪੂਰਨ ਪੜਾਅ ਵਜੋਂ ਸਾਹਮਣੇ ਆਈਆਂ।

1998 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀਆਂ ਔਰਤਾਂ ਨੇ ਨੌਂ ਤਮਗੇ ਜਿੱਤੇ ਸਨ, ਜਿਨ੍ਹਾਂ ਵਿੱਚੋਂ ਚਾਰ ਪੰਜਾਬ ਦੇ ਖਿਡਾਰਨਾਂ ਨੇ ਜਿੱਤੇ।

ਸੁਨੀਤਾ ਰਾਣੀ ਨੇ 5,000 ਮੀਟਰ ਵਿੱਚ ਚਾਂਦੀ ਅਤੇ 1,500 ਮੀਟਰ ਵਿੱਚ ਕਾਂਸੀ ਦਾ ਤਮਗਾ ਜਿੱਤਿਆ, ਨੀਲਮ ਜੇ. ਸਿੰਘ ਨੇ ਡਿਸਕਸ ਥ੍ਰੋਅ ਵਿੱਚ ਕਾਂਸੀ ਅਤੇ ਗੁਰਮੀਤ ਕੌਰ ਨੇ ਜੈਵਲਿਨ ਥ੍ਰੋਅ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

ਅਮਨਦੀਪ ਕੌਰ ਅਤੇ ਮਨਜਿੰਦਰ ਕੌਰ ਵੀ ਭਾਰਤੀ ਔਰਤਾਂ ਦੀ ਹਾਕੀ ਟੀਮ ਦਾ ਹਿੱਸਾ ਸਨ, ਜਿਸ ਨੇ ਚਾਂਦੀ ਦਾ ਤਮਗਾ ਜਿੱਤਿਆ।

2002 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਔਰਤਾਂ ਨੇ ਛੇ ਸੋਨ ਤਮਗੇ ਜਿੱਤੇ, ਜਿਨ੍ਹਾਂ ਵਿੱਚੋਂ ਤਿੰਨ ਪੰਜਾਬ ਦੇ ਖਿਡਾਰਨਾਂ ਨੇ ਜਿੱਤੇ।

ਸੁਨੀਤਾ ਰਾਣੀ ਨੇ 1,500 ਮੀਟਰ ਵਿੱਚ ਸੋਨ ਅਤੇ 5,000 ਮੀਟਰ ਵਿੱਚ ਕਾਂਸੀ ਦਾ ਤਮਗਾ ਜਿੱਤਿਆ, ਨੀਲਮ ਜੇ. ਸਿੰਘ ਨੇ ਡਿਸਕਸ ਥ੍ਰੋਅ ਵਿੱਚ ਸੋਨ ਤਮਗਾ ਜਿੱਤਿਆ ਅਤੇ ਮਨਜੀਤ ਕੌਰ ਸੋਨ ਤਮਗਾ ਜਿੱਤਣ ਵਾਲੀ 4×400 ਮੀਟਰ ਰਿਲੇਅ ਟੀਮ ਦਾ ਹਿੱਸਾ ਸਨ।

ਇਹ ਬਦਲਾਅ ਸਿਰਫ਼ ਗਿਣਤੀ ਵਿੱਚ ਵਾਧਾ ਨਹੀਂ ਸੀ। ਇਹ ਸਕੂਲਾਂ ਅਤੇ ਕਾਲਜਾਂ ਤੋਂ ਲੈ ਕੇ ਸੰਗਠਿਤ ਕੋਚਿੰਗ ਪ੍ਰਣਾਲੀਆਂ ਤੱਕ, ਖੇਡਾਂ ਵਿੱਚ ਕੁੜੀਆਂ ਲਈ ਵਧ ਰਹੇ ਮੌਕਿਆਂ ਨੂੰ ਦਰਸਾਉਂਦਾ ਸੀ।

ਖੇਡ ਕੋਟੇ ਰਾਹੀਂ ਰੁਜ਼ਗਾਰ ਦੇ ਮੌਕਿਆਂ, ਖ਼ਾਸ ਕਰਕੇ ਪੰਜਾਬ ਪੁਲਿਸ ਵਿੱਚ ਭਰਤੀ ਨੇ ਵੀ ਅਹਿਮ ਭੂਮਿਕਾ ਨਿਭਾਈ।

ਪੰਜਾਬ ਦੀ ਸਾਬਕਾ ਡੀਜੀਪੀ ਰਾਜਦੀਪ ਸਿੰਘ ਗਿੱਲ ਨੇ ਕਿਹਾ, “1990 ਦੇ ਦਹਾਕੇ ਦੇ ਮੱਧ ਤੋਂ ਭਾਰਤੀ ਟੀਮ ਵਿੱਚ ਪੰਜਾਬ ਦੀਆਂ ਔਰਤਾਂ ਦੀ ਵਧ ਰਹੀ ਮੌਜੂਦਗੀ ਵਿੱਚ ਪੰਜਾਬ ਪੁਲਿਸ ਵਿੱਚ ਔਰਤਾਂ ਦੀ ਭਰਤੀ ਨੇ ਅਹਿਮ ਭੂਮਿਕਾ ਨਿਭਾਈ।”

ਉਹ 1990 ਵਿੱਚ ਪੁਲਿਸ ਬਲ ਵਿੱਚ ਔਰਤਾਂ ਦੀ ਭਰਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ ਸਨ।

“1993 ਤੋਂ 1998 ਤੱਕ ਪੰਜਾਬ ਪੁਲਿਸ ਨੇ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਔਰਤਾਂ ਦਾ ਖ਼ਿਤਾਬ ਜਿੱਤਿਆ ਅਤੇ ਉਸ ਬੈਚ ਦੀਆਂ ਕੁੜੀਆਂ ਨੇ 1998 ਤੋਂ ਏਸ਼ਿਆਈ ਖੇਡਾਂ ਵਿੱਚ, ਖ਼ਾਸ ਕਰਕੇ ਅਥਲੈਟਿਕਸ ਵਿੱਚ, ਪੰਜਾਬ ਦੀ ਮਜ਼ਬੂਤ ਮੌਜੂਦਗੀ ਲਈ ਰਾਹ ਤਿਆਰ ਕੀਤਾ। ਔਰਤਾਂ ਦੀ 4×400 ਮੀਟਰ ਰਿਲੇਅ ਟੀਮ ਵਿੱਚ ਪੰਜਾਬ ਦੀਆਂ ਅਥਲੀਟਾਂ ਦੀ ਨਿਯਮਤ ਮੌਜੂਦਗੀ ਰਹੀ।”

2014 ਅਤੇ 2018 ਦੀਆਂ ਖੇਡਾਂ ਵਿੱਚ ਭਾਰਤੀ ਔਰਤਾਂ ਦੀ ਟੀਮ ਵਿੱਚ 400 ਮੀਟਰ ਦੌੜਾਕ ਨਾ ਹੋਣ ਕਾਰਨ ਪੰਜਾਬ ਦੀ 4×400 ਮੀਟਰ ਰਿਲੇਅ ਵਿੱਚ ਮੌਜੂਦਗੀ ਨਹੀਂ ਸੀ।

ਹੁਣ ਪੰਜਾਬ ਦੀ ਮੌਜੂਦਗੀ ਮੁੜ ਪਰਤ ਆਈ ਹੈ ਅਤੇ 400 ਮੀਟਰ ਦੌੜਾਕ ਰਸ਼ਦੀਪ ਕੌਰ 2026 ਦੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਟੀਮ ਦਾ ਹਿੱਸਾ ਹਨ।

ਸ਼ੂਟਿੰਗ: ਕੁੜੀਆਂ ਨੇ ਨਿਸ਼ਾਨੇ ‘ਤੇ ਲਾਇਆ ਨਿਸ਼ਾਨਾ

ਅਵਨੀਤ ਸਿੱਧੂ

ਤਸਵੀਰ ਸਰੋਤ, Sourced by Saurabh Duggal

ਹਥਿਆਰਾਂ ਪ੍ਰਤੀ ਪੰਜਾਬ ਦਾ ਰੁਝਾਨ ਇਤਿਹਾਸਕ ਤੌਰ ‘ਤੇ ਸ਼ਿਕਾਰ ਨਾਲ ਜੁੜਿਆ ਰਿਹਾ ਹੈ, ਜੋ ਪਹਿਲਾਂ ਸ਼ਾਹੀ ਪਰਿਵਾਰਾਂ ਨਾਲ ਜੁੜੀ ਗਤੀਵਿਧੀ ਸੀ ਅਤੇ ਬਾਅਦ ਵਿੱਚ ਵਿਆਪਕ ਸੱਭਿਆਚਾਰਕ ਰਵਾਇਤ ਬਣ ਗਈ।

ਹਾਲਾਂਕਿ, ਸ਼ਿਕਾਰ ਵਿੱਚ ਮੁੱਖ ਤੌਰ ‘ਤੇ ਪੁਰਸ਼ਾਂ ਦਾ ਹੀ ਦਬਦਬਾ ਰਿਹਾ।

ਸ਼ਿਕਾਰ ‘ਤੇ ਪਾਬੰਦੀ ਲੱਗਣ ਤੋਂ ਬਾਅਦ ਹਥਿਆਰਾਂ ਨਾਲ ਇਹ ਜੁੜਾਅ ਹੌਲੀ-ਹੌਲੀ ਸ਼ੌਟਗਨ ਸ਼ੂਟਿੰਗ ਵੱਲ ਗਿਆ, ਜੋ ਸ਼ੁਰੂ ਵਿੱਚ ਮੁੱਖ ਤੌਰ ‘ਤੇ ਪੁਰਸ਼ਾਂ ਦਾ ਖੇਤਰ ਹੀ ਰਿਹਾ।

ਇਸ ਵਿੱਚ ਬਦਲਾਅ ਉਦੋਂ ਆਉਣਾ ਸ਼ੁਰੂ ਹੋਇਆ ਜਦੋਂ ਪੰਜਾਬ ਦੀਆਂ ਨਿਸ਼ਾਨੇਬਾਜ਼ਾਂ ਹਰਵੀਨ ਸਾਰਾਓ ਅਤੇ ਅਵਨੀਤ ਸਿੱਧੂ ਨੇ 2006 ਦੀਆਂ ਏਸ਼ਿਆਈ ਖੇਡਾਂ ਵਿੱਚ ਪੋਡੀਅਮ ‘ਤੇ ਜਗ੍ਹਾ ਬਣਾਈ।

ਸਾਰਾਓ ਨੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਸਿੱਧੂ ਨੇ 10 ਮੀਟਰ ਏਅਰ ਰਾਈਫ਼ਲ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

ਪੰਜਾਬ ਵਿੱਚ ਹੁਣ ਸੁਪਰਡੈਂਟ ਆਫ਼ ਪੁਲਿਸ ਵਜੋਂ ਸੇਵਾਵਾਂ ਨਿਭਾ ਰਹੀ ਹਰਵੀਨ ਸਾਰਾਓ ਦਾ ਕਹਿਣਾ ਹੈ, “ਅਸੀਂ ਸ਼ੂਟਿੰਗ ਵਿੱਚ ਏਸ਼ਿਆਈ ਖੇਡਾਂ ਦੇ ਤਮਗੇ ਜਿੱਤਣ ਵਾਲੀਆਂ ਪੰਜਾਬ ਦੀਆਂ ਪਹਿਲੀਆਂ ਔਰਤਾਂ ਸਾਂ ਅਤੇ ਇਸ ਨਾਲ ਹੋਰ ਕੁੜੀਆਂ ਨੂੰ ਇਹ ਦਿਖਿਆ ਕਿ ਉਹ ਵੀ ਇਸ ਖੇਡ ਵਿੱਚ ਆਪਣਾ ਕਰੀਅਰ ਬਣਾ ਸਕਦੀਆਂ ਹਨ।”

“ਜੇ ਅਸੀਂ ਇਹ ਕਰ ਸਕਦੀਆਂ ਸਾਂ ਤਾਂ ਉਹ ਕਿਉਂ ਨਹੀਂ? ਖੇਡ ਕੋਟੇ ਤਹਿਤ ਪੰਜਾਬ ਪੁਲਿਸ ਵਿੱਚ ਡੀਐੱਸਪੀ ਵਜੋਂ ਨੌਕਰੀ ਮਿਲਣ ਦੇ ਮੌਕੇ ਨੇ ਵੀ ਕਈ ਕੁੜੀਆਂ ਨੂੰ ਉਤਸ਼ਾਹਿਤ ਕੀਤਾ। ਇੱਕ ਸੁਰੱਖਿਅਤ ਨੌਕਰੀ ਔਰਤਾਂ ਨੂੰ ਆਤਮਨਿਰਭਰ ਬਣਾਉਂਦੀ ਹੈ।”

ਉਨ੍ਹਾਂ ਨੂੰ 2011 ਵਿੱਚ ਖੇਡ ਕੋਟੇ ਤਹਿਤ ਸਿੱਧੇ ਤੌਰ ‘ਤੇ ਡੀਐੱਸਪੀ ਵਜੋਂ ਭਰਤੀ ਕੀਤਾ ਗਿਆ ਸੀ।

2006 ਤੋਂ ਬਾਅਦ ਪੰਜਾਬ ਦੀਆਂ ਔਰਤਾਂ ਨੇ ਏਸ਼ਿਆਈ ਖੇਡਾਂ ਵਿੱਚ ਸ਼ੂਟਿੰਗ ਦੇ ਪੋਡੀਅਮ ‘ਤੇ ਆਪਣੀ ਮੌਜੂਦਗੀ ਬਣਾਈ ਰੱਖੀ ਹੈ।

ਹੀਨਾ ਸਿੱਧੂ ਨੇ 2010 ਵਿੱਚ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ, 2014 ਵਿੱਚ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਕਾਂਸੀ ਅਤੇ 2018 ਵਿੱਚ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

2022 ਦੀਆਂ ਹਾਂਗਜ਼ੂ ਖੇਡਾਂ ਵਿੱਚ ਸਿਫ਼ਤ ਕੌਰ ਸਮਰਾ ਨੇ 50 ਮੀਟਰ 3-ਪੋਜ਼ੀਸ਼ਨ ਰਾਈਫ਼ਲ ਮੁਕਾਬਲੇ ਵਿੱਚ ਸੋਨ ਅਤੇ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਰਾਜੇਸ਼ਵਰੀ ਕੁਮਾਰੀ ਨੇ ਟਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ।

2026 ਦੀਆਂ ਏਸ਼ਿਆਈ ਖੇਡਾਂ ਵਿੱਚ ਸ਼ੂਟਿੰਗ ਵਿੱਚ ਪੰਜਾਬ ਵੱਲੋਂ ਪਰੀਨਾਜ਼ ਧਾਲੀਵਾਲ ਸਕੀਟ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਹੈ।

ਹਰਵੀਨ ਸਰਾਓ

ਤਸਵੀਰ ਸਰੋਤ, Harveen Sarao/Socialmedia

2026 ਏਚੀ-ਨਾਗੋਯਾ ਏਸ਼ਿਆਈ ਖੇਡਾਂ

1966 ਵਿੱਚ ਇੱਕ ਖਿਡਾਰਨ ਨਾਲ ਸ਼ੁਰੂ ਹੋਇਆ ਇਹ ਸਫ਼ਰ ਹੌਲੀ-ਹੌਲੀ ਵਧਦਾ ਗਿਆ ਅਤੇ ਹੁਣ ਪੰਜਾਬ ਦੀਆਂ ਖਿਡਾਰਨਾਂ ਵੱਖ-ਵੱਖ ਖੇਡ ਵਿਧਾਵਾਂ ਵਿੱਚ ਹਿੱਸਾ ਲੈ ਰਹੀਆਂ ਹਨ।

2022 ਦੀਆਂ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਦੇ ਤਮਗਾ ਖਾਤੇ ਵਿੱਚ 9 ਤਮਗਿਆਂ ਦਾ ਯੋਗਦਾਨ ਪਾਇਆ, ਤਿੰਨ ਸੋਨ, ਚਾਰ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ।

ਸੋਨ ਤਮਗਾ ਜਿੱਤਣ ਵਾਲਿਆਂ ਵਿੱਚ ਰਾਈਫਲ ਸ਼ੂਟਿੰਗ ਵਿੱਚ ਸਿਫ਼ਤ ਕੌਰ ਸਮਰਾ, ਤੀਰਅੰਦਾਜ਼ੀ ਵਿੱਚ ਪਰਣੀਤ ਕੌਰ ਅਤੇ ਮਹਿਲਾ ਕ੍ਰਿਕਟ ਟੀਮ ਸ਼ਾਮਲ ਸੀ, ਜਿਸ ਵਿੱਚ ਹਰਮਨਪ੍ਰੀਤ ਕੌਰ, ਕਨਿਕਾ ਆਹੂਜਾ ਅਤੇ ਅਮਨਜੋਤ ਕੌਰ ਸ਼ਾਮਲ ਸਨ।

ਚਾਂਦੀ ਦੇ ਤਮਗੇ ਹਰਮਿਲਨ ਬੈਂਸ ਨੇ 800 ਮੀਟਰ ਅਤੇ 1500 ਮੀਟਰ ਦੋਵਾਂ ਵਿੱਚ ਜਿੱਤੇ, ਜਦਕਿ ਰਾਈਫਲ ਸ਼ੂਟਿੰਗ ਵਿੱਚ ਸਿਫ਼ਤ ਕੌਰ ਸਮਰਾ ਅਤੇ ਟਰੈਪ ਸ਼ੂਟਿੰਗ ਵਿੱਚ ਰਾਜੇਸ਼ਵਰੀ ਕੁਮਾਰੀ ਨੇ ਵੀ ਚਾਂਦੀ ਦੇ ਤਮਗੇ ਜਿੱਤੇ।

ਰੇਸ ਵਾਕ ਵਿੱਚ ਮੰਜੂ ਰਾਣੀ ਅਤੇ ਤੀਰਅੰਦਾਜ਼ੀ ਵਿੱਚ ਸਿਮਰਨਜੀਤ ਕੌਰ ਨੇ ਕਾਂਸੀ ਦੇ ਤਮਗੇ ਜਿੱਤੇ।

19 ਸਤੰਬਰ ਤੋਂ ਸ਼ੁਰੂ ਹੋਈਆਂ 2026 ਦੀਆਂ ਏਚੀ-ਨਾਗੋਯਾ ਏਸ਼ਿਆਈ ਖੇਡਾਂ ਵਿੱਚ ਇਹ ਨੁਮਾਇੰਦਗੀ ਹੋਰ ਵੀ ਵਧੀ ਹੈ। ਪੰਜਾਬ ਦੀਆਂ 11 ਖਿਡਾਰਨਾਂ ਅਥਲੈਟਿਕਸ, ਬੈਡਮਿੰਟਨ, ਕ੍ਰਿਕਟ, ਹਾਕੀ, ਰੋਇੰਗ, ਰਗਬੀ ਸੈਵਨਜ਼, ਸ਼ੂਟਿੰਗ ਅਤੇ ਵੇਟਲਿਫਟਿੰਗ ਵਿੱਚ ਹਿੱਸਾ ਲੈ ਰਹੀਆਂ ਹਨ।

ਇਨ੍ਹਾਂ ਵਿੱਚ ਅਥਲੈਟਿਕਸ ਵਿੱਚ ਮਨਪ੍ਰੀਤ ਕੌਰ, ਮੰਜੂ ਰਾਣੀ, ਰਸ਼ਦੀਪ ਕੌਰ ਅਤੇ ਨਿਹਾਰਿਕਾ ਵਸ਼ਿਸ਼ਟ, ਬੈਡਮਿੰਟਨ ਵਿੱਚ ਤਨਵੀ ਸ਼ਰਮਾ, ਕ੍ਰਿਕਟ ਵਿੱਚ ਹਰਮਨਪ੍ਰੀਤ ਕੌਰ, ਹਾਕੀ ਵਿੱਚ ਬਲਜੀਤ ਕੌਰ, ਰੋਇੰਗ ਵਿੱਚ ਗੁਰਬਾਣੀ ਕੌਰ, ਰਗਬੀ ਸੈਵਨਜ਼ ਵਿੱਚ ਅਮਨਦੀਪ ਕੌਰ, ਸ਼ੂਟਿੰਗ ਵਿੱਚ ਪਰੀਨਾਜ਼ ਢਿੱਲੋਂ ਅਤੇ ਵੇਟਲਿਫਟਿੰਗ ਵਿੱਚ ਹਰਜਿੰਦਰ ਕੌਰ ਸ਼ਾਮਲ ਹਨ।

ਪੰਜਾਬ ਅਤੇ ਹਰਿਆਣਾ: ਸਾਂਝਾ ਖੇਡ ਇਤਿਹਾਸ

ਸਿਫ਼ਤ ਕੌਰ ਸਮਰਾ

ਇਸ ਕਹਾਣੀ ਦਾ ਇੱਕ ਹੋਰ ਅਹਿਮ ਪੱਖ ਵੀ ਹੈ।

ਨਵੰਬਰ 1966 ਵਿੱਚ ਪੰਜਾਬ ਵਿੱਚੋਂ ਹਰਿਆਣਾ ਵੱਖਰਾ ਸੂਬਾ ਬਣਿਆ ਸੀ। ਇਹ ਉਹੀ ਸਾਲ ਸੀ ਜਦੋਂ ਮਨਜੀਤ ਵਾਲੀਆ ਨੇ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੀਆਂ ਔਰਤਾਂ ਲਈ ਰਾਹ ਖੋਲ੍ਹਿਆ ਸੀ।

ਏਸ਼ਿਆਈ ਖੇਡਾਂ ਵਿੱਚ ਹਰਿਆਣਾ ਦੀਆਂ ਖਿਡਾਰਨਾਂ ਦੀ ਨੁਮਾਇੰਦਗੀ ਦਾ ਸਫ਼ਰ ਕੁਝ ਹੌਲੀ ਰਿਹਾ। 1978 ਵਿੱਚ ਨਵੇਂ ਬਣੇ ਸੂਬੇ ਦੀ ਪਹਿਲੀ ਵੱਡੀ ਔਰਤਾਂ ਦੀ ਨੁਮਾਇੰਦਗੀ ਸਾਹਮਣੇ ਆਈ, ਜਦੋਂ ਗੀਤਾ ਜ਼ੁਤਸ਼ੀ ਨੇ ਏਸ਼ਿਆਈ ਖੇਡਾਂ ਵਿੱਚ ਹਰਿਆਣਾ ਦੀ ਨੁਮਾਇੰਦਗੀ ਕੀਤੀ ਅਤੇ ਸੋਨ ਤੇ ਚਾਂਦੀ ਦਾ ਤਮਗਾ ਜਿੱਤਿਆ।

1982 ਦੀਆਂ ਏਸ਼ਿਆਈ ਖੇਡਾਂ ਵਿੱਚ ਜ਼ੁਤਸ਼ੀ ਨੇ ਇੱਕ ਹੋਰ ਮਾਣ ਹਾਸਲ ਕੀਤਾ, ਜਦੋਂ ਉਨ੍ਹਾਂ ਨੇ ਸਾਰੀਆਂ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਅਤੇ ਖਿਡਾਰੀਆਂ ਵੱਲੋਂ ਸਹੁੰ ਚੁੱਕੀ।

ਦੋਵੇਂ ਗੁਆਂਢੀ ਸੂਬਿਆਂ ਦਾ ਇਹ ਸਫ਼ਰ ਖ਼ਾਸ ਤੌਰ ‘ਤੇ ਦਿਲਚਸਪ ਹੈ, ਕਿਉਂਕਿ ਦੋਵੇਂ ਇੱਕੋ ਇਤਿਹਾਸਕ ਖੇਡ ਪਿਛੋਕੜ ਵਿੱਚੋਂ ਉਭਰੇ, ਪਰ ਏਸ਼ਿਆਈ ਖੇਡਾਂ ਵਿੱਚ ਉਨ੍ਹਾਂ ਦੀਆਂ ਖਿਡਾਰਨਾਂ ਦੀ ਨੁਮਾਇੰਦਗੀ ਵੱਖ-ਵੱਖ ਸਮਿਆਂ ਅਤੇ ਵੱਖ-ਵੱਖ ਰਫ਼ਤਾਰ ਨਾਲ ਵਿਕਸਤ ਹੋਈ।

ਹਾਲਾਂਕਿ 2026 ਤੱਕ ਤਸਵੀਰ ਇੱਕ ਵਾਰ ਫਿਰ ਬਦਲ ਗਈ ਹੈ।

2026 ਦੀਆਂ ਏਸ਼ਿਆਈ ਖੇਡਾਂ ਲਈ ਭਾਰਤ ਦੇ ਦਲ ਵਿੱਚ ਪੰਜਾਬ ਦੇ ਮੁਕਾਬਲੇ ਹਰਿਆਣਾ ਦੀਆਂ ਵੱਧ ਖਿਡਾਰਨਾਂ ਸ਼ਾਮਲ ਹਨ।

ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਤਮਗਾ ਖਾਤੇ ਵਿੱਚ ਪੰਜਾਬ ਦੀਆਂ ਔਰਤਾਂ ਦਾ ਯੋਗਦਾਨ

1966: ਮਨਜੀਤ ਵਾਲੀਆ (ਅਥਲੈਟਿਕਸ– 80 ਮੀਟਰ ਅੜਿੱਕਾ ਦੌੜ ਵਿੱਚ ਕਾਂਸੀ)

1970: ਕਮਲਜੀਤ ਸੰਧੂ (ਅਥਲੈਟਿਕਸ– 400 ਮੀਟਰ ਵਿੱਚ ਸੋਨ)

1982: ਕੰਵਲ ਠਾਕਰ ਸਿੰਘ (ਬੈਡਮਿੰਟਨ– ਟੀਮ ਮੁਕਾਬਲੇ ਵਿੱਚ ਕਾਂਸੀ, ਮਿਕਸਡ ਡਬਲਜ਼ ਵਿੱਚ ਕਾਂਸੀ), ਰਾਜਬੀਰ ਕੌਰ, ਸ਼ਰਨਜੀਤ ਕੌਰ ਅਤੇ ਪ੍ਰਿਤਪਾਲ ਕੌਰ (ਹਾਕੀ– ਸੋਨ)

1986: ਰਾਜਬੀਰ ਕੌਰ, ਕੁਲਦੀਪ ਕੌਰ ਅਤੇ ਸਰੋਜ ਬਾਲਾ (ਹਾਕੀ– ਕਾਂਸੀ)

1998: ਸੁਨੀਤਾ ਰਾਣੀ (ਅਥਲੈਟਿਕਸ– 5000 ਮੀਟਰ ਵਿੱਚ ਚਾਂਦੀ ਅਤੇ 1500 ਮੀਟਰ ਵਿੱਚ ਕਾਂਸੀ), ਨੀਲਮ ਜੇ. ਸਿੰਘ (ਅਥਲੈਟਿਕਸ– ਡਿਸਕਸ ਥ੍ਰੋ ਵਿੱਚ ਕਾਂਸੀ), ਗੁਰਮੀਤ ਕੌਰ (ਅਥਲੈਟਿਕਸ– ਜੈਵਲਿਨ ਥ੍ਰੋ ਵਿੱਚ ਕਾਂਸੀ)। ਅਮਨਦੀਪ ਕੌਰ ਅਤੇ ਮਨਜਿੰਦਰ ਕੌਰ (ਹਾਕੀ– ਚਾਂਦੀ)।

2002: ਸੁਨੀਤਾ ਰਾਣੀ (ਅਥਲੈਟਿਕਸ– 1500 ਮੀਟਰ ਵਿੱਚ ਸੋਨ, 5000 ਮੀਟਰ ਵਿੱਚ ਕਾਂਸੀ), ਨੀਲਮ ਜੇ. ਸਿੰਘ (ਅਥਲੈਟਿਕਸ– ਡਿਸਕਸ ਥ੍ਰੋ ਵਿੱਚ ਸੋਨ), ਮਨਜੀਤ ਕੌਰ (ਅਥਲੈਟਿਕਸ– 4 x 400 ਮੀਟਰ ਰਿਲੇਅ ਵਿੱਚ ਸੋਨ)।

2006: ਮਨਜੀਤ ਕੌਰ (ਅਥਲੈਟਿਕਸ– 4 x 400 ਮੀਟਰ ਰਿਲੇਅ ਵਿੱਚ ਸੋਨ, 400 ਮੀਟਰ ਵਿੱਚ ਚਾਂਦੀ), ਮਨਦੀਪ ਕੌਰ (ਅਥਲੈਟਿਕਸ– 4 x 400 ਮੀਟਰ ਰਿਲੇਅ ਵਿੱਚ ਸੋਨ), ਹਰਵੀਨ ਸਰਾਓ (ਸ਼ੂਟਿੰਗ– 10 ਮੀਟਰ ਏਅਰ ਪਿਸਟਲ ਟੀਮ ਵਿੱਚ ਚਾਂਦੀ), ਅਵਨੀਤ ਸਿੱਧੂ (ਸ਼ੂਟਿੰਗ– 10 ਮੀਟਰ ਏਅਰ ਰਾਈਫਲ ਟੀਮ ਵਿੱਚ ਕਾਂਸੀ)।

2010: ਮਨਜੀਤ ਕੌਰ (ਅਥਲੈਟਿਕਸ– 4 x 400 ਮੀਟਰ ਰਿਲੇਅ ਵਿੱਚ ਸੋਨ), ਮਨਦੀਪ ਕੌਰ (ਅਥਲੈਟਿਕਸ– 4 x 400 ਮੀਟਰ ਰਿਲੇਅ ਵਿੱਚ ਸੋਨ), ਹੀਨਾ ਸਿੱਧੂ (ਸ਼ੂਟਿੰਗ– 10 ਮੀਟਰ ਏਅਰ ਪਿਸਟਲ ਟੀਮ ਵਿੱਚ ਚਾਂਦੀ)।

2014: ਮਨਦੀਪ ਕੌਰ (ਅਥਲੈਟਿਕਸ– 4 x 400 ਮੀਟਰ ਰਿਲੇਅ ਵਿੱਚ ਸੋਨ), ਕੁਸ਼ਬੀਰ ਕੌਰ (ਅਥਲੈਟਿਕਸ– 20 ਕਿਲੋਮੀਟਰ ਵਾਕ ਵਿੱਚ ਚਾਂਦੀ), ਹੀਨਾ ਸਿੱਧੂ (ਸ਼ੂਟਿੰਗ– 25 ਮੀਟਰ ਪਿਸਟਲ ਟੀਮ ਵਿੱਚ ਕਾਂਸੀ), ਜਸਪ੍ਰੀਤ ਕੌਰ ਅਤੇ ਅਮਨਦੀਪ ਕੌਰ (ਹਾਕੀ– ਕਾਂਸੀ)।

2018: ਹੀਨਾ ਸਿੱਧੂ (ਸ਼ੂਟਿੰਗ– 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ), ਗੁਰਜੀਤ ਕੌਰ ਅਤੇ ਰੀਨਾ ਖੋਖਰ (ਹਾਕੀ– ਚਾਂਦੀ)।

2022: ਸਿਫ਼ਤ (ਸ਼ੂਟਿੰਗ– 50 ਮੀਟਰ 3 ਪੋਜ਼ੀਸ਼ਨ ਰਾਈਫਲ ਵਿੱਚ ਸੋਨ), ਪਰਣੀਤ ਕੌਰ (ਤੀਰਅੰਦਾਜ਼ੀ– ਕੰਪਾਊਂਡ ਟੀਮ ਵਿੱਚ ਸੋਨ), ਹਰਮਨਪ੍ਰੀਤ ਕੌਰ, ਕਨਿਕਾ ਆਹੂਜਾ ਅਤੇ ਅਮਨਜੋਤ ਕੌਰ (ਕ੍ਰਿਕਟ– ਸੋਨ), ਹਰਮਿਲਨ ਬੈਂਸ (ਅਥਲੈਟਿਕਸ– 800 ਮੀਟਰ ਵਿੱਚ ਚਾਂਦੀ ਅਤੇ 1500 ਮੀਟਰ ਵਿੱਚ ਚਾਂਦੀ), ਸਿਫ਼ਤ (ਸ਼ੂਟਿੰਗ– 50 ਮੀਟਰ 3 ਪੋਜ਼ੀਸ਼ਨ ਰਾਈਫਲ ਟੀਮ ਵਿੱਚ ਚਾਂਦੀ), ਰਾਜੇਸ਼ਵਰੀ ਕੁਮਾਰੀ (ਸ਼ੂਟਿੰਗ– ਟਰੈਪ ਟੀਮ ਵਿੱਚ ਚਾਂਦੀ), ਮੰਜੂ ਰਾਣੀ (ਅਥਲੈਟਿਕਸ– 35 ਕਿਲੋਮੀਟਰ ਵਾਕ ਮਿਕਸਡ ਟੀਮ ਵਿੱਚ ਕਾਂਸੀ), ਸਿਮਰਨਜੀਤ ਕੌਰ (ਤੀਰਅੰਦਾਜ਼ੀ– ਟੀਮ ਰਿਕਰਵ ਵਿੱਚ ਕਾਂਸੀ)।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

ਹੋਰ ਖੋਜੋ

ਸ਼ਾਰਟ ਵੀਡੀਓਜ਼ ਛੱਡੋ ਅਤੇ ਜਾਰੀ ਰੱਖੋ

ਸ਼ਾਰਟ ਵੀਡੀਓਜ਼

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

  • ਕਰਨਦੀਪ ਆਨੰਦ

  • ਸਕੂਲਾਂ ਵਿੱਚ ਗੋਲੀਬਾਰੀ ਤੋਂ ਬਚਣ ਲਈ ਸਿਖਲਾਈ

  • ਹੱਥ ਵਿੱਚ ਸੱਪ ਫੜ੍ਹ ਕੇ ਖੜ੍ਹੇ ਜਾਨਕੀ ਦੇਵੀ ਦੀ ਤਸਵੀਰ

  • ਬਜ਼ੁਰਗ ਜੋੜਾ

  • ਮਾਤਾ-ਪਿਤਾ ਆਪਣੇ ਨਵਜੰਮੇ ਬੱਚਿਆਂ ਦੇ ਨਾਲ

  • ਗੋਪੀ ਚੰਦ ਭਾਰਗਵ

  • ਜੇਸੀਬੀ

  • ਕਿਸਾਨ

  • ਕਾਵੜੀ

  • ਬਾਘ

  • ਹਰਮਨਦੀਪ ਸਿੰਘ

  • ਜਦੋਂ ਸੜਦੀ ਕਾਰ ਵਿੱਚੋਂ ਬਚਾਇਆ ਗਿਆ ਸ਼ਖ਼ਸ

  • ਰਾਹੁਲ ਗਾਂਧੀ

  • ਨਾਰਵੇ ਦੇ ਫੁਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ

  • ਜਥੇਦਾਰ ਅਕਾਲ ਤਖ਼ਤ ਸਾਹਿਬ

  • ਹਥਨੀ ਦੇ ਜੌੜੇ ਬੱਚੇ

  • ਰੋਬੋਟ

  • ਪਾਲਤੂ ਜਾਨਵਰ

  • ਦੌੜ

source : BBC PUNJABI