Home rss national punjabi2ਰਾਸ਼ਟਰੀ ਖ਼ਬਰਾਂ ਸੰਗਰੂਰ ਵਿੱਚ ਜੱਗਾ ਸਿੰਘ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਕੀ ਹੈ...

ਸੰਗਰੂਰ ਵਿੱਚ ਜੱਗਾ ਸਿੰਘ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਕੀ ਹੈ ਮਾਮਲਾ, ਨਸ਼ਾ ਤਸਕਰੀ ਦੇ ਕਿਨ੍ਹਾਂ ਇਲਜ਼ਾਮਾਂ ਤੋਂ ਬਾਅਦ ਭਖੀ ਸਿਆਸਤ

5
0

Source :- BBC PUNJABI

ਜੱਗਾ ਸਿੰਘ

ਤਸਵੀਰ ਸਰੋਤ, BBC/Charanjeev Kaushal

ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ

ਸੰਗਰੂਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਨੇੜੇ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਵਿਅਕਤੀ ਦੀ ਪਛਾਣ ਸੁਨਾਮ ਹਲਕੇ ਅਧੀਨ ਪੈਂਦੇ ਪਿੰਡ ਨਮੋਲ ਦੇ ਵਸਨੀਕ ਜਗਸੀਰ ਸਿੰਘ ਉਰਫ਼ ਜੱਗਾ ਵਜੋਂ ਹੋਈ ਹੈ।

ਘਟਨਾ ਤੋਂ ਤੁਰੰਤ ਬਾਅਦ ਜੱਗਾ ਸਿੰਘ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਇੱਕ ਨਿੱਜੀ ਹਸਪਤਾਲ ਅਤੇ ਬਾਅਦ ਵਿੱਚ ਹਾਲਤ ਨਾਜ਼ੁਕ ਹੋਣ ਕਾਰਨ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਸ ਘਟਨਾ ਤੋਂ ਬਾਅਦ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ।

ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ਿਆਂ ਬਾਰੇ ਸਵਾਲ ਕਰਨ ਵਾਲੇ ਗੁਲਜ਼ਾਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਇਸੇ ਤਰ੍ਹਾਂ ਸ਼ੇਰੋਂ ਪਿੰਡ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਝੰਡੇ ਦਿਖਾਉਣ ਵਾਲੇ ਮੋਹਨਜੀਤ ਨੇ ਵੀ ਪੁਲਿਸ ‘ਤੇ ਤਸ਼ੱਦਦ ਕਰਨ ਦੇ ਇਲਜ਼ਾਮ ਲਗਾਏ ਸਨ।

ਹੁਣ ਇਹ ਤੀਜਾ ਅਜਿਹਾ ਮਾਮਲਾ ਹੈ, ਜਿਸ ਨੇ ਸੂਬੇ ਦੇ ਰਾਜਸੀ ਗਲਿਆਰਿਆਂ ਵਿੱਚ ਵੱਡੀ ਬਹਿਸ ਛੇੜ ਦਿੱਤੀ ਹੈ।

ਜੱਗਾ ਸਿੰਘ ਦੇ ਕੀ ਹਨ ਇਲਜ਼ਾਮ

ਜੱਗਾ ਸਿੰਘ ਤੇ ਉਸਦੀ ਪਤਨੀ

ਤਸਵੀਰ ਸਰੋਤ, BBC/KulvirSingh/Charanjeev Kaushal

ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਹਮਣੇ ਆਈਆਂ ਵੀਡੀਓਜ਼ ਵਿੱਚ ਜੱਗਾ ਸਿੰਘ ਨੇ ਬਲਾਕ ਸੰਮਤੀ ਮੈਂਬਰ ਸੁਖਬੀਰ ਸਿੰਘ ‘ਤੇ ਇਲਜ਼ਾਮ ਲਗਾਏ ਹਨ।

ਇਨ੍ਹਾਂ ਵੀਡੀਓਜ਼ ‘ਚ ਜੱਗਾ ਸਿੰਘ ਦਾ ਕਹਿਣਾ ਹੈ ਕਿ ਪਿੰਡ ਨਮੋਲ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਸੀ, ਜਿਸ ਨੂੰ ਰੋਕਣ ਲਈ ਉਸ ਨੇ ਨਸ਼ਾ ਤਸਕਰੀ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਸੀ।

ਉਸ ਮੁਤਾਬਕ ਵੀਡੀਓ ਪਾਉਣ ਤੋਂ ਬਾਅਦ ਬਲਾਕ ਸੰਮਤੀ ਮੈਂਬਰ ਸੁਖਬੀਰ ਆਪਣੇ ਸਾਥੀਆਂ ਨਾਲ ਹਥਿਆਰ ਲੈ ਕੇ ਉਸ ਦੇ ਘਰ ਆਇਆ, ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਜ਼ਬਰਦਸਤੀ ਵੀਡੀਓ ਡਿਲੀਟ ਕਰਵਾਈ।

ਜੱਗਾ ਦਾ ਇਲਜ਼ਾਮ ਹੈ ਕਿ ਉਸ ਦੇ ਘਰ ਦੇ ਬਾਹਰ ਨਸ਼ੇ ਦਾ ਕਾਰੋਬਾਰ ਹੋਣ ਕਾਰਨ ਉਸ ਨੇ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ, ਜਿਨ੍ਹਾਂ ਵਿੱਚ ਨਸ਼ਾ ਵਿਕਣ ਦੇ ਪੁਖ਼ਤਾ ਸਬੂਤ ਸਨ। ਉਸ ਅਨੁਸਾਰ ਮੁਲਜ਼ਮਾਂ ਨੇ ਉਸ ਦੇ ਘਰ ਦਾ ਗੇਟ ਤੋੜਿਆ ਅਤੇ ਸੀਸੀਟੀਵੀ ਕੈਮਰੇ ਭੰਨ ਦਿੱਤੇ।

ਵੀਡੀਓ ‘ਚ ਜੱਗਾ ਸਿੰਘ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਸ ਨੇ ਕੈਬਨਿਟ ਮੰਤਰੀ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਮਿਲਣ ਨਹੀਂ ਦਿੱਤਾ ਗਿਆ।

ਉਸ ਨੂੰ ਡੀਐੱਸਪੀ ਅਤੇ ਫਿਰ ਐੱਸਐੱਚਓ ਕੋਲ ਭੇਜਿਆ ਗਿਆ ਪਰ ਲਿਖਤੀ ਦਰਖ਼ਾਸਤਾਂ ਦੇਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਜਮ੍ਹਾਂ ਕਰਵਾਈ ਗਈ ਡੀਵੀਆਰ ਨੂੰ ਖ਼ਾਲੀ ਦੱਸ ਦਿੱਤਾ ਗਿਆ। ਸੁਣਵਾਈ ਨਾ ਹੋਣ ਤੋਂ ਨਿਰਾਸ਼ ਹੋ ਕੇ ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਗੇਟ ਅੱਗੇ ਇਹ ਕਦਮ ਚੁੱਕਿਆ।

ਜੱਗਾ ਸਿੰਘ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦਾ ਪਤੀ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਬੋਲਦਾ ਸੀ। ਇੱਥੋਂ ਤੱਕ ਕੀ ਨਸ਼ਾ ਵੇਚਣ ਵਾਲਿਆਂ ਦੀਆਂ ਵੀਡੀਓ ਬਣਾ ਕੇ ਪੰਚਾਇਤ ਨੂੰ ਸਬੂਤ ਦਿੱਤੇ, ਪਰ ਪੰਚਾਇਤ ਨੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਉਨ੍ਹਾਂ ਦੇ ਪਤੀ ਨਾਲ ਹੀ ਲੜਾਈ ਲੈ ਲਈ।

ਮਹੱਤਵਪੂਰਨ ਸੂਚਨਾ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।

ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।

ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਜੱਗਾ ‘ਤੇ ਹੀ ਨਸ਼ਾ ਵੇਚਣ ਦੇ ਇਲਜ਼ਾਮ

ਬਲਾਕ ਸੰਮਤੀ ਮੈਂਬਰ ਸੁਖਬੀਰ ਸਿੰਘ ਦੀ ਤਸਵੀਰ

ਤਸਵੀਰ ਸਰੋਤ, BBC/Kulvir Singh

ਦੂਜੇ ਪਾਸੇ ਜਿਸ ਬਲਾਕ ਸੰਮਤੀ ਮੈਂਬਰ ਸੁਖਬੀਰ ਸਿੰਘ ‘ਤੇ ਇਲਜ਼ਾਮ ਲੱਗੇ ਹਨ, ਉਨ੍ਹਾਂ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮਨਘੜਤ ਕਰਾਰ ਦਿੱਤਾ ਹੈ।

ਸੁਖਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੱਗਾ ਸਿੰਘ ਪਿਛਲੇ ਲਗਭਗ 15 ਸਾਲਾਂ ਤੋਂ ਪਿੰਡ ਵਿੱਚ ਨਸ਼ਾ ਵੇਚਣ ਦੇ ਧੰਦੇ ਵਿੱਚ ਲੱਗਿਆ ਹੋਇਆ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਵਿੱਚ ਧੱਕ ਰਿਹਾ ਹੈ। ਉਸ ਖ਼ਿਲਾਫ਼ ਪਹਿਲਾਂ ਹੀ ਕਈ ਥਾਣਿਆਂ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।

ਬਲਾਕ ਸੰਮਤੀ ਮੈਂਬਰ ਨੇ ਦੱਸਿਆ ਕਿ ਪਿੰਡ ਦੀਆਂ ਦੋਵੇਂ ਪੰਚਾਇਤਾਂ ਨੇ 30 ਅਗਸਤ ਤੋਂ ਨਸ਼ਿਆਂ ਖ਼ਿਲਾਫ਼ ਸਾਂਝੀ ਮੁਹਿੰਮ ਵਿੱਢੀ ਹੋਈ ਹੈ। ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਕਿ ਪਿੰਡ ਵਿੱਚ ਕੋਈ ਵੀ ਵਿਅਕਤੀ ਨਸ਼ਾ ਨਹੀਂ ਵੇਚੇਗਾ, ਦੁਕਾਨਾਂ ਸ਼ਾਮ 8 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਅਤੇ ਕਿਸੇ ਵੀ ਨਸ਼ਾ ਤਸਕਰ ਦੀ ਕੋਈ ਪੰਚਾਇਤ ਮੈਂਬਰ ਜਾਂ ਪਿੰਡ ਵਾਸੀ ਜ਼ਮਾਨਤ ਨਹੀਂ ਕਰਵਾਏਗਾ।

ਸੁਖਬੀਰ ਸਿੰਘ ਮੁਤਾਬਕ ਕੁਝ ਦਿਨ ਪਹਿਲਾਂ ਜਦੋਂ ਜੱਗਾ ਸਿੰਘ ਸੁਨਾਮ ਤੋਂ ਆ ਰਿਹਾ ਸੀ ਤਾਂ ਉਸ ਨੂੰ ਰੋਕਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਉਸ ਨੇ ਗਾਲੀ-ਗਲੋਚ ਕੀਤਾ ਅਤੇ ਘਰ ਜਾ ਕੇ ਹਮਲਾ ਕੀਤਾ। ਇਸ ਘਟਨਾ ਸਬੰਧੀ ਪੰਚਾਇਤ ਨੇ ਪੁਲਿਸ ਕੋਲ ਵੀ ਦਰਖ਼ਾਸਤ ਦਿੱਤੀ ਹੋਈ ਸੀ। ਪੰਚਾਇਤ ਦਾ ਕਹਿਣਾ ਹੈ ਕਿ ਕਾਨੂੰਨੀ ਕਾਰਵਾਈ ਤੋਂ ਬਚਣ ਅਤੇ ਪਿੰਡ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਢਾਹ ਲਾਉਣ ਲਈ ਜੱਗਾ ਸਿੰਘ ਵੱਲੋਂ ਇਹ ਸਾਰਾ ਡਰਾਮਾ ਰਚਿਆ ਗਿਆ ਹੈ।

ਪੁਲਿਸ ਦਾ ਕੀ ਕਹਿਣਾ ਹੈ?

ਸੰਗਰੂਰ ਦੇ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ

ਤਸਵੀਰ ਸਰੋਤ, BBC/Kulvir Singh

ਸੰਗਰੂਰ ਦੇ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਇਸ ਮਾਮਲੇ ‘ਤੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਗਾ ਸਿੰਘ ਕੋਈ ਆਮ ਨਾਗਰਿਕ ਨਹੀਂ, ਸਗੋਂ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਰਿਹਾ ਹੈ। ਐੱਸਐੱਸਪੀ ਮੁਤਾਬਕ ਜੱਗਾ ਸਿੰਘ ਖ਼ਿਲਾਫ਼ ਐੱਨਡੀਪੀਐੱਸ (ਨਸ਼ਾ ਤਸਕਰੀ) ਅਤੇ ਐਕਸਾਈਜ਼ ਸਣੇ ਕੁੱਲ 9 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 4 ਮਾਮਲਿਂ ਵਿੱਚ ਉਹ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਚਾਰ ਮਾਮਲੇ ਅਦਾਲਤ ਵਿੱਚ ਵਿਚਾਰ ਅਧੀਨ (ਅੰਡਰ ਟਰਾਇਲ) ਹਨ।

ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ 12 ਸਤੰਬਰ ਨੂੰ ਜੱਗਾ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾ ਕੇ ਪੁਲਿਸ ਨੂੰ ਧਮਕਾਇਆ ਸੀ ਕਿ ਜੇਕਰ ਉਸ ਦੇ ਹੱਕ ਵਿੱਚ ਕਾਰਵਾਈ ਨਾ ਹੋਈ ਤਾਂ ਉਹ ਆਪਣੀ ਜਾਨ ਦੇ ਦੇਵੇਗਾ। ਕਿਸੇ ਜਨਤਕ ਅਧਿਕਾਰੀ ‘ਤੇ ਦਬਾਅ ਪਾਉਣਾ ਜਾਂ ਬਲੈਕਮੇਲ ਕਰਨਾ ਕਾਨੂੰਨੀ ਅਪਰਾਧ ਹੈ, ਜਿਸ ਕਾਰਨ ਉਸੇ ਦਿਨ ਡੀਡੀਆਰ ਦਰਜ ਕਰਕੇ ਇਲਾਕਾ ਮੈਜਿਸਟਰੇਟ ਨੂੰ ਸੂਚਿਤ ਕਰ ਦਿੱਤਾ ਗਿਆ ਸੀ।

ਐੱਸਐੱਸਪੀ ਮੁਤਾਬਕ ਪਿੰਡ ਦੀ ਪੰਚਾਇਤ ਨੇ ਪੁਲਿਸ ਕੋਲ ਬਿਆਨ ਦਿੱਤੇ ਹਨ ਕਿ ਜੱਗਾ ਸਿੰਘ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ ਅਤੇ ਉਹ ਨਸ਼ਿਆਂ ਵਿਰੁੱਧ ਪੰਚਾਇਤ ਦੀ ਮੁਹਿੰਮ ਤੋਂ ਖ਼ਫ਼ਾ ਸੀ।

ਘਟਨਾ ਵਾਲੇ ਦਿਨ ਹਸਪਤਾਲ ਪਹੁੰਚੇ ਚੀਮਾ ਥਾਣੇ ਦੇ ਐੱਸਐੱਚਓ ਜੋਗੇਸ਼ ਗਰਗ ਨੇ ਦੱਸਿਆ ਕਿ ਜੱਗਾ ਸਿੰਘ ਵੱਲੋਂ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਪਹਿਲਾਂ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ਬਾਰੇ ਪੁਲਿਸ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।

ਐੱਸਐੱਚਓ ਜੋਗੇਸ਼ ਗਰਗ ਨੇ ਕਿਹਾ ਕਿ ਜੱਗਾ ਸਿੰਘ ਦੀ ਸਿਹਤ ਪਹਿਲਾਂ ਨਾਲੋਂ ਠੀਕ ਹੈ, ਪਰਿਵਾਰ ਦੇ ਕਹਿਣ ‘ਤੇ ਹੀ ਪਟਿਆਲਾ ਦੇ ਰਜਿੰਦਰ ਹਸਪਤਾਲ ਜੱਗਾ ਸਿੰਘ ਨੂੰ ਸ਼ਿਫ਼ਟ ਕੀਤਾ ਗਿਆ ਸੀ।

ਸਿਆਸੀ ਆਗੂਆਂ ਨੇ ਕੀ ਕਿਹਾ

Channi Bikram Singh

ਤਸਵੀਰ ਸਰੋਤ, Getty Images

ਇਸ ਘਟਨਾ ਤੋਂ ਤੁਰੰਤ ਬਾਅਦ ਪੰਜਾਬ ਦੀਆਂ ਸਿਆਸੀ ਪਾਰਟੀਆਂ ਆਹਮੋ-ਸਾਹਮਣੇ ਆ ਗਈਆਂ ਹਨ।

ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਤਿੱਖੇ ਸਵਾਲ ਕੀਤੇ। ਚਰਨਜੀਤ ਚੰਨੀ ਨੇ ਇਲਜ਼ਾਮ ਲਾਇਆ ਕਿ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਚੁੱਕੀ ਹੈ।

ਉਨ੍ਹਾਂ ਕਿਹਾ, “ਪੰਜਾਬ ਵਿੱਚ ਅੱਜ ਸੱਚ ਬੋਲਣ ਦੀ ਸਜ਼ਾ ਮੌਤ ਬਣ ਚੁੱਕੀ ਹੈ। ਜੋ ਵੀ ਨਸ਼ਿਆਂ ਵਿਰੁੱਧ ਆਵਾਜ਼ ਚੁੱਕਦਾ ਹੈ, ਉਸ ਨੂੰ ਧਮਕਾਇਆ ਤੇ ਕੁੱਟਿਆ ਜਾਂਦਾ ਹੈ।”

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ ‘ਤੇ ਪੋਸਟ ਸਾਂਝੀ ਕਰਦਿਆ ਕਿਹਾ, ”ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਵਿੱਚ ਹਾਲਾਤ ਬੇਹੱਦ ਗੰਭੀਰ ਹੋ ਚੁੱਕੇ ਹਨ ਅਤੇ ਪੁਲਿਸ ਸ਼ਿਕਾਇਤਾਂ ਦੇ ਬਾਵਜੂਦ ਨੌਜਵਾਨ ਜ਼ਿੰਦਗੀ ਖ਼ਤਮ ਕਰਨ ਲਈ ਮਜਬੂਰ ਹਨ। ਪੰਜਾਬ ਨੂੰ ਹੋਰਡਿੰਗਾਂ ਅਤੇ ਭਾਸ਼ਣਾਂ ਦੀ ਨਹੀਂ, ਸਗੋਂ ਠੋਸ ਕਾਰਵਾਈ ਅਤੇ ਕਾਨੂੰਨ ਦੇ ਰਾਜ ਦੀ ਲੋੜ ਹੈ। ਸਰਕਾਰ ਯਕੀਨੀ ਬਣਾਏ ਕਿ ਨਸ਼ਿਆਂ ਖ਼ਿਲਾਫ਼ ਬੋਲਣ ਵਾਲਿਆਂ ਨੂੰ ਸੁਰੱਖਿਆ ਮਿਲੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ।”

ਪੰਜਾਬ ਭਾਜਪਾ ਨੇ ਵੀ ਨਸ਼ੇ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਹੈ। ਐਕਸ ‘ਤੇ ਜਾਰੀ ਪੋਸਟ ‘ਚ ਭਾਜਪਾ ਨੇ ਕਿਹਾ, ”ਸੂਬੇ ਵਿੱਚ ਨਸ਼ੇ ਦੇ ਸੌਦਾਗਰਾਂ ਨੂੰ ਖੁੱਲ੍ਹੀ ਛੁੱਟੀ ਮਿਲੀ ਹੋਈ ਹੈ, ਜਦਕਿ ਇਸ ਵਿਰੁੱਧ ਬੋਲਣ ਵਾਲੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ। ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਵਿੱਚ ਡੀਸੀ ਦਫ਼ਤਰ ਅੱਗੇ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਅਤੇ ਪ੍ਰਸ਼ਾਸਨ ਦਾ ਮੂਕ ਦਰਸ਼ਕ ਬਣੇ ਰਹਿਣਾ ਸਾਬਤ ਕਰਦਾ ਹੈ ਕਿ ਸੂਬੇ ਵਿੱਚ ਕਾਨੂੰਨ ਨਹੀਂ, ਸਗੋਂ ਜੰਗਲਰਾਜ ਚੱਲ ਰਿਹਾ ਹੈ।”

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ”ਮੋਹਨਜੀਤ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਤੋਂ ਬਾਅਦ ਹੁਣ ਜਗਸੀਰ ਸਿੰਘ ਨੂੰ ਮੌਤ ਨੂੰ ਗਲੇ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਅਧਿਕਾਰੀਆਂ ਅੱਗੇ ਹੱਥ ਜੋੜਨ ਦੇ ਬਾਵਜੂਦ ਕਿਸੇ ਨੇ ਉਸ ਦੀ ਸੁਣਵਾਈ ਨਹੀਂ ਕੀਤੀ। ਮੌਜੂਦਾ ਸਰਕਾਰ ਨਸ਼ਿਆਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਅਤੇ ਤਸਕਰਾਂ ਦੀ ਸਰਪ੍ਰਸਤ ਬਣੀ ਬੈਠੀ ਹੈ।”

ਪੰਜਾਬ ਸਰਕਾਰ ਦਾ ਕੀ ਕਹਿਣਾ

  ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਤਸਵੀਰ ਸਰੋਤ, PTI

ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਸਾਂਝੀ ਕੀਤੀ।

ਚੀਮਾ ਨੇ ਲਿਖਿਆ ਕਿ ਇੱਕ ਦਰਦਨਾਕ ਘਟਨਾ ਨੂੰ ਸਿਆਸੀ ਤਮਾਸ਼ਾ ਬਣਾਉਣ ਤੋਂ ਪਹਿਲਾਂ ਵਿਰੋਧੀ ਆਗੂਆਂ ਨੂੰ ਨਮੋਲ ਪਿੰਡ ਦੀ ਜ਼ਮੀਨੀ ਹਕੀਕਤ ਬਾਰੇ ਪਤਾ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ, “ਜਿਸ ਵਿਅਕਤੀ ਦਾ ਵਿਰੋਧੀ ਧਿਰ ਬਚਾਅ ਕਰ ਰਹੀ ਹੈ, ਉਸ ‘ਤੇ ਪਿੰਡ ਵਾਸੀ ਖ਼ੁਦ ਨਸ਼ਾ ਵੇਚਣ ਦੇ ਇਲਜ਼ਾਮ ਲਗਾ ਰਹੇ ਹਨ ਅਤੇ ਚੀਮਾ ਤੇ ਪਟਿਆਲਾ ਥਾਣਿਆਂ ਵਿੱਚ ਉਸ ਵਿਰੁੱਧ ਲਗਭਗ 9 ਪਰਚੇ ਦਰਜ ਹਨ। ਪੂਰਾ ਪਿੰਡ ਇਕਜੁੱਟ ਹੋ ਕੇ ਨਮੋਲ ਨੂੰ ਨਸ਼ਾ-ਮੁਕਤ ਬਣਾਉਣ ਦੀ ਲੜਾਈ ਲੜ ਰਿਹਾ ਹੈ।”

ਵਿੱਤ ਮੰਤਰੀ ਨੇ ਵਿਰੋਧੀ ਧਿਰ ਨੂੰ ਸਵਾਲ ਕੀਤਾ, “ਵਿਰੋਧੀ ਆਗੂ ਇਹ ਸਪੱਸ਼ਟ ਕਰਨ ਕਿ ਉਹ ਕਿਸ ਦੇ ਪੱਖ ਵਿੱਚ ਖੜ੍ਹੇ ਹਨ? ਨਸ਼ਿਆਂ ਖ਼ਿਲਾਫ਼ ਲੜ ਰਹੇ ਪਿੰਡ ਵਾਸੀਆਂ ਨਾਲ ਜਾਂ ਫਿਰ ਇੱਕ ਕਥਿਤ ਨਸ਼ਾ ਤਸਕਰ ਨਾਲ?”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI