Home rss national punjabi2ਰਾਸ਼ਟਰੀ ਖ਼ਬਰਾਂ ਇੱਕ ਸ਼ਖ਼ਸ ’ਤੇ ਤਿੰਨ ਸਾਲ ਤੱਕ ਆਪਣੀ ਦੋਸਤ ਦੀ ਲਾਸ਼ ਫ੍ਰੀਜ਼ਰ ਵਿੱਚ...

ਇੱਕ ਸ਼ਖ਼ਸ ’ਤੇ ਤਿੰਨ ਸਾਲ ਤੱਕ ਆਪਣੀ ਦੋਸਤ ਦੀ ਲਾਸ਼ ਫ੍ਰੀਜ਼ਰ ਵਿੱਚ ਲੁਕਾ ਕੇ ਰੱਖਣ ਦਾ ਇਲਜ਼ਾਮ, ਕਿਵੇਂ ਖੁੱਲ੍ਹਿਆ ਭੇਤ

5
0

Source :- BBC PUNJABI

ਗੌਰਡਨ ਨੇ ਡੇਲੀਆ ਨੂੰ ਮਾਰਨ ਦੀ ਗੱਲ ਤਾਂ ਕਬੂਲ ਕੀਤੀ ਹੈ, ਪਰ ਉਸ ਦਾ ਦਾਅਵਾ ਹੈ ਕਿ ਉਸ ਨੇ ਇਹ ਸਭ 'ਸਵੈ-ਰੱਖਿਆ' ਲਈ ਕੀਤਾ ਸੀ

(ਚੇਤਾਵਨੀ – ਇਸ ਖ਼ਬਰ ਦੇ ਵੇਰਵੇ ਪਰੇਸ਼ਾਨ ਕਰ ਸਕਦੇ ਹਨ।)

ਜਿਊਰੀ ਨੂੰ ਦੱਸਿਆ ਗਿਆ ਹੈ ਕਿ ਇੱਕ ਆਦਮੀ ਨੇ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਕਰੀਬ ਤਿੰਨ ਸਾਲ ਤੱਕ ਫ੍ਰੀਜ਼ਰ ਵਿੱਚ ਲੁਕਾ ਕੇ ਰੱਖਿਆ। ਇਸ ਦੌਰਾਨ ਉਹ ਮਹਿਲਾ ਦੇ ਨਾਂ ‘ਤੇ ਕ੍ਰੈਡਿਟ ਕਾਰਡ ਲੈਂਦਾ ਰਿਹਾ ਅਤੇ ਕਰਜ਼ੇ ਵੀ ਲੈਂਦਾ ਰਿਹਾ।

65 ਸਾਲਾ ਜੌਰਜ ਗੌਰਡਨ ‘ਤੇ ਆਪਣੀ ਦੋਸਤ ਡੇਲੀਆ ਮੈਕਇਨਰਨੀ ਦਾ ਅਪ੍ਰੈਲ 2023 ਵਿੱਚ ਕਤਲ ਕਰਨ ਦਾ ਇਲਜ਼ਾਮ ਹੈ। ਇਹ ਘਟਨਾ ਉਸ ਸਮੇਂ ਤੋਂ ਕੁਝ ਦਿਨ ਪਹਿਲਾਂ ਵਾਪਰੀ, ਜਦੋਂ ਡੇਲੀਆ ਇੱਕ “ਨਵੀਂ ਜ਼ਿੰਦਗੀ” ਸ਼ੁਰੂ ਕਰਨ ਲਈ ਪੁਰਤਗਾਲ ਜਾਣ ਵਾਲੇ ਸਨ।

ਇਸ ਸਾਲ ਜਨਵਰੀ ਵਿੱਚ, ਸੇਂਟ ਹੈਲਨਜ਼ ਵਿੱਚ ਗੌਰਡਨ ਦੇ ਫਲੈਟ ਵਿੱਚੋਂ ਡੇਲੀਆ ਦੀ ਕੱਟੀ ਹੋਈ ਲਾਸ਼ ਮਿਲੀ। ਉੱਥੇ ਮਹਿਲਾ ਦੇ ਪੰਜ ਮਰੇ ਹੋਏ ਗਿਨੀ ਪਿਗ (ਇੱਕ ਤਰ੍ਹਾਂ ਦੇ ਪਾਲਤੂ ਜਾਨਵਰ) ਵੀ ਮਿਲੇ।

ਗੌਰਡਨ, ਲਿਵਰਪੂਲ ਕਰਾਊਨ ਕੋਰਟ ਵਿੱਚ ਮੁਲਜ਼ਮਾਂ ਦੇ ਕਟਹਿਰੇ ਵਿੱਚ ਪੇਸ਼ ਨਹੀਂ ਹੋਇਆ। ਉਸਨੇ ਨੇ ਡੇਲੀਆ ਨੂੰ ਮਾਰਨ ਦੀ ਗੱਲ ਤਾਂ ਕਬੂਲ ਕੀਤੀ ਹੈ, ਪਰ ਉਸ ਦਾ ਦਾਅਵਾ ਹੈ ਕਿ ਉਸ ਨੇ ਇਹ ਸਭ ‘ਸਵੈ-ਰੱਖਿਆ’ ਲਈ ਕੀਤਾ ਸੀ। ਉਸ ਨੇ ਕਤਲ ਦੇ ਇਲਜ਼ਾਮ ਤੋਂ ਇਨਕਾਰ ਕੀਤਾ ਹੈ।

ਸੁਣਵਾਈ ਦੌਰਾਨ ਪਤਾ ਲੱਗਾ ਕਿ ਦੋਵੇਂ ਕਈ ਸਾਲਾਂ ਤੋਂ ਦੋਸਤ ਸਨ। ਡੇਲੀਆ, ਜਿਨ੍ਹਾਂ ਦੀ ਮੌਤ ਸਮੇਂ ਉਮਰ 62 ਸਾਲ ਸੀ, ਜਦੋਂ ਵਿਦੇਸ਼ ਯਾਤਰਾ ‘ਤੇ ਨਹੀਂ ਹੁੰਦੇ ਸਨ ਜਾਂ ਲਿਵਰਪੂਲ ਦੇ ਐਨਫੀਲਡ ਸਥਿਤ ਆਪਣੇ ਘਰ ਵਿੱਚ ਨਹੀਂ ਰਹਿੰਦੇ ਸਨ, ਤਾਂ ਉਹ ਗੌਰਡਨ ਦੇ ਜੇਰਾਰਡਜ਼ ਕੋਰਟ ਵਾਲੇ ਫਲੈਟ ਵਿੱਚ ਉਸ ਦੇ ਨਾਲ ਰਹਿੰਦੇ ਸਨ।

ਖੁਦ ਨੂੰ ਡੇਲੀਆ ਦੱਸ ਕੇ ਲੋਕਾਂ ਨੂੰ ਕੀਤੇ ਮੈਸੇਜ

8 ਜਨਵਰੀ ਨੂੰ ਪੁਲਿਸ ਨੂੰ ਡੇਲੀਆ ਦੀ ਲਾਸ਼ ਗੌਰਡਨ ਦੇ ਫਲੈਟ ਵਿੱਚ ਇੱਕ ਚੈਸਟ ਫ੍ਰੀਜ਼ਰ ਦੇ ਅੰਦਰ ਮਿਲੀ ਸੀ (ਡੇਲੀਆ ਦੀ ਫਾਈਲ ਫੋਟੋ)

ਸਰਕਾਰੀ ਧਿਰ ਦੇ ਵਕੀਲ ਮਾਰਟਿਨ ਰੀਡ ਕੇਸੀ ਨੇ ਜਿਊਰੀ ਨੂੰ ਦੱਸਿਆ ਕਿ 8 ਜਨਵਰੀ ਨੂੰ ਪੁਲਿਸ ਨੂੰ ਡੇਲੀਆ ਦੀ ਲਾਸ਼ ਗੌਰਡਨ ਦੇ ਫਲੈਟ ਵਿੱਚ ਇੱਕ ਚੈਸਟ ਫ੍ਰੀਜ਼ਰ ਦੇ ਅੰਦਰ ਮਿਲੀ ਸੀ।

ਉਨ੍ਹਾਂ ਦੱਸਿਆ ਕਿ ਡੇਲੀਆ ਦੇ ਦੋਸਤਾਂ ਨੇ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਨਹੀਂ ਦੇਖਿਆ ਸੀ, ਪਰ ਗੌਰਡਨ ਨੇ 18 ਮਹੀਨਿਆਂ ਤੋਂ ਵੱਧ ਸਮੇਂ ਤੱਕ ਉਨ੍ਹਾਂ ਨੂੰ ਡੇਲੀਆ ਦੇ ਟਿਕਾਣੇ ਬਾਰੇ ਝੂਠ ਬੋਲਿਆ। ਉਹ ਈਮੇਲ ਅਤੇ ਫ਼ੋਨ ਮੈਸੇਜ ਰਾਹੀਂ ਖ਼ੁਦ ਨੂੰ ਡੇਲੀਆ ਦੱਸ ਕੇ ਉਨ੍ਹਾਂ ਨਾਲ ਗੱਲ ਕਰਦਾ ਰਿਹਾ।

ਸਰਕਾਰੀ ਧਿਰ ਵੱਲੋਂ ਪੱਖ ਰੱਖਦਿਆਂ ਮਾਰਟਿਨ ਰੀਡ ਕੇਸੀ ਨੇ ਕਿਹਾ ਕਿ ਅਪ੍ਰੈਲ 2023 ਵਿੱਚ ਗੌਰਡਨ ਦੇ ਹੱਥੋਂ ਡੇਲੀਆ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਜਦੋਂ ਡੇਲੀਆ ਦੀ ਲਾਸ਼ ਗੌਰਡਨ ਦੇ ਫਲੈਟ ਵਿੱਚ ਫ੍ਰੀਜ਼ਰ ਵਿੱਚ ਪਈ ਸੀ, ਤਾਂ ਉਸ ਨੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚੋਂ ਹਜ਼ਾਰਾਂ ਪੌਂਡ ਕਢਵਾਏ ਅਤੇ ਉਨ੍ਹਾਂ ਦੇ ਨਾਂ ‘ਤੇ ਕ੍ਰੈਡਿਟ ਕਾਰਡ ਵੀ ਲਏ।

ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਗੌਰਡਨ ਨੇ ਡੇਲੀਆ ਨੂੰ ਮਾਰਨ ਦੀ ਗੱਲ ਤਾਂ ਮੰਨੀ ਹੈ, ਪਰ ਸ਼ੁਰੂ ਵਿੱਚ ਉਸ ਨੇ ਪੁਲਿਸ ਨੂੰ ਕਿਹਾ ਸੀ ਕਿ ਡੇਲੀਆ ਨੇ ਨਸ਼ੇ ਦੀਆਂ ਦਵਾਈਆਂ ਦੀ ਓਵਰਡੋਜ਼ ਲੈ ਲਈ ਸੀ, ਇਸ ਲਈ ਉਸ ਦੀ “ਤਕਲੀਫ਼ ਖ਼ਤਮ ਕਰਨ” ਲਈ ਉਸ ਨੇ ਡੇਲੀਆ ਨੂੰ ਹਥੌੜੇ ਨਾਲ ਮਾਰਿਆ ਸੀ।

ਰੀਡ ਨੇ ਦੱਸਿਆ ਕਿ ਹੁਣ ਗੌਰਡਨ ਦਾ ਦਾਅਵਾ ਹੈ ਕਿ ਉਸ ਨੇ ਜੋ ਕੁਝ ਵੀ ਕੀਤਾ, ਉਹ ‘ਸਵੈ-ਰੱਖਿਆ’ ਵਿੱਚ ਕੀਤਾ ਸੀ।

‘ਡੇਲੀਆ ਦੇ ਬੈਂਕ ਖਾਤਿਆਂ ‘ਚੋਂ ਗੌਰਡਨ ਦੇ ਖਾਤੇ ‘ਚ 2,000 ਪੌਂਡ ਤੋਂ ਵੱਧ ਦੀ ਰਕਮ ਭੇਜੀ’

ਗੌਰਡਨ ਨੂੰ ਇਸ ਸਾਲ ਜਨਵਰੀ ਵਿੱਚ ਸੇਂਟ ਹੈਲਨਜ਼ ਸਥਿਤ ਉਸ ਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ

ਸਰਕਾਰੀ ਵਕੀਲ ਨੇ ਦੱਸਿਆ ਕਿ ਅਪ੍ਰੈਲ 2023 ਵਿੱਚ ਡੇਲੀਆ ਆਪਣੇ ਗਿਨੀ ਪਿਗਜ਼ (ਪਾਲਤੂ ਜਾਨਵਰਾਂ) ਨਾਲ ਪੁਰਤਗਾਲ ਜਾਣ ਵਾਲੇ ਸਨ।

ਜਦੋਂ ਗੌਰਡਨ ਨੂੰ ਉਨ੍ਹਾਂ ਦੇ ਇਸ ਫ਼ੈਸਲੇ ਬਾਰੇ ਪਤਾ ਲੱਗਾ ਤਾਂ ਉਸ ਨੇ ਇੱਕ ਵੱਡਾ ਹਥੌੜਾ (ਸਲੈਜਹੈਮਰ) ਅਤੇ ਆਰੇ ਵਰਗੀਆਂ ਚੀਜ਼ਾਂ ਖ਼ਰੀਦੀਆਂ। ਇਹ ਉਹੀ ਚੀਜ਼ਾਂ ਸਨ, ਜਿਨ੍ਹਾਂ ਦੀ ਵਰਤੋਂ ਬਾਅਦ ਵਿੱਚ ਡੇਲੀਆ ਦਾ ਕਤਲ ਕਰਨ ਅਤੇ ਉਨ੍ਹਾਂ ਦੇ ਸਰੀਰ ਦੇ ਟੁਕੜੇ ਕਰਨ ਲਈ ਕੀਤੀ ਗਈ।

ਰੀਡ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਦਵਾਈਆਂ ਦੇ ਨੁਸਖ਼ੇ ਵੀ ਇਕੱਠੇ ਕੀਤੇ, ਜੋ ਬਾਅਦ ਵਿੱਚ ਡੇਲੀਆ ਦੇ ਸਰੀਰ ਵਿੱਚ ਪਾਈਆਂ ਗਈਆਂ।

11 ਅਪ੍ਰੈਲ ਨੂੰ ਗੌਰਡਨ ਨੇ ਡੇਲੀਆ ਅਤੇ ਉਨ੍ਹਾਂ ਦੇ ਪਾਲਤੂ ਗਿਨੀ ਪਿਗਜ਼ ਦਾ ਇੱਕ ਵੀਡੀਓ ਬਣਾਇਆ। ਇਹ ਆਖ਼ਰੀ ਫੁਟੇਜ ਸੀ, ਜਿਸ ਵਿੱਚ ਡੇਲੀਆ ਜ਼ਿੰਦਾ ਦਿਖਾਈ ਦਿੱਤੇ ਸਨ।

ਜਿਊਰੀ ਨੂੰ ਦੱਸਿਆ ਗਿਆ ਕਿ ਗਿਨੀ ਪਿਗਜ਼ ਵੀ ਫ੍ਰੀਜ਼ਰ ਵਿੱਚੋਂ ਮਿਲੇ ਸਨ। ਜਾਂਚ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਡੁੱਬਣ ਕਾਰਨ ਹੋਈ ਸੀ।

ਗੌਰਡਨ, ਜਿਸ ਨੂੰ ਡੇਲੀਆ ‘ਕ੍ਰਿਸ’ ਕਹਿ ਕੇ ਬੁਲਾਉਂਦੇ ਸਨ, ‘ਤੇ ਇਲਜ਼ਾਮ ਹੈ ਕਿ ਉਸ ਨੇ 11 ਅਪ੍ਰੈਲ ਦੀ ਸ਼ਾਮ ਜਾਂ 12 ਅਪ੍ਰੈਲ ਦੀ ਤੜਕੇ ਆਪਣੀ ਦੋਸਤ ਦਾ ਕਤਲ ਕਰ ਦਿੱਤਾ ਸੀ।

ਜਿਊਰੀ ਨੂੰ ਇਹ ਵੀ ਦੱਸਿਆ ਗਿਆ ਕਿ 12 ਅਪ੍ਰੈਲ ਨੂੰ ਡੇਲੀਆ ਦੇ ਬੈਂਕ ਖਾਤਿਆਂ ਵਿੱਚੋਂ ਗੌਰਡਨ ਦੇ ਖਾਤੇ ਵਿੱਚ 2,000 ਪੌਂਡ ਤੋਂ ਵੱਧ ਦੀ ਰਕਮ ਭੇਜੀ ਗਈ ਸੀ।

“ਉਹ ਅੰਦਰ ਹੈ…ਉਹ ਫ੍ਰੀਜ਼ਰ ਵਿੱਚ ਹੈ”

ਡੇਲੀਆ ਦੀ ਲਗਭਗ 15 ਸਾਲ ਪਹਿਲਾਂ ਦੀ ਤਸਵੀਰ, ਜਿਸ ਵਿੱਚ ਉਹ ਆਪਣੀ ਪੇਂਟਿੰਗ ਨਾਲ ਨਜ਼ਰ ਆ ਰਹੇ ਹਨ

ਸੁਣਵਾਈ ਦੌਰਾਨ ਪਤਾ ਲੱਗਾ ਕਿ ਇਸ ਤੋਂ ਬਾਅਦ ਗੌਰਡਨ ਨਾਸ਼ਤਾ ਕਰਨ ਲਈ ‘ਦਿ ਸੈਫਟਨ ਪੱਬ’ ਗਿਆ। ਉੱਥੇ ਉਸ ਨੇ ‘ਸਟ੍ਰੌਂਗਬੋ’ (ਇੱਕ ਤਰ੍ਹਾਂ ਦਾ ਪੇਅ ਪਦਾਰਥ) ਅਤੇ ਡਬਲ ਵਿਸਕੀ ਲਈ ਅਤੇ ਫਿਰ ਐਮਾਜ਼ੌਨ ਤੋਂ ਇੱਕ ਚੈਸਟ ਫ੍ਰੀਜ਼ਰ ਆਰਡਰ ਕੀਤਾ।

ਰੀਡ ਨੇ ਦੱਸਿਆ ਕਿ ਗੌਰਡਨ 24 ਅਪ੍ਰੈਲ ਨੂੰ ਪੁਰਤਗਾਲ ਗਿਆ ਅਤੇ ਉੱਥੇ ਡੇਲੀਆ ਦੀ ਜਾਇਦਾਦ ‘ਤੇ ਵੀ ਗਿਆ। ਉਸ ਨੇ ਡੇਲੀਆ ਦੇ ਦੋਸਤਾਂ ਅਤੇ ਗੁਆਂਢੀਆਂ ਨੂੰ ਮੈਸੇਜ ਭੇਜੇ, ਜਿਨ੍ਹਾਂ ਵਿੱਚ ਉਹ ਖ਼ੁਦ ਨੂੰ ਡੇਲੀਆ ਦੱਸ ਰਿਹਾ ਸੀ।

ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਗੌਰਡਨ ਦੇ “ਝੂਠ ਦਾ ਜਾਲ” ਦਸੰਬਰ 2025 ਵਿੱਚ ਉਦੋਂ ਖੁੱਲ੍ਹਣਾ ਸ਼ੁਰੂ ਹੋਇਆ, ਜਦੋਂ ਕ੍ਰਿਸ ਕੈਵੇਂਡਿਸ਼-ਗੌਰਡਨ ਨਾਂ ਦੇ ਇੱਕ ਵਿਅਕਤੀ ਨੇ ਡਿਪਾਰਟਮੈਂਟ ਆਫ਼ ਵਰਕ ਐਂਡ ਪੈਨਸ਼ਨਜ਼ ਨਾਲ ਸੰਪਰਕ ਕੀਤਾ।

ਉਸ ਨੇ ਖ਼ੁਦ ਨੂੰ ਸੋਸ਼ਲ ਵਰਕਰ ਦੱਸਿਆ ਅਤੇ ਮੰਗ ਕੀਤੀ ਕਿ ਡੇਲੀਆ ਦੀ ‘ਪਰਸਨਲ ਇੰਡੀਪੈਂਡੈਂਸ ਪੇਮੈਂਟ’ ਕਿਸੇ ਹੋਰ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇ।

ਜਿਊਰੀ ਨੂੰ ਦੱਸਿਆ ਗਿਆ ਕਿ ਫ਼ੋਨ ‘ਤੇ ਹੋਈ ਪੁੱਛਗਿੱਛ ਅਤੇ ਵਿੱਤੀ ਜਾਂਚ ਤੋਂ ਬਾਅਦ, 8 ਜਨਵਰੀ ਨੂੰ ਗੌਰਡਨ ਨੂੰ ਉਸ ਦੇ ਫਲੈਟ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਜਦੋਂ ਪੁਲਿਸ ਉਸ ਨੂੰ ਬਾਹਰ ਲੈ ਕੇ ਜਾ ਰਹੀ ਸੀ, ਤਾਂ ਉਸ ਨੇ ਅਧਿਕਾਰੀਆਂ ਨੂੰ ਕਿਹਾ, “ਉਹ ਅੰਦਰ ਹੈ” ਅਤੇ ਫਿਰ ਅੱਗੇ ਕਿਹਾ, “ਉਹ ਫ੍ਰੀਜ਼ਰ ਵਿੱਚ ਹੈ।”

ਗੌਰਡਨ ਨੇ ਕਤਲ ਕਰਨ ਅਤੇ ਜਾਨਵਰਾਂ ਨੂੰ ਬੇਵਜ੍ਹਾ ਤਕਲੀਫ਼ ਦੇਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਇਹ ਮੁਕੱਦਮਾ, ਜਿਸ ਦੇ ਛੇ ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ, ਅਜੇ ਵੀ ਜਾਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI