Source :- BBC PUNJABI
Hindustan Times / AFP via Getty Images
ਲਓ ਜੀ, ਸਾਲ ਦਾ ਉਹ ਵੇਲਾ ਆ ਗਿਆ ਹੈ, ਜਦੋਂ ਲਾਹੌਰ ਅਤੇ ਦਿੱਲੀ ਵਿਚਕਾਰ ਰੋਜ਼ ਮੈਚ ਹੁੰਦਾ ਹੈ ਕਿ ਹਵਾ ਜ਼ਹਿਰੀਲੀ ਕਿਹੜੇ ਪਾਸੇ ਹੈ।
ਸਰਦੀਆਂ ਦੇ ਨਾਲ ਸਮੌਗ ਆਉਂਦੀ ਹੈ, ਹਵਾ ਵਿੱਚ ਜ਼ਹਿਰ ਫੈਲ ਜਾਂਦਾ ਹੈ, ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸ ਦਾ ਸਾਇੰਸਦਾਨਾਂ ਨੇ ਕੋਈ ਇੰਡੈਕਸ ਵੀ ਬਣਾਇਆ ਹੈ, ਜਿਸ ਮੁਤਾਬਕ ਜੇ ਇਹ 50 ਤੱਕ ਪਹੁੰਚ ਜਾਵੇ ਤਾਂ ਇਹ ਸਿਹਤ ਲਈ ਖ਼ਤਰਾ ਹੁੰਦਾ ਹੈ। ਲਾਹੌਰ ਤੇ ਦਿੱਲੀ 300 ਤੋਂ 350 ਟੱਚ ਚੁੱਕੇ ਹਨ।
ਦੋਵਾਂ ਸ਼ਹਿਰਾਂ ਦੇ ਵਾਸੀਆਂ ਨੂੰ ਆਪਣੇ ਸ਼ਹਿਰਾਂ ‘ਤੇ ਬੜਾ ਮਾਣ ਹੈ, ਹੋਣਾ ਵੀ ਚਾਹੀਦਾ ਹੈ। ਇੱਥੇ ਮੁਗ਼ਲ ਬਾਦਸ਼ਾਹਾਂ ਦੇ ਬਣਾਏ ਕਿਲ੍ਹੇ, ਮਸੀਤਾਂ ਤੇ ਬਾਗ਼-ਬਗੀਚੇ ਹਨ। ਕਈ ਕਦੀਮੀ ਯਾਦਗਾਰਾਂ ਹਨ। ਬੱਸ, ਸਾਲ ਦੇ ਤਿੰਨ ਕੁ ਮਹੀਨੇ ਸਾਹ ਕੋਈ ਨਹੀਂ ਆਉਂਦਾ।
‘ਹਵਾ ਨੂੰ ਨਾ ਪਾਸਪੋਰਟ ਦੀ ਲੋੜ ਹੈ, ਨਾ ਵੀਜ਼ੇ ਦੀ’
Mohammed Hanif
ਇੱਧਰ ਪਾਕਿਸਤਾਨ ਵਿੱਚ ਕਹਿ ਛੱਡਦੇ ਹਨ ਕਿ ਇਹ ਜ਼ਹਿਰੀਲੀ ਹਵਾ ਇੰਡੀਆ ਵਾਲੇ ਪਾਸਿਓਂ ਆਈ ਹੈ। ਉੱਧਰ ਵੀ ਇਹੀ ਕਹਿੰਦੇ ਹੋਣਗੇ।
ਸਾਡੇ ਬਾਰਡਰ ਸੀਲ ਹਨ। ਬਿਜਲੀ ਵਾਲੀਆਂ ਤਾਰਾਂ ਲੱਗੀਆਂ ਹਨ। ਇੱਧਰੋਂ ਉੱਧਰ ਜੇ ਕਬੂਤਰ ਵੀ ਉੱਡ ਕੇ ਚਲਾ ਜਾਵੇ ਤਾਂ ਅਸੀਂ ਕਹਿੰਦੇ ਹਾਂ ਕਿ ਇੰਟੈਲੀਜੈਂਸ ਫੇਲੀਅਰ ਹੋ ਗਿਆ। ਲੇਕਿਨ ਹਵਾ ਨੂੰ ਨਾ ਪਾਸਪੋਰਟ ਦੀ ਲੋੜ ਹੈ, ਨਾ ਵੀਜ਼ੇ ਦੀ।
ਲਾਹੌਰ ਤੇ ਦਿੱਲੀ ਵਾਲਿਆਂ ਵਿੱਚ ਕੋਈ ਹੋਰ ਸ਼ੈਅ ਸਾਂਝੀ ਹੋਵੇ ਜਾਂ ਨਾ ਹੋਵੇ, ਹਵਾ ਵਿੱਚ ਘੁਲਿਆ ਇਹ ਜ਼ਹਿਰ ਸਾਡਾ ਸਾਂਝਾ ਹੈ।
ਜੇ ਦੁਨੀਆਂ ਦੇ ਸਭ ਤੋਂ ਜ਼ਹਿਰੀਲੇ ਸ਼ਹਿਰਾਂ ਦੀ ਲਿਸਟ ‘ਤੇ ਨਜ਼ਰ ਮਾਰੋ ਤਾਂ ਤੁਹਾਨੂੰ ਟੌਪ ਟੈਨ ਵਿੱਚ ਆਪਣੇ ਹੀ ਸ਼ਹਿਰ ਨਜ਼ਰ ਆਉਣਗੇ। ਅਤੇ ਦਿੱਲੀ ਤੇ ਲਾਹੌਰ ਆਮ ਤੌਰ ‘ਤੇ ਪਹਿਲੇ ਜਾਂ ਦੂਜੇ ਨੰਬਰ ‘ਤੇ ਆਉਂਦੇ ਹਨ। ਲੇਕਿਨ ਅੱਜ ਦਿੱਲੀ ਬਾਜ਼ੀ ਲੈ ਗਿਆ। ਕਲਕੱਤਾ ਦੂਜੇ ਨੰਬਰ ‘ਤੇ ਹੈ। ਢਾਕਾ ਤੀਜੇ ਨੰਬਰ ‘ਤੇ ਤੇ ਲਾਹੌਰ ਚੌਥੇ ਨੰਬਰ ‘ਤੇ। ਮੁੰਬਈ ਦਾ ਨਾਂ ਪੰਜਵੇਂ ਨੰਬਰ ‘ਤੇ ਹੈ।
ਕੱਲ੍ਹ ਇਸੇ ਲਿਸਟ ‘ਤੇ ਨਿਗ੍ਹਾ ਪਾਈ ਸੀ, ਤਾਂ ਮੁਲਤਾਨ ਇਨ੍ਹਾਂ ਸਾਰੇ ਸ਼ਹਿਰਾਂ ਤੋਂ ਬਾਜ਼ੀ ਲੈ ਗਿਆ ਸੀ। ਅਸੀਂ ਸਾਰੀ ਉਮਰ ਇਹੀ ਸੁਣਦੇ ਰਹੇ ਹਾਂ ਕਿ ਮੁਲਤਾਨ ਬਾਗ਼-ਬਗੀਚਿਆਂ ਦਾ ਸ਼ਹਿਰ ਹੈ। ਇੱਥੋਂ ਦੀ ਹਵਾ ਤਾਂ ਪਾਕ ਹੋਣੀ ਚਾਹੀਦੀ ਸੀ।
ਚੀਨ ਦਾ ਕੋਈ ਵੱਡਾ ਸਨਅਤੀ ਸ਼ਹਿਰ ਹੈ, ਜਿਸ ਦਾ ਨਾਂ ਚੇਂਗਡੂ ਹੈ। ਉਹ ਵੀ ਟੌਪ ਟੈਨ ਵਿੱਚ ਸ਼ਾਮਿਲ ਸੀ। ਲੇਕਿਨ ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਤੋਂ ਥੱਲੇ ਸੀ। ਇੰਡੀਆ ਦੇ ਸ਼ਹਿਰ ਹਿਸਾਰ ਦਾ ਸਿਰਫ਼ ਨਾਂ ਸੁਣਿਆ ਸੀ। ਉੱਥੇ ਪਤਾ ਨਹੀਂ ਕੀ ਹੋਇਆ ਹੈ ਕਿ ਉਹ ਵੀ ਦੁਨੀਆਂ ਦੇ ਵੱਡੇ ਜ਼ਹਿਰੀਲੇ ਸ਼ਹਿਰਾਂ ਵਿੱਚ ਸ਼ਾਮਿਲ ਹੋ ਗਿਆ ਹੈ।
‘ਅਸੀਂ ਇਹ ਜ਼ਹਿਰ ਖਿੱਚੀ ਜਾਵਾਂਗੇ ਅਤੇ ਸੁੱਟੀ ਵੀ ਜਾਵਾਂਗੇ’
AFP via Getty Images
ਦਿੱਲੀ ਤੇ ਲਾਹੌਰ ਵਾਕਈ ਵੱਡੇ ਸ਼ਹਿਰ ਹਨ। ਕਈ ਬਾਦਸ਼ਾਹਾਂ ਨੇ ਇੱਥੇ ਹਮਲੇ ਕਰਕੇ ਇਨ੍ਹਾਂ ਸ਼ਹਿਰਾਂ ਨੂੰ ਉਜਾੜਿਆ। ਕਈਆਂ ਨੇ ਇੱਥੇ ਰਾਜ ਕਰਕੇ ਇਨ੍ਹਾਂ ਨੂੰ ਵਸਾਇਆ। ਲੇਕਿਨ ਇਹ ਸ਼ਹਿਰ ਸਦੀਆਂ ਤੋਂ ਕਾਇਮ-ਦਾਇਮ ਹਨ।
ਲੇਕਿਨ ਹੁਣ ਹਵਾ ਵਿੱਚ ਜਿੰਨਾ ਕੁ ਜ਼ਹਿਰ ਭਰਿਆ ਹੈ, ਉਸ ਵਿੱਚ ਸਾਹ ਲੈ-ਲੈ ਕੇ ਸਾਡੀਆਂ ਹੋਰ ਕਿੰਨੀਆਂ ਕੁ ਨਸਲਾਂ ਇੱਥੇ ਰਹਿ ਲੈਣਗੀਆਂ ਤੇ ਕਿੰਨੀਆਂ ਇਨ੍ਹਾਂ ਸ਼ਹਿਰਾਂ ਨੂੰ ਛੱਡ ਜਾਣਗੀਆਂ?
ਪਰ ਛੱਡ ਕੇ ਜਾਣਗੀਆਂ ਵੀ ਕਿੱਥੇ? ਮੁਲਤਾਨ ਤੇ ਹਿਸਾਰ ਦਾ ਹਿਸਾਬ ਅਸੀਂ ਤੁਹਾਨੂੰ ਪਹਿਲਾਂ ਹੀ ਸੁਣਾ ਚੁੱਕੇ ਹਾਂ।
ਲੇਕਿਨ ਜਦੋਂ ਤੱਕ ਸਾਡੀ ਗੱਡੀ ਦੀ ਟੈਂਕੀ ਵਿੱਚ ਪੈਟਰੋਲ ਪੂਰਾ ਹੈ, ਅਸੀਂ ਇਹ ਜ਼ਹਿਰ ਖਿੱਚੀ ਜਾਵਾਂਗੇ ਤੇ ਸੁੱਟੀ ਵੀ ਜਾਵਾਂਗੇ।
‘ਹਵਾ ਨੂੰ ਬਾਰਡਰਾਂ ‘ਤੇ ਰੋਕਣ ਵਾਲੀ ਸਾਇੰਸ ਅਜੇ ਸਾਡੇ ਕੋਲ ਨਹੀਂ’
Hindustan Times via Getty Images
ਪਾਣੀ ਅਸੀਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਬੰਦ ਕਰਕੇ ਉਸ ਨੂੰ ਮਿਨਰਲ ਵਾਟਰ ਕਹਿ ਕੇ ਪਹਿਲਾਂ ਹੀ ਵੇਚ ਰਹੇ ਸਾਂ। ਏਅਰ ਕੰਡੀਸ਼ਨਰ ਵਾਲਾ ਰਿਮੋਟ ਫੜ ਕੇ ਅਸੀਂ ਕੁਦਰਤ ਦੇ ਮੌਸਮ ਨੂੰ ਵੈਸੇ ਹੀ ਕੰਟਰੋਲ ਕਰੀ ਜਾਂਦੇ ਹਾਂ। ਹੁਣ ਜਿਹੜਾ ਅਫ਼ੋਰਡ ਕਰ ਸਕਦਾ ਹੈ, ਉਹ ਏਅਰ ਪਿਊਰੀਫਾਇਰ ਲਈ ਫਿਰਦਾ ਹੈ।
ਲੇਕਿਨ ਹਵਾ ਵਿੱਚ ਘੁਲੇ ਇਸ ਸਾਂਝੇ ਜ਼ਹਿਰ ਦਾ ਕੀ ਕਰਨਾ ਹੈ, ਇਹ ਕੋਈ ਨਹੀਂ ਦੱਸਦਾ। ਬੱਸ, ਇਹ ਕਹਿ ਦਿੰਦੇ ਹਨ ਕਿ ਇਹ ਜ਼ਹਿਰ ਬਾਰਡਰ ਦੇ ਦੂਜੇ ਪਾਰੋਂ ਆਇਆ ਹੈ। ਹਵਾ ਨੂੰ ਬਾਰਡਰਾਂ ‘ਤੇ ਰੋਕਣ ਵਾਲੀ ਸਾਇੰਸ ਵੀ ਸਾਡੇ ਕੋਲ ਅਜੇ ਤੱਕ ਕੋਈ ਨਹੀਂ।
ਮੈਂ ਇੱਕ ਅੱਠਵੀਂ ਜਮਾਤ ਦੇ ਮੁੰਡੇ ਕੋਲੋਂ ਪੁੱਛਿਆ ਵੀ ਕਿ ਵੱਡੇ ਹੋ ਕੇ ਕੀ ਕਰੋਗੇ? ਉਸ ਨੇ ਕਿਹਾ ਕਿ ਸਾਰਾ ਕੁਝ ਤਾਂ ਤੁਸੀਂ ਕਰ ਗਏ ਹੋ। ਅਸੀਂ ਜੇ ਵੱਡੇ ਹੋ ਵੀ ਗਏ ਤਾਂ ਕਿਸੇ ਡੇਟਾ ਸੈਂਟਰ ਵਿੱਚ ਨੌਕਰੀ ਕਰਾਂਗੇ ਤੇ ਜਿਹੜੀ ਕਮਾਈ ਹੋਵੇਗੀ, ਉਸ ਨਾਲ ਸਾਹ ਲੈਣ ਲਈ ਆਕਸੀਜਨ ਖਰੀਦਾਂਗੇ।
ਰੱਬ ਰਾਖਾ।
(ਨੋਟ – ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



