Source :- BBC PUNJABI
ਤਸਵੀਰ ਸਰੋਤ, IMRAN QURESHI
ਇਸ ਕਹਾਣੀ ਦੇ ਕੁਝ ਹਿੱਸੇ ਤੁਹਾਨੂੰ ਵਿਚਲਿਤ ਕਰ ਸਕਦੇ ਹਨ।
ਕੇਰਲਮ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 18 ਮਹੀਨੇ ਦੇ ਇੱਕ ਬੱਚੇ ਦੀ ਮੌਤ ਉਸ ਦੇ ਸਰੀਰ ‘ਤੇ 51 ਗੰਭੀਰ ਸੱਟਾਂ ਕਾਰਨ ਹੋਈ। ਪੁਲਿਸ ਮੁਤਾਬਕ ਬੱਚੇ ਦੀਆਂ ਇਹ ਸੱਟਾਂ ਉਸ ਦੀ ਮਾਂ ਦੇ ਲਿਵ ਇਨ ਪਾਰਟਨਰ ਅਤੇ ਸੰਭਵ ਹੈ ਕਿ ਖ਼ੁਦ ਮਾਂ ਨੇ ਹੀ ਪਹੁੰਚਾਈਆਂ ਹਨ।
ਹਾਲਾਂਕਿ ਫ਼ਿਲਹਾਲ ਇਹ ਜਾਂਚ ਦਾ ਵਿਸ਼ਾ ਹੈ।
ਬੱਚੇ ਦੇ ਸਰੀਰ ‘ਤੇ ਸਿਗਰਟ ਜਲ਼ਾਉਣ ਦੇ ਨਿਸ਼ਾਨ ਮਿਲੇ ਹਨ। ਇਹ ਨਿਸ਼ਾਨ ਉਸ ਦੇ ਪ੍ਰਾਈਵੇਟ ਪਾਰਟ, ਪੈਰਾਂ ਅਤੇ ਉਂਗਲੀਆਂ ਸਮੇਤ ਕਈ ਹਿੱਸਿਆਂ ‘ਤੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਸੱਟਾਂ ਕਾਰਨ ਅੰਦਰੂਨੀ ਖੂਨ ਵਹਿਆ ਜਿਸ ਨਾਲ ਬੱਚੇ ਦੀ ਮੌਤ ਹੋ ਗਈ।
ਤ੍ਰਿਵੰਨਤਪੁਰਮ ਪੇਂਡੂ ਖੇਤਰ ਤਹਿਤ ਆਉਣ ਵਾਲੇ ਨੇਦੂਮੰਗਡ ਦੇ ਡਿਪਟੀ ਐੱਸਪੀ ਕੇ ਬੈਜੂ ਕੁਮਾਰ ਨੇ ਬੀਬੀਸੀ ਹਿੰਦੀ ਨੂੰ ਕਿਹਾ, “ਪੋਸਟਮਾਰਟਮ ਰਿਪੋਰਟ ਵਿੱਚ ਬੱਚੇ ਦੇ ਸਰੀਰ ‘ਤੇ 51 ਸੱਟਾਂ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਕਈ ਹੋਰ ਛੋਟੀਆਂ ਸੱਟਾਂ ਵੀ ਮਿਲੀਆਂ ਹਨ।”
ਪੁਲਿਸ ਨੇ ਇਸ ਮਾਮਲੇ ਵਿੱਚ ਬੱਚੇ ਦੀ ਮਾਂ 21 ਸਾਲਾ ਆਖਿਲਾ ਅਤੇ ਉਸ ਦੇ ਲਿਵ ਇਨ ਪਾਰਟਨਰ 31 ਸਾਲਾ ਅਸ਼ਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਅਦ ਵਿੱਚ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਜਾਂਚ ਅਧਿਕਾਰੀ ਨੇ ਕਿਹਾ, “ਅਸੀਂ ਦੋਹਾਂ ਨੂੰ ਪੁੱਛਗਿੱਛ ਲਈ ਪੁਲਿਸ ਹਿਰਾਸਤ ਵਿੱਚ ਲੈਣ ਦੀ ਮੰਗ ਕਰਾਂਗੇ ਤਾਂਕਿ ਇਹ ਪਤਾ ਚੱਲ ਸਕੇ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ।”
ਅਸ਼ਕਰ ਪੇਸ਼ੇ ਤੋਂ ਡਰਾਈਵਰ, ਜਦਕਿ ਅਖਿਲਾ ਇੱਕ ਡਾਂਸਰ ਹੈ। ਪੁਲਿਸ ਨੇ ਅਸ਼ਕਰ ਅਤੇ ਅਖਿਲਾ, ਦੋਹਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਤ੍ਰਿਵੰਨਤਪੁਰਮ ਪੇਂਡੂ ਦੇ ਐੱਸਪੀ ਜੁਵਨਾਪੁਡੀ ਮਹੇਸ਼ ਨੇ ਦੱਸਿਆ ਕਿ ਪੁਲਿਸ ਅਸ਼ਕਰ ਦੇ ਬੈਕਗਰਾਊਂਡ ਦੀ ਵੀ ਜਾਂਚ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ, “ਅਸ਼ਕਰ ਦੀ ਪਤਨੀ ਇਸ ਵੇਲੇ ਹਸਪਤਾਲ ਵਿੱਚ ਭਰਤੀ ਹੈ। ਅਸ਼ਕਰ ਦੀ ਸੱਸ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਆਪਣੀ ਬੇਟੀ ਨੂੰ ਕਾਨੂੰਨੀ ਸਹਾਇਤਾ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ।”
ਐੱਸਪੀ ਮਹੇਸ਼ ਦੇ ਮੁਤਾਬਕ ਅਸ਼ਕਰ ਖ਼ਿਲਾਫ਼ ਜਨਤਕ ਥਾਂ ‘ਤੇ ਸ਼ਰਾਬ ਪੀਣ ਦਾ ਇੱਕ ਮਾਮਲਾ ਵੀ ਹੈ।
ਪੁਲਿਸ ਦਾ ਦਾਅਵਾ, ਮੁਲਜ਼ਮ ਨੇ ਜੁਰਮ ਕਬੂਲਿਆ
ਤਸਵੀਰ ਸਰੋਤ, IMRAN QURESHI
ਪੁਲਿਸ ਮੁਤਾਬਕ ਸ਼ਨੀਵਾਰ ਨੂੰ ਬੱਚੇ ਨੂੰ ਉਲਟੀ ਆਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਪੋਸਟਮਾਰਟਮ ਵਿੱਚ ਇਹ ਵੀ ਪਤਾ ਲੱਗਿਆ ਕਿ ਬੱਚਿਆਂ ਦੇ ਦੋਹੇਂ ਹੱਥ ਟੁੱਟੇ ਹੋਏ ਸੀ।
ਮਾਂ ਅਤੇ ਉਸ ਦੇ ਪਾਰਟਨਰ ਨੇ ਦਾਅਵਾ ਕੀਤਾ ਸੀ ਕਿ ਬੱਚਾ ਸਾਈਕਲ ਤੋਂ ਡਿੱਗ ਗਿਆ ਸੀ।
ਹਾਲਾਂਕਿ ਡਿਪਟੀ ਐੱਸਪੀ ਬੈਜੂ ਕੁਮਾਰ ਨੇ ਕਿਹਾ, “ਅਸ਼ਕਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ”
ਹੁਣ ਤੱਕ ਅਸ਼ਕਰ ਜਾਂ ਅਖਿਲਾ ਦੇ ਕਿਸੇ ਰਿਸ਼ਤੇਦਾਰ ਜਾਂ ਵਕੀਲ ਨੇ ਜਨਤਕ ਤੌਰ ‘ਤੇ ਉਨ੍ਹਾਂ ਦਾ ਬਚਾਅ ਨਹੀਂ ਕੀਤਾ ਹੈ।
ਤ੍ਰਿਵਨੰਤਪੁਰਮ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ, ਸਮਾਜ ਦੇ ਵੰਚਿਤ ਵਰਗਾਂ ਨੂੰ ਮੁਕੱਦਮਾ ਲੜਨ ਲਈ ਕਾਨੂੰਨੀ ਸਹਾਇਤਾ ਮੁਹਈਆ ਕਰਵਾਉਂਦਾ ਹੈ।
ਅਥਾਰਟੀ ਨੇ ਦੱਸਿਆ ਕਿ ਅਸ਼ਕਰ ਦੀ ਪਹਿਲੀ ਪਤਨੀ ਦੀ ਮਾਂ ਵੱਲੋਂ ਮਿਲੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਫ਼ਿਲਹਾਲ ਐਫਆਈਆਰ ਵਿੱਚ ਮਾਮਲੇ ਦਾ ਪੂਰਾ ਬਿਓਰਾ ਨਹੀਂ ਹੈ। ਪੁਲਿਸ ਨੇ ਪੋਸਟਮਾਰਟਮ ਰਿਪੋਰਟ ਆਉਣ ਬਾਅਦ ਹੀ ਦੋਹਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ।
ਮਾਮਲੇ ਬਾਰੇ ਬਾਕੀ ਜਾਣਕਾਰੀਆਂ ਰਿਮਾਂਡ ਰਿਪੋਰਟ ਵਿੱਚ ਸਾਹਮਣੇ ਆਉਣਗੀਆਂ, ਜੋ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ।
ਬੈਜ ਕੁਮਾਰ ਨੇ ਕਿਹਾ, “ਪਹਿਲੀ ਨਜ਼ਰ ਵਿੱਚ ਅਜਿਹਾ ਲਗਦਾ ਹੈ ਕਿ ਦੋਹੇਂ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਸੀ ਅਤੇ ਬੱਚਾ ਉਨ੍ਹਾਂ ਲਈ ਅੜਿੱਕਾ ਬਣ ਰਿਹਾ ਸੀ।”
ਇੱਕ ਹੋਰ ਪੁਲਿਸ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਅਖਿਲਾ ਦੀ ਮਾਂ ਨੇ ਬੱਚੇ ਦੀ ਦੇਖਭਾਲ ਕਰਨ ਦੀ ਪੇਸ਼ਕਸ਼ ਕੀਤੀ ਸੀ, ਖਾਸ ਕਰਕੇ ਉਦੋਂ ਜਦੋ ਉਸ ਦੇ ਦੋਨੋ ਹੱਥ ਟੁੱਟ ਗਏ ਸੀ।
ਬੱਚੇ ਦੇ ਪਿਤਾ ਦੇ ਮਾਪਿਆਂ ਨੇ ਵੀ ਉਸ ਨੂੰ ਆਪਣੇ ਕੋਲ ਰੱਖਣ ਦੀ ਇੱਛਾ ਜਤਾਈ ਸੀ।
ਬੱਚੇ ਦੇ ਪਿਤਾ ਨੇ ਕਰੀਬ ਦੋ ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ, ਪਰ ਅਖਿਲਾ ਨੇ ਕਿਸੇ ਨੂੰ ਵੀ ਬੱਚਾ ਸੌਂਪਣ ‘ਤੇ ਸਹਿਮਤੀ ਨਹੀਂ ਦਿੱਤੀ।
ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇ ਤੁਸੀਂ ਵੀ ਤਣਾਅ ਤੋਂ ਗੁਜ਼ਰ ਰਹੇ ਹੋ ਤਾਂ ਭਾਰਤ ਸਰਕਾਰ ਦੀ ਜੀਵਨ ਆਸਥਾ ਹੈਲਪਲਾਈਨ 18002333330 ਦੀ ਮਦਦ ਲੈ ਸਕਦੇ ਹੋ। ਤੁਹਾਨੂੰ ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।
ਘਟਨਾ ਨੂੰ ਲੈ ਕੇ ਉੱਠਦੇ ਸਵਾਲ
ਇਸ ਮਾਮਲੇ ਨੂੰ ਲੈ ਕੇ ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਆਪਣੇ ਹੀ ਬੱਚੇ ਦੇ ਨਾਲ ਇਸ ਤਰ੍ਹਾਂ ਦੇ ਹਿੰਸਕ ਵਤੀਰੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਖਾਸ ਕਰਕੇ ਉਦੋਂ ਜਦੋਂ ਮਾਮਲਾ ਲਿਵ ਇਨ ਜਿਹੇ ਗੈਰ-ਰਵਾਇਤੀ ਸੰਬੰਧਾਂ ਦਾ ਹੋਵੇ।
ਸ਼੍ਰੀ ਅਵਿਟੋਮ ਤਿਰੂਨਾਲ ਹਸਪਤਾਲ, ਤ੍ਰਿਵੰਨਤਪੁਰਮ ਦੇ ਬਾਲ ਮਨੋਵਿਗਿਆਨੀ ਡਾ.ਆਰ ਜੈ ਪ੍ਰਕਾਸ਼ ਕਹਿੰਦੇ ਹਨ, “ਅਜਿਹੇ ਰਿਸ਼ਤਿਆਂ ਵਿੱਚ ਪੁਰਸ਼ ਦਾ ਮਹਿਲਾ ‘ਤੇ ਦਬਦਬਾ ਹੋ ਸਕਦਾ ਹੈ। ਮਹਿਲਾ ਨੂੰ ਅਕਸਰ ਇਹ ਡਰ ਰਹਿੰਦਾ ਹੈ ਕਿ ਜੇ ਉਹ ਆਦਮੀ ਦੀ ਗੱਲ ਨਹੀਂ ਮੰਨੇਗੀ ਤਾਂ ਉਹ ਉਸ ਨੂੰ ਛੱਡ ਦੇਵੇਗਾ।”
ਸਰਕਾਰੀ ਮੈਡੀਕਲ ਕਾਲਜ ਹਸਪਤਾਲ ਤ੍ਰਿਵੰਨਤਪੁਰਮ ਵਿੱਚ ਮਨੋਰੋਗ ਵਿਭਾਗ ਦੇ ਪ੍ਰੋਫੈਸਰ ਡਾ.ਮੋਹਨ ਰਾਏ ਕਹਿੰਦੇ ਹਨ, “ਆਮ ਤੌਰ ‘ਤੇ ਮਤਰੇਏ ਮਾਤਾ-ਪਿਤਾ ਵੀ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਹਨ। ਪਰ ਕੁਝ ਮਾਮਲਿਆਂ ਵਿੱਚ ਪੁਰਸ਼ ਇਹ ਮਹਿਸੂਸ ਕਰਦਾ ਹੈ ਕਿ ਬੱਚਾ ਉਸ ਦਾ ਬਾਇਓਲਾਜੀਕਲ ਬੇਟਾ ਨਹੀਂ ਹੈ। ਉਸ ਦੇ ਅੰਦਰ ਈਰਖਾ ਪੈਦਾ ਹੋ ਸਕਦੀ ਹੈ ਅਤੇ ਉਹ ਬੱਚੇ ਨੂੰ ਆਪਣੇ ਰਿਸ਼ਤੇ ਵਿੱਚ ਅੜਿੱਕੇ ਵਜੋਂ ਦੇਖ ਸਕਦਾ ਹੈ।”
ਡਾ. ਰਾਏ ਅਜਿਹੀ ਹਿੰਸਕ ਪ੍ਰਵ੍ਰਿਤੀ ਨੂੰ ਮਾਨਸਿਕ ਸਿਹਤ ਨਾਲ ਵੀ ਜੋੜਦੇ ਹਨ। ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸੇ ਵੀ ਸਮਾਜ ਵਿੱਚ ਲਗਭਗ ਵੀਹ ਫ਼ੀਸਦੀ ਲੋਕ ਕਿਸੇ ਨਾ ਕਿਸੇ ਮਾਨਸਿਕ ਸਿਹਤ ਸਮੱਸਿਆ ਨਾਲ ਜੂਝਦੇ ਹੋਏ ਦੇਖੇ ਜਾਂਦੇ ਹਨ।
ਹਾਲਾਂਕਿ ਹਾਲੇ ਇਹ ਜਾਂਚ ਦਾ ਵਿਸ਼ਾ ਹੈ ਕਿ ਬੱਚੇ ਦੀ ਮੌਤ ਵਿੱਚ ਮਾਂ ਦੀ ਭੂਮਿਕਾ ਸੀ ਜਾਂ ਨਹੀਂ।
ਨਸ਼ਾ ਅਤੇ ਹਿੰਸਕ ਪ੍ਰਵ੍ਰਿਤੀ ਦਾ ਖ਼ਤਰਨਾਕ ਮੇਲ
ਡਾ.ਰਾਏ ਅਤੇ ਡਾ.ਜੈ ਪ੍ਰਕਾਸ਼ ਦੋਹਾਂ ਦਾ ਕਹਿਣਾ ਹੈ ਕਿ ਹਿੰਸਕ ਪ੍ਰਵ੍ਰਿਤੀ ਦਾ ਇੱਕ ਕਾਰਨ ਨਸ਼ੇ ਦੀ ਲਪੇਟ ਵਿੱਚ ਆਉਣਾ ਵੀ ਹੋ ਸਕਦਾ ਹੈ।
ਡਾ.ਰਾਏ ਕਹਿੰਦੇ ਹਨ, “ਅਜਿਹੇ ਲੋਕਾਂ ਲਈ ਸਿਹਤ ਅਤੇ ਸਕਰਾਤਮਕ ਰਿਸ਼ਤੇ ਬਣਾਉਣਾ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਘਰ ਵਿੱਚ ਵਾਰ-ਵਾਰ ਹਿੰਸਾ ਹੁੰਦੀ ਹੈ ਤਾਂ ਪਰਿਵਾਰ ਦੇ ਮੈਂਬਰ ਹੌਲੀ-ਹੈਲੀ ਉਸ ਪ੍ਰਤੀ ਸੰਵੇਦਨਹੀਣ ਹੋ ਜਾਂਦੇ ਹਨ। ਸੰਭਵ ਹੈ ਕਿ ਇਸ ਮਾਮਲੇ ਵਿੱਚ ਮਾਂ ਦੇ ਨਾਲ ਵੀ ਅਜਿਹਾ ਹੋਇਆ ਹੋਵੇ।”

ਡਾ. ਜੈ ਪ੍ਰਕਾਸ਼ ਦਾ ਮੰਨਣਾ ਹੈ, “ਸਾਨੂੰ ਹਾਲੇ ਨਹੀਂ ਪਤਾ ਕਿ ਮਾਂ ਨੇ ਬੱਚੇ ਨੂੰ ਟਾਰਚਰ ਕੀਤਾ ਜਾਂ ਚੁੱਪ ਚਾਪ ਸਭ ਕੁਝ ਹੋਣ ਦਿੱਤਾ। ਪਰ ਅਜਿਹੇ ਰਿਸ਼ਤਿਆਂ ਵਿੱਚ ਅਕਸਰ ਮਹਿਲਾ ਦੀ ਅਜ਼ਾਦੀ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੀ ਹੈ।”
ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਣੇ ਅਨੁਭਵ ਵਿੱਚ ਉਨ੍ਹਾਂ ਨੇ ਦੇਖਿਆ ਹੈ ਕਿ ਮਹਿਲਾਵਾਂ ਅਕਸਰ ਪੁਰਸ਼ ਦੇ ਪਿਛਲੇ ਰਿਸ਼ਤੇ ਤੋਂ ਹੋਏ ਬੱਚਿਆਂ ਦੀ ਦੇਖਭਾਲ ਕਰ ਲੈਂਦੀਆਂ ਹਨ ਪਰ ਕਈ ਪੁਰਸ਼, ਮਹਿਲਾਵਾਂ ਦੇ ਪਿਛਲੇ ਰਿਸ਼ਤੇ ਤੋਂ ਹੋਏ ਬੱਚਿਆਂ ਨੂੰ ਓਨੀ ਸਹਿਜਤਾ ਨਾਲ ਸਵੀਕਾਰ ਨਹੀਂ ਕਰ ਪਾਉਂਦੇ।
ਬੱਚਿਆਂ ‘ਤੇ ਅੱਤਿਆਚਾਰ ਦੇ ਮਾਮਲੇ ਵਧ ਰਹੇ ਹਨ
ਤਸਵੀਰ ਸਰੋਤ, Getty Images
ਡਾ.ਮੋਹਨ ਰਾਏ ਦਾ ਕਹਿਣਾ ਹੈ ਕਿ ਉਪਲਬਧ ਅੰਕੜੇ ਦੱਸਦੇ ਹਨ ਕਿ ਬੱਚਿਆਂ ਦੇ ਨਾਲ ਦੁਰਵਿਹਾਰ ਦੇ ਮਾਮਲੇ ਵਧ ਰਹੇ ਹਨ।
ਉਨ੍ਹਾਂ ਮੁਤਾਬਕ ਇਹ ਕੋਈ ਇਕੱਲੀ ਘਟਨਾ ਨਹੀਂ ਹੈ।
ਉਨ੍ਹਾਂ ਨੇ ਕਿਹਾ, ” ਸਮੱਸਿਆ ਸਾਡੀ ਵਿਵਸਥਾ ਵਿੱਚ ਵੀ ਹੈ। ਸਾਡੇ ਨੇੜੇ ਆਸ਼ਾ ਵਰਕਰ ਹਨ, ਪਰ ਭਾਈਚਾਰਕ ਪੱਧਰ ‘ਤੇ ਜਾਗਰੂਕਤਾ ਦੀ ਕਮੀ ਹੈ, ਜਿਸ ਨਾਲ ਸਮਾਂ ਰਹਿੰਦੇ ਦਖਲ ਨਹੀਂ ਹੋ ਪਾਉਂਦਾ।”
ਡਾ. ਰਾਏ ਨੇ ਦੱਸਿਆ ਕਿ ਕੇਰਲਮ ਵਿੱਚ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਸਾਲ 2014 ‘ਚ ਸੂਬੇ ਵਿੱਚ 5.36 ਲੱਖ ਬੱਚਿਆਂ ਦਾ ਜਨਮ ਹੋਇਆ ਸੀ, ਜਦਕਿ 2024 ਵਿੱਚ ਇਹ ਗਿਣਤੀ ਘਟ ਕੇ 3.48 ਲੱਖ ਰਹਿ ਗਈ।
ਯਾਨੀ ਇੱਕ ਦਹਾਕੇ ਵਿੱਚ ਤਕਰੀਬਨ 1.8 ਲੱਖ ਘੱਟ ਬੱਚੇ ਪੈਦਾ ਹੋਏ ਹਨ।
ਉਨ੍ਹਾਂ ਨੇ ਸਵਾਲ ਚੁੱਕਿਆ, “ਕੀ ਅਸੀਂ ਸਚਮੁੱਚ ਬੱਚਿਆਂ ਲਈ ਸੁਰੱਖਿਅਤ ਅਤੇ ਅਨੁਕੂਲ ਮਾਹੌਲ ਬਣਾ ਸਕੇ ਹਾਂ? ਹਰ ਬੱਚੇ ਨੂੰ ਜਿਉਣ ਦਾ ਅਧਿਕਾਰ ਹੈ। ਇਸ ਲਈ ਨੀਤੀ ਪੱਧਰ ‘ਤੇ ਸਥਾਨਕ ਇਕਾਈਆਂ ਦੇ ਪੱਧਰ ‘ਤੇ ਅਤੇ ਪੂਰੇ ਸਮਾਜਿਕ ਢਾਂਚੇ ਵਿਚ ਵਿਆਪਕ ਬਦਲਾਅ ਦੀ ਲੋੜ ਹੈ।”
ਦਵਾਈ ਅਤੇ ਥੈਰੇਪੀ ਜ਼ਰੀਏ ਮਾਨਸਿਕ ਬਿਮਾਰੀਆਂ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਵਿਗਿਆਨਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਜਾਂ ਤੁਹਾਡੇ ਕਿਸੇ ਕਰੀਬੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨਾਂ ‘ਤੇ ਫੋਨ ਕਰਕੇ ਮਦਦ ਲਈ ਜਾ ਸਕਦੀ ਹੈ:
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ 1800-599-0019
ਇੰਸਟੀਚਿਊਟ ਆਫ ਹਿਉਮਨ ਬਿਹੇਵੀਅਰ ਐਂਡ ਐਲਾਈਡ ਸਾਇੰਸਜ਼ 9868396824, 9868396841, 011-22574820
ਨੈਸ਼ਨਲ ਇੰਸਟੀਚਿਊਟ ਆਫ ਮੈਟਲ ਹੈਲਥ ਐਂਡ ਨਿਓਰੋਸਾਇੰਸਜ਼ 080-26995000
ਵਿਦਿਆਸਾਗਰ ਇੰਸਟੀਚਿਊਟ ਆਫ ਮੈਟਲ ਹੈਲਥ ਐਂਡ ਐਲਾਈਡ ਸਾਇੰਸਜ਼ 011 2980 2980
source : BBC PUNJABI







