Source :- BBC PUNJABI

ਭਗਵੰਤ ਮਾਨ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਨਿੱਜੀ ਸਕੂਲਾਂ ਵੱਲੋਂ ਹਰ ਸਾਲ ਕੀਤੇ ਜਾਣ ਵਾਲੇ ਫੀਸ ਵਾਧੇ ਨੂੰ 5 ਫੀਸਦ ਉੱਤੇ ਸੀਮਤ ਕੀਤਾ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਬਾਰੇ ਕਾਨੂੰਨ ਆਉਣ ਵਾਲੀ ਵਿਧਾਨ ਸਭਾ ਸੈਸ਼ਨ ਵਿੱਚ ਲਿਆਂਦਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਇਹ ਐਲਾਨ ਅੰਮ੍ਰਿਤਸਰ ਦੀ 17 ਸਾਲਾ ਵਿਦਿਆਰਥਣ ਦੀ ਮੌਤ ਉੱਤੇ ਦੁੱਖ ਪ੍ਰਗਟਾਉਂਦਿਆਂ ਕੀਤਾ ਜਿਸ ਨੇ ਕਥਿਤ ਤੌਰ ਉੱਤੇ ਕੁਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ।

ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਵਿਦਿਆਰਥਣ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਡੀਡੀਆਈ ਸਕੂਲ ਵਿੱਚ ਪੜਦੀ ਸੀ।

ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਵਿਦਿਆਰਥਣ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਸਕੂਲ ਉੱਤੇ ਮਾਨਸਿਕ ਤਸ਼ੱਦਦ ਕਰਨ ਦੇ ਇਲਜ਼ਾਮ ਲਗਾਏ ਸਨ।

ਹਾਲਾਂਕਿ ਸਕੂਲ ਵੱਲੋਂ ਮ੍ਰਿਤਕਾ ਵੱਲੋਂ ਲਾਏ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਸਕੂਲ ਪ੍ਰਿੰਸੀਪਲ ਤੇ ਸਟਾਫ਼ ਮੈਂਬਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥਣ ਦੀ ਮੌਤ ਬਾਰੇ ਕੀ ਕਿਹਾ

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਬਾਰੇ ਬੋਲਦਿਆਂ ਕਿਹਾ ਕਿ ਇਹ ਬੇਹੱਦ ਦੁਖਦਾਈ ਘਟਨਾ ਹੈ।

ਭਗਵੰਤ ਮਾਨ ਨੇ ਕਿਹਾ, “ਸਾਨੂੰ ਅਫ਼ਸੋਸ ਹੈ ਕਿ ਇੰਨੀ ਹੁਸ਼ਿਆਰ ਬੱਚੀ ਸਿਸਟਮ ਜਾਂ ਸਕੂਲ ਮਾਫੀਆ ਦੀ ਬਲੀ ਚੜ੍ਹ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕਈ ਬੱਚਿਆਂ ਅਤੇ ਮਾਪਿਆਂ ਦੇ ਫੋਨ ਆਏ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਫੀਸਾਂ ਲਈ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ।”

“ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਨਿੱਜੀ ਸਕੂਲਾਂ ਵੱਲੋਂ ਹਰ ਸਾਲ ਕੀਤੇ ਜਾਣ ਵਾਲੇ ਫੀਸ ਦੇ ਵਾਧੇ ਨੂੰ 5 ਫੀਸਦ ਉੱਤੇ ਸੀਮਤ ਕੀਤਾ ਜਾਵੇਗਾ। ਉਹ ਇੱਕ ਸਾਲ ਵਿੱਚ ਸਿਰਫ਼ 5 ਫੀਸਦ ਫੀਸ ਵਧਾ ਸਕਦੇ ਹਨ।”

ਉਨ੍ਹਾਂ ਨੇ ਅੱਗੇ ਕਿਹਾ, “ਜਿਨ੍ਹਾਂ ਸਕੂਲਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ 15 ਫੀਸਦ ਤੋਂ ਵੱਧ ਵਧਾਈ ਹੈ, ਉਨ੍ਹਾਂ ਸਕੂਲਾਂ ਨੂੰ ਉਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਜਾਂ ਉਨ੍ਹਾਂ ਦੇ ਮਾਪਿਆਂ ਦੇ ਖਾਤੇ ਵਿੱਚ ਪੰਜ ਫੀਸਦ ਤੋਂ ਵੱਧ ਵਾਲਾ ਪੈਸਾ ਰਿਫੰਡ ਕਰਨਾ ਪਵੇਗਾ। ਇਹ ਸਖ਼ਤ ਕਾਨੂੰਨ ਲੈ ਕੇ ਆ ਰਹੇ ਹਾਂ ਅਤੇ ਪੰਜ ਫੀਸਦ ਸਾਲਾਨਾ ਵਾਧੇ ਵਿੱਚ ਕਿਸੇ ਕਿਸਮ ਦੀ ਰਿਆਇਤ ਨਹੀਂ ਦਿੱਤੀ ਜਾਵੇਗੀ।”

“ਇਹ ਪੰਜ ਫੀਸਦ ਵਾਧਾ ਮਾਪਿਆਂ ਤੋਂ ਲਈਆਂ ਜਾਣ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਲਾਜ਼ਮੀ ਫੀਸਾਂ ਉੱਤੇ ਲਾਗੂ ਹੋਵੇਗਾ ਨਾ ਕਿ ਸਿਰਫ਼ ਟਿਊਸ਼ਨ ਫੀਸ ਉੱਤੇ। ਕਿਉਂਕਿ ਕਈ ਵਾਰ ਬਹੁਤ ਸਾਰੇ ਸਕੂਲ ਸਰਕਾਰੀ ਨਿਯਮਾਂ ਤੋਂ ਬਚਣ ਲਈ ਹੋਰ ਫੀਸਾਂ ਜੋੜ ਲੈਂਦੇ ਹਨ, ਜਿਵੇਂ ਟਰਾਂਸਪੋਰਟ ਫੀਸ, ਕਿਤਾਬਾਂ ਦੀ ਫੀਸ, ਵਰਦੀਆਂ ਦੀ ਫੀਸ ਆਦਿ।”

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਸਕੂਲ ਇਸ ਨਿਯਮ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇਗੀ।

ਵਿਦਿਆਰਥਣ ਦੀ ਮੌਤ ਬਾਰੇ ਕੀ-ਕੀ ਪਤਾ ਹੈ

ਮ੍ਰਿਤਕ ਕੁੜੀ ਦੀ ਮਾਸੀ

ਤਸਵੀਰ ਸਰੋਤ, Ravinder Singh Robin/BBC

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਮ੍ਰਿਤਕ ਵਿਦਿਆਰਥਣ ਦੀ ਮਾਸੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪਿਛਲੇ ਕਈ ਸਾਲਾਂ ਤੋਂ ਡੀਡੀਆਈ ਸਕੂਲ ਵਿੱਚ ਪੜ੍ਹ ਰਹੀ ਸੀ ਅਤੇ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕਰਦੀ ਸੀ।

ਪੁਲਿਸ ਮੁਤਾਬਕ ਮ੍ਰਿਤਕ ਕੁੜੀ ਆਪਣੀ ਮਾਸੀ ਕੋਲ ਰਹਿੰਦੀ ਸੀ।

ਮ੍ਰਿਤਕਾ ਦੀ ਮਾਂ ਨੇ ਦਾਅਵਾ ਕੀਤਾ ਕਿ ਸਕੂਲ ਪ੍ਰਬੰਧਨ ਦੇ ਰਵੱਈਏ ਕਾਰਨ ਉਨ੍ਹਾਂ ਦੀ ਧੀ ਦਬਾਅ ਹੇਠ ਰਹਿੰਦੀ ਸੀ। ਪਰਿਵਾਰ ਨੇ ਮਾਮਲੇ ਵਿੱਚ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ, “ਮੇਰੀ ਧੀ ਨੇ ਦਸਵੀਂ ਜਮਾਤ ਵਿੱਚ 86 ਫੀਸਦੀ ਅੰਕ ਹਾਸਲ ਕੀਤੇ ਸਨ ਅਤੇ ਹਰ ਕਲਾਸ ਵਿੱਚ ਵਧੀਆ ਨਤੀਜੇ ਲਿਆਉਂਦੀ ਰਹੀ ਸੀ। ਪਰ ਸਕੂਲ ਦੀ ਪ੍ਰਿੰਸੀਪਲ ਕਲਾਸ ਟੀਚਰ ਅਤੇ ਹੋਰ ਸਟਾਫ ਮੈਂਬਰਾਂ ਵੱਲੋਂ ਮੇਰੀ ਧੀ ਨੂੰ ਲਗਾਤਾਰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾਂਦਾ ਸੀ।”

ਮ੍ਰਿਤਕਾ ਦੀ ਮਾਸੀ ਨੇ ਇਹ ਵੀ ਦਾਅਵਾ ਕੀਤਾ ਕਿ ਸਕੂਲ ਪ੍ਰਬੰਧਨ ਵੱਲੋਂ ਫੀਸ ਬਕਾਇਆ ਹੋਣ ਦਾ ਹਵਾਲਾ ਦਿੱਤਾ ਜਾਂਦਾ ਸੀ, ਹਾਲਾਂਕਿ ਉਨ੍ਹਾਂ ਮੁਤਾਬਕ ਫੀਸ ਸਬੰਧੀ ਮਾਮਲਾ ਕੋਈ ਵੱਡਾ ਨਹੀਂ ਸੀ।

ਉਨ੍ਹਾਂ ਕਿਹਾ ਕਿ 22 ਤਰੀਕ ਨੂੰ ਉਹ ਆਪਣੀ ਧੀ ਨੂੰ ਨਾਲ ਲੈ ਕੇ ਸਕੂਲ ਗਏ ਸਨ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।

ਉਨ੍ਹਾਂ ਨੇ ਕਿਹਾ, “ਮੇਰੀ ਧੀ ਨਾਲ ਇਨਸਾਫ਼ ਨਹੀਂ ਕੀਤਾ ਗਿਆ। ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।”

ਲਾਈਨ

ਮਹੱਤਵਪੂਰਨ ਸੂਚਨਾ

ਨੋਟ: ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019

ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820

ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 – 26995000

ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980

ਲਾਈਨ

ਸਿੱਖਿਆ ਮੰਤਰੀ ਨੇ ਕੀ ਕਿਹਾ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦਿੱਤੀ ਸੀ।

ਉਨ੍ਹਾਂ ਨੇ ਮ੍ਰਿਤਕ ਵਿਦਿਆਰਥਣ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੰਦਿਆਂ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਅਤੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸਕੂਲ ਵੱਲੋਂ ਕੀ ਪੱਖ ਰੱਖਿਆ ਗਿਆ

ਸਕੂਲ ਅਧਿਆਪਕਾ

ਤਸਵੀਰ ਸਰੋਤ, Ravinder Singh Robin/BBC

ਦੂਜੇ ਪਾਸੇ ਸਕੂਲ ਦੀ ਇੱਕ ਅਧਿਆਪਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਕੂਲ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥਣ ਪਿਛਲੇ ਕਈ ਮਹੀਨਿਆਂ ਤੋਂ ਸਕੂਲ ਨਹੀਂ ਆ ਰਹੀ ਸੀ ਅਤੇ ਸਕੂਲ ਵੱਲੋਂ ਕੇਵਲ ਰੁਟੀਨ ਤੌਰ ‘ਤੇ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਜਾਂਦਾ ਸੀ।

ਅਧਿਆਪਕਾ ਨੇ ਕਿਹਾ, “ਸਕੂਲ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵਿਦਿਆਰਥਣ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਸਕੂਲ ਨਹੀਂ ਆ ਰਹੀ ਸੀ। ਸਕੂਲ ਵੱਲੋਂ ਉਸ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਕੀਤਾ ਗਿਆ, ਰਜਿਸਟਰਡ ਲੈਟਰ ਭੇਜੇ ਗਏ ਅਤੇ ਕਾਲਾਂ ਵੀ ਕੀਤੀਆਂ ਗਈਆਂ।”

“ਕਿਸੇ ਵੀ ਵਿਦਿਆਰਥੀ ਨੂੰ ਫੀਸ ਜਾਂ ਕਿਸੇ ਹੋਰ ਕਾਰਨ ਕਰਕੇ ਕਦੇ ਦਬਾਅ ਹੇਠ ਨਹੀਂ ਰੱਖਿਆ ਗਿਆ। ਸਾਡੇ ਸਕੂਲ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਛੋਟ ਵੀ ਦਿੱਤੀ ਜਾਂਦੀ ਹੈ। ਵਿਦਿਆਰਥਣ ਫਰਵਰੀ ਮਹੀਨੇ ਤੋਂ ਸਕੂਲ ਨਹੀਂ ਆ ਰਹੀ ਸੀ। ਸਕੂਲ ਵੱਲੋਂ ਵਾਰ-ਵਾਰ ਪਰਿਵਾਰ ਨਾਲ ਸੰਪਰਕ ਕਰਕੇ ਉਸ ਦੀ ਵਾਪਸੀ ਬਾਰੇ ਪੁੱਛਿਆ ਜਾਂਦਾ ਰਿਹਾ। ਸਾਡੇ ਕੋਲ ਇਸ ਸਬੰਧੀ ਸਾਰੇ ਰਿਕਾਰਡ, ਰਜਿਸਟਰਡ ਲੈਟਰ ਅਤੇ ਹੋਰ ਦਸਤਾਵੇਜ਼ ਮੌਜੂਦ ਹਨ।”

ਉਨ੍ਹਾਂ ਨੇ ਕਿਹਾ, “ਪ੍ਰਿੰਸੀਪਲ ਮੈਡਮ ਜਾਂ ਸਕੂਲ ਦੇ ਕਿਸੇ ਵੀ ਅਧਿਆਪਕ ਵੱਲੋਂ ਵਿਦਿਆਰਥਣ ਨੂੰ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮ ਬੇਬੁਨਿਆਦ ਹਨ। ਸਾਡੇ ਸਕੂਲ ਵਿੱਚ ਬੱਚਿਆਂ ਨਾਲ ਨਰਮ ਅਤੇ ਚੰਗਾ ਵਿਹਾਰ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ।”

ਉਧਰ ਸਿੱਖਿਆ ਮੰਤਰੀ ਵੱਲੋਂ ਜਾਂਚ ਦੇ ਦਿੱਤੇ ਗਏ ਹੁਕਮਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ, “ਅਸੀਂ ਸਵਾਗਤ ਕਰਦੇ ਹਾਂ ਅਤੇ ਜਾਂਚ ਵਿੱਚ ਪੂਰਾ ਸਹਿਯੋਗ ਦੇਵਾਂਗੇ। ਸਾਨੂੰ ਯਕੀਨ ਹੈ ਕਿ ਸੱਚਾਈ ਸਾਹਮਣੇ ਆ ਜਾਵੇਗੀ।”

ਪੁਲਿਸ ਨੇ ਕੀ ਕਿਹਾ

ਗਗਨਦੀਪ ਸਿੰਘ

ਇਸ ਸਬੰਧੀ ਅੰਮ੍ਰਿਤਸਰ ਦੇ ਏਸੀਪੀ ਗਗਨਦੀਪ ਸਿੰਘ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਰਟਿਸ ਹਸਪਤਾਲ ਤੋਂ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੁੜੀ ਦੇ ਪਿਤਾ ਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਸਟਾਫ ਮੈਂਬਰ ਖ਼ਿਲਾਫ਼ ਮੁਕੱਦਮਾ ਨੰਬਰ 115 ਅਧੀਨ ਧਾਰਾ 108 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਸਕੂਲ ਪ੍ਰਬੰਧਨ ਵੱਲੋਂ ਕੁੜੀ ਨੂੰ ਉਸਦੇ ਦਸਤਾਵੇਜ਼ ਨਹੀਂ ਦਿੱਤੇ ਜਾ ਰਹੇ ਸਨ ਅਤੇ ਉਸ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾਂਦਾ ਸੀ।

ਐੱਫਆਈਆਰ ਮੁਤਾਬਕ ਗਗਨਦੀਪ ਸਿੰਘ ਨੇ ਦੱਸਿਆ, “ਸਾਡੇ ਮੁੱਖ ਅਫ਼ਸਰ ਥਾਣਾ ਸਦਰ ਨੂੰ ਫੋਰਟਿਸ ਹਸਪਤਾਲ ਤੋਂ ਇੱਕ ਕੁੜੀ ਦੀ ਮੌਤ ਸਬੰਧੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਥਾਣਾ ਸਦਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੇਸ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕੀਤੀ ਗਈ।”

“ਕੁੜੀ ਦੇ ਪਿਤਾ ਰਵਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਦੀ ਕੁੜੀ ਆਪਣੀ ਮਾਸੀ ਕੋਲ ਰਹਿੰਦੀ ਸੀ ਅਤੇ ਡੀਡੀਆਈ ਸਕੂਲ, ਫਤਿਹਗੜ੍ਹ ਚੂੜੀਆਂ ਰੋਡ ਵਿਖੇ ਪੜ੍ਹਦੀ ਸੀ।”

“ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਟੈਨ ਪਲੱਸ ਵਨ ਪਾਸ ਕਰਨ ਤੋਂ ਬਾਅਦ ਉਸ ਨੂੰ ਸਕੂਲ ਮੈਨੇਜਮੈਂਟ ਵੱਲੋਂ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ ਸਨ, ਉਸ ਦੇ ਕਿਰਦਾਰ ਬਾਰੇ ਬੇਬੁਨਿਆਦ ਅਤੇ ਝੂਠੇ ਇਲਜ਼ਾਮ ਲਗਾਏ ਜਾਂਦੇ ਸਨ ਅਤੇ ਉਸ ਤੋਂ ਨਿੱਜੀ ਤੇ ਦਫ਼ਤਰੀ ਕੰਮ ਕਰਵਾਏ ਜਾਂਦੇ ਸਨ।”

ਉਨ੍ਹਾਂ ਨੇ ਅੱਗੇ ਦੱਸਿਆ, “ਸ਼ਿਕਾਇਤਕਰਤਾ ਮੁਤਾਬਕ ਇਨ੍ਹਾਂ ਕਾਰਨਾਂ ਕਰ ਕੇ ਕੁੜੀ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ। ਬਿਆਨਾਂ ਦੇ ਆਧਾਰ ‘ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਸਾਡੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI