Source :- BBC PUNJABI
DEEPAK TAMRAKAR
(ਇਸ ਲੇਖ ਦੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ)
ਮੱਧ ਪ੍ਰਦੇਸ਼ ਦੇ ਡਿੰਡੌਰੀ ਜ਼ਿਲ੍ਹੇ ਵਿੱਚ 35 ਸਾਲਾ ਰਾਜਿੰਦਰ ਬਰੌਤੀਆ ਦੇ ਦੋਸਤ ਨੇ ਉਨ੍ਹਾਂ ਨੂੰ ਰਸਗੁੱਲਾ ਖਵਾਇਆ। ਹਾਲਾਂਕਿ ਇਸ ਨੂੰ ਖਾਂਦੇ ਹੀ ਉਨ੍ਹਾਂ ਦੇ ਮੂੰਹ ਵਿੱਚ ਜ਼ੋਰਦਾਰ ਧਮਾਕਾ ਹੋਇਆ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਰਾਜਿੰਦਰ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ, ਰਾਜਿੰਦਰ ਨੂੰ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਦੋਸਤ ਰਾਮਭਗਤ ਸਿੰਘ ਬਰੌਤੀਆ ਨੇ ਰਸਗੁੱਲਾ ਦੱਸ ਕੇ ਸੂਰ ਮਾਰਨ ਲਈ ਵਰਤਿਆ ਜਾਣ ਵਾਲਾ ਦੇਸੀ ਬੰਬ ਦੇ ਦਿੱਤਾ ਸੀ।
ਇਹ ਘਟਨਾ ਮੰਗਲਵਾਰ 10 ਨਵੰਬਰ ਦੀ ਸ਼ਾਮ ਡਿੰਡੌਰੀ ਦੇ ਕੋਤਵਾਲੀ ਥਾਣਾ ਖੇਤਰ ਦੇ ਪੜਰਿਯਾ ਛਾਂਟਾ ਪਿੰਡ ਵਿੱਚ ਹੋਈ।
ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਰਸਗੁੱਲੇ ਵਿੱਚ ਬੰਬ ਲਗਾ ਕੇ ਦੇਣ ਵਾਲੇ ਰਾਮਭਗਤ ਅਤੇ ਇੱਕ ਹੋਰ ਵਿਅਕਤੀ ਜਿਸ ਨੂੰ ਜੰਗਲ ਵਿੱਚ ਇਹ ਬੰਬ ਮਿਲਿਆ ਸੀ, ਸ਼ਾਮਲ ਹਨ।
ਡਿੰਡੌਰੀ ਕੋਤਵਾਲੀ ਦੇ ਥਾਣਾ ਇੰਚਾਰਜ ਦੁਰਗਾ ਪ੍ਰਸਾਦ ਨਾਗਪੁਰੇ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, ” ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।”
ਕੀ ਹੈ ਪੂਰਾ ਮਾਮਲਾ ?
DEEPAK TAMRAKAR
ਥਾਣਾ ਇੰਚਾਰਜ ਦੁਰਗਾ ਪ੍ਰਸਾਦ ਨਾਗਪੁਰੇ ਮੁਤਾਬਕ, ਘਟਨਾ ਵਾਲੀ ਸ਼ਾਮ ਰਾਜਿੰਦਰ ਬਰੌਤਿਯਾ ਆਪਣੇ ਘਰ ਦੇ ਵਿਹੜੇ ਵਿੱਚ ਪਰਿਵਾਰ ਨਾਲ ਅੱਗ ਸੇਕ ਰਹੇ ਸੀ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ, ਬੱਚਾ ਅਤੇ ਨਾਨੀ ਵੀ ਮੌਜੂਦ ਸਨ।
ਇਸੇ ਦੌਰਾਨ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਰਾਮ ਭਗਤ ਸਿੰਘ ਉੱਥੇ ਪਹੁੰਚੇ। ਦੋਹੇਂ ਅੱਗ ਕੋਲ ਬੈਠ ਕੇ ਗੱਲਾਂ ਕਰਨ ਲੱਗੇ। ਪੁਲਿਸ ਮੁਤਾਬਕ, ਦੋਹਾਂ ਵਿਚਕਾਰ ਹਾਸਾ ਠੱਠਾ ਵੀ ਚੱਲ ਰਿਹਾ ਸੀ।
ਨਾਗਪੁਰੇ ਨੇ ਦੱਸਿਆ ਕਿ ਇਸੇ ਦੌਰਾਨ ਰਾਮ ਭਗਤ ਨੇ ਰਾਜਿੰਦਰ ਨੂੰ ਇੱਕ ਛੋਟੀ ਗੇਂਦ ਦੇ ਅਕਾਰ ਦੀ ਚੀਜ਼ ਦਿੱਤੀ ਅਤੇ ਉਸ ਨੂੰ ਰਸਗੁੱਲਾ ਦੱਸ ਕੇ ਚੱਖਣ ਲਈ ਕਿਹਾ।
ਰਾਜਿੰਦਰ ਦੀ ਪਤਨੀ ਸੁਸ਼ੀਲਾ ਬਾਈ ਨੇ ਬੀਬੀਸੀ ਨਿਊਜ਼ ਹਿੰਦੂ ਨੂੰ ਦੱਸਿਆ, “ਰਾਮ ਭਗਤ ਨੇ ਮੇਰੇ ਪਤੀ ਨੂੰ ਦੀਵਾਲੀ ਦੇ ਤਿਓਹਾਰ ਦਾ ਜ਼ਿਕਰ ਕਰਦਿਆਂ ਰਸਗੁੱਲਾ ਚਖਣ ਲਈ ਕਿਹਾ ਸੀ। ਉਨ੍ਹਾਂ ਨੇ ਜਿਵੇਂ ਹੀ ਉਸ ਨੂੰ ਮੂੰਹ ਵਿੱਚ ਰੱਖ ਕੇ ਚਬਾਇਆ, ਅਚਾਨਕ ਵਿਸਫੋਟ ਹੋ ਗਿਆ।”
ਸੁਸ਼ੀਲਾ ਅੱਗੇ ਕਹਿੰਦੀ ਹੈ, “ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਇਆ। ਮੇਰੇ ਪਤੀ ਦਾ ਜਬਾੜਾ ਫਟ ਗਿਆ ਸੀ, ਇੱਕ ਸੈਕੰਡ ਵਿੱਚ ਚਿਹਰਾ ਪਛਾਣਨਾ ਔਖਾ ਹੋ ਗਿਆ ਸੀ।”
ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਆਟੋ ਵਿੱਚ ਡਿੰਡੌਰੀ ਜ਼ਿਲ੍ਹਾ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਅਗਲੇ ਦਿਨ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਰਾਜਿੰਦਰ ਦੀ ਪਤਨੀ ਸੁਸ਼ੀਲਾ ਬਾਈ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਜਾਨਵਰਾਂ ਨੂੰ ਮਾਰਨ ਲਈ ਵਰਤਿਆ ਜਾਂਦਾ ਬੰਬ ਖਾ ਲਿਆ ਸੀ।
ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਸੁਸ਼ੀਲਾ ਅਤੇ ਉਨ੍ਹਾਂ ਦਾ ਬੱਚਾ ਪਿੱਛੇ ਰਹਿ ਗਏ ਹਨ।
ਰਸਗੁੱਲੇ ਦੇ ਨਾਮ ‘ਤੇ ਦਿੱਤਾ ਗਿਆ ਬੰਬ ਕਿੱਥੋਂ ਮਿਲਿਆ ?
DEEPAK TAMRAKAR
ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਦੂਜੇ ਮੁਲਜ਼ਮ ਨੂੰ ਵਿਸਫੋਟਕ ਜੰਗਲ ਵਿੱਚੋਂ ਮਿਲਿਆ ਸੀ।
ਜਿਸ ਵਿਅਕਤੀ ਨੂੰ ਇਹ ਜੰਗਲ ਵਿਚੋਂ ਮਿਲਿਆ ਸੀ ਉਸ ਨੇ ਇਸ ਨੂੰ ਰਾਮ ਭਗਤ ਸਿੰਘ ਨੂੰ ਦਿੱਤਾ ਸੀ। ਇਸ ਤੋਂ ਬਾਅਦ ਰਾਮ ਭਗਤ ਨੇ ਇਸ ਨੂੰ ਰਾਜਿੰਦਰ ਨੂੰ ਰਸਗੁੱਲਾ ਕਹਿ ਕੇ ਦੇ ਦਿੱਤਾ। ਹੁਣ ਇਸ ਗੱਲ ਦੀ ਜਾਂਚ ਚੱਲ ਰੀਹ ਹੈ ਕਿ ਵਿਸਫੋਟਕ ਜੰਗਲ ਵਿੱਚੋਂ ਕਿੱਥੋਂ ਆਇਆ ਸੀ ਅਤੇ ਉਸ ਨੂੰ ਉੱਥੇ ਕਿਸ ਨੇ ਰੱਖਿਆ ਸੀ।
ਸ਼ੁਰੂਆਤੀ ਜਾਂਚ ਵਿੱਚ ਦੋਹੇਂ ਗ੍ਰਿਫ਼ਤਾਰ ਲੋਕਾਂ ਅਤੇ ਰਾਜਿੰਦਰ ਵਿਚਕਾਰ ਕਿਸੇ ਪੁਰਾਣੀ ਰੰਜਿਸ਼ ਦੀ ਗੱਲ ਸਾਹਮਣੇ ਨਹੀਂ ਆਈ ਹੈ। ਪੁਲਿਸ ਨੇ ਦੋਹਾਂ ਖ਼ਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105 ਅਤੇ ਐਕਸਪਲੋਸਿਵਜ਼ ਐਕਟ ਦੀ ਧਾਰਾ ਤਿੰਨ ਅਤੇ ਚਾਰ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਬੰਬ ਕਿੰਨਾ ਖ਼ਤਰਨਾਕ ਹੈ ?
DEEPAK TAMRAKAR
ਸੂਰ ਮਾਰ ਬੰਬ ਜਾਂ ਪਿਗ ਬੰਬ ਦਾ ਇਸਤੇਮਾਲ ਮੱਧ ਭਾਰਤ ਦੇ ਕਈ ਪੇਂਡੂ ਇਲਾਕਿਆਂ ਵਿੱਚ ਜੰਗਲੀ ਸੂਰਾਂ ਨੂੰ ਮਾਰਨ ਲਈ ਕੀਤਾ ਜਾਂਦਾ ਹੈ।
ਅਜਿਹੇ ਦੇਸੀ ਵਿਸਫੋਟਕਾਂ ਨੂੰ ਖਾਣ ਦੀਆਂ ਚੀਜ਼ਾਂ ਵਿੱਚ ਮਿਲਾ ਕੇ ਜੰਗਲ ਵਿਚ ਰੱਖਿਆ ਜਾਂਦਾ ਹੈ ਅਤੇ ਜਿਵੇਂ ਹੀ ਸੂਰ ਜਾਂ ਹੋਰ ਛੋਟੇ ਜੀਵ ਇਨ੍ਹਾਂ ਨੂੰ ਚਬਾਉਂਦੇ ਹਨ, ਮੂੰਹ ਵਿੱਚ ਵਿਸਫੋਟ ਹੁੰਦਾ ਹੈ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਇੰਦੌਰ ਵਿੱਚ ਰਹਿਣ ਵਾਲੇ ਵਿਸਫੋਟਕ ਮਾਹਿਰ ਸ਼ਰਦ ਸਰਵਟੇ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਵਿਸਫੋਟਕਾਂ ਦਾ ਸੁਭਾਅ, ਉਨ੍ਹਾਂ ਦੀ ਰਸਾਇਣਕ ਬਣਤਰ ‘ਤੇ ਨਿਰਭਰ ਕਰਦਾ ਹੈ। ਅਜਿਹੇ ਬੰਬਾਂ ਵਿੱਚ ਅਕਸਰ ਜੋ ਪਦਾਰਥ ਇਸਤੇਮਾਲ ਹੁੰਦੇ ਹਨ ਉਹ ਦਬਾਅ ਦੇ ਚਲਦਿਆਂ ਫੱਟਦੇ ਹਨ।
ਸਰਵਟੇ ਮੁਤਾਬਕ, “ਕੁਝ ਵਿਸਫੋਟਕ ਪਦਾਰਥਾਂ ਜਿਨ੍ਹਾਂ ਵਿੱਚ ਅਮੋਨੀਯਮ ਨਾਈਟ੍ਰੇਟ ਦਾ ਮਿਸ਼ਰਨ ਅਤੇ ਨਾਈਟ੍ਰੇਟ ਸੱਲੀ ਜਿਹੇ ਪਦਾਰਥਾਂ ਦਾ ਇਸਤੇਮਾਲ ਹੁੰਦਾ ਹੈ ਉਨ੍ਹਾਂ ਨੂੰ ਜੇ ਕੁਚਲਿਆ ਜਾਵੇ ਤਾਂ ਤੇਜ਼ੀ ਨਾਲ ਗੈਸ ਪੈਦਾ ਹੁੰਦੀ ਹੈ, ਜਿਸ ਨਾਲ ਦਬਾਅ ਬਣਦਾ ਹੈ ਅਤੇ ਵਿਸਫੋਟ ਹੁੰਦਾ ਹੈ।”
ਉਨ੍ਹਾਂ ਨੇ ਦੱਸਿਆ ਕਿ ਅਜਿਹੇ ਮਿਸ਼ਰਨ ਅਕਸਰ ਜੈਲ ਜਾਂ ਟੂਥਪੇਸਟ ਜਿਹੇ ਹੁੰਦੇ ਹਨ ਅਤੇ ਇਨ੍ਹਾਂ ਦਾ ਅਕਾਰ ਦੀਵਾਲੀ ਵਿੱਚ ਵਰਤੇ ਜਾਣ ਵਾਲੇ ਪਟਾਕਿਆਂ ਜਿਵੇਂ ਕੇ ਸੁਤਲੀ ਬੰਬ ਜਿੰਨਾ ਹੁੰਦਾ ਹੈ।
ਸਰਵਟੇ ਨੇ ਦੱਸਿਆ, “ਅਜਿਹੇ ਵਿਸਫੋਟਕਾਂ ਦਾ ਇਸਤੇਮਾਲ ਉਨ੍ਹਾਂ ਥਾਂਵਾਂ ‘ਤੇ ਕੀਤਾ ਜਾਂਦਾ ਹੈ ਜਿੱਥੇ ਮੁਕਾਬਲਤਨ ਘੱਟ ਤੀਬਰਤਾ ਵਾਲੇ ਧਮਾਕੇ ਦੀ ਲੋੜ ਹੁੰਦੀ ਹੈ। ਸੂਰ ਜਿਹੇ ਜੰਗਲੀ ਜਾਨਵਰਾਂ ਨੂੰ ਮਾਰਨ ਲਈ ਛੋਟੇ ਵਿਸਫੋਟ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਉਸ ਦਾ ਬਾਕੀ ਸਰੀਰ ਉਪਯੋਗੀ ਬਣਿਆ ਰਿਹਾ। ਇਸ ਲਈ ਜਿਵੇਂ ਹੀ ਇਸ ਬੰਬ ਨੂੰ ਚਬਾਇਆ ਜਾਂ ਦਬਾਇਆ ਜਾਵੇਗਾ ਇਸ ਵਿੱਚ ਵਿਸਫੋਟ ਹੋਵੇਗਾ ਅਤੇ ਪ੍ਰਭਾਵਿਤ ਹਿੱਸਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਵੇਗਾ।”
ਡਿੰਡੌਰੀ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਵਿਸਫੋਟਕ ਦੇ ਅਵਸ਼ੇਸ਼ ਅਤੇ ਦੂਜੇ ਸੈਂਪਲ ਇਕੱਠੇ ਕੀਤੇ ਹਨ। ਤਾਣਾ ਇੰਚਾਰਜ ਦੁਰਗਾ ਪ੍ਰਸਾਦ ਨਾਗਪੁਰੇ ਮੁਤਾਬਕ, ਇਨ੍ਹਾਂ ਸੈਂਪਲਸ ਨੂੰ ਫੌਰੈਂਸਿਕ ਸਾਇੰਸ ਲੈਬੋਰਟਰੀ ਭੇਜਿਆ ਜਾਵੇਗਾ।
ਉਨ੍ਹਾਂ ਨੇ ਕਿਹਾ, “ਹੁਣ ਤੱਕ ਦੀ ਜਾਂਚ ਵਿੱਚ ਇਹ ਨਹੀਂ ਪਾਇਆ ਗਿਆ ਹੈ ਕਿ ਗ੍ਰਿਫ਼ਤਾਰ ਲੋਕਾਂ ਅਤੇ ਮ੍ਰਿਤਕ ਵਿਚਕਾਰ ਹੋਈ ਝਗੜਾ ਜਾਂ ਦੁਸ਼ਮਣੀ ਸੀ। ਬੰਬ ਅੰਦਰ ਕੀ ਕੀ ਸੀ ਇਸ ਦੀ ਜਾਤ ਲਈ ਇਸ ਨੂੰ ਅੱਗੇ ਭੇਜਿਆ ਜਾ ਰਿਹਾ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




