Home rss national punjabi2ਰਾਸ਼ਟਰੀ ਖ਼ਬਰਾਂ ਦੰਦ ਸਾਫ਼ ਕਰਦੇ ਸਮੇਂ ਵਿਅਕਤੀ ਨੇ ਗ਼ਲਤੀ ਨਾਲ ਪੂਰਾ ਟੂਥਬ੍ਰਸ਼ ਨਿਗਲ ਲਿਆ;...

ਦੰਦ ਸਾਫ਼ ਕਰਦੇ ਸਮੇਂ ਵਿਅਕਤੀ ਨੇ ਗ਼ਲਤੀ ਨਾਲ ਪੂਰਾ ਟੂਥਬ੍ਰਸ਼ ਨਿਗਲ ਲਿਆ; ਡਾਕਟਰਾਂ ਨੇ ਬਿਨਾਂ ਸਰਜਰੀ ਬ੍ਰਸ਼ ਕਿਵੇਂ ਬਾਹਰ ਕੱਢਿਆ?

5
0

Source :- BBC PUNJABI

ਰਾਜੇਂਦਰ ਮਾਲੁਸਰੇ ਨੇ ਦੰਦ ਸਾਫ਼ ਕਰਦੇ ਸਮੇਂ ਗ਼ਲਤੀ ਨਾਲ ਬ੍ਰਸ਼ ਨਿਗਲ ਲਿਆ ਸੀ। (ਬ੍ਰਸ਼ ਦੀ ਬ੍ਰਸ਼ ਦੀ ਸੰਕੇਤਕ ਤਸਵੀਰ)

ਇਹ ਸੁਣ ਕੇ ਸ਼ਾਇਦ ਤੁਹਾਨੂੰ ਅਜੀਬ ਲੱਗੇ ਕਿ ਦੰਦ ਸਾਫ਼ ਕਰਦੇ ਸਮੇਂ ਟੂਥਬ੍ਰਸ਼ ਤੁਹਾਡੇ ਹੱਥੋਂ ਫਿਸਲ ਕੇ ਸਿੱਧਾ ਤੁਹਾਡੇ ਪੇਟ ਵਿੱਚ ਚਲਾ ਗਿਆ। ਪਰ ਇਹ ਸੱਚਮੁੱਚ ਹੋਇਆ ਸੀ।

ਰਾਇਗੜ੍ਹ ਦੇ ਪੇਣ ਜ਼ਿਲ੍ਹੇ ਦੇ ਸ਼ਿਰਾਵਲੀ ਪਿੰਡ ਦੇ ਰਾਜੇਂਦਰ ਮਾਲੁਸਰੇ ਨਾਲ ਵਾਪਰੀ ਇਸ ਦੁਰਲੱਭ ਘਟਨਾ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ।

50 ਸਾਲਾ ਰਾਜੇਂਦਰ ਮਾਲੁਸਰੇ ਰਿਕਸ਼ਾ ਚਾਲਕ ਹਨ।

ਮੁੱਢਲੀ ਜਾਂਚ ਵਿੱਚ ਟੂਥਬ੍ਰਸ਼ ਨਹੀਂ ਮਿਲਿਆ, ਹਾਲਾਂਕਿ ਐਂਡੋਸਕੋਪੀ ਤੋਂ ਪਤਾ ਲੱਗਾ ਕਿ ਟੂਥਬ੍ਰਸ਼ ਪੇਟ ਵਿੱਚ ਫਸਿਆ ਹੋਇਆ ਸੀ। 19 ਸੈਂਟੀਮੀਟਰ ਲੰਬੇ ਟੂਥਬ੍ਰਸ਼ ਨੂੰ ਬਿਨਾਂ ਸਰਜਰੀ ਦੇ ਐਂਡੋਸਕੋਪੀ ਰਾਹੀਂ ਬਾਹਰ ਕੱਢ ਲਿਆ ਗਿਆ। ਇਲਾਜ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।

ਐਂਡੋਸਕੋਪੀ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿੱਚ ਕੈਮਰੇ ਵਾਲੀ ਇੱਕ ਪਤਲੀ ਅਤੇ ਲਚਕਦਾਰ ਨਲੀ ਨੂੰ ਮੂੰਹ ਰਾਹੀਂ ਅੰਦਰ ਪਾਇਆ ਜਾਂਦਾ ਹੈ, ਤਾਂ ਜੋ ਭੋਜਨ ਨਲੀ, ਪੇਟ ਅਤੇ ਪਾਚਨ ਤੰਤਰ ਦੇ ਅੰਦਰੂਨੀ ਹਿੱਸਿਆਂ ਦੀ ਜਾਂਚ ਕੀਤੀ ਜਾ ਸਕੇ। ਇਸ ਪ੍ਰਕਿਰਿਆ ਰਾਹੀਂ ਬਿਨਾਂ ਸਰਜਰੀ ਦੇ ਫਸੀਆਂ ਹੋਈਆਂ ਚੀਜ਼ਾਂ ਨੂੰ ਵੀ ਬਾਹਰ ਕੱਢਿਆ ਜਾ ਸਕਦਾ ਹੈ।

ਪੇਨ ਦੇ ਰਹਿਣ ਵਾਲੇ ਅਤੇ ਸਰੀਰਕ ਤੌਰ ‘ਤੇ ਅਪਾਹਜ ਰਾਜੇਂਦਰ ਮਾਲੁਸਰੇ ਸਵੇਰੇ ਹਮੇਸ਼ਾ ਵਾਂਗ ਆਪਣੇ ਦੰਦ ਸਾਫ਼ ਕਰ ਰਹੇ ਸਨ। ਉਸੇ ਦੌਰਾਨ ਗ਼ਲਤੀ ਨਾਲ ਟੂਥਬ੍ਰਸ਼ ਉਨ੍ਹਾਂ ਦੇ ਗਲੇ ਵਿੱਚ ਚਲਾ ਗਿਆ। ਇਸ ਤੋਂ ਬਾਅਦ ਉਹ ਤੁਰੰਤ ਸਥਾਨਕ ਡਾਕਟਰ ਕੋਲ ਗਏ। ਐਕਸ-ਰੇ ਜਾਂਚ ਵਿੱਚ ਟੂਥਬ੍ਰਸ਼ ਨਹੀਂ ਮਿਲਿਆ। ਇਸ ਲਈ ਉਨ੍ਹਾਂ ਨੂੰ ਅਗਲੀ ਜਾਂਚ ਲਈ ਨਵੀਂ ਮੁੰਬਈ ਦੇ ਇੱਕ ਹਸਪਤਾਲ ਭੇਜਿਆ ਗਿਆ।

ਉੱਥੇ ਐਂਡੋਸਕੋਪੀ ਜਾਂਚ ਵਿੱਚ ਪਤਾ ਲੱਗਾ ਕਿ ਪੂਰਾ ਟੂਥਬ੍ਰਸ਼ ਪੇਟ ਵਿੱਚ ਫਸਿਆ ਹੋਇਆ ਸੀ। ਮੈਡੀਕਵਰ ਹਸਪਤਾਲ ਦੇ ਗੈਸਟਰੋਐਂਟਰੋਲੋਜਿਸਟ, ਹੈਪੇਟੋਲੋਜਿਸਟ ਅਤੇ ਥੈਰੇਪਿਊਟਿਕ ਐਂਡੋਸਕੋਪਿਸਟ ਡਾ. ਰਾਵਸਾਹੇਬ ਰਾਠੌੜ ਦੀ ਅਗਵਾਈ ਵਾਲੀ ਟੀਮ ਨੇ ਇਸ ਚੁਣੌਤੀਪੂਰਨ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ।

19 ਸੈਂਟੀਮੀਟਰ ਲੰਬਾ ਟੂਥਬ੍ਰਸ਼

ਐਂਡੋਸਕੋਪੀ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਪੇਟ ਵਿੱਚ 19 ਸੈਂਟੀਮੀਟਰ ਲੰਬਾ ਟੂਥਬ੍ਰਸ਼ ਫਸਿਆ ਹੋਇਆ ਸੀ (ਬ੍ਰਸ਼ ਦੀ ਸੰਕੇਤਕ ਤਸਵੀਰ)

ਟੂਥਬ੍ਰਸ਼ ਨਿਗਲਣ ਤੋਂ ਲਗਭਗ 3 ਤੋਂ 4 ਘੰਟਿਆਂ ਬਾਅਦ ਮਾਲੁਸਰੇ ਨੂੰ ਪੇਟ ਵਿੱਚ ਹਲਕਾ ਦਰਦ ਮਹਿਸੂਸ ਹੋਣ ਲੱਗਾ। ਐਂਡੋਸਕੋਪੀ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਪੇਟ ਵਿੱਚ 19 ਸੈਂਟੀਮੀਟਰ ਲੰਬਾ ਟੂਥਬ੍ਰਸ਼ ਫਸਿਆ ਹੋਇਆ ਸੀ।

ਡਾਕਟਰਾਂ ਨੇ ਦੱਸਿਆ ਕਿ ਟੂਥਬ੍ਰਸ਼ ਵਰਗੀਆਂ ਲੰਬੀਆਂ ਅਤੇ ਸਖ਼ਤ ਚੀਜ਼ਾਂ ਦਾ ਪਾਚਨ ਤੰਤਰ ਰਾਹੀਂ ਕੁਦਰਤੀ ਤੌਰ ‘ਤੇ ਬਾਹਰ ਨਿੱਕਲਣਾ ਬਹੁਤ ਮੁਸ਼ਕਿਲ ਹੁੰਦਾ ਹੈ। ਅਜਿਹੀਆਂ ਚੀਜ਼ਾਂ ਭੋਜਨ ਨਲੀ ਜਾਂ ਪਾਚਨ ਤੰਤਰ ਦੇ ਤੰਗ ਹਿੱਸਿਆਂ ਵਿੱਚ ਫਸ ਸਕਦੀਆਂ ਹਨ, ਜਿਸ ਨਾਲ ਅੰਦਰੂਨੀ ਸੱਟਾਂ, ਪਾਚਨ ਤੰਤਰ ਵਿੱਚ ਰੁਕਾਵਟ ਜਾਂ ਛੇਦ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਇਸ ਮਰੀਜ਼ ਦੀ ਐਂਡੋਸਕੋਪੀ ਪ੍ਰਕਿਰਿਆ ਲਗਭਗ 30 ਮਿੰਟ ਤੱਕ ਚੱਲੀ। ਕਿਉਂਕਿ ਟੂਥਬ੍ਰਸ਼ ਪੇਟ ਵਿੱਚ ਲੇਟਵੀਂ ਸਥਿਤੀ ਵਿੱਚ ਫਸਿਆ ਹੋਇਆ ਸੀ, ਇਸ ਲਈ ਉਸ ਨੂੰ ਫੜਨਾ ਅਤੇ ਭੋਜਨ ਨਲੀ ਦੇ ਮੋੜਾਂ ਵਿੱਚੋਂ ਸੁਰੱਖਿਅਤ ਢੰਗ ਨਾਲ ਬਾਹਰ ਕੱਢਣਾ ਇੱਕ ਵੱਡੀ ਚੁਣੌਤੀ ਸੀ।

ਪ੍ਰਕਿਰਿਆ ਦੌਰਾਨ ਟੂਥਬ੍ਰਸ਼ ਪੇਟ ਅਤੇ ਭੋਜਨ ਨਲੀ ਦੇ ਜੁੜਨ ਵਾਲੀ ਥਾਂ ‘ਤੇ ਫਸ ਗਿਆ। ਫਿਰ ਗਲੇ ਦੇ ਤੰਗ ਹਿੱਸੇ ਵਿੱਚੋਂ ਇਸ ਨੂੰ ਬਾਹਰ ਕੱਢਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣੀ ਪਈ। ਕਈ ਕੋਸ਼ਿਸ਼ਾਂ ਤੋਂ ਬਾਅਦ ਆਖ਼ਰਕਾਰ ਬਿਨਾਂ ਕਿਸੇ ਸਰਜਰੀ ਦੇ ਪੂਰਾ ਟੂਥਬ੍ਰਸ਼ ਮੂੰਹ ਰਾਹੀਂ ਬਾਹਰ ਕੱਢ ਲਿਆ ਗਿਆ।

ਟੂਥਬ੍ਰਸ਼ ਕੱਢਣ ਤੋਂ ਬਾਅਦ ਇਹ ਪੁਸ਼ਟੀ ਕਰਨ ਲਈ ਇੱਕ ਹੋਰ ਐਂਡੋਸਕੋਪੀ ਕੀਤੀ ਗਈ ਕਿ ਭੋਜਨ ਨਲੀ ਜਾਂ ਪਾਚਨ ਤੰਤਰ ਵਿੱਚ ਕੋਈ ਸੱਟ ਤਾਂ ਨਹੀਂ ਲੱਗੀ। ਕੁਝ ਸਮੇਂ ਤੱਕ ਨਿਗਰਾਨੀ ਹੇਠ ਰੱਖਣ ਤੋਂ ਬਾਅਦ ਮਰੀਜ਼ ਦੀ ਹਾਲਤ ਸਥਿਰ ਪਾਈ ਗਈ ਅਤੇ ਉਸੇ ਦਿਨ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।

ਅਸੀਂ ਮੱਛੀ ਦੀਆਂ ਹੱਡੀਆਂ ਨਿਗਲਣ, ਛੋਟੇ ਬੱਚਿਆਂ ਵੱਲੋਂ ਚੀਜ਼ਾਂ, ਸਿੱਕੇ, ਬੈਟਰੀਆਂ ਆਦਿ ਨਿਗਲਣ ਵਰਗੀਆਂ ਖ਼ਬਰਾਂ ਜਾਂ ਘਟਨਾਵਾਂ ਪੜ੍ਹੀਆਂ ਜਾਂ ਸੁਣੀਆਂ ਹਨ। ਹਾਲਾਂਕਿ, ਟੂਥਬ੍ਰਸ਼ ਨੂੰ ਸਿੱਧਾ ਨਿਗਲਣ ਦਾ ਇਹ ਮਾਮਲਾ ਬਹੁਤ ਹੀ ਦੁਰਲੱਭ ਹੋਵੇਗਾ।

ਡਾ. ਰਾਵਸਾਹੇਬ ਰਾਠੌੜ
ਗੈਸਟਰੋਐਂਟਰੋਲੋਜਿਸਟ, ਹੈਪੇਟੋਲੋਜਿਸਟ ਅਤੇ ਥੈਰੇਪਿਊਟਿਕ ਐਂਡੋਸਕੋਪਿਸਟ
ਮੈਡੀਕਵਰ ਹਸਪਤਾਲ, ਨਵੀ ਮੁੰਬਈ

ਪਰ ਅਸੀਂ ਡਾ. ਰਾਵਸਾਹੇਬ ਰਾਠੌੜ ਤੋਂ ਪੁੱਛਿਆ ਕਿ ਮਾਲੁਸਰੇ ਦੀ ਮੁੱਢਲੀ ਐਕਸ-ਰੇ ਜਾਂਚ ਵਿੱਚ ਇਹ ਗੱਲ ਸਾਹਮਣੇ ਕਿਉਂ ਨਹੀਂ ਆਈ ਕਿ ਉਨ੍ਹਾਂ ਨੇ ਟੂਥਬ੍ਰਸ਼ ਨਿਗਲ ਲਿਆ ਸੀ।

ਉਨ੍ਹਾਂ ਕਿਹਾ, “ਪਲਾਸਟਿਕ ਦੀਆਂ ਚੀਜ਼ਾਂ ਆਮ ਤੌਰ ‘ਤੇ ਐਕਸ-ਰੇ ਵਿੱਚ ਸਪਸ਼ਟ ਤੌਰ ‘ਤੇ ਦਿਖਾਈ ਨਹੀਂ ਦਿੰਦੀਆਂ। ਹੱਡੀਆਂ ਅਤੇ ਧਾਤ ਵਰਗੀਆਂ ਚੀਜ਼ਾਂ ਮੁੱਖ ਤੌਰ ‘ਤੇ ਐਕਸ-ਰੇ ਵਿੱਚ ਦਿਖਾਈ ਦਿੰਦੀਆਂ ਹਨ। ਪਲਾਸਟਿਕ ਵਰਗੀਆਂ ਚੀਜ਼ਾਂ ਅਕਸਰ ਐਕਸ-ਰੇ ਵਿੱਚ ਨਜ਼ਰ ਨਹੀਂ ਆਉਂਦੀਆਂ। ਇਸ ਲਈ ਸਿਰਫ਼ ਐਕਸ-ਰੇ ਦੇ ਨਤੀਜਿਆਂ ਦੇ ਆਧਾਰ ‘ਤੇ ਇਹ ਸਿੱਟਾ ਨਹੀਂ ਕੱਢਿਆ ਜਾ ਸਕਦਾ ਕਿ ਚੀਜ਼ ਸਰੀਰ ਵਿੱਚ ਮੌਜੂਦ ਨਹੀਂ ਹੈ।”

”ਜੇ ਮਰੀਜ਼ ਨੂੰ ਯਕੀਨ ਹੈ ਕਿ ਉਸ ਨੇ ਕੋਈ ਚੀਜ਼ ਨਿਗਲ ਲਈ ਹੈ ਜਾਂ ਬਾਅਦ ਵਿੱਚ ਉਸ ਨੂੰ ਕੋਈ ਤਕਲੀਫ਼ ਹੋ ਰਹੀ ਹੈ, ਤਾਂ ਅੱਗੇ ਦੀ ਜਾਂਚ ਜ਼ਰੂਰੀ ਹੈ। ਇਸ ਮਰੀਜ਼ ਦੇ ਮਾਮਲੇ ਵਿੱਚ ਐਂਡੋਸਕੋਪੀ ਤੋਂ ਬਾਅਦ ਪਤਾ ਲੱਗਾ ਕਿ ਪੂਰਾ ਟੂਥਬ੍ਰਸ਼ ਪੇਟ ਵਿੱਚ ਸੀ। ਇਸ ਲਈ ਅਜਿਹੇ ਮਾਮਲਿਆਂ ਵਿੱਚ ਮਰੀਜ਼ ਦੀ ਮੈਡੀਕਲ ਹਿਸਟ੍ਰੀ ਅਤੇ ਲੱਛਣ ਵੀ ਖ਼ਾਸ ਤੌਰ ‘ਤੇ ਮਹੱਤਵਪੂਰਨ ਹੁੰਦੇ ਹਨ।”

ਐਂਡੋਸਕੋਪੀ ਕਿਉਂ?

ਜਦੋਂ ਡਾ. ਰਾਠੌੜ ਨੂੰ ਪੁੱਛਿਆ ਗਿਆ ਕਿ ਇਸ ਮਰੀਜ਼ ਦਾ ਇਲਾਜ ਐਂਡੋਸਕੋਪੀ ਰਾਹੀਂ ਕਰਨ ਦਾ ਫ਼ੈਸਲਾ ਕਿਵੇਂ ਲਿਆ ਗਿਆ, ਤਾਂ ਉਨ੍ਹਾਂ ਕਿਹਾ, “ਮਰੀਜ਼ ਦੀ ਜਾਂਚ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਸੀ ਕਿ ਟੂਥਬ੍ਰਸ਼ ਪੇਟ ਵਿੱਚ ਹੈ। ਇਸ ਤੋਂ ਬਾਅਦ ਇਸ ਨੂੰ ਐਂਡੋਸਕੋਪੀ ਰਾਹੀਂ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਗਿਆ। ਐਂਡੋਸਕੋਪੀ ਵਿੱਚ ਇੱਕ ਲਚਕਦਾਰ ਨਲੀ ਨੂੰ ਮੂੰਹ ਰਾਹੀਂ ਸਰੀਰ ਦੇ ਅੰਦਰ ਪਾਇਆ ਜਾਂਦਾ ਹੈ। ਇਸ ਦੇ ਸਿਰੇ ‘ਤੇ ਕੈਮਰਾ ਲੱਗਾ ਹੋਣ ਕਾਰਨ ਪਾਚਨ ਤੰਤਰ ਦੇ ਅੰਦਰੂਨੀ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ।”

ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰਕਿਰਿਆ ਵਿੱਚ, “ਵਿਸ਼ੇਸ਼ ਉਪਕਰਣਾਂ ਦੀ ਮਦਦ ਨਾਲ ਫਸੀ ਹੋਈ ਚੀਜ਼ ਨੂੰ ਫੜ ਕੇ ਬਾਹਰ ਕੱਢਿਆ ਜਾ ਸਕਦਾ ਹੈ। ਇਸ ਮਾਮਲੇ ਵਿੱਚ ਐਂਡੋਸਕੋਪ ਦੇ ਸਿਰੇ ‘ਤੇ ਇੱਕ ਵਿਸ਼ੇਸ਼ ਹੁੱਡ ਲਗਾਇਆ ਗਿਆ ਅਤੇ ਟੂਥਬ੍ਰਸ਼ ਦੇ ਇੱਕ ਸਿਰੇ ਨੂੰ ਫੜਿਆ ਗਿਆ।”

”ਇਸ ਨੂੰ ਸਹੀ ਤਰੀਕੇ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਕਿਉਂਕਿ ਐਂਡੋਸਕੋਪੀ ਰਾਹੀਂ ਮਰੀਜ਼ ਦੀ ਹਾਲਤ ਅਤੇ ਚੀਜ਼ ਦੀ ਸਥਿਤੀ ਦਾ ਪਤਾ ਲਗਾਉਣਾ ਸੰਭਵ ਸੀ, ਇਸ ਲਈ ਸਰਜਰੀ ਤੋਂ ਬਚਿਆ ਜਾ ਸਕਿਆ। ਹਾਲਾਂਕਿ, ਅਜਿਹਾ ਫ਼ੈਸਲਾ ਲੈਣ ਲਈ ਚੀਜ਼ ਦੀ ਸਥਿਤੀ, ਪਾਚਨ ਤੰਤਰ ਦੀ ਹਾਲਤ ਅਤੇ ਮਰੀਜ਼ ਦੀ ਸਮੁੱਚੀ ਸਿਹਤ ਦੀ ਜਾਂਚ ਕਰਨੀ ਜ਼ਰੂਰੀ ਹੁੰਦੀ ਹੈ।”

ਐਂਡੋਸਕੋਪੀ ਵਿੱਚ ਇੱਕ ਲਚਕਦਾਰ ਨਲੀ ਨੂੰ ਮੂੰਹ ਰਾਹੀਂ ਸਰੀਰ ਦੇ ਅੰਦਰ ਪਾਇਆ ਜਾਂਦਾ ਹੈ। ਇਸ ਦੇ ਸਿਰੇ 'ਤੇ ਕੈਮਰਾ ਲੱਗਾ ਹੋਣ ਕਾਰਨ ਪਾਚਨ ਤੰਤਰ ਦੇ ਅੰਦਰੂਨੀ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ (ਸੰਕੇਤਕ ਤਸਵੀਰ)

ਇਲਾਜ ਦੌਰਾਨ ਬ੍ਰਸ਼ ਫਸ ਜਾਣ ‘ਤੇ…

ਮੂੰਹ ਰਾਹੀਂ ਬ੍ਰਸ਼ ਬਾਹਰ ਕੱਢਦੇ ਸਮੇਂ ਡਾਕਟਰਾਂ ਦੀ ਟੀਮ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਐਂਡੋਸਕੋਪ ਦੇ ਸਿਰੇ ‘ਤੇ ਇੱਕ ਵਿਸ਼ੇਸ਼ ਹੁੱਡ ਲਗਾਇਆ ਗਿਆ ਅਤੇ ਟੂਥਬ੍ਰਸ਼ ਦਾ ਇੱਕ ਸਿਰਾ ਫੜਿਆ ਗਿਆ। ਹਾਲਾਂਕਿ, ਇਹ ਪੇਟ ਅਤੇ ਭੋਜਨ ਨਲੀ ਦੇ ਜੁੜਨ ਵਾਲੀ ਥਾਂ ‘ਤੇ ਫਸ ਗਿਆ।”

”ਮਰੀਜ਼ ਦੇ ਸਰੀਰ ਦੀ ਸਥਿਤੀ (ਪੁਜ਼ੀਸ਼ਨ) ਬਦਲ ਕੇ ਅਤੇ ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਇਸ ਨੂੰ ਅੱਗੇ ਵਧਾਇਆ ਗਿਆ। ਫਿਰ ਇਹ ਗਲੇ ਦੇ ਤੰਗ ਹਿੱਸੇ ਵਿੱਚ ਵੀ ਫਸ ਗਿਆ ਸੀ। ਕਿਉਂਕਿ ਟੂਥਬ੍ਰਸ਼ ਮੁੜਦਾ ਨਹੀਂ ਹੈ, ਇਸ ਲਈ ਇਹ ਪ੍ਰਕਿਰਿਆ ਬਹੁਤ ਸਾਵਧਾਨੀ ਨਾਲ ਕਰਨੀ ਪਈ।

ਡਾ. ਰਾਠੌੜ ਦੱਸਦੇ ਹਨ, “ਟੂਥਬ੍ਰਸ਼ ਬਾਹਰ ਕੱਢਣ ਤੋਂ ਬਾਅਦ ਇੱਕ ਹੋਰ ਐਂਡੋਸਕੋਪੀ ਕੀਤੀ ਗਈ। ਇਸ ਜਾਂਚ ਵਿੱਚ ਭੋਜਨ ਨਲੀ ਦੇ ਉੱਪਰਲੇ ਅਤੇ ਹੇਠਲੇ ਹਿੱਸਿਆਂ ਦੀ ਜਾਂਚ ਕੀਤੀ ਗਈ। ਇਹ ਦੇਖਿਆ ਗਿਆ ਕਿ ਟੂਥਬ੍ਰਸ਼ ਬਾਹਰ ਕੱਢਦੇ ਸਮੇਂ ਅੰਦਰੂਨੀ ਪਰਤ ਵਿੱਚ ਕੋਈ ਸੱਟ, ਖ਼ੂਨ ਵਗਣ ਜਾਂ ਹੋਰ ਕਿਸੇ ਤਰ੍ਹਾਂ ਦਾ ਨੁਕਸਾਨ ਤਾਂ ਨਹੀਂ ਹੋਇਆ। ਜਾਂਚ ਵਿੱਚ ਕੋਈ ਗੰਭੀਰ ਸੱਟ ਨਹੀਂ ਮਿਲੀ।”

”ਇਸ ਤੋਂ ਬਾਅਦ ਮਰੀਜ਼ ਨੂੰ ਕੁਝ ਸਮੇਂ ਤੱਕ ਨਿਗਰਾਨੀ ਹੇਠ ਰੱਖਿਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਹੋਣ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਤੋਂ ਚਾਰ ਘੰਟਿਆਂ ਦੇ ਅੰਦਰ ਘਰ ਭੇਜ ਦਿੱਤਾ ਗਿਆ।”

ਡਾ. ਰਾਠੌੜ ਨੇ ਕਿਹਾ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੰਦ ਸਾਫ਼ ਕਰਦੇ ਸਮੇਂ ਜਲਦਬਾਜ਼ੀ ਨਾ ਕਰੋ। ਜਦੋਂ ਟੂਥਬ੍ਰਸ਼ ਮੂੰਹ ਵਿੱਚ ਹੋਵੇ ਤਾਂ ਗੱਲ ਕਰਨ, ਹੱਸਣ ਜਾਂ ਹੋਰ ਕੰਮ ਕਰਨ ਤੋਂ ਬਚੋ (ਸੰਕੇਤਕ ਤਸਵੀਰ)

ਬੀਬੀਸੀ ਮਰਾਠੀ ਨੇ ਇਸ ਸਬੰਧ ਵਿੱਚ ਰਾਜੇਂਦਰ ਮਾਲੁਸਰੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਉਸ ਦਿਨ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ, “ਮੈਨੂੰ ਦੰਦ ਸਾਫ਼ ਕਰਨ ਤੋਂ ਬਾਅਦ ਬ੍ਰਸ਼ ਨਾਲ ਜੀਭ ਸਾਫ਼ ਕਰਨ ਦੀ ਆਦਤ ਹੈ। ਅਜਿਹਾ ਕਰਦੇ ਸਮੇਂ ਬ੍ਰਸ਼ ਫਸ ਗਿਆ ਅਤੇ ਅੰਦਰ ਚਲਾ ਗਿਆ। ਉਸ ਸਮੇਂ ਮੇਰੇ ਗਲੇ ਵਿੱਚ ਵੀ ਸੱਟ ਲੱਗੀ ਸੀ। ਇਸ ਲਈ ਮੈਨੂੰ ਲੱਗਿਆ ਕਿ ਬ੍ਰਸ਼ ਗਲੇ ਵਿੱਚ ਹੀ ਫਸ ਗਿਆ ਹੋਵੇਗਾ। ਪਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਹ ਮੇਰੇ ਪੇਟ ਵਿੱਚ ਚਲਾ ਗਿਆ ਹੈ।”

”ਸ਼ੁਰੂ ਵਿੱਚ ਮੈਂ ਡਰ ਗਿਆ ਸੀ, ਕਿਉਂਕਿ ਮੈਨੂੰ ਲੱਗਿਆ ਕਿ ਜੇ ਬ੍ਰਸ਼ ਅੰਦਰ ਫਸ ਗਿਆ ਤਾਂ ਸਾਹ ਲੈਣ ਵਿੱਚ ਦਿੱਕਤ ਹੋਵੇਗੀ। ਪਰ ਮੈਂ ਤੁਰੰਤ ਡਾਕਟਰ ਕੋਲ ਚਲਾ ਗਿਆ। ਪੇਣ ਵਿੱਚ ਇਲਾਜ ਸੰਭਵ ਨਾ ਹੋਣ ਕਾਰਨ ਮੈਂ ਨਵੀਂ ਮੁੰਬਈ ਦੇ ਖਾਰਘਰ ਗਿਆ। ਮੈਨੂੰ ਲੱਗਿਆ ਕਿ ਸਰਜਰੀ ਕਰਵਾਉਣੀ ਪਵੇਗੀ। ਪਰ ਐਂਡੋਸਕੋਪੀ ਰਾਹੀਂ ਇਲਾਜ ਪੂਰਾ ਹੋ ਗਿਆ ਅਤੇ ਮੈਨੂੰ ਉਸੇ ਦਿਨ ਘਰ ਭੇਜ ਦਿੱਤਾ ਗਿਆ।”

ਹਾਲਾਂਕਿ ਇਹ ਮਾਮਲਾ ਕਾਫੀ ਵਿਲੱਖਣ ਹੈ ਪਰ ਆਮ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਕੀ ਮਹੱਤਵਪੂਰਨ ਸਬਕ ਲੈਣਾ ਚਾਹੀਦਾ ਹੈ? ਇਸ ਸਵਾਲ ਅਸੀਂ ਡਾ. ਰਾਠੌੜ ਨੂੰ ਇਹ ਸਵਾਲ ਪੁੱਛਿਆ।

ਉਨ੍ਹਾਂ ਕਿਹਾ, “ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੰਦ ਸਾਫ਼ ਕਰਦੇ ਸਮੇਂ ਜਲਦਬਾਜ਼ੀ ਨਾ ਕਰੋ। ਜਦੋਂ ਟੂਥਬ੍ਰਸ਼ ਮੂੰਹ ਵਿੱਚ ਹੋਵੇ ਤਾਂ ਗੱਲ ਕਰਨ, ਹੱਸਣ ਜਾਂ ਹੋਰ ਕੰਮ ਕਰਨ ਤੋਂ ਬਚੋ। ਖ਼ਾਸ ਤੌਰ ‘ਤੇ ਟੂਥਬ੍ਰਸ਼ ਨੂੰ ਮੂੰਹ ਵਿੱਚ ਡੂੰਘਾ ਪਾ ਕੇ ਦੰਦ ਸਾਫ਼ ਕਰਨ ਤੋਂ ਬਚਣਾ ਚਾਹੀਦਾ ਹੈ। ਜੇ ਗ਼ਲਤੀ ਨਾਲ ਟੂਥਬ੍ਰਸ਼ ਜਾਂ ਕੋਈ ਹੋਰ ਵੱਡੀ ਚੀਜ਼ ਨਿਗਲ ਲਈ ਜਾਵੇ, ਤਾਂ ਤੁਰੰਤ ਹਸਪਤਾਲ ਜਾਓ।”

ਡਾ. ਰਾਠੌੜ ਇੱਕ ਹੋਰ ਸਲਾਹ ਦਿੰਦੇ ਹਨ। ਉਹ ਕਹਿੰਦੇ ਹਨ, “ਅਜਿਹੇ ਸਮੇਂ ਵਿੱਚ ਖ਼ੁਦ ਉਲਟੀ ਕਰਨ ਜਾਂ ਖਾਣੇ ਰਾਹੀਂ ਉਸ ਚੀਜ਼ ਨੂੰ ਹੇਠਾਂ ਧੱਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਨਾਲ ਭੋਜਨ ਨਲੀ ਵਿੱਚ ਸੱਟ ਲੱਗ ਸਕਦੀ ਹੈ ਜਾਂ ਚੀਜ਼ ਹੋਰ ਵੀ ਮਜ਼ਬੂਤੀ ਨਾਲ ਫਸ ਸਕਦੀ ਹੈ। ਹਾਲਾਂਕਿ ਸ਼ੁਰੂ ਵਿੱਚ ਦਰਦ ਹਲਕਾ ਹੋ ਸਕਦਾ ਹੈ, ਪਰ ਅੰਦਰੂਨੀ ਸੱਟ ਜਾਂ ਹੋਰ ਪੇਚੀਦਗੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸਮੇਂ ਸਿਰ ਜਾਂਚ ਅਤੇ ਢੁੱਕਵਾਂ ਇਲਾਜ ਬਹੁਤ ਜ਼ਰੂਰੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI