Home rss national punjabi2ਰਾਸ਼ਟਰੀ ਖ਼ਬਰਾਂ ਸਾੜ੍ਹੀ ਪਾ ਕੇ ਨੰਗੇ ਪੈਰੀਂ ਨੌਕਰੀ ਲਈ ਟ੍ਰਾਇਲ ਦੌੜ ਪੂਰੀ ਕਰਨ ਵਾਲੇ...

ਸਾੜ੍ਹੀ ਪਾ ਕੇ ਨੰਗੇ ਪੈਰੀਂ ਨੌਕਰੀ ਲਈ ਟ੍ਰਾਇਲ ਦੌੜ ਪੂਰੀ ਕਰਨ ਵਾਲੇ ਕਵਿਤਾ ਮਹਤੋ, ‘ਹੁਣ ਮੈਨੂੰ ਡਰ ਲੱਗਦਾ ਹੈ’

2
0

Source :- BBC PUNJABI

ਚਾਰ ਅਕਤੂਬਰ ਨੂੰ ਸਾੜ੍ਹੀ ਪਹਿਨ ਕੇ ਦੌੜਦੇ ਕਵਿਤਾ ਦੇਵੀ ਦਾ ਵੀਡੀਓ ਵਾਇਰਲ ਹੋ ਗਿਆ ਸੀ

ਸਾੜ੍ਹੀ ਪਾ ਕੇ ਨੰਗੇ ਪੈਰੀਂ ਦੌੜਦੀ ਇੱਕ ਪੇਂਡੂ ਮਹਿਲਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ।

ਪਹਿਲੀ ਨਜ਼ਰ ਵਿੱਚ ਕਿਸੇ ਫ਼ਿਲਮ ਦਾ ਦ੍ਰਿਸ਼ ਲੱਗਣ ਵਾਲਾ ਇਹ ਵੀਡੀਓ ਝਾਰਖੰਡ ਦੇ ਕਵਿਤਾ ਮਹਤੋ ਦਾ ਹੈ। ਉਹ ਰਾਮਗੜ੍ਹ ਜ਼ਿਲ੍ਹੇ ਦੇ ਸਿੱਧੋ-ਕਾਨਹੂ ਮੈਦਾਨ ਵਿੱਚ ਦੌੜੇ ਸਨ।

ਇਹ ਹੋਮ ਗਾਰਡ ਦੀ ਭਰਤੀ ਲਈ ਕਰਵਾਈ ਗਈ 1600 ਮੀਟਰ ਦੀ ਦੌੜ ਦੇ ਮੁਫ਼ਤ ਟ੍ਰਾਇਲ ਦੌਰਾਨ ਦਾ ਵੀਡੀਓ ਹੈ। ਇਸ ਨੂੰ ਦੇਖਣ ਤੋਂ ਬਾਅਦ ਕਵਿਤਾ ਮਹਤੋ ਦੀ ਬਹੁਤ ਤਾਰੀਫ਼ ਹੋ ਰਹੀ ਹੈ। ਉਹ ਇੱਕ ਗ੍ਰਹਿਣੀ ਹਨ ਅਤੇ ਉਨ੍ਹਾਂ ਦੇ ਪਤੀ ਦਾ ਦੇਹਾਂਤ ਹੋ ਚੁੱਕਿਆ ਹੈ।

ਮਾਡਰਨ ਸਪੋਰਟਸ ਸ਼ੂਜ਼, ਟਰੈਕ ਸੂਟ ਅਤੇ ਪੇਸ਼ੇਵਰ ਸਿਖਲਾਈ ਵਾਲੀ ਕਿੱਟ ਤੋਂ ਬਿਨ੍ਹਾਂ ਕਵਿਤਾ ਦੇਵੀ ਨੇ ਸਾੜ੍ਹੀ ਪਾ ਕੇ ਅਤੇ ਨੰਗੇ ਪੈਰੀਂ ਹੀ 1600 ਮੀਟਰ ਦੀ ਇਹ ਦੌੜ ਪੂਰੀ ਕਰ ਲਈ।

ਪਹਿਲੀ ਵਾਰ ਦੌੜ ਵਿੱਚ ਹਿੱਸਾ ਲਿਆ

ਟ੍ਰੇਨਰ ਅੰਕਿਤ ਅਗਰਵਾਲ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਵਿਤਾ ਨੂੰ ਮੁਫ਼ਤ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ

ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿੱਚ ਆਉਣ ਵਾਲੀ 24 ਅਕਤੂਬਰ ਤੋਂ 5 ਨਵੰਬਰ ਦੇ ਵਿਚਕਾਰ ਹੋਮ ਗਾਰਡ ਦੀਆਂ 284 ਅਸਾਮੀਆਂ ‘ਤੇ ਭਰਤੀ ਦੀ ਪ੍ਰਕਿਰਿਆ ਪ੍ਰਸਤਾਵਿਤ ਹੈ।

ਨਿਯਮਾਂ ਮੁਤਾਬਕ, ਇਸ ਵਿੱਚ ਮਹਿਲਾਵਾਂ ਲਈ 50 ਫ਼ੀਸਦੀ ਅਸਾਮੀਆਂ ਰਾਖਵੀਆਂ ਹਨ।

ਇਸ ਤੋਂ ਇਲਾਵਾ, ਜਿਨ੍ਹਾਂ ਮਹਿਲਾਵਾਂ ਦੇ ਪਤੀ ਦਾ ਦੇਹਾਂਤ ਹੋ ਚੁੱਕਿਆ ਹੈ, ਉਨ੍ਹਾਂ ਲਈ ਅਤੇ ਤਲਾਕਸ਼ੁਦਾ ਮਹਿਲਾਵਾਂ ਲਈ ਵੀ ਪੰਜ ਫ਼ੀਸਦੀ ਦਾ ਵਾਧੂ ਰਾਖਵਾਂਕਰਨ ਹੈ। ਇਸ ਭਰਤੀ ਪ੍ਰਕਿਰਿਆ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।

ਅਜਿਹੇ ਵਿੱਚ, ਮੁੱਖ ਭਰਤੀ ਪ੍ਰਕਿਰਿਆ ਤੋਂ ਪਹਿਲਾਂ ਉਮੀਦਵਾਰਾਂ ਦੀ ਤਿਆਰੀ ਨੂੰ ਪਰਖਣ ਅਤੇ ਉਨ੍ਹਾਂ ਨੂੰ ਅਭਿਆਸ ਦਾ ਮੌਕਾ ਦੇਣ ਲਈ ਰਾਮਗੜ੍ਹ ਦੇ ਸਥਾਨਕ ਮੈਦਾਨ ਵਿੱਚ 1600 ਮੀਟਰ ਦੀ ਟ੍ਰਾਇਲ ਦੌੜ ਕਰਵਾਈ ਗਈ।

ਨਿਯਮਾਂ ਮੁਤਾਬਕ, ਮਹਿਲਾ ਉਮੀਦਵਾਰਾਂ ਲਈ 1600 ਮੀਟਰ ਦੀ ਦੂਰੀ ਤੈਅ ਕਰਨ ਵਾਸਤੇ 10 ਮਿੰਟ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ।

ਇਸ ਟ੍ਰਾਇਲ ਵਿੱਚ 4 ਅਕਤੂਬਰ ਨੂੰ ਹਿੱਸਾ ਲੈਣ ਲਈ ਕਵਿਤਾ ਦੇਵੀ ਵੀ ਪਹੁੰਚੇ ਸਨ।

ਕਵਿਤਾ ਮਹਤੋ

ਇਹ ਟ੍ਰਾਇਲ ਕਵਿਤਾ ਮਹਤੋ ਦੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ, ਜਦੋਂ ਉਹ ਸੋਸੋ ਪਿੰਡ ਤੋਂ 16 ਕਿਲੋਮੀਟਰ ਦੂਰ ਮੈਦਾਨ ਵਿੱਚ ਦੌੜਨ ਲਈ ਉਤਰੇ ਸਨ।

ਉਨ੍ਹਾਂ ਨੇ ਕਿਸੇ ਪੇਸ਼ੇਵਰ ਦੌੜਾਕ ਵਾਂਗ ਨਹੀਂ, ਸਗੋਂ ਇੱਕ ਆਮ ਪੇਂਡੂ ਗ੍ਰਹਿਣੀ ਦੇ ਪਹਿਰਾਵੇ ਵਿੱਚ ਸਾੜ੍ਹੀ ਪਾ ਕੇ ਨੰਗੇ ਪੈਰੀਂ ਹੀ ਦੌੜਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਇਸ ਔਖੀ ਚੁਣੌਤੀ ਨੂੰ ਲਗਭਗ 9 ਮਿੰਟਾਂ ਵਿੱਚ ਹੀ ਪੂਰਾ ਕਰਕੇ ਦਿਖਾ ਦਿੱਤਾ।

ਟ੍ਰਾਇਲ ਕਰਵਾਉਣ ਵਾਲੇ ਟ੍ਰੇਨਰ ਅੰਕਿਤ ਅਗਰਵਾਲ ਉਨ੍ਹਾਂ ਦੇ ਇਸ ਪ੍ਰਦਰਸ਼ਨ ਬਾਰੇ ਕਹਿੰਦੇ ਹਨ, “ਸਾਧਨਾਂ ਦੀ ਘਾਟ ਕਦੇ ਵੀ ਸੁਪਨਿਆਂ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀ। ਕਵਿਤਾ ਨੇ ਇਹੀ ਸਾਬਿਤ ਕੀਤਾ ਹੈ।”

ਕਵਿਤਾ ਨੇ ਬੀਬੀਸੀ ਨੂੰ ਦੱਸਿਆ ਕਿ ਦੌੜਦੇ ਸਮੇਂ ਉਨ੍ਹਾਂ ਦੇ ਮਨ ਵਿੱਚ ਇਹੀ ਚੱਲ ਰਿਹਾ ਸੀ ਕਿ ਕੀ ਉਹ ਨਿਰਧਾਰਤ ਸਮੇਂ ਵਿੱਚ 1600 ਮੀਟਰ ਦੀ ਦੂਰੀ ਤੈਅ ਕਰ ਸਕਣਗੇ ਜਾਂ ਨਹੀਂ।

ਉਹ ਕਹਿੰਦੇ ਹਨ, “ਪਰ ਜਦੋਂ ਮੈਂ ਅੱਗੇ ਨਿਕਲੀ ਤਾਂ ਕੁਝ ਦੀਦੀਆਂ ਪਿੱਛੇ ਰਹਿ ਗਈਆਂ। ਇਸ ਨਾਲ ਮੇਰਾ ਹੌਸਲਾ ਵਧਿਆ ਅਤੇ ਮੈਂ ਆਪਣੀ ਕੋਸ਼ਿਸ਼ ਤੇਜ਼ ਕਰ ਦਿੱਤੀ। ਇਸ ਤਰ੍ਹਾਂ ਮੈਨੂੰ ਇਹ ਸਫ਼ਲਤਾ ਮਿਲ ਗਈ।”

ਸੱਸ ਅਤੇ ਦਰਾਣੀ ਨੇ ਦੌੜਨ ਲਈ ਹੌਸਲਾ ਦਿੱਤਾ

ਫੁਲਕੋ ਦੇਵੀ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਨੂੰਹ ਨੂੰ ਤੜਕੇ ਪਿੰਡ ਵਿੱਚ ਲਿਜਾ ਕੇ ਦੋ ਮਹੀਨਿਆਂ ਤੱਕ ਦੌੜਨ ਦਾ ਅਭਿਆਸ ਕਰਵਾਇਆ

ਮੈਦਾਨ ਵਿੱਚ ਦੌੜਦੇ ਕਵਿਤਾ ਦੇ ਕਦਮ ਜਿੰਨੇ ਤੇਜ਼ ਸਨ, ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਓਨਾ ਹੀ ਸੰਘਰਸ਼ਾਂ ਭਰਿਆ ਰਿਹਾ ਹੈ। ਪੰਜ ਸਾਲਾਂ ਦੀ ਲੰਬੀ ਬਿਮਾਰੀ ਤੋਂ ਬਾਅਦ ਕਵਿਤਾ ਦੇ ਪਤੀ ਦਾ ਸਾਲ 2023 ਵਿੱਚ ਦੇਹਾਂਤ ਹੋ ਗਿਆ।

ਕਵਿਤਾ ਦੱਸਦੇ ਹਨ ਕਿ ਪਤੀ ਦੀ ਮੌਤ ਤੋਂ ਪੰਜ ਸਾਲ ਪਹਿਲਾਂ ਉਨ੍ਹਾਂ ਦੇ ਲਿਵਰ ਵਿੱਚ ਸਮੱਸਿਆ ਆ ਗਈ ਸੀ, ਪਰ ਬਾਅਦ ਵਿੱਚ ਇਲਾਜ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਦੀ ਸਿਹਤ ਵਿਗੜਦੀ ਗਈ। ਉਹ ਗੁਜਰਾਤ ਦੀ ਇੱਕ ਫੈਕਟਰੀ ਵਿੱਚ ਸੁਪਰਵਾਈਜ਼ਰ ਸਨ।

ਕਵਿਤਾ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਨ੍ਹਾਂ ਦੀ ਉਮਰ 31 ਸਾਲ ਹੈ।

ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਦਿਓਰ ਸੰਭਾਲ ਰਹੇ ਸਨ, ਪਰ ਦੋ ਸਾਲ ਬਾਅਦ 2025 ਵਿੱਚ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦੀ ਵੀ ਮੌਤ ਹੋ ਗਈ।

ਕਵਿਤਾ ਦੀ ਇੱਕ 13 ਸਾਲ ਦੀ ਧੀ ਅਤੇ 11 ਸਾਲ ਦਾ ਪੁੱਤਰ ਹੈ। ਉਹ ਸੋਸੋ ਪਿੰਡ ਵਿੱਚ ਆਪਣੇ ਬਜ਼ੁਰਗ ਸੱਸ-ਸਹੁਰੇ ਨਾਲ ਰਹਿੰਦੇ ਹਨ।

ਜਦਕਿ ਉਨ੍ਹਾਂ ਦੇ ਦਰਾਣੀ ਸਰਿਤਾ, ਰਾਮਗੜ੍ਹ ਸਥਿਤ ਆਪਣੇ ਪੇਕੇ ਘਰ ਵਿੱਚ ਰਹਿ ਕੇ ਮਜ਼ਦੂਰੀ ਕਰਦੇ ਹਨ।

ਉਨ੍ਹਾਂ ਨੂੰ ਉੱਥੇ ਹੀ ਹੋਮ ਗਾਰਡ ਦੀ ਇਸ ਨੌਕਰੀ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਦੌੜ ਦੀ ਤਿਆਰੀ ਸ਼ੁਰੂ ਕੀਤੀ ਅਤੇ ਆਪਣੀ ਜਠਾਣੀ ਕਵਿਤਾ ਨੂੰ ਵੀ ਇਹ ਫਾਰਮ ਭਰਨ ਲਈ ਕਿਹਾ।

ਸੱਸ-ਸਹੁਰੇ ਅਤੇ ਦਰਾਣੀ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਕਵਿਤਾ ਦੇਵੀ ਨੇ ਆਨਲਾਈਨ ਹੋਮ ਗਾਰਡ ਦਾ ਫਾਰਮ ਭਰਿਆ।

ਕਵਿਤਾ ਕਹਿੰਦੇ ਹਨ, “ਪਿੰਡ ਦੇ ਲੋਕਾਂ ਨੇ ਰਿਹਾਇਸ਼ੀ ਅਤੇ ਜਾਤੀ ਸਰਟੀਫਿਕੇਟ ਬਣਵਾ ਦਿੱਤੇ। ਇਸ ਨਾਲ ਮੈਨੂੰ ਹੌਸਲਾ ਮਿਲਿਆ ਅਤੇ ਮੈਂ ਖ਼ੁਦ ਹੀ ਸਰੀਰਕ ਪ੍ਰੀਖਿਆ ਦੀ ਤਿਆਰੀ ਲਈ ਪਿੰਡ ਤੋਂ ਬਾਹਰ ਸਵੇਰੇ ਚਾਰ ਵਜੇ ਦੌੜਨਾ ਸ਼ੁਰੂ ਕਰ ਦਿੱਤਾ।”

ਪਤੀ ਦੀ ਮੌਤ ਤੋਂ ਬਾਅਦ ਸੰਘਰਸ਼ ਦਾ ਦੌਰ

ਇਸ ਪਰਿਵਾਰ ਲਈ ਕਮਾਈ ਕਰਨ ਦੀ ਜ਼ਿੰਮੇਵਾਰੀ ਹੁਣ ਕਵਿਤਾ ਦੇ ਮੋਢਿਆਂ 'ਤੇ ਹੈ

ਕਵਿਤਾ ਦੇ ਸੱਸ ਫੁਲਕੋ ਦੇਵੀ ਕਹਿੰਦੇ ਹਨ, “ਜਾਇਦਾਦ ਦੇ ਨਾਂ ‘ਤੇ ਸਾਡੇ ਕੋਲ ਸਿਰਫ਼ ਇਹ ਦੋ ਕਮਰਿਆਂ ਦਾ ਘਰ ਹੈ, ਜਿਸ ਨੂੰ ਉਨ੍ਹਾਂ ਦੇ ਦੋਵਾਂ ਪੁੱਤਰਾਂ ਨੇ ਆਪਣੇ ਵਿਆਹ ਤੋਂ ਪਹਿਲਾਂ ਗੁਜਰਾਤ ਵਿੱਚ ਕਮਾਈ ਕਰਕੇ ਬਣਵਾਇਆ ਸੀ।”

ਫੁਲਕੋ ਦੇਵੀ ਦੀ ਗੱਲ ਨਾਲ ਸਹਿਮਤ ਉਨ੍ਹਾਂ ਦੇ ਗੁਆਂਢੀ ਸਚਿਨ ਕੁਮਾਰ ਦਾ ਮੰਨਣਾ ਹੈ ਕਿ ਫੁਲਕੋ ਦੇਵੀ ਦੇ ਪੁੱਤਰਾਂ ਨੇ ਕੰਮ ਕਰਕੇ ਜੋ ਵੀ ਜਮ੍ਹਾਂ ਪੂੰਜੀ ਬਣਾਈ ਸੀ, ਉਹ ਦੋਵਾਂ ਦੀ ਲੰਬੀ ਬਿਮਾਰੀ ਦੇ ਇਲਾਜ ਵਿੱਚ ਖ਼ਤਮ ਹੋ ਗਈ।

ਉਹ ਕਹਿੰਦੇ ਹਨ, “ਅਜਿਹੇ ਵਿੱਚ ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੈ। ਪਹਿਲਾਂ ਪਰਿਵਾਰ ਦੀ ਹਾਲਤ ਠੀਕ ਸੀ। ਹੁਣ ਇਸ ਪਰਿਵਾਰ ‘ਤੇ ਕਰਜ਼ੇ ਦਾ ਬੋਝ ਵੀ ਹੈ।”

ਵਿਧਵਾ ਪੈਨਸ਼ਨ ਅਤੇ ਬੁਢਾਪਾ ਪੈਨਸ਼ਨ ‘ਤੇ ਨਿਰਭਰ ਇਸ ਪਰਿਵਾਰ ਲਈ ਕਮਾਈ ਕਰਨ ਦੀ ਜ਼ਿੰਮੇਵਾਰੀ ਹੁਣ ਕਵਿਤਾ ਦੇ ਮੋਢਿਆਂ ‘ਤੇ ਹੈ।

ਕਵਿਤਾ ਕਹਿੰਦੇ ਹਨ, “ਘਰ ਚਲਾਉਣ ਲਈ ਅਸੀਂ ਗਾਂ ਦਾ ਦੁੱਧ ਵੇਚਣ ਤੋਂ ਇਲਾਵਾ ਆਪਣੇ ਪਿੰਡ ਵਿੱਚ ਝੋਨੇ, ਮੱਕੀ ਅਤੇ ਮੂੰਗਫਲੀ ਦੇ ਖੇਤਾਂ ਵਿੱਚ ਮਜ਼ਦੂਰੀ ਕਰਦੇ ਹਾਂ।”

“ਗਰਮੀਆਂ ਵਿੱਚ ਇੱਟਾਂ ਦੇ ਭੱਠੇ ‘ਤੇ ਵੀ ਕੰਮ ਮਿਲ ਜਾਂਦਾ ਹੈ।”

ਕਵਿਤਾ ਦੇ ਸੱਸ ਫੁਲਕੋ ਦੇਵੀ ਨੇ ਕਿਹਾ, “ਖੇਤ ਤਾਂ ਜ਼ਿਆਦਾ ਨਹੀਂ ਹਨ। ਉਨ੍ਹਾਂ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਨੂੰਹ ਕਵਿਤਾ ਹੀ ਸਾਡੇ ਬੁਢਾਪੇ ਦਾ ਸਹਾਰਾ ਹੈ।”

ਫੁਲਕੋ ਕਹਿੰਦੇ ਹਨ, “ਮੇਰੀਆਂ ਦੋਵੇਂ ਨੂੰਹਾਂ ਵਿਧਵਾ ਹਨ। ਅਜਿਹੇ ਵਿੱਚ ਜੇਕਰ ਦੋਵੇਂ ਹੋਮ ਗਾਰਡ ਦੀ ਨੌਕਰੀ ਨਾਲ ਜੁੜ ਜਾਣ ਤਾਂ ਮੇਰੇ ਪੋਤੇ-ਪੋਤੀ ਦੀ ਬਿਹਤਰ ਪਰਵਰਿਸ਼ ਹੋ ਸਕੇਗੀ ਅਤੇ ਸਾਡਾ ਬੁਢਾਪਾ ਵੀ ਆਰਾਮ ਨਾਲ ਲੰਘੇਗਾ।”

ਕਵਿਤਾ ਕਹਿੰਦੇ ਹਨ, “ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਹੋਵੇ, ਰਿਸ਼ਤੇਦਾਰੀ ਵਿੱਚ ਵਿਆਹ ਹੋਵੇ ਜਾਂ ਕਿਸੇ ਦੇ ਘਰ ਕੋਈ ਦੁੱਖ ਦੀ ਘਟਨਾ ਵਾਪਰ ਜਾਵੇ ਤਾਂ ਪਰਿਵਾਰ ਵੱਲੋਂ ਮੈਨੂੰ ਹੀ ਜਾਣਾ ਪੈਂਦਾ ਹੈ।”

ਨੌਕਰੀ ਦੀ ਤਿਆਰੀ ਲਈ ਪਿੰਡ ਵਿੱਚ ਦੌੜਨਾ ਸ਼ੁਰੂ ਕੀਤਾ

ਕਵਿਤਾ ਦੀ ਦੌੜ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਟ੍ਰੇਨਰ ਨੇ ਉਨ੍ਹਾਂ ਨੂੰ ਦੌੜਨ ਲਈ ਟ੍ਰੈਕ ਸੂਟ ਅਤੇ ਜੁੱਤੇ ਵੀ ਮੁਹੱਈਆ ਕਰਵਾਏ ਹਨ

ਮੁੱਖ ਦੌੜ ਤੋਂ ਪਹਿਲਾਂ ਇਸ ਦਾ ਟ੍ਰਾਇਲ ਕਰਵਾਉਣ ਵਾਲੇ ਟ੍ਰੇਨਰ ਅੰਕਿਤ ਅਗਰਵਾਲ ਨੇ ਹੁਣ ਕਵਿਤਾ ਨੂੰ ਮੁਫ਼ਤ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਉਹ ਹੋਰ ਮਹਿਲਾ ਉਮੀਦਵਾਰਾਂ ਦੀ ਵੀ ਇਸੇ ਤਰ੍ਹਾਂ ਮਦਦ ਕਰ ਰਹੇ ਹਨ।

ਉਨ੍ਹਾਂ ਨੇ ਟ੍ਰਾਇਲ ਦੌੜ ਦੌਰਾਨ ਕਵਿਤਾ ਦਾ ਹੁਨਰ ਦੇਖਿਆ।

ਹਾਲਾਂਕਿ, ਇਸ ਟ੍ਰੇਨਿੰਗ ਲਈ ਪਹੁੰਚਣਾ ਵੀ ਕਵਿਤਾ ਲਈ ਆਸਾਨ ਨਹੀਂ ਹੈ। ਉਹ ਦੱਸਦੇ ਹਨ ਕਿ ਹਰ ਰੋਜ਼ ਸਵੇਰੇ ਜਲਦੀ ਉੱਠ ਕੇ, ਖਾਲੀ ਪੇਟ ਹੀ ਉਹ ਲਗਭਗ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰਾਮਗੜ੍ਹ ਸਥਿਤ ਮੈਦਾਨ ਵਿੱਚ ਪਹੁੰਚਦੇ ਹਨ।

ਉੱਥੇ ਹੋਰ ਮਹਿਲਾ ਉਮੀਦਵਾਰਾਂ ਨਾਲ ਸਵੇਰੇ 10 ਵਜੇ ਤੱਕ ਅਭਿਆਸ ਕਰਨ ਤੋਂ ਬਾਅਦ ਉਹ ਆਪਣੇ ਪਿੰਡ ਸੋਸੋ ਵਾਪਸ ਚਲੇ ਜਾਂਦੇ ਹਨ।

ਕਵਿਤਾ ਨੇ ਦੱਸਿਆ ਕਿ ਟ੍ਰਾਇਲ ਰਨ ਵਾਲੇ ਦਿਨ ਵੀ ਉਹ ਖਾਲੀ ਪੇਟ ਹੀ ਮੈਦਾਨ ਵਿੱਚ ਦੌੜੇ ਸਨ।

ਉਹ ਕਹਿੰਦੇ ਹਨ, “ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਮੈਂ 1600 ਮੀਟਰ ਦੀ ਦੌੜ ਪੂਰੀ ਕਰ ਸਕਾਂਗੀ। ਪਰ ਰੱਬ ਦੀ ਮਿਹਰ ਹੋਈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਨੂੰ ਮੁਫ਼ਤ ਸਿਖਲਾਈ ਦੇਣ ਵਾਲੇ ਟ੍ਰੇਨਰ ਮਿਲ ਗਏ।”

ਕਵਿਤਾ ਦੀ ਦੌੜ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਟ੍ਰੇਨਰ ਨੇ ਉਨ੍ਹਾਂ ਨੂੰ ਦੌੜਨ ਲਈ ਟ੍ਰੈਕ ਸੂਟ ਅਤੇ ਜੁੱਤੇ ਵੀ ਮੁਹੱਈਆ ਕਰਵਾਏ ਹਨ।

ਪਰ ਦੌੜ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋ ਰਹੀ ਚਰਚਾ ਕਾਰਨ ਕਵਿਤਾ ਅਸਹਿਜ ਵੀ ਮਹਿਸੂਸ ਕਰ ਰਹੇ ਹਨ। ਕਵਿਤਾ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਉਹ ਭਵਿੱਖ ਵਿੱਚ ਅਸਫਲ ਹੋ ਗਏ ਤਾਂ ਲੋਕ ਕੀ ਕਹਿਣਗੇ।

ਕਵਿਤਾ ਕਹਿੰਦੇ ਹਨ, “ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਨੂੰ ਬਹੁਤ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੈ। ਮੈਂ ਇਹੀ ਸੋਚ ਰਹੀ ਹਾਂ ਕਿ ਜੇਕਰ ਮੈਂ 25 ਅਕਤੂਬਰ ਦੀ ਦੌੜ ਵਿੱਚ ਸਫਲ ਨਾ ਹੋਈ ਤਾਂ ਮੇਰੇ ਪਿੰਡ ਦੇ ਲੋਕ ਮੇਰਾ ਮਜ਼ਾਕ ਉਡਾਉਣਗੇ। ਇਹ ਸੋਚ ਕੇ ਮੈਂ ਡਰ ਜਾਂਦੀ ਹਾਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI