Home rss national punjabi2ਰਾਸ਼ਟਰੀ ਖ਼ਬਰਾਂ ਸੋਨੀਆ ਗਾਂਧੀ ਨੇ ਪੀਐੱਮ ਦਾ ਅਹੁਦਾ ਕਿਉਂ ਠੁਕਰਾਇਆ, ਆਪਣੀਆਂ ਯਾਦਾਂ ਦੀ ਕਿਤਾਬ...

ਸੋਨੀਆ ਗਾਂਧੀ ਨੇ ਪੀਐੱਮ ਦਾ ਅਹੁਦਾ ਕਿਉਂ ਠੁਕਰਾਇਆ, ਆਪਣੀਆਂ ਯਾਦਾਂ ਦੀ ਕਿਤਾਬ ‘ਚ ਉਹਨਾਂ ਹੋਰ ਕੀ-ਕੀ ਲਿਖਿਆ

3
0

Source :- BBC PUNJABI

ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ

ਪੜ੍ਹਨ ਦਾ ਸਮਾਂ: 9 ਮਿੰਟ

ਕਾਂਗਰਸ ਆਗੂ ਸੋਨੀਆ ਗਾਂਧੀ ਨੇ ਐਕਸ ‘ਤੇ ਇੱਕ ਪੋਸਟ ਵਿੱਚ ਆਪਣੀ ਨਵੀਂ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ, “ਮੇਰੇ ਮਨ ਵਿੱਚੋਂ ਅਚਾਨਕ ਸ਼ੱਕ ਦੇ ਆਖ਼ਰੀ ਅੰਸ਼ ਵੀ ਦੂਰ ਹੋ ਗਏ। ਮੈਂ ਖ਼ੁਦ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ‘ਸੋਨੀਆ, ਆਪਣੇ ਪ੍ਰਤੀ ਇਮਾਨਦਾਰ ਰਹੋ। ਤੁਸੀਂ ਹਮੇਸ਼ਾ ਤੋਂ ਇਹ ਜਾਣਦੇ ਸੀ। ਬੱਸ, ਇਸ ਨੂੰ ਛੱਡ ਦਿਓ।’

ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਉਸ ਦੌਰ ਦੇ ਕਈ ਪਲਾਂ ਨੂੰ ਯਾਦ ਕੀਤਾ ਹੈ, ਜਿਨ੍ਹਾਂ ‘ਤੇ ਕਾਫ਼ੀ ਚਰਚਾ ਹੋ ਰਹੀ ਹੈ।

ਦਰਅਸਲ, ਸਾਲ 2004 ਵਿੱਚ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਸ਼ ਦੇ ਸਿਆਸੀ ਸਮੀਕਰਨ ਵਿੱਚ ਇੱਕ ਵੱਡਾ ਬਦਲਾਅ ਆਇਆ ਸੀ।

ਉਸ ਸਮੇਂ ਸੋਨੀਆ ਗਾਂਧੀ ਕਾਂਗਰਸ ਦੀ ਅਗਵਾਈ ਕਰ ਰਹੇ ਸਨ ਅਤੇ ਇਹ ਵੀ ਚਰਚਾ ਚੱਲ ਰਹੀ ਸੀ ਕਿ ਸੋਨੀਆ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ।

ਉਸ ਸਮੇਂ ਕਾਂਗਰਸ ਦੇ ਕਈ ਵਰਕਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਸਨ। ਦੂਜੇ ਪਾਸੇ, ਚੋਣਾਂ ਵਿੱਚ ਸੱਤਾ ਤੋਂ ਬਾਹਰ ਹੋਈ ਭਾਜਪਾ ਅਤੇ ਉਸ ਦੇ ਕਈ ਆਗੂ ਇਸ ਗੱਲ ਦਾ ਵਿਰੋਧ ਕਰ ਰਹੇ ਸਨ।

ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾਉਣ ਤੋਂ ਬਾਅਦ ਉਸ ਸਮੇਂ ਵੀ ਕਿਹਾ ਸੀ ਕਿ ਉਨ੍ਹਾਂ ਨੇ “ਅੰਤਰਆਤਮਾ ਦੀ ਆਵਾਜ਼” ‘ਤੇ ਇਹ ਫ਼ੈਸਲਾ ਲਿਆ ਹੈ।

ਹਾਲਾਂਕਿ, ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਭਾਜਪਾ ਅਤੇ ਉਸ ਸਮੇਂ ਵਿਰੋਧੀ ਧਿਰ ਦੇ ਕਈ ਆਗੂ ਇਹ ਇਲਜ਼ਾਮ ਲਗਾਉਂਦੇ ਰਹੇ ਕਿ ਯੂਪੀਏ ਦੀ ਸਰਕਾਰ 10 ਜਨਪਥ ਭਾਵ ਸੋਨੀਆ ਗਾਂਧੀ ਦੀ ਰਿਹਾਇਸ਼ ਤੋਂ ਚੱਲ ਰਹੀ ਹੈ।

ਮਨਮੋਹਨ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਯੂਪੀਏ ਸਰਕਾਰ ਦੌਰਾਨ ਸੋਨੀਆ ਗਾਂਧੀ ਯੂਪੀਏ ਦੇ ਪ੍ਰਧਾਨ ਸਨ।

ਉਸ ਦੌਰਾਨ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਕੰਮਾਂ ਅਤੇ ਨੀਤੀਆਂ ਬਾਰੇ ਸਲਾਹ ਦੇਣ ਲਈ ਰਾਸ਼ਟਰੀ ਸਲਾਹਕਾਰ ਕੌਂਸਲ ਦਾ ਵੀ ਗਠਨ ਕੀਤਾ ਗਿਆ ਸੀ, ਜਿਸ ਦੀ ਅਗਵਾਈ ਸੋਨੀਆ ਗਾਂਧੀ ਕਰ ਰਹੇ ਸਨ।

ਹਾਲਾਂਕਿ, ਸੋਨੀਆ ਗਾਂਧੀ ਨੇ ਸਪੱਸ਼ਟ ਤੌਰ ‘ਤੇ ਇਸ ਗੱਲ ਨੂੰ ਖਾਰਜ ਕੀਤਾ ਹੈ ਕਿ ਸਰਕਾਰ ਦੇ ਕੰਮਕਾਜ ਵਿੱਚ ਉਨ੍ਹਾਂ ਦਾ ਕੋਈ ਦਖ਼ਲ ਸੀ।

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੀ ਇੱਕ ਖ਼ਬਰ ਮੁਤਾਬਕ, ਸੋਨੀਆ ਗਾਂਧੀ ਨੇ ਆਪਣੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਵਿੱਚ ਉਸ ਦੌਰ ਦੌਰਾਨ ਸੱਤਾ ਦੇ ਕਈ ਸਮੀਕਰਨਾਂ ‘ਤੇ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਸਰਕਾਰੀ ਫ਼ਾਈਲ ਨਹੀਂ ਦਿਖਾਈ ਗਈ।

‘ਫ਼ਾਈਲ ਮੰਗਵਾਉਣ ਦੇ ਇਲਜ਼ਾਮ ਝੂਠੇ’

ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਮਨਮੋਹਨ ਸਿੰਘ, ਮੰਤਰੀ ਮੰਡਲ ਦੇ ਸਾਥੀਆਂ

ਹਿੰਦੁਸਤਾਨ ਟਾਈਮਜ਼ ਮੁਤਾਬਕ, ਸੋਨੀਆ ਗਾਂਧੀ ਨੇ ਆਪਣੀਆਂ ਯਾਦਾਂ ਵਿੱਚ ਕਿਹਾ ਹੈ ਕਿ ਯੂਪੀਏ ਦੇ ਸਮੇਂ ਦੌਰਾਨ ਸੱਤਾ ਦੀ ਸਪੱਸ਼ਟ ਵੰਡ ਸੀ, ਜਿਸ ਵਿੱਚ ਮਨਮੋਹਨ ਸਿੰਘ ਸਰਕਾਰ ਚਲਾ ਰਹੇ ਸਨ ਅਤੇ ਉਹ ਕਾਂਗਰਸ ਦੀ ਅਗਵਾਈ ਕਰ ਰਹੇ ਸਨ।

ਹਿੰਦੁਸਤਾਨ ਟਾਈਮਜ਼ ਮੁਤਾਬਕ, ਸੋਨੀਆ ਗਾਂਧੀ ਨੇ ਆਪਣੀਆਂ ਯਾਦਾਂ ਵਿੱਚ ਕਿਹਾ ਹੈ ਕਿ ਯੂਪੀਏ ਦੇ ਸਮੇਂ ਦੌਰਾਨ ਸੱਤਾ ਦੀ ਸਪੱਸ਼ਟ ਵੰਡ ਸੀ, ਜਿਸ ਵਿੱਚ ਮਨਮੋਹਨ ਸਿੰਘ ਸਰਕਾਰ ਚਲਾ ਰਹੇ ਸਨ ਅਤੇ ਉਹ ਕਾਂਗਰਸ ਦੀ ਅਗਵਾਈ ਕਰ ਰਹੇ ਸਨ।

ਕਾਂਗਰਸ ਪਾਰਲੀਮੈਂਟਰੀ ਪਾਰਟੀ (ਸੀਪੀਪੀ) ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਵਿੱਚ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਹੈ ਕਿ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ (ਯੂਪੀਏ) ਦੇ ਸਮੇਂ ਦੌਰਾਨ ਉਨ੍ਹਾਂ ਨੂੰ ਕਦੇ ਵੀ ਸਰਕਾਰੀ ਫ਼ਾਈਲਾਂ ਨਹੀਂ ਦਿਖਾਈਆਂ ਗਈਆਂ।

ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਸਮੇਂ ਉਨ੍ਹਾਂ ਨੇ ਆਪਣੇ ਸੁਝਾਅ ਦਿੱਤੇ ਸਨ ਤਾਂ ਜੋ ਉਨ੍ਹਾਂ ਲੋਕਾਂ ਦਾ ਧਿਆਨ ਰੱਖਿਆ ਜਾ ਸਕੇ, ਜਿਹੜੇ ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਸਨ।

ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਤੋਂ ਫ਼ਾਈਲਾਂ ਮੰਗਵਾਉਣ ਦੇ ਜੋ ਇਲਜ਼ਾਮ ਲਗਾਏ ਗਏ ਸਨ, ਉਹ “ਗ਼ਲਤ ਇਰਾਦੇ ਨਾਲ ਲਗਾਏ ਗਏ ਅਤੇ ਪੂਰੀ ਤਰ੍ਹਾਂ ਝੂਠੇ” ਸਨ।

ਹਿੰਦੁਸਤਾਨ ਟਾਈਮਜ਼ ਮੁਤਾਬਕ, ਉਨ੍ਹਾਂ ਨੇ ਕਿਤਾਬ ਵਿੱਚ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਸਾਲ 2004 ਦੀਆਂ ਆਮ ਚੋਣਾਂ ਦੇ ਨਤੀਜਿਆਂ ਤੋਂ ਕੁਝ ਮਹੀਨੇ ਪਹਿਲਾਂ ਹੀ ਇਹ ਤੈਅ ਕਰ ਲਿਆ ਸੀ ਕਿ ਉਹ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣਨਗੇ। ਬੱਚਿਆਂ ਨੇ ਸੁਰੱਖਿਆ ਕਾਰਨਾਂ ਕਰਕੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ।

ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ

ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਮੁਤਾਬਕ, ਸੋਨੀਆ ਗਾਂਧੀ ਨੇ ਲਿਖਿਆ, “ਚੋਣਾਂ ਤੋਂ ਕੁਝ ਮਹੀਨੇ ਪਹਿਲਾਂ, ਮੈਂ ਅਤੇ ਮੇਰੇ ਬੱਚਿਆਂ ਨੇ ਮੇਰੇ ਪ੍ਰਧਾਨ ਮੰਤਰੀ ਬਣਨ ਬਾਰੇ ਗੱਲ ਕੀਤੀ ਸੀ। ਉਨ੍ਹਾਂ ਵਿੱਚੋਂ ਇੱਕ ਨੇ ਮੈਨੂੰ ਸਿੱਧਾ ਪੁੱਛਿਆ ਕਿ ਜੇਕਰ ਸਾਡੀ ਪਾਰਟੀ ਜਿੱਤ ਜਾਂਦੀ ਹੈ ਤਾਂ ਕੀ ਮੈਂ ਇਹ ਅਹੁਦਾ ਸਵੀਕਾਰ ਕਰਾਂਗੀ? ਮੈਂ ਕਿਹਾ, ‘ਬਿਲਕੁਲ ਨਹੀਂ।’ ਮੈਂ ਇਹ ਗੱਲ ਲਗਭਗ ਗੁੱਸੇ ਵਿੱਚ ਕਹੀ ਸੀ।”

“ਉਨ੍ਹਾਂ ਨੇ ਮੇਰੇ ‘ਤੇ ਜ਼ੋਰ ਪਾਉਂਦਿਆਂ ਪੁੱਛਿਆ, ‘ਕੀ ਤੁਹਾਨੂੰ ਪੱਕਾ ਯਕੀਨ ਹੈ?’ ਤਾਂ ਮੈਂ ਜ਼ੋਰ ਦੇ ਕੇ ਕਿਹਾ ਕਿ ‘ਮੈਂ ਬਿਲਕੁਲ ਸਪੱਸ਼ਟ ਹਾਂ।’ ਨਾ ਤਾਂ ਰਾਹੁਲ ਅਤੇ ਨਾ ਹੀ ਪ੍ਰਿਅੰਕਾ ਨੂੰ ਲੱਗਦਾ ਸੀ ਕਿ ਮੈਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ।”

“ਉਹ ਆਪਣੀ ਦਾਦੀ ਦੀ ਹੱਤਿਆ ਅਤੇ ਆਪਣੇ ਪਿਤਾ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਸਦਮੇ ਵਿੱਚੋਂ ਗੁਜ਼ਰੇ ਸਨ। ਉਨ੍ਹਾਂ ਦੇ ਮਨ ਵਿੱਚ ਇਸ ਅਹੁਦੇ ‘ਤੇ ਹੋਣ ਦਾ ਮਤਲਬ ਅਸਲ ਵਿੱਚ ਖ਼ਤਰਾ ਵਧਣਾ ਸੀ। ਉਹ ਰਾਹਤ ਮਹਿਸੂਸ ਕਰ ਰਹੇ ਸਨ ਅਤੇ ਮੈਂ ਵੀ ਆਪਣੇ ਆਪ ਨੂੰ ਹਲਕਾ ਮਹਿਸੂਸ ਕਰ ਰਹੀ ਸੀ, ਕਿਉਂਕਿ ਪਹਿਲੀ ਵਾਰ ਮੈਂ ਇਸ ਸਵਾਲ ‘ਤੇ ਆਪਣੀ ਗੱਲ ਖੁੱਲ੍ਹ ਕੇ ਕਹੀ ਸੀ।”

ਇੰਡੀਅਨ ਐਕਸਪ੍ਰੈੱਸ ਮੁਤਾਬਕ, ਸੋਨੀਆ ਗਾਂਧੀ ਨੇ ਲਿਖਿਆ ਹੈ, “ਪੂਰੀ ਚੋਣ ਮੁਹਿੰਮ ਦੌਰਾਨ, ਜਦੋਂ ਵੀ ਮੈਨੂੰ ਜਨਤਕ ਤੌਰ ‘ਤੇ ਇਹ ਸਵਾਲ ਪੁੱਛਿਆ ਜਾਂਦਾ ਸੀ ਕਿ ਪ੍ਰਧਾਨ ਮੰਤਰੀ ਕੌਣ ਹੋਵੇਗਾ, ਤਾਂ ਮੈਂ ਕੋਈ ਪੱਕਾ ਜਵਾਬ ਨਹੀਂ ਦਿੰਦੀ ਸੀ।”

“ਮੈਨੂੰ ਅੰਦਰੋਂ ਸਿਰਫ਼ ਇਹ ਪਤਾ ਸੀ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਵਾਲਾ ਕੋਈ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ, ਜਿਸ ਕੋਲ ਸਰਕਾਰ ਵਿੱਚ ਕੰਮ ਕਰਨ ਦਾ ਲੰਮਾ ਤਜਰਬਾ ਹੋਵੇ ਅਤੇ ਜਿਸ ਦਾ ਇਮਾਨਦਾਰੀ ਦਾ ਰਿਕਾਰਡ ਬੇਦਾਗ਼ ਹੋਵੇ।”

ਸਾਲ 2004 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕੀ ਹੋਇਆ?

ਹਿੰਦੁਸਤਾਨ ਟਾਈਮਜ਼ ਮੁਤਾਬਕ, ਸੋਨੀਆ ਗਾਂਧੀ ਨੇ ਜੁਲਾਈ 2003 ਵਿੱਚ ਸ਼ਿਮਲਾ ਵਿਖੇ ਹੋਈ ਕਾਂਗਰਸ ਦੀ ਇੱਕ ਤਣਾਅਪੂਰਨ ਮੀਟਿੰਗ ਬਾਰੇ ਵੀ ਲਿਖਿਆ ਹੈ।

ਉਸ ਸਮੇਂ ਹੋਰ ਸਹਿਯੋਗੀ ਪਾਰਟੀਆਂ ਨਾਲ ਗਠਜੋੜ ਕਰਨ ਦੇ ਮੁੱਦੇ ‘ਤੇ ਪਾਰਟੀ ਦੇ ਅੰਦਰ ਅਸਹਿਮਤੀ ਸੀ। ਇਸ ਦੌਰਾਨ ਉਨ੍ਹਾਂ ਨੇ ਖ਼ੁਦ ਨੂੰ ਇਸ ਚਰਚਾ ਤੋਂ ਬਾਹਰ ਪਾਇਆ।

ਉਹ ਲਿਖਦੇ ਹਨ, “ਮੈਂ ਪੁੱਛਿਆ ਕਿ ਉਹ ਕਿਸ ਬਾਰੇ ਚਰਚਾ ਕਰ ਰਹੇ ਹਨ। ਤਾਂ ਥੋੜ੍ਹੀ ਜਿਹੀ ਝਿਜਕ ਨਾਲ ਮੈਨੂੰ ਜਵਾਬ ਮਿਲਿਆ ਕਿ ਉਹ ਇਸ ਬਾਰੇ ਚਰਚਾ ਕਰ ਰਹੇ ਹਨ ਕਿ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕੌਣ ਕਰੇਗਾ।”

ਹੈਰਾਨ ਸੋਨੀਆ ਗਾਂਧੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ “ਦੁੱਖ” ਹੋਇਆ ਕਿ ਉਨ੍ਹਾਂ ਦੀ ਪਾਰਟੀ ਦੇ ਸਾਥੀਆਂ ਨੇ ਉਨ੍ਹਾਂ ਨੂੰ ਬਾਹਰੀ ਸਮਝਿਆ ਅਤੇ ਇਹ ਸੰਦੇਸ਼ ਦਿੱਤਾ ਕਿ ਕਾਂਗਰਸ ਪ੍ਰਧਾਨ ਵਜੋਂ ਉਹ ਚੋਣ ਪ੍ਰਚਾਰ ਦੀ ਅਗਵਾਈ ਕਰਨਗੇ।

ਪਰ ਸੋਨੀਆ ਗਾਂਧੀ ਦੀ ਅਗਵਾਈ ਹੇਠ ਚੋਣਾਂ ਵਿੱਚ ਕਾਂਗਰਸ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ। ਸਾਲ 2004 ਦੀਆਂ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਦੀ ਹਾਰ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਖ਼ਾਸ ਤੌਰ ‘ਤੇ ਭਾਜਪਾ ਨੂੰ ਅਜਿਹੇ ਨਤੀਜਿਆਂ ਦੀ ਉਮੀਦ ਨਹੀਂ ਸੀ, ਜੋ ਉਸ ਨੂੰ ਸੱਤਾ ਤੋਂ ਬਾਹਰ ਕਰ ਦੇਣ।

ਉਸ ਸਮੇਂ ਐੱਨਡੀਏ ਸਰਕਾਰ ਨੇ ‘ਇੰਡੀਆ ਸ਼ਾਈਨਿੰਗ’ ਅਤੇ ‘ਫ਼ੀਲ ਗੁੱਡ’ ਦੇ ਨਾਅਰੇ ਦਿੱਤੇ ਸਨ। ਇਨ੍ਹਾਂ ਨਾਅਰਿਆਂ ਦੇ ਵਿਚਕਾਰ ਲੋਕ ਸਭਾ ਚੋਣਾਂ ਤੈਅ ਸਮੇਂ ਤੋਂ ਕਰੀਬ ਛੇ ਮਹੀਨੇ ਪਹਿਲਾਂ ਕਰਵਾਈਆਂ ਗਈਆਂ ਸਨ ਅਤੇ ਭਾਜਪਾ ਨੇ ਇਹ ਵੱਡਾ ਦਾਅ ਖੇਡਿਆ ਸੀ।

ਉਸ ਦਾ ਇਹ ਦਾਅ ਪੂਰੀ ਤਰ੍ਹਾਂ ਅਸਫਲ ਰਿਹਾ, ਪਰ ਹੁਣ ਪ੍ਰੀਖਿਆ ਦੀ ਵਾਰੀ ਕਾਂਗਰਸ ਅਤੇ ਉਸ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਸੀ। ਇੱਕ ਪਾਸੇ ਭਾਜਪਾ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦਾ ਮੁੱਦਾ ਉਠਾ ਰਹੀ ਸੀ, ਉੱਥੇ ਹੀ ਸੋਨੀਆ ਗਾਂਧੀ ਵੱਲੋਂ ਕਾਂਗਰਸ ਦੀ ਅਗਵਾਈ ਸੰਭਾਲਣ ਤੋਂ ਬਾਅਦ ਪਾਰਟੀ ਪਹਿਲੀ ਵਾਰ ਕੇਂਦਰ ਦੀ ਸੱਤਾ ਦੇ ਨੇੜੇ ਪਹੁੰਚੀ ਸੀ।

ਸੋਨੀਆ ਗਾਂਧੀ

ਇੰਡੀਅਨ ਐਕਸਪ੍ਰੈੱਸ ਮੁਤਾਬਕ, ਸਾਲ 2004 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਦੇ ਹਾਲਾਤ ਬਾਰੇ ਸੋਨੀਆ ਗਾਂਧੀ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਹੁਣ ਮੈਂ ਉਲਝਣ ਵਿੱਚ ਸੀ।”

“ਉਨ੍ਹਾਂ ਪਾਰਟੀ ਵਰਕਰਾਂ ਪ੍ਰਤੀ, ਜੋ ਮੇਰੇ ਇਨਕਾਰ ਕਰਨ ਨਾਲ ਦੁਖੀ ਅਤੇ ਨਿਰਾਸ਼ ਹੋਣਗੇ ਅਤੇ ਉਨ੍ਹਾਂ ਲੋਕਾਂ ਪ੍ਰਤੀ ਵੀ, ਜਿਨ੍ਹਾਂ ਨੇ ਸਾਨੂੰ ਆਪਣੀ ਵੋਟ ਦਿੱਤੀ ਸੀ। ਮੇਰੀਆਂ ਭਾਵਨਾਵਾਂ ਪਲ-ਪਲ ਬਦਲ ਰਹੀਆਂ ਸਨ। ਇੱਕ ਮਿੰਟ ਮੈਂ ਸਪੱਸ਼ਟ ਸੀ, ਅਗਲੇ ਹੀ ਪਲ ਉਲਝਣ ਵਿੱਚ ਪੈ ਜਾਂਦੀ ਸੀ।”

“ਗਠਜੋੜ ਦੇ ਆਗੂਆਂ ਨਾਲ ਇੱਕ ਮੀਟਿੰਗ ਤੈਅ ਹੋਈ ਸੀ। ਉਹ ਅਗਲੀ ਦੁਪਹਿਰ ਮੇਰੇ ਘਰ ਆਉਣ ਵਾਲੇ ਸਨ। ਉਨ੍ਹਾਂ ਨੇ ਮੇਰੇ ਸਹਿਯੋਗੀ ਆਗੂਆਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਮੈਨੂੰ ਮਨਾ ਲੈਣਗੇ।”

“ਅਗਲੇ ਦਿਨ ਮੇਰੇ ਘਰ ਦੇ ਸਭ ਤੋਂ ਪਿਛਲੇ ਹਿੱਸੇ ਵਿੱਚ ਬਣੇ ਰਾਜੀਵ ਦੇ ਕਾਨਫਰੰਸ ਰੂਮ ਵਿੱਚ ਗੱਠਜੋੜ ਦੇ ਕੁਝ ਆਗੂਆਂ ਨਾਲ ਮੀਟਿੰਗ ਚੱਲ ਰਹੀ ਸੀ। ਉਹ ਮੈਨੂੰ ਆਪਣੇ ਪ੍ਰਸਤਾਵ ਨਾਲ ਸਹਿਮਤ ਹੋਣ ਲਈ ਕਹਿ ਰਹੇ ਸਨ। ਜਿਵੇਂ ਹੀ ਚਰਚਾ ਖ਼ਤਮ ਹੋਈ, ਮੈਂ ਹਿੰਮਤ ਜੁਟਾ ਕੇ ਆਪਣੀ ਗੱਲ ਕਹੀ।”

“ਉਨ੍ਹਾਂ ਵਿੱਚ ਹੰਗਾਮਾ ਮਚ ਗਿਆ। ਉਹ ਖੜ੍ਹੇ ਹੋ ਕੇ ਮੇਰੇ ਵੱਲ ਵਧੇ। ਮੈਂ ਵੀ ਖੜ੍ਹੀ ਹੋ ਗਈ। ਉਨ੍ਹਾਂ ਨੇ ਮੈਨੂੰ ਘੇਰ ਲਿਆ। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ‘ਅਸੀਂ ਇਹ ਨਹੀਂ ਮੰਨਾਂਗੇ।’ ਦੂਜੇ ਨੇ ਕਿਹਾ, ‘ਮੈਡਮ, ਤੁਸੀਂ ਇਹ ਫ਼ੈਸਲਾ ਨਹੀਂ ਲੈ ਸਕਦੇ।'”

“ਉਨ੍ਹਾਂ ਦਾ ਲਹਿਜ਼ਾ ਜ਼ੋਰਦਾਰ, ਲਗਭਗ ਗੁੱਸੇ ਵਾਲਾ ਸੀ। ‘ਅਸੀਂ ਨਹੀਂ ਮੰਨਾਂਗੇ।’ ਮੈਂ ਘਬਰਾ ਗਈ। ਮੈਨੂੰ ਲੱਗਾ ਕਿ ਮੇਰੇ ‘ਤੇ ਕੋਈ ਹਾਵੀ ਹੋ ਗਿਆ ਹੈ। ਮੈਂ ਹੌਲੀ ਜਿਹੀ ਆਵਾਜ਼ ਵਿੱਚ ਬੁੜਬੁੜਾਈ, ‘ਠੀਕ ਹੈ।’ ਇਕੱਠੇ ਹੋਏ ਆਗੂ ਮੇਰੀ ਗੱਲ ਪੂਰੀ ਹੋਣ ਦਾ ਇੰਤਜ਼ਾਰ ਵੀ ਨਹੀਂ ਕਰਦੇ। ਉਹ ਇੱਕ-ਇੱਕ ਕਰਕੇ ਮੈਨੂੰ ਵਧਾਈ ਦੇਣ ਲੱਗ ਪਏ।”

“‘ਉਹ ਮੰਨ ਗਏ ਹਨ, ਉਹ ਮੰਨ ਗਏ ਹਨ,’ ਕੋਈ ਕਹਿੰਦਾ ਹੈ। ਮੈਂ ਬੱਸ ਉੱਥੇ ਹੀ ਖੜ੍ਹੀ ਰਹਿੰਦੀ ਹਾਂ, ਸੁੰਨ। ਅੱਗੇ ਕੁਝ ਕਹਿ ਨਹੀਂ ਪਾਉਂਦੀ। ਆਗੂ ਸੰਤੁਸ਼ਟ ਹੋ ਕੇ ਚਲੇ ਜਾਂਦੇ ਹਨ।”

ਸੋਨੀਆ ਗਾਂਧੀ

ਇੰਡੀਅਨ ਐਕਸਪ੍ਰੈੱਸ ਮੁਤਾਬਕ, ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਇਸ ਤੋਂ ਬਾਅਦ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਪ੍ਰਤੀਕਿਰਿਆ ਦਾ ਜ਼ਿਕਰ ਕੀਤਾ ਹੈ।

ਸੋਨੀਆ ਗਾਂਧੀ ਲਿਖਦੇ ਹਨ, “ਰਾਹੁਲ ਗੁੱਸੇ ਵਿੱਚ ਗਰਜੇ, ‘ਤੁਸੀਂ ਹਾਂ ਕਹਿ ਦਿੱਤੀ?’ ਮੈਂ ਜਵਾਬ ਦਿੱਤਾ, ‘ਉਹ ਮੇਰੀ ਗੱਲ ਨਹੀਂ ਸੁਣਨਗੇ।”

“ਮੈਂ ਇਹ ਨਹੀਂ ਕਰਨਾ ਚਾਹੁੰਦੀ, ਤੁਹਾਨੂੰ ਪਤਾ ਹੈ ਕਿ ਮੈਂ ਨਹੀਂ ਕਰਨਾ ਚਾਹੁੰਦੀ। ਮੇਰੇ ‘ਤੇ ਦਬਾਅ ਪਾਇਆ ਜਾ ਰਿਹਾ ਸੀ।’ ਉਨ੍ਹਾਂ ਨੇ ਪੁੱਛਿਆ, ‘ਤੁਹਾਡੇ ‘ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਸਾਡਾ ਕੀ?’ ਉਹ ਗੁੱਸੇ ਨਾਲ ਭਰਿਆ ਚਿਹਰਾ ਲੈ ਕੇ ਚਲੇ ਗਏ।”

ਸੋਨੀਆ ਗਾਂਧੀ ਨੇ ਲਿਖਿਆ, “ਪ੍ਰਿਅੰਕਾ ਨੇ ਕਿਹਾ, ‘ਦੇਖੋ ਮਾਂ, ਤੁਸੀਂ ਹਮੇਸ਼ਾ ਤੋਂ ਇਸ ਬਾਰੇ ਸਪੱਸ਼ਟ ਰਹੇ ਹੋ। ਇਸ ਲਈ ਆਪਣੇ ਆਪ ਨੂੰ ਮਜਬੂਰ ਨਾ ਕਰੋ। ਤੁਸੀਂ ਜੋ ਤੈਅ ਕੀਤਾ ਹੈ, ਉਹੀ ਕਰੋ।’ ਉਨ੍ਹਾਂ ਦੀਆਂ ਅੱਖਾਂ ਲਾਲ ਸਨ ਅਤੇ ਮੇਰਾ ਵੀ ਰੋਣ ਨੂੰ ਮਨ ਕਰ ਰਿਹਾ ਸੀ।”

ਇੰਡੀਅਨ ਐਕਸਪ੍ਰੈੱਸ ਮੁਤਾਬਕ, ਸੋਨੀਆ ਗਾਂਧੀ ਨੇ ਲਿਖਿਆ, “ਮੇਰੇ ਮਨ ਵਿੱਚ ਵਾਰ-ਵਾਰ ਇਹ ਗੱਲ ਆ ਰਹੀ ਸੀ ਕਿ ਮੇਰੇ ਕੰਮਾਂ ਦੇ ਦੂਰਗਾਮੀ ਨਤੀਜੇ ਹੋਣਗੇ, ਨਾ ਸਿਰਫ਼ ਮੇਰੀ ਪਾਰਟੀ ਲਈ, ਸਗੋਂ ਪੂਰੇ ਭਾਰਤ ਲਈ ਵੀ।”

“ਸਾਨੂੰ ਇੱਕ ਮਜ਼ਬੂਤ ਅਤੇ ਸਮਰੱਥ ਸਰਕਾਰ ਦੀ ਲੋੜ ਸੀ, ਤਾਂ ਜੋ ਭਾਰਤ ਨੂੰ ਵੰਡਣ ਵਾਲੀ ਰਾਜਨੀਤੀ ਤੋਂ ਦੂਰ ਰੱਖਿਆ ਜਾ ਸਕੇ। ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ, ਸਾਨੂੰ ਵਿਕਾਸ ਅਤੇ ਤਰੱਕੀ ਦੀ ਲੋੜ ਸੀ।”

“ਮੇਰਾ ਰਾਜਨੀਤੀ ਵਿੱਚ ਆਉਣਾ ਇਸ ਵਿਸ਼ਵਾਸ ਨਾਲ ਹੋਇਆ ਸੀ ਕਿ ਜੇਕਰ ਆਰਐੱਸਐੱਸ ਅਤੇ ਉਸ ਦੇ ਕਈ ਕੱਟੜ ਧੜਿਆਂ ਵੱਲੋਂ ਚਲਾਈ ਜਾ ਰਹੀ ਭਾਜਪਾ ਸੱਤਾ ਵਿੱਚ ਆ ਗਈ, ਤਾਂ ਉਹ ਭਾਈਚਾਰਿਆਂ ਵਿਚਾਲੇ ਟਕਰਾਅ ਨੂੰ ਹੱਲਾਸ਼ੇਰੀ ਦੇਵੇਗੀ ਅਤੇ ਸੰਵਿਧਾਨ ਨੂੰ ਖ਼ਤਮ ਕਰ ਦੇਵੇਗੀ।”

ਸੋਨੀਆ ਗਾਂਧੀ ਲਿਖਦੇ ਹਨ, “ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇਕਰ ਮੈਂ ਮੰਨ ਜਾਂਦੀ ਹਾਂ, ਤਾਂ ਉਹ ਜੋ ਰੌਲਾ ਪਾ ਰਹੇ ਹਨ ਅਤੇ ਚੋਣ ਮੁਹਿੰਮ ਦੌਰਾਨ ਜੋ ਪ੍ਰਚਾਰ ਫੈਲਾਇਆ ਹੈ, ਉਹ ਘੱਟ ਨਹੀਂ ਹੋਵੇਗਾ। ਭਾਜਪਾ ਅਤੇ ਉਸ ਦੇ ਸਾਥੀ ਯਕੀਨੀ ਤੌਰ ‘ਤੇ ਮੇਰੇ ‘ਵਿਦੇਸ਼ੀ ਮੂਲ’ ਨੂੰ ਇੱਕ ਮੁੱਦੇ ਵਜੋਂ ਵਰਤਣਗੇ।”

“ਉਹ ਭਾਵਨਾਵਾਂ ਭੜਕਾਉਣਗੇ ਅਤੇ ਅਜਿਹੀ ਤਬਾਹੀ ਮਚਾਉਣਗੇ, ਜੋ ਪਿਛਲੇ ਅਤੇ ਆਉਣ ਵਾਲੇ ਸਾਲਾਂ ਦੀ ਹਰ ਚੰਗੀ ਚੀਜ਼ ਨੂੰ ਦਬਾ ਦੇਵੇਗੀ। ਮੈਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਕਿਵੇਂ ਮੰਨ ਸਕਦੀ ਸੀ? ਨਹੀਂ, ਕਦੇ ਨਹੀਂ।”

ਸੋਨੀਆ ਗਾਂਧੀ

ਪ੍ਰਣਬ ਮੁਖਰਜੀ ਬਾਰੇ ਕੀ ਲਿਖਿਆ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉਨ੍ਹਾਂ ਦੀ ਧੀ ਸ਼ਰਮਿਸ਼ਠਾ ਮੁਖਰਜੀ ਪਹਿਲਾਂ ਵੀ ਇਸ ਗੱਲ ਵੱਲ ਇਸ਼ਾਰਾ ਕਰ ਚੁੱਕੇ ਹਨ ਕਿ ਗਾਂਧੀ ਪਰਿਵਾਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਨੂੰ ਲੈ ਕੇ ਝਿਜਕ ਰਿਹਾ ਸੀ, ਜਦੋਂ ਕਿ ਉਹ ਯੂਪੀਏ ਕੈਬਨਿਟ ਵਿੱਚ ਸਭ ਤੋਂ ਸੀਨੀਅਰ ਮੰਤਰੀ ਸਨ।

ਹਿੰਦੁਸਤਾਨ ਟਾਈਮਜ਼ ਮੁਤਾਬਕ, ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਦੱਸਿਆ ਹੈ ਕਿ ਸਾਲ 2010 ਵਿੱਚ, ਯੂਪੀਏ ਦੇ ਮੁੜ ਸੱਤਾ ਵਿੱਚ ਆਉਣ ਤੋਂ ਇੱਕ ਸਾਲ ਬਾਅਦ, ਮੁਖਰਜੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਦਲਣ ਦਾ ਸੁਝਾਅ ਦਿੱਤਾ ਸੀ।

ਉਨ੍ਹਾਂ ਨੇ ਕਿਤਾਬ ਵਿੱਚ ਲਿਖਿਆ, “ਉਨ੍ਹਾਂ ਨੇ ਮੈਨੂੰ ਇਹ ਸੁਝਾਅ ਦੇ ਕੇ ਹੈਰਾਨ ਕਰ ਦਿੱਤਾ ਕਿ ਸ਼ਾਇਦ ਹੁਣ ਸਿਖਰਲੇ ਅਹੁਦੇ ‘ਤੇ ਤਬਦੀਲੀ ਕਰਨ ਦਾ ਸਮਾਂ ਆ ਗਿਆ ਹੈ। ਮੈਂ ਇਸ ਨੂੰ ਪ੍ਰਧਾਨ ਮੰਤਰੀ ਬਣਨ ਦੀ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇੱਛਾ ਦੇ ਸੰਕੇਤ ਵਜੋਂ ਸਮਝਿਆ।”

“ਮੈਂ ਹੌਲੀ ਜਿਹੇ ਗੱਲ ਬਦਲ ਦਿੱਤੀ। ਹਾਲਾਂਕਿ, ਉਹ ਨਿਰਾਸ਼ ਹੋਏ ਹੋਣਗੇ, ਪਰ ਉਨ੍ਹਾਂ ਨੇ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਨ੍ਹਾਂ ਦੇ ਮਨ ਵਿੱਚ ਮੇਰੇ ਖ਼ਿਲਾਫ਼ ਕੁਝ ਸੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI