Source :- BBC PUNJABI
ਤਸਵੀਰ ਸਰੋਤ, ANI
ਚੇਤਾਵਨੀ: ਇਸ ਰਿਪੋਰਟ ਦੇ ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
ਕਮਰੇ ਵਿੱਚ ਧੂੰਆਂ ਭਰ ਰਿਹਾ ਸੀ ਅਤੇ ਵਿਵੇਕ ਅਗਰਵਾਲ ਦਾ ਦਮ ਘੁੱਟ ਰਿਹਾ ਸੀ। ਉਨ੍ਹਾਂ ਨੇ ਆਪਣੇ ਇੱਕ ਕਜ਼ਨ ਨੂੰ ਫ਼ੋਨ ਕੀਤਾ ਅਤੇ ਕਿਹਾ, “ਅਸੀਂ ਫਸ ਗਏ ਹਾਂ, ਸਾਨੂੰ ਕਿਸੇ ਤਰ੍ਹਾਂ ਬਚਾ ਲਓ।”
ਦਿੱਲੀ ਦੇ ਮਾਲਵੀਆ ਨਗਰ ਇਲਾਕੇ ਦੇ ਇੱਕ ‘ਹੋਟਲ’ ਵਿੱਚ ਬੁੱਧਵਾਰ ਨੂੰ ਲੱਗੀ ਅੱਗ ਵਿੱਚ ਗੁਰੂਗ੍ਰਾਮ ਦੇ ਰਹਿਣ ਵਾਲੇ ਅਗਰਵਾਲ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ ਹੈ।
ਪੇਸ਼ੇ ਤੋਂ ਸੀਏ ਅਤੇ ਇੱਕ ਵੱਡੀ ਕੰਪਨੀ ਵਿੱਚ ਸੀਨੀਅਰ ਅਹੁਦੇ ‘ਤੇ ਕੰਮ ਕਰ ਰਹੇ ਵਿਵੇਕ ਅਗਰਵਾਲ ਦੇ ਰਿਸ਼ਤੇਦਾਰ ਅਜੇ ਗੁਪਤਾ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, “ਬੁੱਧਵਾਰ ਨੂੰ ਸਾਡਾ ਪਰਿਵਾਰ ਹੋਟਲ, ਹਸਪਤਾਲ ਅਤੇ ਮੁਰਦਾਘਰ ਦੇ ਚੱਕਰ ਲਗਾਉਂਦਾ ਰਿਹਾ। ਪੂਰਾ ਪਰਿਵਾਰ ਖ਼ਤਮ ਹੋ ਗਿਆ ਹੈ।”
ਵਿਵੇਕ ਅਗਰਵਾਲ ਦੇ ਪਿਤਾ ਦਾ ਇਲਾਜ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਚੱਲ ਰਿਹਾ ਸੀ ਅਤੇ ਉਨ੍ਹਾਂ ਦਾ ਪਰਿਵਾਰ ਨੇੜੇ ਹੀ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਉਨ੍ਹਾਂ ਦੇ ਤਿੰਨ ਰਿਸ਼ਤੇਦਾਰ ਬੁੱਧਵਾਰ ਸਵੇਰੇ ਹੀ ਰਾਜਸਥਾਨ ਤੋਂ ਪਹੁੰਚੇ ਸਨ। ਉਨ੍ਹਾਂ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ।
ਬੁੱਧਵਾਰ ਸਵੇਰੇ ਮਾਲਵੀਆ ਨਗਰ ਵਿੱਚ ਫਲਰਿਸ਼ ਬੀਐੱਨਬੀ (ਬੈੱਡ ਐਂਡ ਬ੍ਰੇਕਫ਼ਾਸਟ) ਦੇ ਨਾਮ ਨਾਲ ਚਲਾਏ ਜਾ ਰਹੇ ਹੋਟਲ ਵਿੱਚ ਲੱਗੀ ਅੱਗ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 11 ਵਿਦੇਸ਼ੀ ਨਾਗਰਿਕ ਹਨ।
ਇਹ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਦਾ ਇਲਾਜ ਕਰਵਾਉਣ ਲਈ ਦਿੱਲੀ ਆਏ ਹੋਏ ਸਨ।
ਬੁੱਧਵਾਰ ਦੇਰ ਸ਼ਾਮ ਦਿੱਲੀ ਪੁਲਿਸ ਨੇ ਇਸ ਹੋਟਲ ਦੇ ਸੰਚਾਲਕ ਲਵਕੇਸ਼ ਬਜਾਜ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਇਮਾਰਤ, ਜਿਸ ਨੂੰ ‘ਹੋਟਲ’ ਕਿਹਾ ਜਾ ਰਿਹਾ ਹੈ, ਦਸਤਾਵੇਜ਼ਾਂ ਵਿੱਚ ਹੋਟਲ ਵਜੋਂ ਦਰਜ ਨਹੀਂ ਹੈ।
‘ਖਿੜਕੀਆਂ ਨੂੰ ਸੀਲ ਕਰ ਦਿੱਤਾ ਗਿਆ ਸੀ’
ਤਸਵੀਰ ਸਰੋਤ, ANI
ਦਿੱਲੀ ਦਮਕਲ ਵਿਭਾਗ ਦੇ ਮੁਤਾਬਕ, ਹੋਟਲ ਸੰਚਾਲਕ ਨੇ ਨੋ ਆਬਜੈਕਸ਼ਨ ਸਰਟੀਫਿਕੇਟ (ਐੱਨਓਸੀ) ਨਹੀਂ ਲਿਆ ਸੀ। ਇਸ ਤੋਂ ਇਲਾਵਾ ਹੋਟਲ ਵਿੱਚ ਫਾਇਰ ਸਿਸਟਮ ਵੀ ਨਹੀਂ ਸੀ।
ਦਿੱਲੀ ਦੇ ਮੁੱਖ ਦਮਕਲ ਅਧਿਕਾਰੀ ਅਭਿਲਾਸ਼ ਮਲਿਕ ਦੇ ਮੁਤਾਬਕ, ਇਸ ਹੋਟਲ ਨੂੰ ਦਿੱਲੀ ਦੇ ਟੂਰਿਜ਼ਮ ਵਿਭਾਗ ਨੇ ਬੀਐਂਡਬੀ ਦਾ ਲਾਇਸੈਂਸ ਦਿੱਤਾ ਸੀ ਅਤੇ ਫਾਇਰ ਵਿਭਾਗ ਤੋਂ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ ਸੀ।
ਅਭਿਲਾਸ਼ ਮਲਿਕ ਦੇ ਮੁਤਾਬਕ, “ਇਮਾਰਤ ਵਿੱਚ ਇੱਕ ਬੇਸਮੈਂਟ, ਗ੍ਰਾਊਂਡ ਫਲੋਰ ਅਤੇ ਉੱਪਰ ਪੰਜ ਮੰਜ਼ਿਲਾਂ ਹਨ। ਬੇਸਮੈਂਟ ਵਿੱਚ ਦੋ ਕਮਰੇ ਸਨ, ਹਰ ਮੰਜ਼ਿਲ ‘ਤੇ ਪੰਜ ਕਮਰੇ ਹਨ ਅਤੇ ਟੈਰਸ (ਛੱਤ) ‘ਤੇ ਵੀ ਚਾਰ ਕਮਰੇ ਹਨ, ਜਿਨ੍ਹਾਂ ਵਿੱਚੋਂ ਦੋ ਦਾ ਇਸਤੇਮਾਲ ਗੈਸਟ ਰੂਮ ਵਜੋਂ ਕੀਤਾ ਜਾ ਰਿਹਾ ਸੀ।”
ਇੱਥੇ ਲੱਗੀ ਅੱਗ ਨੂੰ ਬੁਝਾਉਣਾ ਅਤੇ ਲੋਕਾਂ ਨੂੰ ਰੈਸਕਿਊ ਕਰਨਾ ਇਮਾਰਤ ਦੀ ਬਣਾਵਟ ਕਾਰਨ ਬਹੁਤ ਹੀ ਚੁਣੌਤੀਪੂਰਨ ਸੀ।
ਦਿੱਲੀ ਫਾਇਰ ਸਰਵਿਸ ਦੇ ਮੁਤਾਬਕ, ਸਵੇਰੇ 8 ਵੱਜ ਕੇ 51 ਮਿੰਟ ‘ਤੇ ਮਦਦ ਲਈ ਕਾਲ ਮਿਲੀ ਸੀ ਅਤੇ ਕੁਝ ਹੀ ਮਿੰਟਾਂ ਵਿੱਚ ਫਾਇਰ ਟੈਂਡਰ ਰਵਾਨਾ ਕਰ ਦਿੱਤੇ ਗਏ ਸਨ।
ਬੀਬੀਸੀ ਨੇ ਘਟਨਾ ਵਾਲੀ ਥਾਂ ‘ਤੇ ਰਿਕਾਰਡ ਕੀਤੀਆਂ ਕਈ ਅਜਿਹੀਆਂ ਵੀਡੀਓਜ਼ ਦੇਖੀਆਂ ਹਨ ਜਿਨ੍ਹਾਂ ਵਿੱਚ ਸਵੇਰੇ 10 ਵੱਜ ਕੇ 50 ਮਿੰਟ ਤੋਂ ਬਾਅਦ ਵੀ ਲੋਕਾਂ ਨੂੰ ਇਮਾਰਤ ਵਿੱਚੋਂ ਬਾਹਰ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ।

ਬੀਬੀਸੀ ਨੇ ਘਟਨਾ ਵਾਲੀ ਥਾਂ ‘ਤੇ ਰਿਕਾਰਡ ਕੀਤੀਆਂ ਕਈ ਅਜਿਹੀਆਂ ਵੀਡੀਓਜ਼ ਵੀ ਦੇਖੀਆਂ ਹਨ ਜਿਨ੍ਹਾਂ ਵਿੱਚ ਲੋਕ ਇਮਾਰਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਭਿਲਾਸ਼ ਮਲਿਕ ਨੇ ਬਚਾਅ ਕਰਮੀਆਂ ਦੇ ਸਾਹਮਣੇ ਆਈਆਂ ਮੁਸ਼ਕਲਾਂ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਸਾਨੂੰ ਇਸ ਅੱਗ ਨੂੰ ਬੁਝਾਉਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਚੁਣੌਤੀਆਂ ਇੱਥੇ ਠਹਿਰੇ ਲੋਕਾਂ ਲਈ ਹੋਰ ਵੱਧ ਸਨ।”
“ਇਮਾਰਤ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇੱਥੇ ਠਹਿਰੇ ਲੋਕਾਂ ਲਈ ਬਾਹਰ ਨਿਕਲਣ ਦੀ ਸੰਭਾਵਨਾ ਨਾ ਦੇ ਬਰਾਬਰ ਸੀ। ਖਿੜਕੀਆਂ ਨੂੰ ਸਥਾਈ ਤੌਰ ‘ਤੇ ਸੀਲ ਕਰ ਦਿੱਤਾ ਗਿਆ ਸੀ ਅਤੇ ਹਵਾ ਦੇ ਆਉਣ-ਜਾਣ ਦੀ ਕੋਈ ਗੁੰਜਾਇਸ਼ ਨਹੀਂ ਸੀ।”
ਉਨ੍ਹਾਂ ਨੇ ਕਿਹਾ, “ਅਜਿਹੀਆਂ ਇਮਾਰਤਾਂ ਸ਼ਾਫਟ ਵਾਂਗ ਕੰਮ ਕਰਦੀਆਂ ਹਨ। ਅੱਗ ਲੱਗਣ ਦੇ ਕੁਝ ਸਕਿੰਟਾਂ ਅੰਦਰ ਹੀ ਇਮਾਰਤ ਵਿੱਚ ਗਰਮੀ ਅਤੇ ਧੂੰਆਂ ਭਰ ਜਾਂਦਾ ਹੈ ਅਤੇ ਲੋਕਾਂ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।”
ਬੀਐਂਡਬੀ ਯੋਜਨਾ ਤਹਿਤ ਰਜਿਸਟਰਡ ਸੀ ਇਮਾਰਤ
ਕਰੀਬ 25 ਕਮਰਿਆਂ ਵਾਲੇ ਇਸ ‘ਹੋਟਲ’ ਨੇ ਸੰਚਾਲਨ ਲਈ ਦਿੱਲੀ ਸਰਕਾਰ ਦੀ ਬੈੱਡ ਐਂਡ ਬ੍ਰੇਕਫਾਸਟ (ਬੀਐਂਡਬੀ) ਸਕੀਮ ਤਹਿਤ ਲਾਇਸੈਂਸ ਲਿਆ ਹੋਇਆ ਸੀ।
ਇਸ ਯੋਜਨਾ ਤਹਿਤ ਆਮ ਤੌਰ ‘ਤੇ ਵੱਧ ਤੋਂ ਵੱਧ 8 ਕਮਰਿਆਂ ਦੇ ਸੰਚਾਲਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਕਾਮਨਵੈਲਥ ਖੇਡਾਂ ਦੌਰਾਨ ਰਾਜਧਾਨੀ ਦਿੱਲੀ ਵਿੱਚ ਸੈਲਾਨੀਆਂ ਦੇ ਰਹਿਣ ਲਈ ਕਮਰਿਆਂ ਦੀ ਉਪਲਬਧਤਾ ਵਧਾਉਣ ਦੇ ਮਕਸਦ ਨਾਲ ਲਿਆਂਦੀ ਗਈ ਬੀਐਂਡਬੀ ਯੋਜਨਾ ਤਹਿਤ ਸਿਰਫ਼ ਉਹਨਾਂ ਹੀ ਜਾਇਦਾਦਾਂ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ ਜਿੱਥੇ ਮਾਲਕ ਖ਼ੁਦ ਵੀ ਰਹਿੰਦੇ ਹੋਣ।
ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ (ਅਤੁੱਲਯ ਭਾਰਤ) ਭੋਜਨ ਅਤੇ ਸ਼ਯਨ ਕਮਰਾ ਸੰਸਥਾਪਨ (ਰਜਿਸਟ੍ਰੇਸ਼ਨ ਅਤੇ ਵਿਨਿਯਮ) 2007 ਤਹਿਤ ਅਜਿਹੀ ਜਾਇਦਾਦ ਨੂੰ ਹੋਟਲ, ਗੈਸਟ ਹਾਊਸ, ਹੋਸਟਲ ਜਾਂ ਵਪਾਰਕ ਲੌਜਿੰਗ ਸੰਸਥਾ ਵਜੋਂ ਵਰਤਿਆ ਨਹੀਂ ਜਾ ਸਕਦਾ।
ਹਾਲਾਂਕਿ, ਦਿੱਲੀ ਦੇ ਹੌਜਰਾਨੀ ਇਲਾਕੇ ਵਿੱਚ ਜਿੱਥੇ ਫਲਰਿਸ਼ ਸਟੇਜ਼ (ਰਜਿਸਟਰਡ ਨਾਮ) ਨਾਮ ਦੀ ਇਹ ਸੰਪਤੀ ਸਥਿਤ ਹੈ, ਅਜਿਹੇ ਕਈ ਹੋਰ ਹੋਟਲ ਹਨ ਜੋ ਬੀਐਂਡਬੀ ਯੋਜਨਾ ਤਹਿਤ ਹੋਏ ਰਜਿਸਟ੍ਰੇਸ਼ਨ ਦੇ ਆਧਾਰ ‘ਤੇ ਚੱਲ ਰਹੇ ਹਨ।
ਇਸੇ ਇਮਾਰਤ ਵਿੱਚ ਹੇਠਾਂ ਇੱਕ ਰੈਸਟੋਰੈਂਟ ਵੀ ਹੈ।
ਬੀਬੀਸੀ ਨੇ ਆਸ-ਪਾਸ ਅਜਿਹੇ ਕਈ ਹੋਟਲ ਦੇਖੇ ਜੋ ਇਸੇ ਤਰ੍ਹਾਂ ਦੀ ਰਜਿਸਟ੍ਰੇਸ਼ਨ ਦੇ ਆਧਾਰ ‘ਤੇ ਚੱਲ ਰਹੇ ਹਨ।
ਸਾਲ 2023 ਦੇ ਅੰਕੜਿਆਂ ਮੁਤਾਬਕ, ਦਿੱਲੀ ਵਿੱਚ ਅਜਿਹੇ 432 ਘਰ ਹਨ ਜੋ ਬੀਐਂਡਬੀ ਵਜੋਂ ਰਜਿਸਟਰਡ ਹਨ ਅਤੇ ਇਨ੍ਹਾਂ ਵਿੱਚ 2200 ਤੋਂ ਵੱਧ ਕਮਰੇ ਹਨ।
ਉੱਥੇ ਹੀ ਪਿਛਲੇ ਹਫ਼ਤੇ ਹੀ ਦਿੱਲੀ ਸਰਕਾਰ ਨੇ ਨਵੀਂ ਡ੍ਰਾਫਟ ਬੀਐਂਡਬੀ ਨੀਤੀ ਤਿਆਰ ਕੀਤੀ ਸੀ, ਜਿਸ ਤਹਿਤ 8 ਕਮਰਿਆਂ ਅਤੇ 16 ਬਿਸਤਰਿਆਂ ਵਾਲੀਆਂ ਜਾਇਦਾਦਾਂ ਨੂੰ ਵੀ ਬੀਐਂਡਬੀ ਵਜੋਂ ਰਜਿਸਟਰ ਕੀਤਾ ਜਾ ਸਕਦਾ ਹੈ।
ਇਸ ਡ੍ਰਾਫਟ ਨੀਤੀ ਤਹਿਤ ਸੀਸੀਟੀਵੀ ਕੈਮਰਾ, ਪੁਲਿਸ ਵੇਰੀਫਿਕੇਸ਼ਨ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਲਾਜ਼ਮੀ ਹੈ।
ਨਹੀਂ ਸੀ ਐਗਜ਼ਿਟ ਰੂਟ
ਤਸਵੀਰ ਸਰੋਤ, ANI
ਅਮਰੀਕੀ ਨਾਗਰਿਕ ਮਾਈਕਲ ਆਪਣੇ ਪਰਿਵਾਰਕ ਮੈਂਬਰ ਦਾ ਇਲਾਜ ਕਰਵਾਉਣ ਲਈ ਦਿੱਲੀ ਆਏ ਹਨ। ਉਹ ਫਲਰਿਸ਼ ਬੀਐਂਡਬੀ ਦੇ ਨਾਲ ਲੱਗਦੇ ਇਸੇ ਤਰ੍ਹਾਂ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ।
ਬੀਬੀਸੀ ਨਾਲ ਗੱਲ ਕਰਦਿਆਂ ਮਾਈਕਲ ਨੇ ਕਿਹਾ, “ਇਮਾਰਤ ਅੱਗ ਦੀ ਲਪੇਟ ਵਿੱਚ ਸੀ, ਮੈਂ ਕਈ ਲੋਕਾਂ ਨੂੰ ਛਾਲਾਂ ਮਾਰਦੇ ਦੇਖਿਆ। ਇੱਥੇ ਸਿਰਫ਼ ਇੱਕ ਹੀ ਐਂਟਰੀ ਅਤੇ ਐਗਜ਼ਿਟ ਹੈ, ਕੋਈ ਦੂਜਾ ਰਸਤਾ ਨਹੀਂ ਸੀ, ਇਸ ਕਾਰਨ ਲੋਕ ਆਪਣੇ ਆਪ ਨੂੰ ਬਚਾ ਨਹੀਂ ਸਕੇ।”
ਮਾਈਕਲ ਦੇ ਅਫਰੀਕੀ ਮੂਲ ਦੇ ਕਈ ਦੋਸਤ ਇਸ ਅੱਗ ਦੀ ਘਟਨਾ ਤੋਂ ਬਾਅਦ ਲਾਪਤਾ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, “ਮੈਨੂੰ ਲੱਗਦਾ ਹੈ ਕਿ ਸਿਰਫ਼ ਇੱਕ ਐਂਟਰੀ ਅਤੇ ਐਗਜ਼ਿਟ ਹੋਣਾ ਇਸ ਹਾਦਸੇ ਵਿੱਚ ਇੰਨੀ ਵੱਡੀ ਜਾਨੀ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ ਹੈ। ਮੇਰੇ ਕਈ ਦੋਸਤ ਨਹੀਂ ਮਿਲ ਰਹੇ ਹਨ, ਮੈਂ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹਾਂ।”
ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕ ਸਭ ਤੋਂ ਪਹਿਲਾਂ ਮਦਦ ਲਈ ਪਹੁੰਚੇ ਸਨ।
ਮੈਕਸ ਹਸਪਤਾਲ ਦੀ ਸੁਰੱਖਿਆ ਵਿੱਚ ਕੰਮ ਕਰਦੇ ਵਸੀਮ ਰਜ਼ਾ ਅਤੇ ਉਨ੍ਹਾਂ ਦੇ ਕਈ ਦੋਸਤ ਅੱਗ ਵਿੱਚ ਫਸੇ ਲੋਕਾਂ ਨੂੰ ਬਚਾਉਣ ਵਿੱਚ ਲੱਗੇ ਰਹੇ।
ਵਸੀਮ ਨੇ ਬੀਬੀਸੀ ਨੂੰ ਦੱਸਿਆ, “ਹੋਟਲ ਦਾ ਮੁੱਖ ਗੇਟ ਬਾਹਰੋਂ ਬੰਦ ਸੀ, ਕਟਰ ਨਾਲ ਉਸ ਨੂੰ ਕੱਟਣਾ ਪਿਆ। ਐਗਜ਼ਿਟ ਬੰਦ ਹੋ ਜਾਣ ਕਾਰਨ ਲੋਕ ਫਸ ਗਏ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਈ।”
ਵਸੀਮ ਨੇ ਬੀਬੀਸੀ ਨੂੰ ਦੱਸਿਆ, “ਕਾਫ਼ੀ ਮਿਹਨਤ ਤੋਂ ਬਾਅਦ ਜਦੋਂ ਦਿੱਲੀ ਪੁਲਿਸ ਦੇ ਕੁਝ ਜਵਾਨ ਅਤੇ ਅਸੀਂ ਇਮਾਰਤ ਦੇ ਅੰਦਰ ਦਾਖ਼ਲ ਹੋ ਸਕੇ ਤਾਂ ਅਸੀਂ ਦੇਖਿਆ ਕਿ ਪੂਰੀ ਇਮਾਰਤ ਵਿੱਚ ਧੂੰਆਂ ਭਰਿਆ ਹੋਇਆ ਸੀ।”
“ਸਾਨੂੰ ਉੱਪਰਲੀਆਂ ਮੰਜ਼ਿਲਾਂ ‘ਤੇ ਕਈ ਲੋਕ ਕਮਰਿਆਂ ਦੇ ਅੰਦਰ, ਬੈੱਡਾਂ ਦੇ ਹੇਠਾਂ ਅਤੇ ਵਾਸ਼ਰੂਮਾਂ ਵਿੱਚ ਬੇਹੋਸ਼ ਮਿਲੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਮੌਤ ਹੋ ਚੁੱਕੀ ਸੀ। ਕੁਝ ਨੂੰ ਅਸੀਂ ਸੀਪੀਆਰ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈਆਂ ਨੂੰ ਜ਼ਿੰਦਾ ਬਾਹਰ ਕੱਢਿਆ।”
ਦਿੱਲੀ ਦੇ ਦਮਕਲ ਵਿਭਾਗ ਨੇ ਵੀ ਮੰਨਿਆ ਹੈ ਕਿ ਹੋਟਲ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਨਹੀਂ ਸੀ, ਜਿਸ ਕਾਰਨ ਜ਼ਿਆਦਾਤਰ ਲੋਕ ਅੰਦਰ ਹੀ ਫਸੇ ਰਹਿ ਗਏ।
ਘਟਨਾ ਤੋਂ ਬਾਅਦ ਉੱਠੇ ਸਵਾਲ
ਤਸਵੀਰ ਸਰੋਤ, ANI
ਇਸ ਘਟਨਾ ਤੋਂ ਬਾਅਦ ਨਿਯਮਾਂ ਦੀ ਅਣਦੇਖੀ ਅਤੇ ਸੁਰੱਖਿਆ ਲਾਪਰਵਾਹੀਆਂ ਨਾਲ ਜੁੜੇ ਕਈ ਗੰਭੀਰ ਸਵਾਲ ਵੀ ਉੱਠ ਰਹੇ ਹਨ।
ਦਿੱਲੀ ਫਾਇਰ ਸਰਵਿਸ ਦੇ ਸਾਬਕਾ ਮੁਖੀ ਅਤੁਲ ਗਰਗ ਨੇ ਬੀਬੀਸੀ ਨਾਲ ਕਿਹਾ, “ਇਹ ਇੱਕ ਰਿਹਾਇਸ਼ੀ ਇਮਾਰਤ ਸੀ ਜਿਸ ਨੇ ਬੈੱਡ ਐਂਡ ਬ੍ਰੇਕਫਾਸਟ ਦਾ ਲਾਇਸੈਂਸ ਲਿਆ ਹੋਇਆ ਸੀ। ਇਹ ਛੇ ਕਮਰਿਆਂ ਲਈ ਮਿਲਦਾ ਹੈ ਪਰ ਇੱਥੇ 25 ਕਮਰੇ ਬਣਾ ਦਿੱਤੇ ਗਏ ਸਨ।”
“ਇਮਾਰਤ ਦਾ ਹੋਟਲ ਵਾਂਗ ਗ਼ੈਰ-ਕਾਨੂੰਨੀ ਇਸਤੇਮਾਲ ਕੀਤਾ ਗਿਆ। ਹੇਠਾਂ ਬੇਸਮੈਂਟ ਵਿੱਚ ਰੈਸਟੋਰੈਂਟ ਚਲਾਇਆ ਜਾ ਰਿਹਾ ਸੀ, ਇਸ ਇਮਾਰਤ ਵਿੱਚ ਹਰ ਸੁਰੱਖਿਆ ਨਿਯਮ ਦੀ ਉਲੰਘਣਾ ਹੋ ਰਹੀ ਸੀ।”
ਸੁਰੱਖਿਆ ਉਪਕਰਨਾਂ ਅਤੇ ਐਗਜ਼ਿਟ ਨਾ ਹੋਣ ਨੂੰ ਵੀ ਹਾਦਸੇ ਵਿੱਚ ਵੱਡੀ ਗਿਣਤੀ ਵਿੱਚ ਹੋਈਆਂ ਮੌਤਾਂ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਅਤੁਲ ਗਰਗ ਕਹਿੰਦੇ ਹਨ, “ਇਲੈਕਟ੍ਰਾਨਿਕ ਲੌਕ ਸੀ, ਅੱਗ ਲੱਗੀ ਤਾਂ ਉਹ ਬੰਦ ਹੋ ਗਿਆ, ਲੋਕ ਹੇਠਾਂ ਉਤਰੇ ਅਤੇ ਜਾਨ ਬਚਾਉਣ ਲਈ ਭੱਜੇ ਪਰ ਬਾਹਰ ਨਹੀਂ ਨਿਕਲ ਸਕੇ। ਸਿਰਫ਼ ਇੱਕ ਹੀ ਪੌੜੀਆਂ ਸਨ ਕਿਉਂਕਿ ਜੇ ਇਹ ਹੋਟਲ ਵਜੋਂ ਮਨਜ਼ੂਰਸ਼ੁਦਾ ਹੁੰਦਾ ਤਾਂ ਇਸ ਵਿੱਚ ਦੋ ਪੌੜੀਆਂ ਹੁੰਦੀਆਂ।”
“ਇਹੀ ਨਹੀਂ, ਨਾ ਉੱਥੇ ਪਾਣੀ ਦਾ ਟੈਂਕ ਸੀ, ਨਾ ਪੌੜੀ ਸੀ ਅਤੇ ਨਾ ਹੀ ਅੱਗ ਬੁਝਾਉਣ ਦੀ ਕੋਈ ਹੋਰ ਵਿਵਸਥਾ ਸੀ।”
ਸਰਕਾਰੀ ਏਜੰਸੀਆਂ ਦੇ ਨਿਰੀਖਣ ਵਿੱਚ ਲਾਪਰਵਾਹੀ ਦਾ ਸਵਾਲ ਵੀ ਉੱਠ ਰਿਹਾ ਹੈ।
ਘਟਨਾ ਵਾਲੀ ਥਾਂ ‘ਤੇ ਮੌਜੂਦ ਕਈ ਲੋਕਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਸਵਾਲ ਕੀਤਾ ਕਿ ਜੇਕਰ ਜਾਇਦਾਦ ਦਾ ਨਿਰੀਖਣ ਕੀਤਾ ਗਿਆ ਹੁੰਦਾ ਤਾਂ ਲਾਪਰਵਾਹੀਆਂ ਸਾਹਮਣੇ ਆ ਸਕਦੀਆਂ ਸਨ।
ਉੱਥੇ ਹੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਐਮਰਜੈਂਸੀ ਸੇਵਾਵਾਂ ਦੀ ਪ੍ਰਤੀਕਿਰਿਆ ਵਿੱਚ ਹੋਈ ਦੇਰੀ ਦਾ ਸਵਾਲ ਉਠਾਇਆ ਹੈ।
ਉਨ੍ਹਾਂ ਨੇ ਕਿਹਾ, “ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਅੱਗ ਵਿੱਚ ਫਸੇ ਲੋਕਾਂ ਦੀ ਮੌਤ ਹੋਈ ਹੈ। ਸਰਕਾਰ ਜਾਂਚ ਦਾ ਐਲਾਨ ਕਰ ਦਿੰਦੀ ਹੈ ਪਰ ਰਿਪੋਰਟ ਨਹੀਂ ਆਉਂਦੀ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਐਮਰਜੈਂਸੀ ਸੇਵਾਵਾਂ ਨੂੰ ਪਹੁੰਚਣ ਵਿੱਚ ਦੇਰੀ ਕਿਉਂ ਹੋਈ।”
ਅਤੁਲ ਗਰਗ ਨਿਰੀਖਣ ਦੀ ਕਮੀ ਬਾਰੇ ਕਹਿੰਦੇ ਹਨ, “ਬੀਐਂਡਬੀ ਦੇ ਲਾਇਸੈਂਸ ‘ਤੇ ਹੋਟਲ ਚੱਲ ਰਿਹਾ ਸੀ, ਇਸ ਦੀ ਜਾਂਚ ਕਿਉਂ ਨਹੀਂ ਹੋਈ, ਕਿਸੇ ਨਾ ਕਿਸੇ ਦੀ ਤਾਂ ਜ਼ਿੰਮੇਵਾਰੀ ਤੈਅ ਹੋਵੇਗੀ। ਸਵਾਲ ਤਾਂ ਉਨ੍ਹਾਂ ਅਥਾਰਿਟੀਆਂ ਤੋਂ ਵੀ ਹੋਣਾ ਚਾਹੀਦਾ ਹੈ ਜੋ ਅਜਿਹੀ ਇਮਾਰਤ ਨੂੰ ਲਾਇਸੈਂਸ ਦਿੰਦੀਆਂ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







